ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, October 29, 2008

ਅਜ਼ੀਮ ਸ਼ੇਖਰ - ਗੀਤ

ਗੀਤ

ਸੂਰਜ ਨੇ ਕਦੇ ਵੀ ਢਲਣਾ ਨਹੀਂ, ਏਹ ਵਹਿਮ ਅਸਾਡੇ ਦਿਲ ਦਾ ਸੀ,
ਏਹ ਵੀ ਸੱਚ ਹੈ ਧੁੱਪਾਂ ਸਦਕਾ, ਆਪਣਾ ਪਰਛਾਵਾਂ ਮਿਲਦਾ ਸੀ,
ਨਾ ਰੁੱਖ ਸਿੰਜੇ ਨਾ ਪਿਆਸ ਬੁਝੀ, ਸਾਗਰ ਦੇ ਪਾਣੀ ਖ਼ਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ, ਅੰਬਰ 'ਚੋਂ ਟੁੱਟਦੇ ਤਾਰੇ ਤੋਂ----।

ਜੇਹੜੇ ਦਿਲ ਰੰਗ ਪਸੰਦ ਕਰੇ, ਨਾ ਰਾਤ ਜਿੰਨਾ ਚਿਰ ਕਟਦੇ ਨੇ,
ਲੋਕਾਂ ਨੂੰ ਅੰਮ੍ਰਿਤ ਨਈਂ ਲੱਭਦਾ, ਤਲੀਏ ਧਰ ਮਹੁਰਾ ਚਟਦੇ ਨੇ,
ਪੱਥਰਾਂ 'ਤੋਂ ਸਿੱਖਣ ਬੁੱਤ ਹੋਣਾ, ਕੰਬਣਾ ਸਿੱਖਦੇ ਨੇ ਪਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਸੁਰਮੇਦਾਨੀ, ਇੱਕ ਸ਼ੀਸ਼ਾ ਹੈ, ਜਾਂ ਤਸਵੀਰਾਂ ਦੀਵਾਰਾਂ 'ਤੇ,
ਕਾਗ਼ਜ਼ ਦਾ ਟਿਕੇ ਮਿਆਨ ਕਿਵੇਂ, ਜ਼ਾਲਿਮ ਕਮ-ਦਿਲ ਤਲਵਾਰਾਂ 'ਤੇ,
ਅੱਖਰਾਂ ਦੇ ਪਿਆਸੇ ਹਿਰਨ ਮਰੇ, ਖ਼ੰਡਰ ਵਰਗੀ ਚੁੱਪ ਧਾਰੀ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਭੱਠੀ ਵਿੱਚ ਭੁੱਜਦੇ ਦਾਣੇ ਲਈ, ਕਦ ਅੱਗ ਦੁਆਵਾਂ ਕਰਦੀ ਹੈ,
ਪਲ-ਦੋ-ਪਲ ਹੀ ਕੋਈ ਬੱਦਲੀ, ਬਿਰਖ਼ਾਂ ਲਈ ਛਾਵਾਂ ਕਰਦੀ ਹੈ,
ਨੈਣਾਂ ਵਿੱਚ ਸਿਲਤਾਂ ਦਰਦ ਦੀਆਂ, ਬਣ ਗਈਆਂ ਸ਼ੋਖ਼ ਇਸ਼ਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ-------------------।

ਹੈ ਸ਼ੋਰ ਬੜਾ ਹੈ ਭੀੜ ਬੜੀ, ਗੁੰਮਿਆਂ ਨੂੰ ਕਿੱਦਾਂ ਭਾਲੇ ਦਿਲ,
ਚੇਹਰੇ ਤਸਵੀਰਾ ਨਾਲ ਮਿਲਾ, ਇਹ ਵੀ ਨਹੀਂ ਕਹਿ ਕੇ ਟਾਲੇ ਦਿਲ,
ਆਪਣੀ ਆਵਾਜ਼ ਨਾ ਕਦੇ ਮੁੜੀ, ਬਾਜ਼ਾਰਾਂ ਵਿੱਚ ਪੁਕਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ------------------।

ਸਹਿਕਣ ਦਾ ਮਿਲੇ ਸਰਾਪ ਜਿਵੇਂ, ਸਰਦਲ 'ਤੇ ਸਦਾ ਉਡੀਕਾਂ ਨੂੰ,
'ਸ਼ੇਖਰ' ਨਿੱਤ ਡੂੰਘੀਆਂ ਕਰ ਲੈਂਦੈ, ਪੱਥਰ 'ਤੇ ਪਈਆਂ ਲੀਕਾਂ ਨੂੰ,
ਵੇਖੇ ਜੋ ਬਣਦੀ ਰਾਖ਼ ਸਦਾ, ਹੌਲੀ-ਹੌਲੀ ਅੰਗਿਆਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ, ਅੰਬਰ 'ਚੋਂ ਟੁੱਟਦੇ ਤਾਰੇ ਤੋਂ----

2 comments:

ਤਨਦੀਪ 'ਤਮੰਨਾ' said...

‘ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Shekhar ji...ikk behadd khoobsurat sahitak geet layee mubarkbaad kabool karo. Ajj kall de geetan chon tan jivein sahitak pakh gayaib hi hai. Par aise geet parh sun ke aas bajhdi hai ke haje vi sohne geet likhey jaa rahey ne...
ਭੱਠੀ ਵਿੱਚ ਭੁੱਜਦੇ ਦਾਣੇ ਲਈ,
ਕਦ ਅੱਗ ਦੁਆਵਾਂ ਕਰਦੀ ਹੈ,
ਪਲ-ਦੋ-ਪਲ ਹੀ ਕੋਈ ਬੱਦਲੀ,
ਬਿਰਖ਼ਾਂ ਲਈ ਛਾਵਾਂ ਕਰਦੀ ਹੈ,
ਨੈਣਾਂ ਵਿੱਚ ਸਿਲਤਾਂ ਦਰਦ ਦੀਆਂ,
ਬਣ ਗਈਆਂ ਸ਼ੋਖ਼ ਇਸ਼ਾਰੇ ਤੋਂ,
ਚੰਨ ਲਈ ਅਲਵਿਦਾ ਕੌਣ ਸੁਣੇ।
Mainu bahut changiaan laggiaan aah satraan!! Keep it up!!

Tamanna