ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 28, 2008

ਸ਼ਿਵਚਰਨ ਜੱਗੀ ਕੁੱਸਾ - ਯਾਦਾਂ

ਜਦੋਂ ਰਿਸ਼ਤੇ ਸਿਰਫ਼ ਭਾਰ ਢੋਣ ਵਾਲੇ ਹੀ ਰਹਿ ਜਾਣ...!

ਯਾਦਾਂ

ਆਸਟਰੀਆ ਇੱਕ ਬਹੁਤ ਹੀ ਛੋਟਾ, ਪਰ ਖ਼ੁਸ਼ਹਾਲ ਅਤੇ ਸ਼ਾਂਤਮਈ ਦੇਸ਼ ਹੈ। ਇੱਥੇ ਬਹੁਤ ਹੀ ਘੱਟ ਪੰਜਾਬੀ ਪ੍ਰੀਵਾਰ ਵਸਦੇ ਹਨ। ਇੱਥੋਂ ਦੇ ਪੰਜਾਬੀ ਪਰਿਵਾਰ ਬਹੁਤ ਹੀ ਘੱਟ ਮੇਲ-ਮਿਲਾਪ ਰੱਖਦੇ ਹਨ। ਜਿਸ ਕਰ ਕੇ ਇੱਕ ਦੂਜੇ ਦੀਆਂ ਘਰੇਲੂ ਮੁਸ਼ਕਿਲਾਂ ਦਾ ਬਹੁਤ ਹੀ ਘੱਟ ਪਤਾ ਚੱਲਦਾ ਹੈ। ਪਿਛਲੇ ਦੋ ਕੁ ਮਹੀਨਿਆਂ ਤੋਂ ਇੱਕੋ ਹੀ ਪਰਿਵਾਰ ਵਿਚ ਦੋ ਤਲਾਕ ਦੇ ਮੁਕੱਦਮੇਂ ਚੱਲ ਰਹੇ ਹਨ। ਅਸੀਂ ਕੁਝ ਕੁ ਬਾਰਸੂਖ਼ ਬੰਦਿਆਂ ਨੇ ਵਿਚ ਪੈ ਕੇ ਸਾਰਾ ਮਾਮਲਾ ਬੈਠ ਕੇ ਨਜਿੱਠਣਾ ਚਾਹਿਆ, ਪਰ ਬੇਅਰਥ...! ਇਕ ਪਾਸੇ ਭਣੋਈਏ ਦਾ ਕੇਸ ਆਪਣੀ ਦੂਜੀ ਪਤਨੀ ਨਾਲ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਸਾਲੇ ਦਾ ਆਪਣੀ ਪਤਨੀ ਨਾਲ!

ਭਣੋਈਏ ਦੀ ਪਹਿਲੀ ਪਤਨੀ ਅਰਥਾਤ ਸਾਲੇ ਦੀ ਭੈਣ 'ਬਰੇਨ ਟਿਊਮਰ' ਹੋਣ ਕਾਰਨ ਚੱਲ ਵਸੀ ਸੀ। ਇਸ ਕਰ ਕੇ ਉਸ ਨੇ ਦੂਜਾ ਵਿਆਹ ਕਰਵਾ ਲਿਆ। ਖ਼ੈਰ! ਕਿਸੇ ਨੂੰ ਕਿਸੇ 'ਤੇ ਕੋਈ ਸ਼ਕਾਇਤ ਨਹੀਂ ਸੀ। ਬੱਸ! ਸਿਰਫ਼ ਤੀਵੀਂ-ਆਦਮੀ ਦੀ ਹੀ ਨਹੀਂ ਬਣ ਸਕੀ। ਜਦੋਂ ਔਰਤ ਦੀ ਸਰੀਰਕ ਤ੍ਰਿਪਤੀ ਨਹੀਂ ਹੁੰਦੀ, ਪੂਰਾ ਦੋਸ਼ ਉਸ ਨੂੰ ਵੀ ਨਹੀਂ ਦਿੱਤਾ ਜਾ ਸਕਦਾ। ਇਸ ਨਤੀਜੇ ਬਾਰੇ ਉਹਨਾਂ ਮਹਾਂਰਥੀਆਂ ਨੂੰ ਸੋਚਣਾ ਚਾਹੀਦਾ ਹੈ, ਜੋ ਆਦਮੀ ਅਤੇ ਔਰਤ ਦਾ ਵੀਹ-ਵੀਹ ਸਾਲ ਦਾ ਵੀ ਫ਼ਰਕ ਨਹੀਂ ਦੇਖਦੇ ਅਤੇ 60 ਸਾਲ ਦੇ ਬੁੱਢੇ ਨਾਲ ਉਸ ਤੋਂ ਅੱਧੀ ਉਮਰ ਦੀ ਕੁੜੀ 'ਨਰੜ' ਦਿੰਦੇ ਹਨ। ਇਸ ਪੱਖੋਂ ਅਸੀਂ ਸਾਡੇ ਸਮਾਜ ਨੂੰ ਵੀ ਬਰੀ ਨਹੀਂ ਕਰ ਸਕਦੇ।
ਉਮਰੋਂ ਅੱਧੀ ਪਤਨੀ ਨੇ ਆਪਣੀ ਸਰੀਰਕ 'ਸੰਤੁਸ਼ਟੀ' ਲਈ ਕੰਧਾਂ-ਕੋਠੇ ਟੱਪਣੇ ਸ਼ੁਰੂ ਕਰ ਦਿੱਤੇ! ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ? ਬਿਨਾ-ਸ਼ੱਕ ਇਹ ਇਕ 'ਅਜੋੜ' ਜੋੜੀ ਸੀ। ਉਮਰੋਂ ਕਰੀਬ ਵੀਹ ਸਾਲ ਦਾ ਫ਼ਰਕ! ਮਾਮਲਾ ਤਲਾਕ ਤੱਕ ਪੁੱਜ ਗਿਆ। ਹੁਣ ਹਰ ਕੋਈ ਇੱਕ ਦੂਜੇ 'ਤੇ ਵੱਖੋ-ਵੱਖਰੇ, ਪਰ ਹੈਰਾਨ ਕਰ ਦੇਣ ਵਾਲੇ ਦੂਸ਼ਣ ਠੋਸ ਰਹੇ ਹਨ। ਅਸਲੀਅਤ ਕੀ ਹੈ? ਮੇਰਾ ਗੁਰੂ ਬਾਬਾ ਹੀ ਜਾਣੇਂ! ਸਾਡੇ ਤਕਰੀਬਨ ਦੋ ਮਹੀਨੇ ਛਿੱਤਰ ਘਸਾਉਣ ਦੇ ਬਾਵਜੂਦ ਵੀ ਕੋਈ ਸੁਖਾਵਾਂ ਨਤੀਜਾ ਨਹੀਂ ਨਿਕਲਿਆ। ਸਗੋਂ ਆਪਣੀ ਛੋਤ ਜਿਹੀ ਲੁਹਾ ਕੇ ਆਪੋ-ਆਪਣੇ ਘਰੀਂ ਬੈਠ ਗਏ। ਤਮਾਸ਼ਬੀਨ ਲੋਕ ਵੀ ਸਾਡੇ 'ਤੇ ਹੱਸੇ, ਤਾੜੀਆਂ ਮਾਰੀਆਂ, ਜੀਭਾਂ ਕੱਢੀਆਂ, ਚੋਭਾਂ ਲਾਈਆਂ, "ਵੱਡੇ ਸਰਪੈਂਚ ਬਣੇ ਫਿ਼ਰਦੇ ਸੀ-ਕਰਾਤਾ ਰਾਜੀਨਾਮਾ?" ਵਰਗੀਆਂ ਕੌੜੀਆਂ ਕੁਸੈਲ਼ੀਆਂ ਵੀ ਸੁਣਨ ਨੂੰ ਮਿਲੀਆਂ। ਅੱਜ ਕੱਲ੍ਹ ਕੁਝ 'ਬੋਤਲ-ਸੂਤ' ਬੰਦੇ ਅੱਡੋ-ਅੱਡੀ ਧਿਰਾਂ ਵਿਚ ਵੜ ਗਏ ਹਨ, ਅੰਜਾਮ ਖ਼ੁਦਾ ਜਾਣੇਂ! ਅਸੀਂ ਤਾਂ ਪੱਲਿਓਂ ਪੈਟਰੌਲ ਅਤੇ ਵਕਤ ਖ਼ਰਚ ਕੇ ਚੁੱਪ-ਚਾਪ ਘਰ ਬੈਠ ਗਏ ਹਾਂ।

ਸਮੇਂ ਦੇ ਬੀਤਣ ਨਾਲ ਔਰਤ ਆਪਣੀ ਹੋਂਦ ਪਹਿਚਾਣ ਕੇ ਆਪਣੇ ਆਦਰਸ਼ਾਂ ਅਤੇ ਤਾਕਤ ਦੀ ਵਰਤੋਂ ਕਰ ਰਹੀ ਹੈ। ਆਰਥਿਕ, ਸਮਾਜਿਕ ਅਤੇ ਧਾਰਮਿਕ ਅਜ਼ਾਦੀ ਨੇ ਉਸ ਦੀ ਜ਼ਿੰਦਗੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ ਅਤੇ ਉਹ ਆਪਣੇ ਆਤਮ-ਵਿਸ਼ਵਾਸ ਦੇ ਜ਼ਰੀਏ ਹਰ ਖੇਤਰ ਵਿਚ ਸਫ਼ਲਤਾ ਦੀਆਂ ਸਿਖਰਾਂ ਛੂਹ ਰਹੀ ਹੈ। ਹੁਣ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਪਤੀ ਅਤੇ ਬੱਚਿਆਂ ਵਿਚ ਦੇਖਣ ਦੀ ਚਾਹਵਾਨ ਨਾ ਹੋ ਕੇ, ਸਗੋਂ ਉਸ ਨੂੰ ਖ਼ੁਦ ਪੂਰਾ ਕਰਨਾ ਚਾਹੁੰਦੀ ਹੈ। ਇੱਥੋਂ ਤੱਕ ਕਿ ਔਰਤ ਦਾ ਜੀਵਨ ਸਾਥੀ ਚੁਣਨ ਦਾ ਫ਼ੈਸਲਾ ਵੀ ਉਸ ਦਾ ਆਪਣਾ ਹੈ ਅਤੇ ਉਹ ਆਪਣੇ ਪ੍ਰੇਮ-ਸਬੰਧਾਂ ਨੂੰ ਵੀ ਸਿਰੇ ਚੜ੍ਹਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਵਿਆਹ ਦਾ ਸਫ਼ਲ ਹੋਣਾ ਤਾਂ ਸ਼ੁਭ ਸ਼ਗਨ ਹੈ, ਪਰ ਅਸਫ਼ਲ ਹੋਣ ਦੀ ਸ਼ਰਤ ਵਿਚ ਨੌਬਤ 'ਤਲਾਕ' ਤੱਕ ਆ ਜਾਂਦੀ ਹੈ!

ਕੀ ਕਾਰਨ ਹੈ ਕਿ ਔਰਤ-ਮਰਦ ਦਾ ਆਪਣਾ ਕੀਤਾ ਫ਼ੈਸਲਾ ਵੀ ਇੱਥੇ ਆ ਕੇ ਬੇਅਰਥ ਸਿੱਧ ਹੋ ਜਾਂਦਾ ਹੈ? ਉਨ੍ਹਾਂ ਵਿਚ ਬਹੁਤ ਕੁਝ ਸਾਂਝਾ ਹੁੰਦਾ ਹੋਇਆ ਵੀ ਵੱਖਰਾ ਹੁੰਦਾ ਹੈ ਅਤੇ ਇਹ ਵਖਰੇਂਵਾਂ ਤਲਾਕ ਦਾ ਰੂਪ ਧਾਰਨ ਕਰਦਾ ਹੈ। ਇਸ ਲਈ ਇਸ ਪ੍ਰਸੰਗ ਵਿਚ ਦੋਨੋਂ ਧਿਰਾਂ ਹੀ ਜ਼ਿੰਮੇਵਾਰ ਹੁੰਦੀਆਂ ਹਨ। ਜਿੱਥੇ ਔਰਤ ਪਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਮਾਪਦੀ ਰਹਿੰਦੀ ਹੈ ਅਤੇ ਉਸ ਦੀ ਸਿ਼ਕਾਇਤ ਕਰਦੀ ਰਹਿੰਦੀ ਹੈ ਕਿ ਉਸ ਦਾ ਪਤੀ ਉਸ ਅਤੇ ਬੱਚਿਆਂ ਪ੍ਰਤੀ ਲਾਪ੍ਰਵਾਹ ਹੈ, ਜਾਂ ਉਸ ਦੇ ਸਬੰਧ ਕਿਸੇ 'ਗ਼ੈਰ-ਔਰਤ' ਨਾਲ ਹਨ, ਉਥੇ ਮਰਦ ਦੀ ਸੋਚ ਵੀ 'ਜੰਗੀਰੂ' ਹੈ ਕਿ ਹਰ ਚੀਜ਼ ਉਸ ਦੀ ਹੈ ਅਤੇ ਔਰਤ ਨੂੰ ਵੀ ਉਹ 'ਸਾਂਭਣ ਵਾਲੀ' ਵਸਤੂ ਬਣਾ ਕੇ ਪੇਸ਼ ਕਰ ਰਿਹਾ ਹੈ ਅਤੇ ਜੇ ਔਰਤ ਆਪਣੀ ਅਜ਼ਾਦੀ ਲਈ ਸੰਘਰਸ਼ (ਕੋਸ਼ਿਸ਼) ਕਰਦੀ ਹੈ ਤਾਂ ਉਸ ਨੂੰ ਤਲਾਕ ਲੈਣਾ ਪੈ ਰਿਹਾ ਹੈ! ਅਜਿਹੀ ਹਾਲਤ ਵਿਚ ਰਿਸ਼ਤੇ ਸਿਰਫ਼ "ਭਾਰ-ਢੋਣ" ਵਾਲੇ ਹੀ ਰਹਿ ਜਾਂਦੇ ਹਨ!! ਇਸ ਲਈ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਆਦਮੀ ਅਤੇ ਔਰਤ ਦੋਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਦੋਨਾਂ ਨੂੰ ਹੀ ਆਪਣੀ ਸੋਚ ਵਿਸ਼ਾਲ ਕਰਨੀ ਚਾਹੀਦੀ ਹੈ। ਵਿਚਾਰਾਂ ਦੀ ਸਾਂਝ ਜ਼ਰੂਰੀ ਹੈ। ਇਕ ਦੂਜੇ ਬਾਰੇ ਤਾਰੀਫ਼ ਸੁਣ ਕੇ ਈਰਖ਼ਾ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਪਤੀ ਜਾਂ ਪਤਨੀ ਦੀ ਕਾਬਲੀਅਤ 'ਤੇ ਮਾਣ ਹੋਣਾ ਚਾਹੀਦਾ ਹੈ।


ਜਿੱਥੇ ਔਰਤ ਨੂੰ ਆਦਮੀ ਦੇ ਹਾਲਾਤ ਸਮਝਣੇ ਚਾਹੀਦੇ ਹਨ, ਉਥੇ ਆਦਮੀ ਨੂੰ ਵੀ ਔਰਤ ਦੀਆਂ ਭਾਵਨਾਵਾਂ ਸਮਝਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਆਪਣੇ ਫ਼ੈਸਲੇ ਜ਼ਬਰੀ ਨਾ ਠੋਸ ਕੇ ਔਰਤ ਦੇ ਫ਼ੈਸਲਿਆਂ ਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਹੈ। ਹਮੇਸ਼ਾ ਇਕ ਦੂਜੇ ਦੀ ਗੱਲ ਦਾ ਪੱਖ ਸਮਝਣਾ ਚਾਹੀਦਾ ਹੈ। ਗੱਲਬਾਤ ਦੌਰਾਨ ਧੀਰਜ ਨਹੀਂ ਛੱਡਣਾ ਚਾਹੀਦਾ। ਬੀਤੀਆਂ ਗੱਲਾਂ ਨੂੰ ਦੁਹਰਾਉਣ ਦੀ ਵਜਾਏ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਕਈ ਲੋਕਾਂ ਦਾ ਕਥਨ ਹੈ ਕਿ ਪ੍ਰੇਮ-ਵਿਆਹ ਅਕਸਰ ਟੁੱਟ ਜਾਂਦੇ ਹਨ, ਜੋ ਕਿ ਸਹੀ ਨਹੀਂ ਹੈ। ਮੈਂ ਕਈ 'ਲਵ-ਮੈਰਿਜ' ਵਾਲੇ ਜੋੜੇ ਬੜੇ ਹੀ ਸੁਖੀ ਅਤੇ ਖ਼ੁਸ਼ਹਾਲ ਵੱਸਦੇ ਦੇਖੇ ਹਨ।

ਇਸ ਤਲਾਕ ਦੇ ਮਾਮਲੇ ਵਿਚ ਕਿਸੇ ਨਾ ਕਿਸੇ ਤਰ੍ਹਾਂ, ਸਿੱਧੇ ਜਾਂ ਅਸਿੱਧੇ ਤੌਰ 'ਤੇ ਮਾਂ-ਬਾਪ ਦਾ ਵੀ ਰੋਲ ਹੁੰਦਾ ਹੈ। ਜਦੋਂ ਅਜੋੜ ਜੋੜਾ ਗਾਂ-ਮੱਝ ਵਾਂਗ 'ਨਰੜ' ਦਿੱਤਾ ਜਾਂਦਾ ਹੈ ਤਾਂ ਇਸ ਦਾ ਸਿੱਟਾ ਆਖਰ ਤਬਾਹੀ ਵਿਚ ਹੀ ਨਿਕਲਦਾ ਹੈ। ਉਦੋਂ ਇੱਥੇ ਊਠ ਦੇ ਗਲ ਟੱਲੀ ਵਾਲੀ ਗੱਲ ਹੋ ਨਿਬੜਦੀ ਹੈ ਅਤੇ ਬੰਦਾ ਅਥਾਹ ਦੁਖੀ, ਗਲ ਪਿਆ ਢੋਲ ਸਾਰੀ ਉਮਰ ਹੀ ਵਜਾਉਂਦਾ ਰਹਿੰਦਾ ਹੈ! ਪਰ ਬੰਦਾ ਮਾਂ-ਬਾਪ ਦੀ ਅਖੌਤੀ ਇੱਜ਼ਤ ਅਤੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਸੋਚ ਕੇ ਹੀ ਝੁਰਦਾ ਰਹਿੰਦਾ ਹੈ। ਉਦੋਂ ਉਸ ਦੇ ਮੂੰਹ ਵਿਚ ਸੱਪ ਵਾਂਗ ਉਹ ਕੋਹੜ ਕਿਰਲੀ ਆ ਜਾਂਦੀ ਹੈ, ਜਿਸ ਨੂੰ ਉਹ ਨਾ ਅੰਦਰ ਹੀ ਲੰਘਾ ਸਕਦਾ ਹੈ ਅਤੇ ਨਾ ਹੀ ਬਾਹਰ ਥੁੱਕ ਸਕਦਾ ਹੈ। ਬੱਸ! ਇੱਥੇ ਬੰਦੇ ਦੀ ਹਾਲਤ ਧੋਬੀ ਦੇ ਕੁੱਤੇ ਵਾਲੀ ਬਣ ਕੇ ਰਹਿ ਜਾਂਦੀ ਹੈ ਅਤੇ ਉਹ ਸਾਰੀ ਉਮਰ ਘੁੱਟ-ਘੁੱਟ ਕੇ ਮਰਦਾ ਰਹਿੰਦਾ ਹੈ। ਜਦੋਂ ਮੈਂ 'ਲਵ-ਮੈਰਿਜ' ਕਰਵਾਉਣ ਲੱਗਿਆ ਸੀ ਤਾਂ ਮੇਰੇ ਘਰਦਿਆਂ ਦੇ ਢਿੱਡ ਵਿਚ ਵੀ "ਖ਼ਾਨਦਾਨੀ" ਦਾ ਸੂਲ ਉਠਿਆ ਸੀ।

ਗੱਲ ਸਿਰਫ਼ ਲੰਮੀ ਸੋਚ ਅਤੇ ਵਿਸ਼ਾਲ ਦੂਰ-ਦ੍ਰਿਸ਼ਟੀ ਦੀ ਹੈ। ਘਰ ਦਾ ਕਲੇਸ਼ ਸਿਰਫ਼ ਉਦੋਂ ਹੀ ਵਧੇਗਾ ਜਦੋਂ ਬਾਹਰਲਾ ਕੋਈ ਆਦਮੀ ਤੁਹਾਡੀ ਨਿੱਜੀ ਜ਼ਿੰਦਗੀ ਵਿਚ ਆ ਕੇ ਦਖ਼ਲ ਦੇਵੇਗਾ ਅਤੇ ਘੜ੍ਹੰਮ ਚੌਧਰੀ ਬਣੇਗਾ। ਤਲਾਕ ਤਾਂ ਉਂਜ ਅਸਾਧਾਰਨ ਹਾਲਾਤਾਂ ਵਿਚ ਹੀ ਜ਼ਰੂਰੀ ਹੈ। ਜਿੱਥੇ ਪ੍ਰੀਵਰਤਨ ਦੀ ਸੰਭਾਵਨਾ ਨਾ ਰਹਿ ਜਾਵੇ! ਪੱਛਮੀ ਦੇਸ਼ਾਂ ਦੀ ਗੱਲ ਕੁਝ ਹੋਰ ਹੈ। ਪਰ ਭਾਰਤੀ ਨਾਰੀ ਨੂੰ ਆਪਣੀ ਸੰਵੇਦਨਾ ਅਤੇ ਚੇਤਨਤਾ ਨੂੰ ਤੀਖਣ ਕਰਨ ਦੀ ਲੋੜ ਹੈ। ਕਿਉਂਕਿ ਭਾਰਤੀ ਸਮਾਜ ਦੇ ਸੁਭਾਅ ਅਤੇ ਬਣਤਰ ਨੂੰ ਅਜੇ ਵੀ ਤਲਾਕ ਪ੍ਰਵਾਨ ਨਹੀਂ। ਪਰ ਜੇ ਤਲਾਕ ਜ਼ਰੂਰੀ ਹੋ ਜਾਵੇ ਤਾਂ ਇਸਤਰੀ ਪ੍ਰਤੀ ਰਵੱਈਆ ਨਿੰਦਕ ਜਾਂ ਫਿਰ ਨਾਂਹ-ਵਾਚਕ ਨਹੀਂ ਹੋਣਾ ਚਾਹੀਦਾ। ਸਗੋਂ ਇਸਤਰੀ ਪ੍ਰਤੀ ਰਵੱਈਏ ਵਿਚ ਸਿਧਾਂਤਕ ਅਤੇ ਵਿਵਹਾਰਕ ਪੱਧਰ 'ਤੇ ਤਬਦੀਲੀ ਦਾ ਆਉਣਾ ਜ਼ਰੂਰੀ ਹੈ।


ਸਭ ਤੋਂ ਜ਼ਿਆਦਾ ਪਰਿਵਾਰਕ ਤਬਾਹੀ ਉਦੋਂ ਭਿਆਨਕ ਰੁਖ਼ ਅਖ਼ਤਿਆਰ ਕਰਦੀ ਹੈ, ਜਦੋਂ ਚੁਗਲ ਲੋਕ, ਖਾਹ-ਮਖਾਹ ਆ ਕੇ ਦੋਨਾਂ ਧਿਰਾਂ ਨੂੰ 'ਰੇਤਦੇ' ਹਨ। ਬੱਸ! ਫਿਰ ਤਾਂ ਸਹੇ ਦੀਆਂ ਤਿੰਨ ਟੰਗਾਂ ਹੀ ਵਾਧੂ ਹੁੰਦੀਆਂ ਹਨ। ਸਿਆਣੇ ਆਖਦੇ ਹਨ ਕਿ ਹੱਸਦਿਆਂ ਦੇ ਨਾਲ ਸਾਰੇ ਹੱਸਦੇ ਹਨ, ਪਰ ਰੋਂਦਿਆਂ ਦਾ ਕੋਈ ਮੂੰਹ ਨਹੀਂ ਪੂੰਝਦਾ! ਇਕ ਦੂਜੇ ਉਪਰ ਚਿੱਕੜ ਸੁੱਟਣ ਤੋਂ ਪਹਿਲਾਂ ਹਰ ਔਰਤ-ਮਰਦ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ।

4 comments:

M S Sarai said...

Baba Jio
Tuhadi rachna de darshan karke rooh khushi naal jhoom uthi.
Bhijj gae rooh mittra
shaam ghattan charh aiyan.
Tuhadi Piari Yaad 'ch
Mota Singh Sarai
Walsall
UK

ਤਨਦੀਪ 'ਤਮੰਨਾ' said...

ਬਾਈ ਜੀ, ਪੈਰੀਂ ਪੈਨੇਂ ਐਂ ਜੀ...! ਸ਼ੁਕਰ ਹੈ ਤੁਸੀਂ ਯਾਦ ਕੀਤਾ! ਧੰਨਵਾਦ...!! ਕਰਮਾਂ ਵਾਲ਼ੀ ਹੈ 'ਆਰਸੀ' ਜਿਸ ਸਦਕਾ ਤੁਸੀਂ ਰਾਬਤਾ ਕਾਇਮ ਕੀਤਾ। ਤੁਹਾਡੀ ਤਾਂ ਰੂਹ ਹੀ ਭਿੱਜਦੀ ਹੈ ਬਾਈ ਜੀ, ਪਰ ਸਾਡੀ ਰੂਹ ਤਾਂ ਤੁਹਾਡੇ ਮੋਹ ਵਿਚ ਨੁੱਚੜ ਨੁੱਚੜ ਪੈਂਦੀ ਹੈ! ਕਦੇ ਫ਼ੋਨ ਕਰੀਏ ਤਾਂ ਬਾਬੇ ਜਾਰਜ ਬੁਸ਼ ਵਾਂਗੂੰ ਕਿਸੇ ਮੀਟਿੰਗ ਵਿਚ ਹੀ ਹੁੰਦੇ ਹਨ! ਜਾਂ ਧਰਮਰਾਜ ਬਣ ਕੇ ਫ਼ੋਨ ਹੀ ਨਹੀਂ ਚੁੱਕਦੇ...! ਖ਼ੈਰ ਭਰਾਵਾਂ ਦਾ ਕਾਹਦਾ ਗੁੱਸਾ..? ਸਭ ਮੁਆਫ਼! ਅਖੀਰ ਵਿਚ ਵੀਰ ਵੱਲੋਂ ਮੋਹ ਭਿੱਜੀ ਗਲਵਕੜੀ!!
ਤੁਹਾਡਾ ਵੀਰ,
ਜੱਗੀ ਕੁੱਸਾ

ਤਨਦੀਪ 'ਤਮੰਨਾ' said...

Kussa saheb...je main pucchan ke bai ji ajj enney dinna baad haazri lawai hai...pher ki jawab hou tuhada? Just kidding!! Bahut hi sohna hai lekh...sedh dein wala..

ਇਸ ਨਤੀਜੇ ਬਾਰੇ ਉਹਨਾਂ ਮਹਾਂਰਥੀਆਂ ਨੂੰ ਸੋਚਣਾ ਚਾਹੀਦਾ ਹੈ, ਜੋ ਆਦਮੀ ਅਤੇ ਔਰਤ ਦਾ ਵੀਹ-ਵੀਹ ਸਾਲ ਦਾ ਵੀ ਫ਼ਰਕ ਨਹੀਂ ਦੇਖਦੇ ਅਤੇ 60 ਸਾਲ ਦੇ ਬੁੱਢੇ ਨਾਲ ਉਸ ਤੋਂ ਅੱਧੀ ਉਮਰ ਦੀ ਕੁੜੀ 'ਨਰੜ' ਦਿੰਦੇ ਹਨ। ਇਸ ਪੱਖੋਂ ਅਸੀਂ ਸਾਡੇ ਸਮਾਜ ਨੂੰ ਵੀ ਬਰੀ ਨਹੀਂ ਕਰ ਸਕਦੇ।
ਉਮਰੋਂ ਅੱਧੀ ਪਤਨੀ ਨੇ ਆਪਣੀ ਸਰੀਰਕ 'ਸੰਤੁਸ਼ਟੀ' ਲਈ ਕੰਧਾਂ-ਕੋਠੇ ਟੱਪਣੇ ਸ਼ੁਰੂ ਕਰ ਦਿੱਤੇ! ਅੱਖੀਂ ਦੇਖ ਕੇ ਮੱਖੀ ਕੌਣ ਨਿਗਲਦੈ?
Bahut swaal uthaunda hai eh lekh..pher samaaj aurat nu badchalan kehnda hai...that's not fair at all!!

ਅਜਿਹੀ ਹਾਲਤ ਵਿਚ ਰਿਸ਼ਤੇ ਸਿਰਫ਼ "ਭਾਰ-ਢੋਣ" ਵਾਲੇ ਹੀ ਰਹਿ ਜਾਂਦੇ ਹਨ!! ਇਸ ਲਈ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਆਦਮੀ ਅਤੇ ਔਰਤ ਦੋਵਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਦੋਨਾਂ ਨੂੰ ਹੀ ਆਪਣੀ ਸੋਚ ਵਿਸ਼ਾਲ ਕਰਨੀ ਚਾਹੀਦੀ ਹੈ। ਵਿਚਾਰਾਂ ਦੀ ਸਾਂਝ ਜ਼ਰੂਰੀ ਹੈ। ਇਕ ਦੂਜੇ ਬਾਰੇ ਤਾਰੀਫ਼ ਸੁਣ ਕੇ ਈਰਖ਼ਾ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਪਤੀ ਜਾਂ ਪਤਨੀ ਦੀ ਕਾਬਲੀਅਤ 'ਤੇ ਮਾਣ ਹੋਣਾ ਚਾਹੀਦਾ ਹੈ।
I agree!!

ਸਭ ਤੋਂ ਜ਼ਿਆਦਾ ਪਰਿਵਾਰਕ ਤਬਾਹੀ ਉਦੋਂ ਭਿਆਨਕ ਰੁਖ਼ ਅਖ਼ਤਿਆਰ ਕਰਦੀ ਹੈ, ਜਦੋਂ ਚੁਗਲ ਲੋਕ, ਖਾਹ-ਮਖਾਹ ਆ ਕੇ ਦੋਨਾਂ ਧਿਰਾਂ ਨੂੰ 'ਰੇਤਦੇ' ਹਨ। ਬੱਸ! ਫਿਰ ਤਾਂ ਸਹੇ ਦੀਆਂ ਤਿੰਨ ਟੰਗਾਂ ਹੀ ਵਾਧੂ ਹੁੰਦੀਆਂ ਹਨ। ਸਿਆਣੇ ਆਖਦੇ ਹਨ ਕਿ ਹੱਸਦਿਆਂ ਦੇ ਨਾਲ ਸਾਰੇ ਹੱਸਦੇ ਹਨ, ਪਰ ਰੋਂਦਿਆਂ ਦਾ ਕੋਈ ਮੂੰਹ ਨਹੀਂ ਪੂੰਝਦਾ! ਇਕ ਦੂਜੇ ਉਪਰ ਚਿੱਕੜ ਸੁੱਟਣ ਤੋਂ ਪਹਿਲਾਂ ਹਰ ਔਰਤ-ਮਰਦ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ ਹੈ।
Bahut khoob!! Tamasha dikhaun naalon aaps ch gall naberh laini chahidi hai...bina dooshanbazi keeteyan.

Tamanna


-------------

M S Sarai said...

Baba jio
Tuhada gussa sir mathe. Dharamraj aje apni ghatt sunda hai. Jadon kade mauka bania tuhanu usde darbar 'ch pesh keeta javega.
Waris kann paate majhan chaar murhion, aje latha na mehna jag da ee.
Tuhadi yaad 'ch
Mota Singh Sarai