ਗੀਤ
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਕੋਈ ਫ਼ੁੱਲਾਂ ਵਾਲੀ ਰੁੱਤ ਮੰਗੇ,
ਅਸੀਂ 'ਕੱਲੇ ਬਹਿ ਕੇ ਰਾਤਾਂ ਨੂੰ ਕਰਦੇ ਹਾਂ ਦੁਆ ਸਵੇਰ ਲਈ।
ਰੱਬਾ ਇੱਕ ਸੂਰਜ ਚਾਹੀਦੈ, ਸਾਡੇ ਵਿਹੜੇ ਪਏ ਹਨ੍ਹੇਰ ਲਈ।
----------
ਅਸੀਂ ਕਿਰ ਗਏ ਹੰਝੂ ਵਰਗੇ ਹਾਂ, ਸੁੱਚੇ ਹਾਂ ਖ਼ੁਦਾ! ਅਜ਼ਮਾ ਲੈ ਤੂੰ,
ਜੇ ਸੱਚ ਨਹੀਂ ਫਿਰ ਤੋਂ ਸਾਨੂੰ, ਹੰਝੂਆਂ ਦੀ ਜੂਨੀ ਪਾ ਲੈ ਤੂੰ,
ਜਾਂ ਮੋੜ ਦੇ ਹਾੜ੍ਹਾ ਉਮਰ ਕਦੇ, ਜੋ ਹਾਸਿਆਂ ਵਿੱਚ ਬਿਖੇਰ ਲਈ।
ਰੱਬਾ ਇੱਕ ਸੂਰਜ ਚਾਹੀਦੈ..........।
----------
ਅਸੀਂ ਖ਼ੁਸ਼ਬੋ ਲੱਭਦੇ ਰਹਿੰਦੇ ਹਾਂ, ਗਮਲੇ ਵਿੱਚ ਲਾਏ ਥ੍ਹੋਰਾਂ ਤੋਂ,
ਝਾਂਜਰ ਜਦ ਟੁੱਟ ਕੇ ਦੋ ਬਣ ਗਈ, ਆਵਾਜ਼ ਨਾ ਆਈ ਬੋਰਾਂ ਤੋਂ,
ਕਿਸਮਤ ਨੇ ਸਾਡੇ ਘਰ ਆਉਂਦੀ ਹਰ ਖੁਸ਼ੀ ਗਲੀ ਵਿੱਚ ਘੇਰ ਲਈ।
ਰੱਬਾ ਇੱਕ ਸੂਰਜ ਚਾਹੀਦੈ...........।
---------
ਕਦ ਘਰ ਦੇ ਕੋਨੇ-ਕੋਨੇ 'ਚੋਂ, ਫਿ਼ਕਰਾਂ ਦੇ ਜਾਲ਼ੇ ਮੁੱਕਣਗੇ,
ਇਹ ਜਲ ਜੋ ਖ਼ਾਰੇ ਸਾਗਰ ਦੇ, ਕਦ ਨੈਣਾਂ ਵਿੱਚੋਂ ਸੁੱਕਣਗੇ
ਬਣਿਆਂ ਹਰ ਮੌਸਮ ਪੱਤਝੜ ਦਾ, ਰੀਝਾਂ ਦੀ ਖੜ੍ਹੀ ਕਨੇਰ ਲਈ।
ਰੱਬਾ ਇੱਕ ਸੂਰਜ ਚਾਹੀਦੈ..........।
---------
ਅਸੀਂ ਹਰ ਹੀਲਾ ਕਰ ਬੈਠੇ ਹਾਂ, ਕਦ ਹੌਂਕੇ ਤੋਂ ਮੁਸਕਾਨ ਬਣੇ,
ਸਰਘੀ ਵੇਲਾ ਹੋ ਜਾਵੇ ਤਾਂ, ਧੁੱਪ ਦੀ ਕਾਤਰ ਮਹਿਮਾਨ ਬਣੇ,
ਜੋ ਦੀਵੇ 'ਸ਼ੇਖਰ' ਬਾਲ਼ੇ ਨੇ, ਉਹ ਸਿਰਫ਼ ਜਗਣ ਕੁਝ ਦੇਰ ਲਈ,
ਰੱਬਾ ਇੱਕ ਸੂਰਜ ਚਾਹੀਦੈ, ਸਾਡੇ ਵਿਹੜੇ ਪਏ ਹਨ੍ਹੇਰ ਲਈ ।
1 comment:
Respected Shekhar ji...bahut hi wadhiya sahitak geet sabh naal sanjha karn da shukriya...
ਅਸੀਂ ਖ਼ੁਸ਼ਬੋ ਲੱਭਦੇ ਰਹਿੰਦੇ ਹਾਂ, ਗਮਲੇ ਵਿੱਚ ਲਾਏ ਥ੍ਹੋਰਾਂ ਤੋਂ,
ਝਾਂਜਰ ਜਦ ਟੁੱਟ ਕੇ ਦੋ ਬਣ ਗਈ, ਆਵਾਜ਼ ਨਾ ਆਈ ਬੋਰਾਂ ਤੋਂ,
ਕਿਸਮਤ ਨੇ ਸਾਡੇ ਘਰ ਆਉਂਦੀ ਹਰ ਖੁਸ਼ੀ ਗਲੀ ਵਿੱਚ ਘੇਰ ਲਈ।
ਰੱਬਾ ਇੱਕ ਸੂਰਜ ਚਾਹੀਦੈ...........।
--------
ਅਸੀਂ ਹਰ ਹੀਲਾ ਕਰ ਬੈਠੇ ਹਾਂ, ਕਦ ਹੌਂਕੇ ਤੋਂ ਮੁਸਕਾਨ ਬਣੇ,
ਸਰਘੀ ਵੇਲਾ ਹੋ ਜਾਵੇ ਤਾਂ, ਧੁੱਪ ਦੀ ਕਾਤਰ ਮਹਿਮਾਨ ਬਣੇ,
ਜੋ ਦੀਵੇ 'ਸ਼ੇਖਰ' ਬਾਲ਼ੇ ਨੇ, ਉਹ ਸਿਰਫ਼ ਜਗਣ ਕੁਝ ਦੇਰ ਲਈ,
ਰੱਬਾ ਇੱਕ ਸੂਰਜ ਚਾਹੀਦੈ, ਸਾਡੇ ਵਿਹੜੇ ਪਏ ਹਨ੍ਹੇਰ ਲਈ ।
bahut hi wadhiya...ਧੁੱਪ ਦੀ ਕਾਤਰ ਮਹਿਮਾਨ ਬਣੇ...kya khayal hai!!
Tamanna
Post a Comment