ਗ਼ਜ਼ਲ
ਮੈਂ ਉਠਾਉਂਣੀ ਗੱਲ ਇਸ ਮਤਲੇ 'ਚ ਹੈ।
ਸੁਣ ਲਵੋ ਅਜ ਸ਼ਾਇਰੀ ਖ਼ਤਰੇ 'ਚ ਹੈ।
ਰੰਗ ਹਰ ਇਕ ਫੁੱਲ ਦਾ ਖ਼ਤਰੇ 'ਚ ਹੈ।
ਜੇ ਨਹੀਂ ਦਰਪੇਸ਼ ਤਾਂ ਰਸਤੇ 'ਚ ਹੈ।
ਅੱਖੀਆਂ ਨੇ ਖ਼ਾਬ ਬੁਣਿਆ ਇੱਕ ਹੋਰ,
ਦਿਲ ਵਿਚਾਰਾ ਫੇਰ ਤੋਂ ਸਦਮੇ 'ਚ ਹੈ।
ਡੁਬ ਗਿਆ ਸੂਰਜ ਹਨੇਰਾ ਹੋ ਗਿਆ,
ਤੂੰ ਗਿਆ ਪਰ ਰੌਸ਼ਨੀ ਕਮਰੇ 'ਚ ਹੈ।
ਸ਼ਹਿਰ ਵਧਦਾ ਆ ਰਿਹਾ ਹੈ ਉਸਦੇ ਵਲ,
ਸ਼ੋਰ ਇਹ ਹਰ ਲਾਗਲੇ ਕਸਬੇ 'ਚ ਹੈ।
ਜੰਗਲਾਂ ਚੋਂ ਲਾਪਤਾ ਹੋਈ ਜੋ ਛਾਂ,
ਸੁਣਦੇ ਹਾਂ ਕਿ ਓਹ ਕਿਸੇ ਗਮਲੇ 'ਚ ਹੈ।
ਹੈ ਚਿਰਾਂ ਤੋਂ ਆਦਮੀ ਦੀ ਤ੍ਰਾਸਦੀ,
ਧਨ ਕਰੇ ਨਿਰਣਾ ਓਹ ਕਿਸ ਦਰਜੇ 'ਚ ਹੈ।
ਖੋਲ ਹਓਮੇ ਦਾ ਪਕੇਰਾ ਹੋ ਰਿਹਾ,
ਜਾਪਦਾ ਸਭ ਨੂੰ ਕਿ ਰਬ ਪਰਦੇ 'ਚ ਹੈ।
ਮੈਂ ਪਵਿੱਤਰ ਨਾਮ ਤੇਰਾ ਲਿਖ ਲਿਆ,
ਉਹ ਇਕੱਲਾ ਰੂਹ ਦੇ ਨਕ਼ਸ਼ੇ 'ਚ ਹੈ।
ਕੀ ਪਤਾ ਕਿਸਨੇ ਕਹਾਈ ਇਹ ਗ਼ਜ਼ਲ!
ਉਂਝ 'ਦਵਿੰਦਰ' ਨਾਮ ਪਰ ਮਕਤੇ 'ਚ ਹੈ।
1 comment:
Davinder ji...saari ghazal hi bhaut khoobsurat hai..vakhrey te selected khayalaan naal mehakdi...Mubarakaan!!
ਜੰਗਲਾਂ ਚੋਂ ਲਾਪਤਾ ਹੋਈ ਜੋ ਛਾਂ,
ਸੁਣਦੇ ਹਾਂ ਕਿ ਓਹ ਕਿਸੇ ਗਮਲੇ 'ਚ ਹੈ।
--------
ਮੈਂ ਪਵਿੱਤਰ ਨਾਮ ਤੇਰਾ ਲਿਖ ਲਿਆ,
ਉਹ ਇਕੱਲਾ ਰੂਹ ਦੇ ਨਕ਼ਸ਼ੇ 'ਚ ਹੈ।
kamaal kar ditti...Keep it up!!
Tamanna
Post a Comment