ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਸ਼ਿਵਚਰਨ ਜੱਗੀ ਕੁੱਸਾ - ਗੀਤ

ਗੀਤ

ਸ਼ਿਅਰ:
ਵਤਨੋਂ ਦੂਰ ਪ੍ਰਦੇਸੀਂ ਬੈਠੇ, ਬੈਠੇ ਦੁੱਖ ਦਿਲਾਂ ਦੇ ਰੋਈਏ
ਵਤਨੀਂ ਮਿੱਤਰ ਹੱਸ ਹੱਸ ਬਹਿੰਦੇ, ਅਸੀਂ ਗ਼ਮ ਦੀ ਚੱਕੀ ਝੋਈਏ
ਨਾ ਕੋਈ ਦੁੱਖ ਵੰਡਾਵਣ ਵਾਲਾ, ਨਾ ਕੋਈ ਦਿਲ ਦਾ ਦਰਦੀ
ਬੈਠ ਨਿਮਾਣਾ ਰੋਵੇ 'ਜੱਗੀ', ਮੰਨ ਖ਼ੁਦਾ ਦੀ ਮਰਜ਼ੀ---
1) ਬੈਠ ਵੀਰਾ ਵਤਨ ਤੂੰ ਆਇਆ ਜਾ ਕੇ ਉਏ
ਹਾਲ ਮੇਰੇ ਪਿੰਡ ਦਾ ਦੱਸ ਦੇ ਸੁਣਾ ਕੇ ਉਏ
ਸੱਜਣ ਮਿੱਤਰ ਦੱਸ ਕਿੱਦਾਂ ਰਹਿੰਦੇ ਐ?
ਸੱਥਾਂ ਵਿਚ ਰਲ ਕੇ ਉਦਾਂ ਈ ਬਹਿੰਦੇ ਐ?
ਨਾਲੇ ਦੱਸ ਮਾਈ ਬਾਪ ਦੇ ਵਰੇਸ ਦਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---
2) ਮਾਪੇ ਪਿੱਛੋਂ ਕਿਵੇਂ ਕੱਟਦੇ ਦਿਹਾੜੀਆਂ
ਕਿਸਮਤਾਂ ਜਿਹਨਾਂ ਨੇ ਲਿਖਾਈਆਂ ਮਾੜੀਆਂ
ਮਰ ਗਈ ਕਿ ਜਿਉਂਦੀ ਦੱਸ ਦਾਦੀ ਮੇਰੀ ਐ?
ਜ਼ਿੰਦਗੀ 'ਚ ਰਹੀ ਉਹ ਦੁਖੀ ਬਥੇਰੀ ਐ
ਛੱਡਿਆ ਏ ਖਹਿੜਾ ਕੀ ਪੁਰਾਣੇ ਖੇਸ ਦਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---
3) ਆਉਂਦਾ ਹੋਊ ਸੇਠ ਘਰੇ ਪੈਸੇ ਲੈਣ ਨੂੰ
ਕਿਹੜੀ ਥਾਂ ਵਿਆਹਤਾ ਦੱਸ ਵੱਡੀ ਭੈਣ ਨੂੰ
ਕਰਜ਼ਾ ਤਾਂ ਬਾਪੂ ਸਿਰ ਅੱਗੇ ਈ ਬੜਾ ਸੀ
ਟੁੱਟ ਗਿਆ ਸਿਰ 'ਤੇ ਤਕਾਵੀ ਦਾ ਘੜ੍ਹਾ ਸੀ
ਲਿਆ ਵੱਡਾ ਸੁਪਨਾ ਸੀ ਪ੍ਰਦੇਸ ਦਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---
4) ਉੱਤਰੇ ਕੀ ਭਾਬੀ ਦੇ ਪਿੰਡੇ ਤੋਂ ਲੰਗਾਰ ਨੇ
ਕੱਟ ਦਿੱਤਾ ਸਾਨੂੰ ਵਲੈਤ ਦੀ ਕਟਾਰ ਨੇ
ਬੇਬੇ ਦਾਰੂ ਕਿਹੜੇ ਹਕੀਮ ਕੋਲੋਂ ਲੈਂਦੀ ਐ?
ਲਿਖਿਆ ਸੀ ਦਿਲ ਵਿਚ ਚੀਸ ਪੈਂਦੀ ਐ
ਬੜਾ ਮੋਹ ਆਉਂਦਾ ਉਸ ਦਰਵੇਸ਼ ਦਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---
5) ਸਾਡਾ ਘਰ ਕੱਚਾ ਈ ਐ ਕਿ ਪੱਕਾ ਪਾ ਲਿਆ
ਜਿਹੜਾ ਗਹਿਣੇ ਖੇਤ ਸੀ ਦੱਸੀਂ ਖਾਂ ਛੁਡਾ ਲਿਆ?
ਵੱਡਾ ਬਾਈ ਕਹਿੰਦਾ ਸੀ ਟਰੈਕਟਰ ਲੈਣ ਨੂੰ
ਮੇਰੇ ਕੋਲੇ ਹੈ ਨਹੀ ਕੋਈ ਜਵਾਬ ਕਹਿਣ ਨੂੰ
ਸਾਡਾ ਜੋ ਇੰਜਣ ਸੀ ਓਹ ਕਾਹਤੋਂ ਵੇਚਤਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---
6) ਛੋਟਾ ਜਦੋਂ ਮਰਿਆ ਸੀ ਗੋਲੀ ਲੱਗ ਕੇ
ਬੈਠ ਗਿਆ ਓਦੋਂ ਦਾ ਮੈਂ ਕੰਮ ਛੱਡ ਕੇ
ਜਾਂਦੀ ਵਾਰੀ ਵੀਰੇ ਦਾ ਮੈਂ ਮੂੰਹ ਨਾ ਦੇਖਿਆ
ਦਿਲ ਵਿਚ 'ਜੱਗੀ' ਨੇ ਉਹਦਾ ਸਿਵਾ ਸੇਕਿਆ
'ਕੁੱਸਾ ਪਿੰਡ' ਜਾਣੇ ਦੁੱਖ ਲੱਗੀ ਠੇਸ ਦਾ---
ਹਾਲ ਦੱਸੀਂ ਵੀਰਾ ਓਏ ਪੰਜਾਬ ਦੇਸ਼ ਦਾ---

1 comment:

ਤਨਦੀਪ 'ਤਮੰਨਾ' said...

Kussa Saheb nu kall di Kussey pind di yaad badi aundi aa...Kall Mina khatir gaindey de phull layee jandey si...ajj enna sohna geet likh ke Pind waaleyaan nu yaad kari jaandey aa...

ਸਾਡਾ ਘਰ ਕੱਚਾ ਈ ਐ ਕਿ ਪੱਕਾ ਪਾ ਲਿਆ
ਜਿਹੜਾ ਗਹਿਣੇ ਖੇਤ ਸੀ ਦੱਸੀਂ ਖਾਂ ਛੁਡਾ ਲਿਆ?
Majbooriaan maar laindiaan insaan nu!! Geet bahut sohna laggeya..

Tamanna