ਲੱਕੜ ਦਾ ਮੁੰਡਾ - ਨਾ ਰੋਵੇ ਨਾ ਦੁੱਧ ਮੰਗੇ
ਵਿਅੰਗ
ਕਿਉਂ ਦੇਖਿਐ ਕਿਤੇ ਲੱਕੜ ਦਾ ਮੁੰਡਾ? ਜਿਹੜਾ ਨਾ ਰੋਵੇ ਤੇ ਨਾ ਦੁੱਧ ਮੰਗੇ। ਬਈ ਮਿੱਤਰੋ ਥੋਡੇ ਵਾਂਗੂੰ ਮੈਨੂੰ ਵੀ ਨਹੀਂ ਸੀ ਪਤਾ ਕਿ ਕੋਈ ਮੁੰਡਾ ਲੱਕੜ ਦਾ ਵੀ ਹੋ ਸਕਦੈ। ਬੜਿਆਂ ਤੋਂ ਪੁੱਛਿਆ ਪਰ ਕਿਸੇ ਨੇ ਵੀ ਸਿੱਧੀ ਪਰਿਭਾਸ਼ਾ ਨਾ ਦੱਸੀ ਕਿ ਲੱਕੜ ਦਾ ਮੁੰਡਾ ਕਿਸ ਬਲਾ ਨੂੰ ਕਹਿੰਦੇ ਨੇ। ਇੱਕ ਦਿਨ ਘਰੇ ਮਾਤਾ ਕੋਲ ਬੈਠੀ ਗੁਆਂਢਣ ਤਾਈ ਦੇ ਮੂੰਹੋਂ ਕਿਸੇ 'ਸਿਆਣੇ ਬਾਬੇ' ਦੀ ਮਹਿਮਾ ਸੁਣੀ ਤਾਂ ਮੈਨੂੰ ਆਸ ਜਿਹੀ ਬੱਝ ਗਈ ਕਿ ਕਿਸੇ ਹੋਰ ਨੂੰ ਭਾਵੇਂ ਪਤਾ ਹੋਵੇ ਜਾਂ ਨਾ ਹੋਵੇ ਪਰ ਸਿਆਣਾ ਬਾਬਾ ਜ਼ਰੂਰ ਜਾਣਦਾ ਹੋਊ ਲੱਕੜ ਦੇ ਮੁੰਡੇ ਬਾਰੇ। ਲਓ ਜੀ ਆਪਾਂ 'ਸਿਆਣੇ ਬਾਬੇ' ਦੇ ਡੇਰੇ ਤੇ ਪਹੁੰਚ ਗਏ। ਦਰਬਾਨ ਤੋਂ ਬਾਬਾ ਜੀ ਨੂੰ ਮਿਲਣ ਬਾਰੇ ਪੁੱਛਿਆ। ਉਹਦੇ ਮਿਲਣ ਦਾ ਕਾਰਨ ਪੁੱਛਣ ਤੇ ਜਦ ਮੈਂ ਲੱਕੜ ਦੇ ਮੁੰਡੇ ਬਾਰੇ ਜਾਣਕਾਰੀ ਲੈਣ ਦੀ ਗੱਲ ਕੀਤੀ ਤਾਂ ਓਹ ਉੱਚੀ-ਉੱਚੀ ਹੱਸਦਿਆਂ ਬੋਲਿਆ, "ਭਲਿਆ ਮਾਣਸਾ ਪੰਜਾਬ ਦੀ ਧਰਤੀ ਤੇ ਜੰਮਿਆ ਹੋਵੇਂ ਤੇ ਤੈਨੂੰ ਲੱਕੜ ਦੇ ਮੁੰਡੇ ਦਾ ਪਤਾ ਨਾ ਹੋਵੇ? ਜਾਹ ਯਾਰ ਤੂੰ ਵੀ ਮੈਨੂੰ ਲੋਲ੍ਹਾ ਈ ਲਗਦੈਂ।" ਪਰ ਗੱਲ ਸਿਰੇ ਓਹਨੇ ਵੀ ਨਾ ਲਾਈ। ਬੱਸ ਮੈਨੂੰ ਯਕੀਨ ਜਿਹਾ ਹੋ ਗਿਆ ਸੀ ਕਿ ਜਿਸ 'ਸਿਆਣੇ ਬਾਬੇ' ਦੇ ਦਰਬਾਨ ਨੂੰ ਵੀ ਲੱਕੜ ਦੇ ਮੁੰਡੇ ਬਾਰੇ ਮਾੜੀ ਮੋਟੀ ਜਾਣਕਾਰੀ ਹੈ ਤਾਂ ਬਾਬਾ ਤਾਂ ਓਹਤੋਂ ਵੀ ਚੜ੍ਹਦਾ ਚੰਦ ਹੀ ਹੋਊ।
ਅਜੇ ਸੋਚਾਂ ਦੀ ਘੁੰਮਣ ਘੇਰੀ 'ਚ ਗੋਤੇ ਖਾ ਹੀ ਰਿਹਾ ਸੀ ਕਿ ਬਾਬਾ ਜੀ ਦਾ 'ਸੈਕਟਰੀ' ਆਇਆ ਤੇ ਮੈਨੂੰ ਲਿਜਾ ਬਾਬਾ ਜੀ ਅੱਗੇ ਪੇਸ਼ ਕੀਤਾ। ਗੁਆਂਢਣ ਤਾਈ ਤੋਂ ਸੁਣੇ ਸਿਆਣਾ ਸ਼ਬਦ ਦੇ ਅਰਥਾਂ ਦਾ ਪਤਾ ਮੈਨੂੰ ਉਦੋਂ ਲੱਗਾ ਜਦੋਂ ਸੈਕਟਰੀ ਮੈਨੂੰ ਲੰਮੀਆਂ ਲੰਮੀਆਂ ਜਟਾਂ ਵਾਲੇ ਲਿੱਬੜੇ ਜਿਹੇ ਆਦਮੀ ਕੋਲ ਲੈ ਗਿਆ। ਮੈਂ ਭਲਾ ਲੋਕ ਤਾਂ ਇਹੀ ਸਮਝ ਰਿਹਾ ਸੀ ਕਿ ਬਾਬਾ ਜੀ ਕੋਟ ਪੈਂਟ ਪਾ ਕੇ ਬਣ ਸੰਵਰ ਕੇ ਬੈਠੇ ਹੋਣਗੇ ਕਿਉਂਕਿ 'ਸਿਆਣੇ' ਜੋ ਹੋਏ। ਪਰ ਆਹ ਕੀ! ਹੇ ਮੇਰਿਆ ਮਾਲਕਾ ਇੰਨਾ ਅਨਰਥ, 'ਸਿਆਣਾ' ਸ਼ਬਦ ਦੀ ਐਨੀ ਦੁਰਗਤੀ ਕਿ ਲੋਕ ਓਸ ਬੰਦੇ ਨੂੰ 'ਸਿਆਣਾ' ਕਹਿੰਦੇ ਨੇ ਜੀਹਨੇ ਨਹਾ ਕੇ ਕਦੇ ਦੇਖਿਆ ਈ ਨਹੀਂ ਹੋਣਾ। ਚਲੋ ਆਪਾਂ ਬਾਬੇ ਦੇ ਨਹਾਉਣ ਜਾਂ ਨਾ ਨਹਾਉਣ ਤੋਂ ਕੀ ਲੈਣਾ ਸੀ ਆਪਾਂ ਤਾਂ ਲੱਕੜ ਦੇ ਮੁੰਡੇ ਦੇ ਅਰਥ ਪੁੱਛਣੇ ਸੀ।
"ਹਾਂ ਪੁੱਤਰ, ਬਾਬਿਆਂ ਦੀ ਕੁਟੀਆ 'ਚ ਕਿਸ ਦੁੱਖ 'ਚ ਆਉਣੇ ਹੋਏ?", ਬਾਬੇ ਨੇ ਮੇਰੀ ਸੋਚ ਤੋੜਦਿਆਂ ਆਪਣਾ ਸਵਾਲ ਦਾਗਿਆ। ਜਦੋਂ ਬਾਬੇ ਨੂੰ ਸਾਰੀ ਗੱਲ ਦੱਸੀ ਤਾਂ ਓਹ ਵੀ ਗੋਲ ਮੋਲ ਜਿਹੀ ਗੱਲ ਕਰਦਾ ਇਹੀ ਕਹੀ ਜਾਵੇ, "ਪੁੱਤਰ ਅਸੀਂ ਤਾਂ ਐਵੇਂ ਈ ਬਦਨਾਮ ਆਂ, ਲੱਕੜ ਦੇ ਮੁੰਡੇ ਤਾਂ ਹੁਣ ਲੀਡਰਾਂ ਕੋਲ ਬਾਹਲੇ ਆ।" ਮੈਂ ਫਿਰ ਦੁਚਿੱਤੀ 'ਚ ਪੈ ਗਿਆ ਕਿ ਮੈਂ ਬੜੇ ਲੀਡਰ ਦੇਖੇ ਨੇ ਪਰ ਕਿਸੇ ਕੋਲ ਜਾਂ ਕਿਸੇ ਦੇ ਨਾਲ ਕੋਈ ਲੱਕੜ ਦਾ ਮੁੰਡਾ ਨਹੀਂ ਸੀ ਦੇਖਿਆ। "ਪੁੱਤਰ ਅਸੀਂ ਤਾਂ ਹੁਣ ਜਿਉਂਦੇ ਜਾਗਦੇ ਮੁੰਡੇ ਦੇਣ ਜੋਗੇ ਹੀ ਰਹਿਗੇ, ਸਾਨੂੰ ਤਾਂ ਇਹੀ ਡਰ ਲੱਗੀ ਜਾਂਦਾ ਰਹਿੰਦੈ ਕਿ ਕਿਤੇ ਇਹ ਕੰਮ ਵੀ ਲੀਡਰ ਈ ਨਾ ਸਾਂਭ ਲੈਣ , ਅਸੀਂ ਤਾਂ ਫਿਰ ਦਿਹਾੜੀ ਦੱਪਾ ਕਰਨ ਜੋਗੇ ਈ ਰਹਿਜਾਂਗੇ। ਇਹ ਰੱਜੇ ਪੁੱਜੇ ਹੋ ਕੇ ਵੀ ਬੇਗਾਨੀਆਂ ਖੁਰਨੀਆਂ 'ਚ ਮੂੰਹ ਮਾਰਨੋਂ ਨੀ ਹਟਦੇ, ਅਸੀਂ ਤਾਂ ਭਾਵੇਂ ਮਾਰਨਾ ਈ ਹੋਇਆ ਕਿਉਂਕਿ ਸਾਡੇ ਕੋਲ ਆਵਦੀ 'ਖੁਰਨੀ' ਈ ਹੈਨੀਂ।" ਇੰਨਾ ਕਹਿਕੇ ਬਾਬਾ ਖੀਂ-ਖੀਂ ਜਿਹੀ ਕਰਦਾ ਹੱਸਿਆ। ਮੈਂ ਅਜੇ ਵੀ ਲੱਕੜ ਦੇ ਮੁੰਡੇ ਦੇ ਅਰਥ ਲੱਭਣ 'ਚ ਸਫਲ ਨਹੀਂ ਸੀ ਹੋਇਆ। ਪਰ ਬਾਬਾ ਮੈਨੂੰ ਗੱਲੀਂ ਬਾਤੀ ਬੜੀ 'ਕੁੱਤੀ ਸ਼ੈਅ' ਲੱਗਿਆ। ਚਲਦੀਆਂ ਗੱਲਾਂ 'ਚ ਪੰਜਾਬ ਦੇ ਇੱਕ ਅੱਧ-ਪੜ੍ਹੇ ਜਿਹੇ 'ਅੰਗਜਾਬੀ' ਬੋਲਦੇ ਮੰਤਰੀ ਵਾਂਗੂੰ ਕਦੇ ਕਦੇ 'ਗਰੇਜੀ ਵੀ ਸਿੱਟ ਜਾਂਦਾ ਤੇ ਜਿਹੜਾ ਸ਼ਬਦ ਕਹਿਣਾ ਔਖਾ ਜਿਹਾ ਲਗਦਾ, ਓਹਦੇ ਬਾਰੇ ਆਪਣੇ ਸੈਕਟਰੀ ਨੂੰ ਕਹਿ ਦਿੰਦਾ, "ਭਗਤਾ ਕੀ ਕਹਿੰਦੇ ਆ ਬਈ ਓਹਨੂੰ?" ਫਿਰ ਤੁਕ ਪੂਰੀ ਸੈਕਟਰੀ ਕਰ ਦਿੰਦਾ। ਗੱਲਾਂ ਤੋਂ ਇੰਝ ਲੱਗਾ ਕਿ ਪਹਿਲਾਂ ਬਾਬੇ ਦੀ ਲੱਕੜ ਦੇ ਮੁੰਡੇ ਦੇਣ ਦੀ 'ਫੈਕਟਰੀ' ਵਾਹਵਾ ਚਲਦੀ ਹੋਊਗੀ ਤਾਂਹੀਂ ਤਾਂ ਓਹ ਹੁਣ ਆਈ ਖੜੋਤ ਦਾ ਗੁੱਸਾ ਲੀਡਰਾਂ ਤੇ ਕੱਢ ਰਿਹਾ ਸੀ। ਬਾਬੇ ਨੇ ਗਲਾਸ 'ਚੋਂ ਪਾਣੀ ਦੀ ਘੁੱਟ ਭਰਦਿਆਂ ਪ੍ਰਵਚਨ ਫਿਰ ਸ਼ੁਰੂ ਕੀਤੇ, "ਪੁੱਤਰ ਅਸੀਂ ਕੀਹਦੇ ਲੈਣ ਦੇ ਸੀ, ਅਸੀਂ ਤਾਂ ਰਾਜੇ ਸੀ ਆਵਦੀ ਕੁਟੀਆ 'ਚ ਰਾਜੇ। ਬੀਬੀਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਜੀਹਨੂੰ ਜੀਅ ਕੀਤਾ ਲੱਕੜ ਦਾ ਮੁੰਡਾ, ਜੀਹਨੂੰ ਜੀਅ ਕੀਤਾ ਜਿਉਂਦਾ ਜਾਗਦਾ। ਪਰ ਹੁਣ ਤਾਂ ਸਾਡੇ ਮਗਰ ਆਹ ਵੀ ਹੱਥ ਧੋ ਕੇ ਪਏ ਫਿਰਦੇ ਆ, ਕਿਹੜੇ 'ਸੀਲ' ਵਾਲੇ ਆ ਭਗਤਾ, ਦੱਸੀਂ ਪੁੱਤਰ ਨੂੰ?" "ਬਾਬਾ ਜੀ ਤਰਕਸ਼ੀਲ ਵਾਲੇ।", ਸੈਕਟਰੀ ਨੇ ਬਾਬੇ ਦਾ ਸਵਾਲ ਬੋਚਦਿਆਂ ਹੀ ਉੱਤਰ ਦਿੱਤਾ। ਬਾਬੇ ਦੀਆਂ ਲੀਡਰਾਂ ਨਾਲ ਘਰੋੜ ਜਿਹੀ ਵਾਲੀਆਂ ਗੱਲਾਂ ਸੁਣਕੇ ਮੈਂ ਕਿਹਾ, "ਬਾਬਾ ਜੀ ਸਿਆਸਤ ਬਾਰੇ ਖਾਸਾ ਗਿਆਨ ਐ ਥੋਨੂੰ।" ਇੰਨਾ ਸੁਣਕੇ ਬਾਬਾ ਲਾਚੜ ਜਿਹਾ ਗਿਆ ਤੇ ਗੱਲ ਲੱਕੜ ਦੇ ਮੁੰਡਿਆਂ ਤੇ ਲੈ ਆਇਆ। "ਲੈ ਪੁੱਤਰ ਹੁਣ ਸਿਆਸਤ ਤੇ ਲੱਕੜ ਦੇ ਮੁੰਡਿਆਂ ਦੀ ਸਾਂਝ ਬਾਰੇ ਸੁਣ, ਆਪਾਂ ਨੂੰ ਇਹਨਾਂ ਗੱਲਾਂ ਬਾਰੇ ਪੂਰੀ 'ਜਰਨਲ ਨਿਓਜਲ' ਆ।" ਬਾਬਾ ਅਜੇ ਹੋਰ ਅੱਗੇ ਬੋਲਣ ਹੀ ਲੱਗਾ ਸੀ ਕਿ ਸੈਕਟਰੀ ਟੋਕਦਾ ਬੋਲਿਆ, "ਬਾਬਾ ਜੀ ਜਨਰਲ ਨੌਲੇਜ ਹੁੰਦੀ ਐ।" ਬਾਬੇ ਨੇ ਆਪਣੀ ਲੜੀ ਅੱਗੇ ਤੋਰਦਿਆਂ ਕਿਹਾ, "ਭਗਤਾ ਭਾਵੇਂ ਕੁਛ ਵੀ ਆ, ਤਰਜ ਤਾਂ ਇੱਕੋ ਜਿਹੀ ਹੀ ਆ ਨਾ। ਪੁੱਤਰ ਤੂੰ ਹੀ ਦੇਖਲਾ ਸਾਡਾ ਸਾਂਢੂ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਸਾਰਿਆਂ ਨੂੰ ਲੱਕੜ ਦਾ ਮੁੰਡਾ ਦੇਈ ਗਿਆ ਕਿ ਅਸੀਂ ਦੇਸ਼ ਦੇ ਬੇਰੁਜਗਾਰਾਂ ਨੂੰ ਕੰਮ ਦਿਆਂਗੇ ਪਰ ਦੇਣਾ ਕਿਹੜੇ ਭੜੂਏ ਨੇ ਸੀ। ਬਸ ਲੱਕੜ ਦਾ ਮੁੰਡਾ ਨਾ ਰੋਇਆ ਨਾ ਓਹਨੇ ਦੁੱਧ ਮੰਗਿਆ, ਵਿਚਾਰੇ ਬੇਰੁਜਗਾਰ ਓਵੇਂ ਹੀ ਮੋਢੇ ਨਾਲ ਲਾਈ ਫਿਰਦੇ ਰਹੇ।"
ਹੈਂ! ਬਾਬੇ ਦਾ ਸਾਂਢੂ ਪ੍ਰਧਾਨ ਮੰਤਰੀ?- ਇਹ ਗੱਲ ਸੁਣ ਕੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਬਾਬੇ ਨੂੰ ਓਹਦੇ ਸਾਂਢੂ ਬਾਰੇ ਵੀ ਪੁੱਛ ਹੀ ਲਿਆ। ਤਾਂ ਬਾਬਾ ਹਸਦਾ ਜਿਹਾ ਬੋਲਿਆ, "ਤੂੰ ਵੀ ਪੁੱਤਰ ਬਹੁਤ ਭੋਲੈਂ, ਕਮਲਿਆ ਨਾ ਤਾਂ ਵਾਜਪਾਈ ਜਗਰਾਵੀਂ ਵਿਆਹਿਆ ਸੀ ਤੇ ਨਾ ਹੀ ਅਸੀਂ ਜਗਰਾਵੀਂ ਵਿਆਹੇ ਆਂ। ਦੋਵੇਂ ਹੀ ਮਾਨਤਾ ਪ੍ਰਾਪਤ ਛੜੇ, ਕਿਉਂ ਹੋਏ ਨਾ ਸਾਂਢੂ-ਸਾਂਢੂ?" ਬਾਬੇ ਨੇ ਆਪਣੀ ਵਾਜਪਾਈ ਨਾਲ ਅਨੋਖੀ ਰਿਸ਼ਤੇਦਾਰੀ ਦਾ ਪਰਦਾਫਾਸ਼ ਕਰਨ ਤੋਂ ਬਾਦ ਫੇਰ ਸੂਈ ਲੱਕੜ ਦੇ ਮੁੰਡੇ ਦੇਣ ਵਾਲਿਆਂ 'ਤੇ ਰੱਖ ਲਈ। "ਪੁੱਤਰ, ਆਹ ਪਟਿਆਲੇ ਆਲਾ ਰਾਜਾ ਵੀ ਲੱਕੜ ਦੇ ਮੁੰਡੇ ਦੇਣ 'ਚ ਵਾਹਵਾ ਫੁਰਤੀ ਦਿਖਾ ਗਿਆ। ਵਿਚਾਰੇ ਬੇਰੁਜ਼ਗਾਰ ਮਾਸਟਰ------ਭਗਤਾ ਕਿਹੜੇ 'ਬੈੱਡ' ਆਲੇ ਕਹਿੰਦੇ ਆ ਓਹਨਾਂ ਨੂੰ?" ਬਾਬੇ ਨੇ ਗੱਲ ਕਰਦਿਆਂ ਸੈਕਟਰੀ ਨੂੰ ਪੁੱਛਿਆ। ਸੈਕਟਰੀ ਵੀ ਜਿਵੇਂ ਤਿਆਰ ਹੀ ਖੜ੍ਹਾ ਸੀ, "ਬਾਬਾ ਜੀ ਬੈੱਡ ਆਲੇ ਨੀ, ਬੀ ਐੱਡ ਵਾਲੇ।" ਬਾਬਾ ਫਿਰ ਰੇਡੀਓ ਵਾਂਗੂੰ ਸਟਾਰਟ ਹੋ ਗਿਆ, "ਹਾਂ ਬੀ ਐੱਡ ਵਾਲੇ, ਇਹਨਾਂ ਵਿਚਾਰਿਆਂ ਨਾਲ ਰਾਜੇ ਨੇ ਵੀ ਬੁਰੀ ਕੀਤੀ ਸੀ ਤੇ ਹੁਣ ਆਹ ਬਾਦਲ ਵੀ ਛੱਲੀਆਂ ਵਾਂਗੂੰ ਕੁੱਟੀ ਜਾਂਦੈ। ਪੁੱਤਰ ਬੜਾ ਦਰਦ ਆਉਂਦੈ ਜਦੋਂ ਕਿਸੇ ਬੇਰੁਜਗਾਰ ਤੇ ਜੁਲਮ ਹੁੰਦਾ ਸੁਣੀਂਦੈ। ਅਸੀਂ ਵੀ ਤਾਂਹੀਂ ਬਾਬੇ ਬਣੇ ਆਂ, ਜਦੋਂ ਕੋਈ ਕੰਮ ਨਾ ਮਿਲਿਆ ਤਾਂ ਕੁਟੀਆ ਪਾ ਲਈ। ਪਰ ਪੁੱਤਰ ਸਰਕਾਰਾਂ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦੇ ਰਾਹ ਤੁਰੀਆਂ ਹੋਈਆਂ ਨੇ।" ਬਾਬੇ ਦੀਆਂ ਗੱਲਾਂ ਮੇਰੇ ਤੇ ਇੱਕ ਜਾਦੂ ਜਿਹਾ ਕਰ ਰਹੀਆਂ ਸਨ। "ਪੁੱਤਰ ਤੂੰ ਆਪ ਈ ਦੇਖਲਾ, ਸਰਕਾਰੀ ਸਕੂਲਾਂ 'ਚ ਤਾਂ ਕੁੱਤੀਆਂ ਸੂਈਆਂ ਪਈਆਂ, ਮੇਰਾ 'ਮਤਬਲ' ਆ ਬਈ ਸਕੂਲ ਮਾਸਟਰਾਂ ਬਿਨਾਂ ਖਾਲੀ ਹੋਏ ਪਏ ਆ ਤੇ ਇਹ ਬੇਰੁਜਗਾਰ ਮੁੰਡੇ ਕੁੜੀਆਂ ਨੂੰ ਭਰਤੀ ਕਰਨ ਵੱਲੋਂ 'ਆਲੇ ਕੌਡੀ ਛਿੱਕੇ ਕੌਡੀ' ਕਰੀ ਜਾਂਦੇ ਆ। ਆਹ ਬਾਦਲ ਨੇ ਤਾਂ ਕਮਾਲ ਈ ਕਰਤੀ ਲੱਕੜ ਦਾ ਮੁੰਡਾ ਦੇਣ ਆਲੀ, ਪਹਿਲਾਂ ਤਾਂ ਵੋਟਾਂ ਵੇਲੇ ਬੀ ਐੱਡ ਵਾਲੇ 'ਬੁਛਕਾਰ' ਲਏ ਕਿ ਵੋਟਾਂ 'ਕਾਲੀਆਂ ਨੂੰ ਪਾਓ, ਸਾਡੇ 'ਮੀਦਵਾਰਾਂ ਦਾ ਸਮਰਥਨ ਕਰੋ। ਸੈਦੋਕਿਆਂ ਵਾਲੇ ਮੇਘ ਤੇ ਚੀਮਿਆਂ ਵਾਲੇ ਪਿੰਦਰ ਵਰਗੇ ਵੀ 'ਮੀਦਵਾਰ ਨਾਲ ਫੋਟੂ ਖਿਚਵਾ ਆਏ। ਜਦੋਂ 'ਕਾਲੀ ਜਿੱਤਗੇ ਫੇਰ ਤੂੰ ਕੌਣ ਤੇ ਮੈਂ ਕੌਣ। ਹੁਣ ਵਿਚਾਰੇ ਨਾਲੇ ਤਾਂ ਬਾਦਲ ਦਾ ਦਿੱਤਾ ਲੱਕੜ ਦਾ ਮੁੰਡਾ ਚੁੱਕੀ ਫਿਰਦੇ ਆ ਤੇ ਨਾਲੇ ਫੇਰ ਸਰਕਾਰ ਦਾ ਪਿੱਟ ਸਿਆਪਾ ਕਰਦੇ ਫਿਰਦੇ ਆ। ਜਦੋਂ 'ਸਾਡੇ ਹੱਕ ਐਥੇ ਰੱਖ' ਕਹਿੰਦੇ ਆ ਤਾਂ ਫਿਰ ਪਾਣੀ ਨਾਲ ਭਿਉਂ ਭਿਉਂ ਕੁੱਟਦੇ ਆ ਵਿਚਾਰੇ ਮਾਸਟਰਾਂ ਨੂੰ। ਹੁਣ ਲੱਕੜ ਦਾ ਮੁੰਡਾ ਦੇ ਦਿੱਤੈ ਕਿ ਪੰਦਰਾਂ ਕੁ ਹਜਾਰ ਮਾਸਟਰ ਰੱਖਣੇ ਆ। ਕੋਈ ਪੁੱਛਣ ਵਾਲਾ ਹੋਵੇ ਬਈ ਭਲਿਓ ਲੋਕੋ ਪੰਜਾਬ ਦੇ ਸਕੂਲਾਂ ਨੂੰ ਤਾਂ ਇੱਕ ਇੱਕ ਮਾਸਟਰ ਵੀ ਨੀ ਆਉਣਾ। ਜਿਹੜੇ ਵਿਚਾਰੇ ਰਹਿ ਜਾਣਗੇ, ਉਹ ਫਿਰ ਲੱਕੜ ਦੇ ਮੁੰਡੇ ਚੁੱਕੀ ਫਿਰਨਗੇ ਤੇ ਕਰੀ ਜਾਣਗੇ "ਮੁਰਦਾਬਾਦ ਬਈ ਮੁਰਦਾਬਾਦ"। ਹੋਰ ਤਾਂ ਹੋਰ ਕੈਪਟਨ ਨੇ ਆਹ ਪੰਚੈਤ ਸੈਕਟਰੀਆਂ ਨੂੰ ਲੱਕੜ ਦਾ ਮੁੰਡਾ ਦਿੱਤਾ ਸੀ ਕਿ ਪੱਕੇ ਕਰਾਂਗੇ, ਵਿਚਾਰੇ ਬਾਦਲ ਦੇ ਰਾਜ 'ਚ ਵੀ ਮੋਢੇ ਨਾਲ ਲਾਈ ਫਿਰਦੇ ਆ।" ਬਾਬਾ ਗੱਲ ਕਰਦਾ ਕਰਦਾ ਆਪਣੀ ਕੁਟੀਆ ਦੇ ਗੇਟ ਵੱਲ ਵੀ ਮੱਥੇ ਤੇ ਹੱਥ ਧਰ ਧਰ ਦੇਖ ਰਿਹਾ ਸੀ, ਸ਼ਾਇਦ ਅੱਜ ਕੋਈ 'ਮੁਰਗੀ' ਅੜਿੱਕੇ ਨਹੀਂ ਸੀ ਆਈ। ਇੰਨੇ ਨੂੰ ਬਾਬਾ ਅੱਚਵੀ ਜਿਹੀ ਕਰਦਾ ਉੱਠਿਆ ਤੇ ਗੇਟ ਵੱਲੋਂ ਤੁਰੀਆਂ ਆਉਂਦੀਆਂ 'ਭਗਤਣੀਆਂ' ਨੂੰ ਤ੍ਰੇੜਾਂ ਖਾਧੇ ਹੱਥਾਂ ਨਾਲ ਆਸ਼ੀਰਵਾਦ ਜਿਹਾ ਦਿੰਦਾ ਤੇ ਅੱਖਾਂ 'ਚ ਹੱਸਦਾ ਬੋਲਿਆ, "ਚੰਗਾ ਪੁੱਤਰ, ਜੇ ਅਜੇ ਵੀ ਲੱਕੜ ਦੇ ਮੁੰਡੇ ਦੇ ਅਰਥਾਂ ਬਾਰੇ ਪਤਾ ਨਹੀਂ ਲੱਗਿਆ ਤਾਂ 'ਚਾਨਣੀ ਦੀਵਾਲੀ' ਨੂੰ ਆਈਂ, ਹੁਣ ਸਾਡਾ ਭਗਤੀ ਦਾ ਟੈਮ ਹੋ ਗਿਐ।" ਨਾਲ ਹੀ ਬਾਬੇ ਨੇ ਸੇਵਾਦਾਰ ਨੂੰ ਹੋਕਰਾ ਮਾਰਦਿਆਂ ਕਿਹਾ, "ਭਗਤਾ, ਪੁੱਤਰ ਨੂੰ ਚਾਟਾ ਜਰੂਰ ਛਕਾ ਕੇ ਤੋਰਨੈ।" ਇੰਨਾ ਕਹਿ ਕੇ ਬਾਬਾ ਆਵਦੇ ਭਗਤੀ 'ਸਥਾਨ' ਵੱਲ ਨੂੰ ਸਿੱਧਾ ਹੋ ਗਿਆ। ਮੈਂ ਚਾਹ ਦੀਆਂ ਘੁੱਟਾਂ ਭਰਦਾ ਕੁਝ-ਕੁਝ ਸਮਝ ਗਿਆ ਸੀ ਕਿ ਬਾਬਾ ਮੈਨੂੰ ਵੀ 'ਲੱਕੜ ਦਾ ਮੁੰਡਾ' ਦੇ ਕੇ 'ਭਗਤੀ' ਕਰਨ ਚਲਾ ਗਿਆ ਸੀ।
3 comments:
Lai bai Kamaal karti Nikke Veer Khurmi ne...Jionda vasda reh Chhotia..Rabb tainu bhaag laave...rooh khush karti...Chakki chall phatte...!
Tera 22,
Jaggi Kussa
bai ji apan eni jogey kithe han
bass kamal maar chhaddi da hai baki rehmat hai handha rahe han
umeedan te khara uttaran di har koshish jaan laga k karanga...
tuhada chhota vir
mandeep khurmi himmatpura
Respected Mandeep ji...Kamaal karti viang bhej ke tan..Lakkad da munda...pehlan pehlan kisse ne mazaak karna so called babeyaan baare mainu bahuti samjh na auni...
"ਭਲਿਆ ਮਾਣਸਾ ਪੰਜਾਬ ਦੀ ਧਰਤੀ ਤੇ ਜੰਮਿਆ ਹੋਵੇਂ ਤੇ ਤੈਨੂੰ ਲੱਕੜ ਦੇ ਮੁੰਡੇ ਦਾ ਪਤਾ ਨਾ ਹੋਵੇ? ਜਾਹ ਯਾਰ ਤੂੰ ਵੀ ਮੈਨੂੰ ਲੋਲ੍ਹਾ ਈ ਲਗਦੈਂ।"
ya samjh lao main vi tuhadey vangoon lohlli hi si..:) then my brother explained...I could not stop launghing...haanji ehna dhongiaan diyaan 'meharbaaniaan' de kacchey chitthey jinney kholey jaan onne hi ghatt ne...
ਹੇ ਮੇਰਿਆ ਮਾਲਕਾ ਇੰਨਾ ਅਨਰਥ, 'ਸਿਆਣਾ' ਸ਼ਬਦ ਦੀ ਐਨੀ ਦੁਰਗਤੀ ਕਿ ਲੋਕ ਓਸ ਬੰਦੇ ਨੂੰ 'ਸਿਆਣਾ' ਕਹਿੰਦੇ ਨੇ ਜੀਹਨੇ ਨਹਾ ਕੇ ਕਦੇ ਦੇਖਿਆ ਈ ਨਹੀਂ ਹੋਣਾ।
Ehna aap hi nahin ehna de khayal vi mushak mardey ne...Mandeep ji!!Te bibiaan nere dhukk dhukk behangiaan..digusting!!
"ਭਗਤਾ, ਪੁੱਤਰ ਨੂੰ ਚਾਟਾ ਜਰੂਰ ਛਕਾ ਕੇ ਤੋਰਨੈ।" ਇੰਨਾ ਕਹਿ ਕੇ ਬਾਬਾ ਆਵਦੇ ਭਗਤੀ 'ਸਥਾਨ' ਵੱਲ ਨੂੰ ਸਿੱਧਾ ਹੋ ਗਿਆ। ਮੈਂ ਚਾਹ ਦੀਆਂ ਘੁੱਟਾਂ ਭਰਦਾ ਕੁਝ-ਕੁਝ ਸਮਝ ਗਿਆ ਸੀ ਕਿ ਬਾਬਾ ਮੈਨੂੰ ਵੀ 'ਲੱਕੜ ਦਾ ਮੁੰਡਾ' ਦੇ ਕੇ 'ਭਗਤੀ' ਕਰਨ ਚਲਾ ਗਿਆ ਸੀ।
Marvellous!! I enjoyed reading it very much...eddan hi shirkat kardey rehna.
Tamanna
Post a Comment