ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, November 1, 2008

ਸ਼ਿਵਚਰਨ ਜੱਗੀ ਕੁੱਸਾ - ਨਜ਼ਮ

ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼
ਨਜ਼ਮ
ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,
ਕਿਹੜੀ ਜਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇ ਵਿਚ
ਅਨਾਜ ਸੰਭਾਲਿਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜ਼ਿੰਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾ ਪੰਛੀ ਹਾਂ!

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Kussa saheb!! Iss nazam ne vi mainu sochan ch paa ditta!! Shabadan da te naavan da be-misaal zikr hai..
ਮੈਂ ਅਖੌਤੀ ਜੇਤੂ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾ ਪੰਛੀ ਹਾਂ!
Aah lines, parh ke everyone should be optimistic. Kamaal kar ditti.

Tamanna