ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਹਰਮਿੰਦਰ ਬਣਵੈਤ - ਮਿੰਨੀ ਕਹਾਣੀ

ਪ੍ਰੇਮ ਪੱਤਰ
ਮਿੰਨੀ ਕਹਾਣੀ


ਕੁਲਵਿੰਦਰ ਸਥਾਨਕ ਡਾਕ ਘਰ ਵਿਚ ਚਿੱਠੀਆਂ ਛਾਂਟਣ ਦਾ ਕੰਮ ਕਰਦਾ ਸੀ। ਸੁਖਵਿੰਦਰ ਨਾਲ ਵਿਆਹ ਹੋਏ ਨੂੰ ਕੋਈ ਦੋ ਕੁ ਸਾਲ ਹੋ ਚੁੱਕੇ ਸਨ ਤੇ ਉਦੋਂ ਤੋਂ ਹੀ ਉਹ ਦੋ ਵਜੇ ਦੁਪਹਿਰ ਤੋਂ ਰਾਤ ਦਸ ਵਜੇ ਦੀ ਸਿ਼ਫਟ ਕਰਿਆ ਕਰਦਾ ਸੀ। ਉਸ ਨੂੰ ਲੋਕਾਂ ਦੇ ਪ੍ਰੇਮ ਪੱਤਰ ਪੜ੍ਹਨ ਦਾ ਝੱਸ ਸੀ। ਉਨ੍ਹਾਂ ਦਿਨਾਂ ਵਿਚ ਮੋਬਾਇਲ ਤਾਂ ਕੀ ਬਹੁਤੇ ਘਰੀਂ ਲੈਂਡ-ਲਾਈਨ ਵੀ ਨਹੀਂ ਸੀ ਹੁੰਦੀ। ਪੱਤਰਾਂ ਰਾਹੀਂ ਹੀ ਪ੍ਰੀਤ ਸੁਨੇਹੇ ਭੇਜੇ ਜਾਂਦੇ।
ਕੁਲਵਿੰਦਰ ਪ੍ਰੇਮ ਪੱਤਰਾਂ ਨੂੰ ਜਿਵੇ ਸੁੰਘ ਲੈਂਦਾ ਸੀ। ਅਜਿਹੇ ਪੱਤਰ ਉਹ ਇਕ ਪਾਸੇ ਰੱਖ ਲੈਂਦਾ, ਨਜ਼ਰਾਂ ਚੁਰਾ ਕੇ ਜੇਬ ਵਿਚ ਪਾਉਂਦਾ, ਟਾਇਲਟ ਵਿਚ ਜਾ ਕੇ ਪੜ੍ਹਦਾ ਤੇ ਪਰਤ ਕੇ ਮੁੜ ਸਹੀ ਛਾਂਟੀ ਕਰ ਦਿੰਦਾ। ਇੰਝ ਉਸਨੂੰ ਇਕ ਖ਼ਾਸ ਅਨੰਦ ਮਿਲਦਾ ਸੀ ਤੇ ਇਹ ਉਸਦੀ ਆਦਤ ਹੀ ਬਣ ਚੁੱਕੀ ਸੀ।
ਅਗਲੇ ਹਫ਼ਤੇ ਤੋਂ ਉਸਦੀ ਸਿ਼ਫਟ ਰਾਤ ਦਸ ਤੋਂ ਸਵੇਰ ਛੇ ਵਜੇ ਤੱਕ ਪੈਕਟ ਛਾਂਟਣ ਦੀ ਕਰ ਦਿੱਤੀ ਗਈ ਸੀ। ਅੱਜ ਸ਼ੁੱਕਰਵਾਰ ਸੀ, ਉਸਦਾ ਚਿੱਠੀਆਂ ਛਾਂਟੀ ਕਰਨ ਦਾ ਆਖਰੀ ਦਿਨ। ਉਸਨੇ ਇਕ ਸੁਗੰਧਿਤ ਪੱਤਰ ਇਕ ਪਾਸੇ ਕਰ ਲਿਆ ਤੇ ਟਾਇਲਟ ਵਿਚ ਜਾ ਕੇ ਪੜ੍ਹਨ ਲੱਗ ਪਿਆ। ਖ਼ਤ ਇਹ ਸੀ -
“ਮੇਰੇ ਪਿਆਰ
ਅੱਜ ਮੈਂ ਬਹੁਤ ਖ਼ੁਸ਼ ਹਾਂ। ਅਗਲੇ ਹਫ਼ਤੇ ਤੋਂ ਕੁਲਵਿੰਦਰ ਰਾਤ ਦਸ ਤੋਂ ਛੇ ਦੀ ਸਿ਼ਫਟ ਤੇ ਜਾਵੇਗਾ। ਤੇਰੀ ਉਡੀਕ ਕਰਾਂਗੀ। ਚਾਬੀ ਬਾਹਰ ਮੈਟ ਹੇਠਾਂ ਹੋਵੇਗੀ।
ਤੇਰੀ
ਸੁਖਵਿੰਦਰ”

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਬਣਵੈਤ ਸਾਹਿਬ...ਕੀ ਤਾਰੀਫ਼ ਕਰੀਏ ਮਿੰਨੀ ਕਹਾਣੀ ਦੀ...ਚੋਰਾਂ ਨੂੰ ਮੋਰ ਪੈ ਗਏ..:)..ਯਾਦ ਆ ਗਿਆ ਕਿ ਸੁਧਾਰ ਹੋਸਟਲ 'ਚ ਬੀ.ਐੱਡ ਕਰਦਿਆਂ..ਵਾਰਡਨ ਮੈਡਮ ਮਾਤਾ ਜਸਵੰਤ ਕੌਰ ਜੀ ਸਭ ਦੀਆਂ ਚਿੱਠੀਆਂ ਖੋਲ੍ਹ ਕੇ ਪੜ੍ਹਦੇ ਹੁੰਦੇ ਸੀ...ਜੀਹਦੇ ਤੇ ਵਾਪਸੀ ਦਾ ਐਡਰੈਸ ਨਹੀਂ ਸੀ ਹੁੰਦਾ...ਉਹ ਸਿੱਧੀ ਕੂੜੇਦਾਨ 'ਚ ਜਾਂਦੀ ਸੀ...ਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਦ ਸਭ ਨੂੰ ਲੈਕਚਰ ਸੁਣਨਾ ਪੈਂਦਾ ਸੀ...ਓਹ ਵਕਤ ਹੀ ਕੁਝ ਹੋਰ ਹੁੰਦਾ ਸੀ..ਮਜ਼ੇਦਾਰ!! ਕਹਾਣੀ ਦੇ ਪਾਤਰ ਕੁਲਵਿੰਦਰ ਵਾਂਗ ਮਾਤਾ ਜਸਵੰਤ ਕੌਰ ਜੀ ਵੀ ਚਿੱਠੀਆਂ ਸੁੰਘ ਲਿਆ ਕਰਦੇ ਸੀ..:)

ਉਸਨੇ ਇਕ ਸੁਗੰਧਿਤ ਪੱਤਰ ਇਕ ਪਾਸੇ ਕਰ ਲਿਆ ਤੇ ਟਾਇਲਟ ਵਿਚ ਜਾ ਕੇ ਪੜ੍ਹਨ ਲੱਗ ਪਿਆ। ਖ਼ਤ ਇਹ ਸੀ -
“ਮੇਰੇ ਪਿਆਰ
ਅੱਜ ਮੈਂ ਬਹੁਤ ਖ਼ੁਸ਼ ਹਾਂ। ਅਗਲੇ ਹਫ਼ਤੇ ਤੋਂ ਕੁਲਵਿੰਦਰ ਰਾਤ ਦਸ ਤੋਂ ਛੇ ਦੀ ਸਿ਼ਫਟ ਤੇ ਜਾਵੇਗਾ। ਤੇਰੀ ਉਡੀਕ ਕਰਾਂਗੀ। ਚਾਬੀ ਬਾਹਰ ਮੈਟ ਹੇਠਾਂ ਹੋਵੇਗੀ।
ਤੇਰੀ
ਸੁਖਵਿੰਦਰ”

ਖ਼ੂਬਸੂਰਤ ਕਹਾਣੀ ਲਈ ਤੇ ਯਾਦਾਂ ਤਾਜ਼ਾ ਕਰਣਾਉਂਣ ਲਈ...ਮੁਬਾਰਕਬਾਦ!!

ਤਮੰਨਾ