ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 9, 2008

ਸੁਰਿੰਦਰ ਸੋਹਲ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਐੱਸ.ਏ. ਵਸਦੇ ਉੱਘੇ ਲੇਖਕ ਸਤਿਕਾਰਤ ਸੁਰਿੰਦਰ ਸੋਹਲ ਜੀ ਨੇ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ‘ਆਰਸੀ’ ਤੇ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਦੀਆਂ ਖ਼ੁਬਸੂਰਤ ਨਜ਼ਮਾਂ ਤੇ ਗ਼ਜ਼ਲਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ। ਜਲੰਧਰ ਜ਼ਿਲੇ ਦੇ ਪਿੰਡ ਸੰਗਲ ਸੋਹਲ ‘ਚ ਜਨਮੇ ਸੋਹਲ ਸਾਹਿਬ ਨੇ ਐਮ.ਏ. ਪੰਜਾਬੀ ਅਤੇ ਦਵਿੰਦਰ ਜੋਸ਼ ਦੀ ਗ਼ਜ਼ਲ ਸੰਵੇਦਨਾ ਤੇ ਐਮ.ਫਿਲ. ਕੀਤੀ ਹੈ। ਗ਼ਜ਼ਲਗੋਈ ‘ਚ ਨਾਮਵਰ ਗ਼ਜ਼ਲਗੋ ਮਰਹੂਮ ਉਲਫ਼ਤ ਬਾਜਵਾ ਜੀ ਨੂੰ ਉਸਤਾਦ ਮੰਨਿਆ ਹੈ।

ਉਹਨਾਂ ਦੀਆਂ ਪੁਸਤਕਾਂ ‘ਚ : ‘ਤਿੰਨ ਚਿਹਰਿਆਂ ਵਾਲ਼ਾ ਰੱਕਾਸ’ ( ਉਰਦੂ ਤੋਂ ਅਨੁਵਾਦਤ ਨਜ਼ਮਾਂ 2001), ਸ਼ਬਰੀ ( ਉਰਦੂ ਤੋਂ ਅਨੁਵਾਦਤ ਕਹਾਣੀਆਂ ), ‘ਰੇਤ ਕਾ ਆਦਮੀ’ ( ਉਰਦੂ ਗ਼ਜ਼ਲਾਂ ਪੰਜਾਬੀ ‘ਚ ਲਿੱਪੀਅੰਤਰ) ‘ਟੁਕੜਾ ਟੁਕੜਾ ਵਰਤਮਾਨ' ( ਹਿੰਦੀ ਤੋਂ ਅਨੁਵਾਦਿਤ ਨਜ਼ਮਾਂ) ‘ਖ਼ੰਡਰ, ਖ਼ਾਮੋਸ਼ੀ ਤੇ ਰਾਤ’ ( ਪੰਜਾਬੀ ਗ਼ਜ਼ਲ ਸੰਗ੍ਰਹਿ 2002), 'ਚਿਹਰੇ ਦੀ ਤਲਾਸ਼ '( ਕਾਵਿ-ਸੰਗ੍ਰਹਿ) ‘ਬਹਾਦਰ ਬਾਂਦਰ ਦੇ ਕਰਨਾਮੇ’ ( ਬਾਲ ਨਾਵਲੈੱਟ ), ‘ਜਾਸੂਸ ਲੂੰਬੜੀ’ ( ਬਾਲ ਜਾਸੂਸੀ ਕਹਾਣੀਆਂ), ‘ਸੁਨਹਿਰੀ ਮਹਿਲ ਦਾ ਰਹੱਸ’, ਮਿਸਟਰੀ ਔਫ਼ ਗੋਲਡਨ ਪੈਲੇਸ ( ਅੰਗਰੇਜ਼ੀ ‘ਚ) (ਬਾਲ- ਸਾਹਿਤ), ਅਤੇ ‘ਗਰੀਨ ਕਾਰਡ’ ( ਗੁਰਜੀਤ ਕੌਰ ਬੈਦਵਾਨ ਦੀਆਂ ਕਹਾਣੀਆਂ – ਸੰਪਾਦਨਾ) ਸ਼ਾਮਲ ਹਨ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਸੁਰਿੰਦਰ ਸੋਹਲ ਜੀ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਜੀਅ ਆਇਆਂ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ‘ਚੋਂ ਦੋ ਖ਼ੂਬਸੂਰਤ ਨਜ਼ਮਾਂ ਨੂੰ ‘ਆਰਸੀ’ 'ਚ ਸਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਦੀ ਸਾਈਟ ਦਾ ਲਿੰਕ ਵੀ ‘ਆਰਸੀ’ ਤੇ ਪਾ ਦਿੱਤਾ ਗਿਆ ਹੈ, ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ । ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ!

ਬੁੱਤ

ਨਜ਼ਮ

ਮੈਂ ਜਾਣਦਾ ਹਾਂ

ਠੂੰਹੇਂ ਦੇ ਡੰਗ ਤੇ

ਕਿਸਦਾ ਨਾਮ ਹੈ

ਮੈਂ ਦੇਖ ਸਕਦਾ ਹਾਂ

ਸੱਪ ਦੀ ਅੱਖ ਵਿਚਲਾ

ਖ਼ਾਮੋਸ਼ ਮੰਜ਼ਰ

ਭੰਵਰ ਖ਼ੁਦ ਚੱਲ ਕੇ ਆਉਂਦਾ ਹੈ

ਮੇਰੇ ਕੋਲ

ਆਪਣੀ ਹਾਥ ਦੱਸਣ

ਹਨ੍ਹੇਰੀ

ਮੇਰੀ ਪੈੜ ਤੋਂ

ਦਿਸ਼ਾ ਲੈ ਕੇ ਝੁੱਲਦੀ ਹੈ

ਵਾਵਰੋਲਾ ਉੱਚਾ ਉੱਠਦਾ ਹੈ

ਮੇਰੇ ਕਦ ਦੇ ਬਰਾਬਰ ਹੋਣ ਲਈ

ਪਰ ਰਹਿ ਜਾਂਦਾ ਹੈ ਬੌਣਾ

ਮੇਰੀ ਹੋਂਦ ਦੀ ਗੁਫ਼ਾ

ਸ਼ੇਰ ਵੜਨੋਂ ਤ੍ਰਹਿੰਦਾ ਹੈ

ਤੇ ਇਸ ਤਰ੍ਹਾਂ ਦੇ ਹੋਰ ਕਿੰਨੇ ਹੀ

ਭਰਮਾਂ ਦੇ ਬੁੱਤ

ਚੁੱਕੀ ਫਿਰਦਾ

ਮੈਂ ਹੁਣ ਥੱਕ ਗਿਆ ਹਾਂ

ਮੈਂ ਜਦੋਂ ਕਦੀ ਵੀ

ਆਪਣੀ ਔਕਾਤ ਦਾ ਘਣ

ਇਹਨਾਂ ਬੁੱਤਾਂ ਤੇ

ਮਾਰਨ ਦੀ ਸੋਚੀ ਹੈ

ਮੇਰੀ ਹਉਂ ਨੇ

ਮੇਰਾ ਹੱਥ ਫੜ੍ਹ ਲਿਆ ਹੈ....

===========
ਅੱਧ-ਪੜ੍ਹੀ ਕਿਤਾਬ

ਨਜ਼ਮ

(ਤੇਜਿੰਦਰ ਵਿਰਲੀ ਦੀ ਕਿਤਾਬ ਇਨਕਲਾਬਪੜ੍ਹਨ ਉਪਰੰਤ)

ਜੀਵਨੀ ਸੀ ਇਕ ਕ੍ਰਾਂਤੀਕਾਰ ਦੀ

ਪੜ੍ਹ ਰਿਹਾ ਦੂਜਾ ਕ੍ਰਾਂਤੀਕਾਰ ਸੀ

ਪੈ ਗਈ ਆਵਾਜ਼ ਜਦ....

ਫਾਂਸੀ ਦੇ ਜ਼ਾਲਮ ਅਰਸ਼ ਤੇ

ਬਣ ਕੇ ਸੂਰਜ ਚੜ੍ਹਨ ਦੀ

ਪੜ੍ਹ ਲਈ ਜਿੰਨੀ ਕੁ ਰੱਖਣ ਨੂੰ

ਨਿਸ਼ਾਨੀ ਓਸ ਦੀ

ਮੋੜਿਆ ਵਰਕੇ ਦਾ ਕੋਨਾ

ਬੰਦ ਕਰ ਦਿੱਤੀ ਕਿਤਾਬ

ਆਖਿਆ ਜੇਲ੍ਹਰ ਨੂੰ ਸੀ ਵਿਸ਼ਵਾਸ ਨਾਲ-

‘‘ਦੇਸ਼ ਮੇਰੇ ਦੇ ਜਵਾਨਾਂ ਹੱਥ ਦੇ ਕੇ

ਇਹ ਕਿਤਾਬ

ਆਖਣਾ-

ਭਗਤ ਸਿੰਘ

ਇਹ ਪੂਰੀ ਪੜ੍ਹ ਸਕਿਆ ਨਹੀਂ

ਬਚ ਗਈ ਨੂੰ ਆਪ ਪੂਰਾ ਕਰਨ ਓਹ’’

ਅੱਧ-ਪੜ੍ਹੀ ਵਰਕਾ ਮੁੜੇ ਵਾਲ਼ੀ ਕਿਤਾਬ

ਫੜ ਲਈ ਜੇਲ੍ਹਰ ਨੇ

ਅੱਖਾਂ ਹੰਝੂਆਂ ਵਿਚ ਡੋਬ ਕੇ

ਸਾਂਭ ਕੇ ਲਾਈ ਸੀ ਦਿਲ ਦੇ ਨਾਲ

ਕਹਿਕਸ਼ਾਂ ਦੇ ਵਾਸਤੇ

ਜਿਸ ਤਰ੍ਹਾਂ ਸੂਰਜ ਵਸੀਅਤ ਲਿਖ ਦਵੇ

ਓਸ ਜੇਲ੍ਹਰ ਨੂੰ ਬਣਾ ਸੱਚਾ ਗਵਾਹ

ਅੱਧ-ਪੜ੍ਹੀ ਵਰਕਾ ਮੁੜੇ ਵਾਲੀ ਕਿਤਾਬ

ਘੁੰਮ-ਘੁੰਮਾਉਂਦੀ ਕੋਲ ਮੇਰੇ ਆ ਗਈ

ਟਿਕ-ਟਿਕੀ ਲਾ ਕੇ....

ਮੁੜੇ ਵਰਕੇ ਨੂੰ ਜਦ ਮੈਂ ਦੇਖਿਆ

ਇਹ ਨਿਰਾ ਵਰਕਾ ਨਹੀਂ ਸੀ

ਇਹ ਤਾਂ ਪੱਛਮ ਦੀ ਦਿਸ਼ਾ ਸੀ

ਜਿਸ ਚ ਸੂਰਜ ਸਾਮਰਾਜੀ ਡੁੱਬਿਆ

ਦਿਲ ਮੇਰਾ ਕੀਤਾ ਮੈਂ ਵਰਕਾ ਫੋਲ਼ ਕੇ

ਕਰ ਦਿਆਂ ਸਿੱਧਾ

ਬਚ ਗਈ ਪੁਸਤਕ ਨੂੰ ਪੂਰਾ ਪੜ੍ਹ ਲਵਾਂ

ਪਰ ਮੈਂ ਆਪਣੇ ਆਪ ਨੂੰ ਜਦ ਘੋਖਿਆ

ਟੁਕੜਿਆਂ ਵਿਚ ਮੈਂ...

ਪਿਆ ਸਾਂ ਵੰਡਿਆ

ਕਾਰਪੋਰੇਸ਼ਨ ਦੇ ਲਾਕਰ ਵਿਚ ਸਨ

ਵਕਤ, ਅੱਖਾਂ, ਜੀਭ, ਮੇਰੀ ਸੋਚਣੀ

ਦਿਲ ਬੜਾ ਕੀਤਾ ਕਿ ਲਾਕਰ ਤੋੜ ਕੇ

ਵਕਤ, ਅੱਖਾਂ, ਜੀਭ ਕਰ ਦੇਵਾਂ ਆਜ਼ਾਦ

ਪੜ੍ਹ ਲਵਾਂ ਵਰਕੇ ਮੁੜੇ ਵਾਲੀ ਕਿਤਾਬ

ਵਰਕ ਸਿੱਧਾ ਕਰਨ ਨੂੰ ਕਰਦਾ ਸੀ ਦਿਲ

ਪਰ ਮੇਰੇ ਹੱਥ...

ਮੌਰਗੇਜਾਂ ਦੀ ਘੁਲਾੜੀ ਵਿਚ ਅੜੇ

ਬਿੱਲ ਭੇਜਣ ਦੇ ਬਣੇ ਹੋਏ ਗ਼ੁਲਾਮ

ਉਂਗਲਾਂ ਸਾਬਾਂ-ਕਤਾਬਾਂ ਨਾਲ

ਥੱਕ ਚੁੱਕੀਆਂ ਜਿਵੇਂ

ਵਰਕ ਸਿੱਧਾ ਕਰਨ ਨੂੰ ਨਾ ਉੱਠੀਆਂ

ਭਗਤ ਸਿੰਘ ਤੂੰ ਵਰਕ ਕਾਹਦਾ ਮੋੜਿਆ

ਤੂੰ ਹਵਾ-ਇਤਿਹਾਸ ਦਾ ਰੁਖ ਮੋੜਿਆ ਸੀ

ਤੂੰ ਵਸੀਅਤ ਕਰ ਗਿਆ ਏਂ ਇਹ ਕਿਤਾਬ

ਪਰ ਤੇਰਾ ਵਾਰਿਸ ਮੈਂ ਹਾਂ ਉਹ ਕਹਿਕਸ਼ਾਂ
ਰੌਸ਼ਨੀ ਜਿਸਦੀ ਹਨ੍ਹੇਰੇ ਦੀ ਗ਼ੁਲਾਮ
ਅੱਧ-ਪੜ੍ਹੀ ਤੇਰੀ ਕਿਤਾਬ
ਹੈ ਪਈ ਬੇਵੱਸ ਜਿਹੀ
ਮੈਂ ਅਜੇ ਕਾਬਿਲ ਨਹੀਂ
ਉਸ ਨੂੰ ਅੱਗੇ ਪੜ੍ਹਨ ਦੇ..

6 comments:

ਤਨਦੀਪ 'ਤਮੰਨਾ' said...

Respected Sohal saheb...behadd khoobsurat nazaman nal tussi pehli haazri lava ke aarsi da maan vadha ditta hai. bahut bahut shukriya. Tuhadiaan nazaman ,ghazalan main aam parhdi rehandi haan. Hameshan bahut pasan aundiaan ne.
ਮੈਂ ਜਾਣਦਾ ਹਾਂ
ਠੂੰਹੇਂ ਦੇ ਡੰਗ ’ਤੇ
ਕਿਸਦਾ ਨਾਮ ਹੈ
ਮੈਂ ਦੇਖ ਸਕਦਾ ਹਾਂ
ਸੱਪ ਦੀ ਅੱਖ ਵਿਚਲਾ
ਖ਼ਾਮੋਸ਼ ਮੰਜ਼ਰ
ਭੰਵਰ ਖ਼ੁਦ ਚੱਲ ਕੇ ਆਉਂਦਾ ਹੈ
ਮੇਰੇ ਕੋਲ
ਆਪਣੀ ਹਾਥ ਦੱਸਣ
---
ਤੇ ਇਸ ਤਰ੍ਹਾਂ ਦੇ ਹੋਰ ਕਿੰਨੇ ਹੀ
ਭਰਮਾਂ ਦੇ ਬੁੱਤ
ਚੁੱਕੀ ਫਿਰਦਾ
ਮੈਂ ਹੁਣ ਥੱਕ ਗਿਆ ਹਾਂ
ਮੈਂ ਜਦੋਂ ਕਦੀ ਵੀ
ਆਪਣੀ ਔਕਾਤ ਦਾ ਘਣ
ਇਹਨਾਂ ਬੁੱਤਾਂ ’ਤੇ
ਮਾਰਨ ਦੀ ਸੋਚੀ ਹੈ
ਮੇਰੀ ਹਉਂ ਨੇ
ਮੇਰਾ ਹੱਥ ਫੜ੍ਹ ਲਿਆ ਹੈ....।
Saari nazam kamaal di hai. Meriaan favourites ch shamil ho gayee.

=========

ਪੈ ਗਈ ਆਵਾਜ਼ ਜਦ....
ਫਾਂਸੀ ਦੇ ਜ਼ਾਲਮ ਅਰਸ਼ ’ਤੇ
ਬਣ ਕੇ ਸੂਰਜ ਚੜ੍ਹਨ ਦੀ
ਪੜ੍ਹ ਲਈ ਜਿੰਨੀ ਕੁ ਰੱਖਣ ਨੂੰ
ਨਿਸ਼ਾਨੀ ਓਸ ਦੀ
ਮੋੜਿਆ ਵਰਕੇ ਦਾ ਕੋਨਾ
ਬੰਦ ਕਰ ਦਿੱਤੀ ਕਿਤਾਬ
ਆਖਿਆ ਜੇਲ੍ਹਰ ਨੂੰ ਸੀ ਵਿਸ਼ਵਾਸ ਨਾਲ-
‘‘ਦੇਸ਼ ਮੇਰੇ ਦੇ ਜਵਾਨਾਂ ਹੱਥ ਦੇ ਕੇ
ਇਹ ਕਿਤਾਬ
ਆਖਣਾ-
ਭਗਤ ਸਿੰਘ
ਇਹ ਪੂਰੀ ਪੜ੍ਹ ਸਕਿਆ ਨਹੀਂ
ਬਚ ਗਈ ਨੂੰ ਆਪ ਪੂਰਾ ਕਰਨ ਓਹ।’’
---
ਅੱਧ-ਪੜ੍ਹੀ ਵਰਕਾ ਮੁੜੇ ਵਾਲੀ ਕਿਤਾਬ
ਘੁੰਮ-ਘੁੰਮਾਉਂਦੀ ਕੋਲ ਮੇਰੇ ਆ ਗਈ
ਟਿਕ ਟਿਕੀ ਲਾ ਕੇ....
ਮੁੜੇ ਵਰਕੇ ਨੂੰ ਜਦ ਮੈਂ ਦੇਖਿਆ
ਇਹ ਨਿਰਾ ਵਰਕਾ ਨਹੀਂ ਸੀ
ਇਹ ਤਾਂ ਪੱਛਮ ਦੀ ਦਿਸ਼ਾ ਸੀ
ਜਿਸ ’ਚ ਸੂਰਜ ਸਾਮਰਾਜੀ ਡੁੱਬਿਆ
ਦਿਲ ਮੇਰਾ ਕੀਤਾ ਮੈਂ ਵਰਕਾ ਫੋਲ਼ ਕੇ
ਕਰ ਦਿਆਂ ਸਿੱਧਾ
ਬਚ ਗਈ ਪੁਸਤਕ ਨੂੰ ਪੂਰਾ ਪੜ੍ਹ ਲਵਾਂ
ਪਰ ਮੈਂ ਆਪਣੇ ਆਪ ਨੂੰ ਜਦ ਘੋਖਿਆ
ਟੁਕੜਿਆਂ ਵਿਚ ਮੈਂ...
ਪਿਆ ਸਾਂ ਵੰਡਿਆ
---
ਭਗਤ ਸਿੰਘ ਤੂੰ ਵਰਕ ਕਾਹਦਾ ਮੋੜਿਆ
ਤੂੰ ਹਵਾ-ਇਤਿਹਾਸ ਦਾ ਰੁਖ ਮੋੜਿਆ ਸੀ
ਤੂੰ ਵਸੀਅਤ ਕਰ ਗਿਆ ਏਂ ਇਹ ਕਿਤਾਬ
ਪਰ ਤੇਰਾ ਵਾਰਿਸ ਮੈਂ ਹਾਂ ਉਹ ਕਹਿਕਸ਼ਾਂ
ਰੌਸ਼ਨੀ ਜਿਸਦੀ ਹਨ੍ਹੇਰੇ ਦੀ ਗ਼ੁਲਾਮ
ਅੱਧ-ਪੜ੍ਹੀ ਤੇਰੀ ਕਿਤਾਬ
ਹੈ ਪਈ ਬੇਵੱਸ ਜਿਹੀ
ਮੈਂ ਅਜੇ ਕਾਬਿਲ ਨਹੀਂ
ਉਸ ਨੂੰ ਅੱਗੇ ਪੜ੍ਹਨ ਦੇ..।
Sohal saheb...akkhan namm ho gayeeaan eh nazam parh ke...bahut hi khoobsurat nazam hai eh vi. Aarsi te sabh naal share karn layee bahut bahut shukriya. Tuhadey sahitak sehyog layee bahut bahut dhanwaad. Shirqat kardey rehna....Aarsi nu tuhadiaan hor khoobsurat likhtan da intezaar rahega.

Tamanna

ਤਨਦੀਪ 'ਤਮੰਨਾ' said...

ਤਨਦੀਪ, ਅੱਜ ਆਰਸੀ ਪੜ੍ਹੀ...ਸੁਰਿੰਦਰ ਸੋਹਲ ਸਾਹਿਬ ਦੀਆਂ ਦੋਵੇਂ ਨਜ਼ਮਾਂ ਬਹੁਤ ਚੰਗੀਆਂ ਲੱਗੀਆਂ! ਉਹਨਾਂ ਨੂੰ ਮੁਬਾਰਕਬਾਦ!

ਦਵਿੰਦਰ ਸਿੰਘ ਪੂਨੀਆ
ਕੈਨੇਡਾ
======
ਸਤਿਕਾਰਤ ਦਵਿੰਦਰ ਜੀ..ਤੁਸੀਂ ਇੰਡੀਆ ਜਾਕੇ ਵੀ ਆਰਸੀ ਪੜ੍ਹ ਕੇ ਟਿੱਪਣੀਆਂ ਭੇਜ ਰਹੇ ਹੋ..ਬਹੁਤ-ਬਹੁਤ ਸ਼ੁਕਰੀਆ!

ਤਮੰਨਾ

ਤਨਦੀਪ 'ਤਮੰਨਾ' said...

I enjoyed Surinder Sohal's poems too.

Parmeet Singh
United Kingsom
========
Thank you.
Tamanna

ਤਨਦੀਪ 'ਤਮੰਨਾ' said...

ਤਨਦੀਪ, ਸੁਰਿੰਦਰ ਸੋਹਲ ਦੀ ਨਜ਼ਮ ਬਹੁਤ ਪਸੰਦ ਕੀਤੀ ਮੈਂ ਵੀ ਤੇ ਤੇਰੀ ਆਂਟੀ ਨੇ ਵੀ। ਉਹਨਾਂ ਨੂੰ ਵੀ ਵਧਾਈਆਂ!

ਭਗਤ ਸਿੰਘ ਤੂੰ ਵਰਕ ਕਾਹਦਾ ਮੋੜਿਆ
ਤੂੰ ਹਵਾ-ਇਤਿਹਾਸ ਦਾ ਰੁਖ ਮੋੜਿਆ ਸੀ
ਤੂੰ ਵਸੀਅਤ ਕਰ ਗਿਆ ਏਂ ਇਹ ਕਿਤਾਬ
ਪਰ ਤੇਰਾ ਵਾਰਿਸ ਮੈਂ ਹਾਂ ਉਹ ਕਹਿਕਸ਼ਾਂ
ਰੌਸ਼ਨੀ ਜਿਸਦੀ ਹਨ੍ਹੇਰੇ ਦੀ ਗ਼ੁਲਾਮ
ਅੱਧ-ਪੜ੍ਹੀ ਤੇਰੀ ਕਿਤਾਬ
ਹੈ ਪਈ ਬੇਵੱਸ ਜਿਹੀ
ਮੈਂ ਅਜੇ ਕਾਬਿਲ ਨਹੀਂ
ਉਸ ਨੂੰ ਅੱਗੇ ਪੜ੍ਹਨ ਦੇ..।

ਆਰਸੀ ਕਰਕੇ ਇੱਕ ਵਕਫ਼ੇ ਬਾਅਦ ਚੰਗਾ ਸਾਹਿਤ ਪੜ੍ਹਨ ਨੂੰ ਮਿਲ਼ ਰਿਹਾ ਹੈ। ਬੇਟਾ ਤੁਹਾਨੂੰ ਬਹੁਤ ਸ਼ਾਬਾਸ਼!

ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ।
=======
ਹੌਸਲਾ ਅਫ਼ਜ਼ਾਈ ਲਈ ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ।
ਤਮੰਨਾ

ਗੁਰਦਰਸ਼ਨ 'ਬਾਦਲ' said...

ਸੁਰਿੰਦਰ ਜੀ, ਸਵਾਗਤ ਹੈ!ਖ਼ੂਬਸੂਰਤ ਨਜ਼ਮਾਂ ਭੇਜਣ ਲਈ ਬਹੁਤ ਸ਼ੁਕਰੀਆ! ਦੋਵੇਂ ਨਜ਼ਮਾਂ ਬਹੁਤ ਪਸੰਦ ਆਈਆਂ!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

Ajj Aarsi parhi, Sohal sahib diaan nazmaa bahut bhaiaan. Ohna nu mubarakaan!

Davinder Singh Puniya
Canada
==========
Thanks Davinder ji.
Tamanna