ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, December 20, 2008

ਸੰਤੋਖ ਧਾਲੀਵਾਲ - ਨਜ਼ਮ

ਗੁਆਚਾ ਸ਼ਬਦ
ਨਜ਼ਮ

ਐ ਮੇਰੇ ਵਤਨ!
ਮੈਂ ਤੇਰੀਆਂ ਹਵਾਵਾਂ ਦਾ
ਇੱਕ ਬੁੱਲਾ ਹਾਂ
ਤੇਰੀਆਂ ਚਾਨਣੀਆਂ ਰਾਤਾਂ ਦੀ
ਭਟਕਦੀ ਹੋਈ ਇੱਕ ਰਿਸ਼ਮ ਹਾਂ
ਤੇਰੇ ਦਿਨ ਦੀ ਲੋਅ ‘ਚ
ਬੀਤੀ ਇੱਕ ਵਾਰਦਾਤ----
ਖ਼ਲਾਅ ‘ਚ ਲਟਕਿਆ
ਇੱਕ ਜ਼ੱਰਾ ਹਾਂ
ਤੇਰੇ ਇਤਿਹਾਸ ‘ਚੋਂ
ਗੁਆਚਾ ਇੱਕ ਸ਼ਬਦ ਹਾਂ।
---
ਕੰਨਾਂ ਕੋਲੋਂ ਸ਼ੂਕਦੇ ਡੂੰਘੇ ਸੱਨਾਟੇ ‘ਚੋਂ
ਤੇਰੀ ਯਾਦ ਦਾ ਕਿਲ੍ਹਾ ਨਿੱਤ
ਉਸਰਦਾ ਢਹਿੰਦਾ ਰਹਿੰਦਾ ਹੈ
ਤੇਰੀ ਖ਼ਬਰ ਦੀ
ਬਿੜਕ ਲਈ ਮੇਰੀ ਨਜ਼ਰ
ਅਖ਼ਬਾਰਾਂ ਦੇ ਪਹਾੜਾਂ ਨੂੰ
ਅੱਖਾਂ ਦੇ ਨੌਹਾਂ ਨਾਲ
ਰੋਜ਼ ਖੁਰਚਦੀ ਰਹਿੰਦੀ ਹੈ ।
ਤੇਰੇ ਇਤਿਹਾਸ ਦੀ ਲਾਇਬ੍ਰੇਰੀ ‘ਚੋਂ
ਆਪਣੇ ਨਾਂ ਦਾ ਹਰਫ ਲੱਭਣ ਲਈ
ਯਤਨਸ਼ੀਲ ਹਾਂ।
---
ਤੇ ਅੱਜ....
ਮੈਂ....
ਆਪਣੇ ਪੁਰਖਿਆਂ ਦੇ ਹਾਓਕੇ ਵਰਗਾ
ਉਦਾਸ ਹਰਫ਼ ਸੰਭਾਲਣ ਵਾਸਤੇ
ਤੀਹਾਂ ਕੁ ਸੂਰਜਾਂ ਲਈ
ਤੇਰੇ ਬੂਹੇ ਨੂੰ ਮੁਖ਼ਾਤਿਬ ਹਾਂ।
---
ਮੈਂ ਟੋਲ੍ਹਣ ਆਇਆ ਹਾਂ
ਤੇਰੇ ਮੇਰੇ ਰਿਸ਼ਤੇ ਦੀ ਕੋਈ ਸਿਆਣ
ਮੈਂ ਪਰਖਣ ਆਇਆ ਹਾਂ
ਕਿ ਸ਼ਾਇਦ ਕੋਈ
ਰਿਸ਼ਤਿਆਂ ਦੀ ਸਲ੍ਹੀਬ 'ਤੇ
ਟੰਗੀ ਹੇਕ ਮਿਲ ਜਾਏ
ਜਾਂ ਕਿੱਲਾਂ ‘ਚ ਠੁਕੀ
ਕੋਈ ਨਿਕਰਮਣ ਲੇਰ
ਜਾਂ ਫਿਰ ਦਾਰਾਂ ਤੇ ਲਟਕਦੀ
ਕੋਈ ਨਿਕਰਮਣ ਆਹ।
---
ਤੂੰ...
ਮੈਨੂੰ....
ਲੱਖ ਅਪਰਾਧੀ ਗਰਦਾਨ
(ਪਰ) ਯਾਦ ਰੱਖ
ਭੁੱਖਾ ਢਿੱਡ
ਹਰ ਅਪਰਾਧ ਲਈ
ਰਾਜ਼ੀ ਹੋ ਜਾਂਦਾ ਹੈ।
ਮੈਂ ਕੋਈ ਪਹੁੰਚਿਆ ਹੋਇਆ
ਰਿਸ਼ੀ ਨਹੀਂ ਸਾਂ
ਜੋ ਕਾਠ ਦੀ ਰੋਟੀ
ਢਿੱਡ 'ਤੇ ਬੰਨ੍ਹੀ ਫਿਰੇ
ਤੇ ਭੁੱਖ ਜਿੱਤਣ ਦਾ ਦਾਅਵਾ ਕਰੇ।
ਮੈਨੂੰ ਤਾਂ ਭੁੱਖ ਅਜੇ ਵੀ ਲਗਦੀ ਹੈ।
---
ਮੈਂ ਤਾਂ....
ਤੇਰੀਆਂ ਅੱਖਾਂ ‘ਚੋਂ
ਕਿਰੀ ਉਹ ਸੀਤ ਨਜ਼ਰ ਹਾਂ
ਜਿਸਨੂੰ ਕੋਈ ਨਿੱਘਾ ਜਿਸਮ ਨਾ ਮਿਲਿਆ
---
ਮੈਂ ਤਾਂ.....
ਉਹ ਰਥਵਾਨ ਹਾਂ
ਜਿਸਦਾ ਕੋਈ ਹਮਸਫ਼ਰ ਨਾ ਬਣ ਸਕਿਆ
ਮੈਂ ਤਾਂ....
ਹਯਾਤੀ ਦੇ ਤਰਲਿਆਂ ‘ਚੋਂ
ਡਿਗੀ ਉਹ ਆਹ ਹਾਂ
ਜਿਹੜੀ ਕਿਸੇ ਮਿੱਟੀ ਤੋਂ ਵੀ
ਸਾਂਭੀ ਨਾ ਗਈ।
---
ਆਪਣੇ ਪੁਰਖਿਆਂ ਵਾਂਗੂੰ ਮੈਨੂੰ ਵੀ
ਭਵਿੱਖ ਗਿਰਵੀ ਕਰਨਾ ਪਿਆ ਹੈ।
ਉਨ੍ਹਾਂ ਤੋਂ ਕਰਾੜਾਂ ਦੇ ਲੰਡੇ ਅਰਥਾਏ ਨਾ ਗਏ
ਮੈਥੋਂ ਚਿੱਟੇ ਚੰਮ ਦੀ
ਬੁੱਕਲ ‘ਚੋਂ ਨਿਕਲ ਨਾ ਹੋਇਆ
ਮੈ ਸੀਤ ਬਰਫ਼ਾਂ ਤੋਂ
ਆਪਣੇ ਵਿਹੜੇ ਦਾ ਚੇਤਰ
ਵਾਰ ਦਿੱਤਾ ਹੈ।
ਮੈਂ ਆਵਾਸੀ ਮਜ਼ਦੂਰ ਵਾਲੀ ਜ਼ਿੱਲਤ
ਹੰਢਾਉਣੀ ਸਿੱਖ ਲਈ ਹੈ।
---
ਮੈਨੂੰ ਇਹ ਵੀ ਨਹੀਂ ਪਤਾ
ਕਿ ਮੇਰੀ ਔਲਾਦ
ਕਿਹੜੀ ਹਵਾ ਅਤੇ
ਕਿਹੜੀ ਮਿੱਟੀ ਦਾ
ਇਤਿਹਾਸ ਫਰੋਲੇਗੀ
ਕਿਹੜੀਆਂ ਵਿਛੜ ਗਈਆਂ ਰੁੱਤਾਂ ਨੂੰ
ਆਵਾਜ਼ਾਂ ਦੇਵੇਗੀ
ਮੇਰੇ ਨਾਂ ਦਾ ਹਰਫ਼ ਲੱਭਣ ਲਈ?
---
ਐ ਮੇਰੇ ਵਤਨ!
ਮੈਂ ਤੇਰੇ ਇਤਿਹਾਸ ਦਾ
ਇੱਕ ਗੁਆਚਾ ਸ਼ਬਦ ਹਾਂ
ਤੇਰੇ ਦਿਨ ਦੀ ਲੋਅ ‘ਚ
ਇੱਕ ਬੀਤੀ ਹੋਈ ਵਾਰਦਾਤ ਹਾਂ।

4 comments:

ਤਨਦੀਪ 'ਤਮੰਨਾ' said...

ਸਤਿਕਾਰਤ ਧਾਲੀਵਾਲ ਸਾਹਿਬ!
ਸਾਹਿਤਕ ਆਦਾਬ!

ਤੁਹਾਡੀ ਬੇਹੱਦ ਖ਼ੂਬਸੂਰਤ ਨਜ਼ਮ ਨੇ ਮੈਨੂੰ ਰੁਆ ਛੱਡਿਆ....ਕੌਫ਼ੀ ਪੀ ਰਹੀ ਹਾਂ ਤੇ ਹੰਝੂ ਵਗੀ ਜਾ ਰਹੇ ਨੇ..ਮੈਨੂੰ ਨਹੀਂ ਲੱਗਦਾ ਇੱਕ ਪਰਦੇਸੀ ਦੇ ਦਿਲ ਦੇ ਦਰਦ 'ਚੋਂ ਉੱਠਦੀ ਹੂਕ ਨੇ ਕਦੇ ਏਦੂੰ ਵੱਧ ਖ਼ੂਬਸੂਰਤ ਲਫ਼ਜ਼ਾਂ 'ਚ ਜਨਮ ਲਿਆ ਹੋਊ! ਮੈਨੂੰ ਅੱਜ ਤੋਂ ਪਹਿਲਾਂ ਕਿਸੇ ਵੀ ਰਚਨਾ ਨੇ ਵਤਨ ਏਦਾਂ ਯਾਦ ਨਹੀਂ ਦਵਾਇਆ...ਮੇਰੀਆਂ ਅੱਖਾਂ 'ਚੋਂ ਇਸਤੋਂ ਪਹਿਲਾਂ ਏਦਾਂ ਅੱਥਰੂ ਵੱਸੋਂ ਬਾਹਰ ਹੋ ਕੇ ਨਹੀਂ ਵਗੇ! ਸ਼ਾਇਦ ਤੁਹਾਡੀ ਉਮਰ ਦੇ ਮੁਕਾਮ ਤੇ ਪਹੁੰਚ ਕੇ ਮੈਨੂੰ ਇਸਦੇ ਲੁਕਵੇਂ ਮਾਅਨੇ ਵੀ ਸਮਝ ਆ ਜਾਣਗੇ...!

ਇਹ ਤੁਹਾਡਾ ਮੋਹ ਹੈ ਅੰਕਲ ਜੀ ਕਿ ਤੁਸੀਂ ਆਰਸੀ ਲਈ 1994 ਦੀਆਂ ਡਾਇਰੀਆਂ ਫਰੋਲ਼ ਰਹੇ ਓ! ਜੇ ਮੈਂ ਯੂ.ਕੇ. ਹੁੰਦੀ ਤਾਂ ਇਹ ਕੰਮ ਮੈਂ ਖ਼ੁਦ ਹੀ ਕਰ ਲੈਣਾ ਸੀ! ਇਸ ਨਜ਼ਮ ਦੀ ਤਾਰੀਫ਼ ਕਰਨ ਲਈ ਮੇਰੇ ਕੋਲ਼ ਲਫ਼ਜ਼ ਹੈ ਹੀ ਨਹੀਂ...ਪੁਰਾਣੀਆਂ ਡਾਇਰੀਆਂ ਫਰੋਲ਼ ਕੇ ਬਹੁਤ-ਬਹੁਤ ਸ਼ੁਕਰੀਆ ਇਹ ਨਜ਼ਮ ਸਭ ਨਾਲ਼ ਸਾਂਝੀ ਕਰਨ ਲਈ!

ਡਾ: ਜਗਤਾਰ ਜੀ ਦਾ ਇੱਕ ਸ਼ਿਅਰ ਮੇਰੇ ਵੱਲੋਂ ਤੁਹਾਡੇ ਨਾਮ...

"..ਪਰ ਲੈ ਆਇਐਂ ਸਜਾਵਟ ਦੇ ਲਈ ਤਾਂ ਕੀ ਕਮਾਲ।
ਦਰਦ ਪੰਛੀ ਦਾ ਵੀ ਲੈ ਆਉਂਦਾ ਪਰਾਂ ਦੇ ਨਾਲ਼ ਨਾਲ਼..।"

ਅਦਬ ਸਹਿਤ
ਤਮੰਨਾ

ਗੁਰਦਰਸ਼ਨ 'ਬਾਦਲ' said...
This comment has been removed by the author.
ਗੁਰਦਰਸ਼ਨ 'ਬਾਦਲ' said...

ਧਾਲੀਵਾਲ ਸਾਹਿਬ! ਤੁਹਾਡੀਆਂ ਬਾਕੀ ਨਜ਼ਮਾਂ ਵਾਂਗ ਇਹ ਨਜ਼ਮ ਵੀ ਬੇਹੱਦ ਖ਼ੂਬਸੂਰਤ ਹੈ।
ਕਿਸਨੂੰ ਖੋਲ੍ਹ ਸੁਣਾਵਾਂ ਦੁਖ ਪਰਦੇਸਾਂ ਦੇ?
ਧੁੱਪ ਨੇ ਨਿਗਲ਼ੀਆਂ ਛਾਵਾਂ, ਦੁਖ ਪਰਦੇਸਾਂ ਦੇ?
ਮੁਬਾਰਕਬਾਦ ਕਬੂਲ ਕਰੋ ਜਨਾਬ!
ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਧਾਲੀਵਾਲ ਜੀ ਦੀ ਨਜ਼ਮ ਵੀ ਬਹੁਤ ਸੋਹਣੀ ਹੈ!

ਆਪਣੇ ਪੁਰਖਿਆਂ ਵਾਂਗੂੰ ਮੈਨੂੰ ਵੀ
ਭਵਿੱਖ ਗਿਰਵੀ ਕਰਨਾ ਪਿਆ ਹੈ।
ਉਨ੍ਹਾਂ ਤੋਂ ਕਰਾੜਾਂ ਦੇ ਲੰਡੇ ਅਰਥਾਏ ਨਾ ਗਏ
ਮੈਥੋਂ ਚਿੱਟੇ ਚੰਮ ਦੀ
ਬੁੱਕਲ ‘ਚੋਂ ਨਿਕਲ ਨਾ ਹੋਇਆ
ਮੈ ਸੀਤ ਬਰਫ਼ਾਂ ਤੋਂ
ਆਪਣੇ ਵਿਹੜੇ ਦਾ ਚੇਤਰ
ਵਾਰ ਦਿੱਤਾ ਹੈ।
ਮੈਂ ਆਵਾਸੀ ਮਜ਼ਦੂਰ ਵਾਲੀ ਜ਼ਿੱਲਤ
ਹੰਢਾਉਣੀ ਸਿੱਖ ਲਈ ਹੈ।
ਪਰਦੇਸੀਆਂ ਦਾ ਦਰਦ ਬਿਆਨ ਕਰਦਿਆਂ ਇਹ ਸਤਰਾਂ ਕਮਾਲ ਨੇ!

ਇੰਦਰਜੀਤ ਸਿੰਘ
ਕੈਨੇਡਾ
=========
ਸ਼ੁਕਰੀਆ ਅੰਕਲ ਜੀ!
ਤਮੰਨਾ