ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 30, 2008

ਸੰਤੋਖ ਧਾਲੀਵਾਲ - ਨਜ਼ਮ

ਪਵਿੱਤਰ ਗੁਨਾਹ

ਨਜ਼ਮ

ਮੈਂ ਜਾਣਦੀ ਹਾਂ ਕਿ ਤੂੰ,

ਜਿਸਮਾਂ ਦੀ ਅੱਗ ਨੂੰ

ਸ਼ਰਮਾਂ ਦੀ ਕੰਧ ਟਪਾਉਣ ਲਈ

ਰਿਸ਼ਤਿਆਂ ਦੀ ਪੌੜੀ ਲਾਉਣੀ ਚਾਹੁੰਦੈ ਸੈਂ-

ਪਰ ਮੈਂ---

ਰਿਸ਼ਤਿਆਂ ਤੋਂ ਹੀ

ਬਾਰ ਬਾਰ ਠੱਗੀ ਗਈ ਹਾਂ

---

ਮੈਂ ਰਾਤ ਦੇ ਸਿਖਰ ਤੱਕ

ਚਾਨਣ ਦੀ ਕਿਆਰੀ

ਗੋਡੀਆਂ ਦਿੰਦੀ ਰਹੀ

ਕਿ ਤੇਨੂੰ ਪੈੜਾਂ ਬੀਜਣ

ਕੋਈ ਔਖ ਨਾ ਆਏ

ਤੇ ਤੇਰੀ ਕੋਸੀ ਮਹਿਕ ਦੇ ਬੀਜ

ਮੇਰੀ ਚਾਹਤ ਦੀ ਛਾਤੀ

ਪੁੰਗਰ ਆਉਣ

ਤੇ ਮੇਰੀਆਂ ਪੱਤਝੜ ਹੋਈਆਂ

ਖ਼ਾਹਸ਼ਾਂ ਦੇ ਵਿਹੜੇ

ਕੋਈ ਸੂਹਾ ਸੁਲਘਦਾ ਫੁੱਲ ਖਿੜ ਪਏ

---

ਮੈਂ ਇਹ ਵੀ ਜਾਣਦੀ ਹਾਂ

ਕਿ ਫੁੱਲ ਸਦਾ ਖਿੜੇ ਨਹੀਂ ਰਹਿੰਦੇ

ਮੈਂ ਮੁਰਝਾਏ ਫੁੱਲ ਸਾਂਭੀ ਬੈਠਾ

ਉਹ ਸੰਤਾਪਿਆ ਰੁੱਖ ਹਾਂ

ਜੋ ਕਦੇ ਚੰਦਨ ਸੀ---

ਤੇ ਹਵਨੇ ਚੜ੍ਹਨ ਦੀ

ਲਾਲਸਾ ਲਈ ਬੈਠਾ ਸੀ

----

ਤੇ ਅੱਜ---

ਬੇਰੀ ਬਣਿਆ

ਕਬਰਾਂ ਦਾ ਸਾਥੀ ਬਣ ਰਿਹਾ ਹੈ

ਮੈਂ ਇਹ ਵੀ ਜਾਣਦੀ ਹਾਂ ਕਿ

ਰੁੱਖ ਕੋਈ ਵੀ ਹੋਵੇ

ਉਸਦਾ ਮੁਕੱਦਰ ਰਾਖ਼ ਹੀ ਹੁੰਦਾ ਹੈ

---

ਮੈਂ ਤਾਂ ਉਹ ਕੰਢਾ ਹਾਂ ਜੋ

ਵਗਦੇ ਦਰਿਆਵਾਂ ਨਾਲ

ਤੁਰਨ ਲਈ ਲਲਚਾਇਆ

ਭੋਰ- ਭੋਰਾ ਹੋ ਕੇ ਖੁਰਿਆ ਹੈ

ਫੇਰ ਵੀ ਮੈਂ ...

ਆਪਣੇ ਅਹਿਸਾਸਾਂ ਦੀ ਭੁਬੱਲ

ਇੱਕ ਚਿਣਗ ਮਘਾ ਰਖੀ ਹੈ---

ਕਿ ਤੂੰ ਸੂਰਜ ਦੀ ਪਹਿਲੀ ਕਿਰਨ

ਵਰਗਾ ਸੇਕ ਅਨੁਭਵ ਕਰੇਂ

ਤੇ ਮੇਰੀਆਂ ਚਾਹਤਾਂ ਦੀ

ਠਾਰ ਭੰਨਣ ਲਈ

ਤੂੰ ਰਿਸ਼ਮਾਂ ਰਿੜਕੇਂ

ਤੇ ਚਾਨਣ ਦੀ ਚਾਟੀ ਚੋਂ

ਰੀਝਾਂ ਦਾ ਇੱਕ ਨਿਕਾ ਜੇਹਾ ਪੇੜਾ

ਮੁਹੱਬਤਾਂ ਦੀ ਕੌਲੀ ਚ ਧਰਕੇ

ਜਿਸਮਾਂ ਦੀ ਥਾਲੀ ਚ ਪਰੋਸੇਂ

ਤੇ ਮੇਰੀ ਕੁੱਖ ਦੀ ਭੁੱਖ

ਸਰਸ਼ਾਰ ਕਰ ਦਏਂ

---

ਮੈਨੂੰ ਏਸ ਤੇ ਕੋਈ ਗਿਲਾ ਨਹੀਂ ਹੋਣੈਂ

ਤੂੰ ਭਾਵੇਂ ਆਪਣੀ ਅੱਗ ਦੀ

ਤ੍ਰਿਪਤੀ ਲਈ

ਕਿਸੇ ਕੋਕ-ਸ਼ਾਸਤਰ ਦੇ

ਕਿਸੇ ਆਸਣ ਦਾ

ਅਭਿਆਸ ਕਰ ਰਿਹਾ ਹੋਵੇਂ

ਜੇ ਤੇਰੇ ਸੇਕ ਚੋਂ,

ਮੇਰੀ ਕੱਚੀ ਗਰੀ ਟੁੱਟਣ ਤੇ

ਮੇਰਾ ਭਾਂਬੜ ਸੀਤ ਹੋ ਗਿਆ

ਤੇ ਮੇਰੀ ਧੁੱਪ ਦੇ ਬੁੱਲ੍ਹਾਂ ਤੇ

ਇਕ ਤੱਤਾ ਸੁਨੇਹਾ ਸੰਗੀਤਿਆ ਗਿਆ

ਤੇ ਜੇ ਇਸਨੂੰ ਕੋਈ ਗੁਨਾਹ ਵੀ ਕਹੇ

ਮੈਂ ਸਮਝਾਂਗੀ ਕਿ ਇਹ ਗੁਨਾਹ

ਮੇਰੇ ਲਈ ਪਵਿਤਰ ਹੈ ---

ਗੰਗਾ ਜਲ ਤੋਂ ਵੀ ਪਵਿੱਤਰ!

4 comments:

ਤਨਦੀਪ 'ਤਮੰਨਾ' said...

ਮਾਣਯੋਗ ਪਿਆਰੇ-ਸਤਿਕਾਰੇ ਸੰਤੋਖ ਸਿੰਘ ਜੀਓ !
ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਿ ਤੁਹਾਡੀ ਇਸ ਰਚਨਾ ਦੀ ਤਾਰੀਫ਼ ਵਧੀਆ ਢੰਗ ਨਾਲ ਕਰ ਸਕਾਂ ..!
ਕਿਤੇ ਤੁਸੀਂ ਮੇਰੇ ਦਿਲ ਵਿੱਚ ਵੜ ਕੇ ਮੇਰੇ ਖ਼ਿਆਲ ਕੱਢ ਕੇ ਤਾਂ ਨਹੀਂ ਲੈ ਗਏ ..? ਮੇਰੀ ਮਾਸ਼ੂਕਾ ਕਿਤੇ ਤੁਹਾਡੀ ਬੇਸਮੈਂਟ 'ਚ ਤਾਂ ਨਹੀਂ ਰਹਿਣ ਲੱਗ ਪਈ ? ਜਿਸ ਨੂੰ ਮੈਂ ਕਦੇ ਕੱਢ ਕੇ ਲੈ ਗਿਆ ਸੀ ??? ਪਰ ਨਹੀਂ । ਲਗਦੈ,ਮਿਰਜ਼ੇ ਦੀ ਰੂਹ ਅੱਜਕਲ ਸਾਹਿਬਾ ਅੰਦਰ ਇਸ ਤਰਾਂ ਘੁਸਪੈਠ ਕਰ ਗਈ ਹੈ ,ਕਿ ਚੰਗੇ ਭਲੇ ਵਸਦੇ ਨੂੰ ਵੀ ਕਹਿੰਦੀ ਹੈ, 'ਵੇ ਮਿਰਜ਼ਿਆ ! ਕਿਤੇ ਭੱਜ ਨਾ ਜਾਈਏ...?'' ਤੇ ਅੱਗੋਂ ਮਿਰਜ਼ਾ ਆਖਦੈ, "ਕਿਉਂ ਪਹਿਲਾਂ ਸੁਆਦ ਨਹੀਂ ਆਇਆ..!...ਤੇਲ ਦੀ ਟੈਂਕੀ ਵੀ ਖ਼ਤਮ ਹੋ ਗਈ ਸੀ ! ਆਪਾਂ ਮਰ ਜਾਂਦੇ ,ਜੇ ਚੰਦੜਾਂ ਦੀ ਲਿਮੋਜੀਨ ਦਾ ਟਾਇਰ ਪੈਂਚਰ ਨਾ ਹੁੰਦਾ ਤਾਂ ...!! ਪਰ ਤੁਹਾਡੀ ਸਾਹਿਬਾਂ ਤਾਂ ਮਿਰਜ਼ੇ ਦੀ ਸਾਹਿਬਾਂ ਤੋਂ ਵੀ ਚਾਰ ਰੱਤੀਆਂ ਮੂਹਰੇ ਜਾਪਦੀ ਹੈ !!
ਤੂੰ ਭਾਵੇਂ ਆਪਣੀ ਅੱਗ ਦੀ
ਤ੍ਰਿਪਤੀ ਲਈ
ਕਿਸੇ ਕੋਕ-ਸ਼ਾਸਤਰ ਦੇ
ਕਿਸੇ ਆਸਣ ਦਾ
ਅਭਿਆਸ ਕਰ ਰਿਹਾ ਹੋਵੇਂ
ਜੇ ਤੇਰੇ ਸੇਕ 'ਚੋਂ,
ਮੇਰੀ ਕੱਚੀ ਗਰੀ ਟੁੱਟਣ ਤੇ
ਮੇਰਾ ਭਾਂਬੜ ਸੀਤ ਹੋ ਗਿਆ
ਤੇ ਮੇਰੀ ਧੁੱਪ ਦੇ ਬੁੱਲ੍ਹਾਂ ਤੇ
ਇਕ ਤੱਤਾ ਸੁਨੇਹਾ ਸੰਗੀਤਿਆ ਗਿਆ ।
ਤੇ ਜੇ ਇਸਨੂੰ ਕੋਈ ਗੁਨਾਹ ਵੀ ਕਹੇ
ਮੈਂ ਸਮਝਾਂਗੀ ਕਿ ਇਹ ਗੁਨਾਹ
ਮੇਰੇ ਲਈ ਪਵਿਤਰ ਹੈ ---
ਗੰਗਾ ਜਲ ਤੋਂ ਵੀ ਪਵਿੱਤਰ!
ਪਰ ਮੇਰੇ ਮਨ ਦੀ ਕੱਚੀ ਗਿਰੀ ਦਾ ਭਾਂਬੜ ਉਨਾ ਚਿਰ ਸੀਤ ਨਹੀਂ ਹੋਣਾ, ਜਿਨਾ ਚਿਰ ਤੁਸੀਂ ਅਹਿਸਾਸਾਂ ਦੀ ਮਘਦੀ ਚਿਣਗ ਨੂੰ ਸੂਰਜ ਦੀ ਪਹਿਲੀ ਕਿਰਨ ਵਰਗੇ ਸੇਕ ਦਾ ਮੈਨੂੰ ਅਨੁਭਵ ਦੇ ਕੇ ਨਾ ਦੱਸੋਂਗੇ,ਕਿ ਉਸ ਤੋਂ ਬਾਅਦ ਕੀ ਹੋਇਆ ਕੀਤੇ ਹੋਏ ਪਵਿੱਤਰ ਗੁਨਾਹ ਦਾ ...?

ਖ਼ਾਹਸ਼ਾਂ ਦੇ ਵਿਹੜੇ 'ਚ ਸੁਲਘਦੇ ਸੂਹੇ ਫੁੱਲ ਵਰਗਾ:
ਆਪਦਾ
ਗੁਰਮੇਲ ਬਦੇਸ਼ਾ
ਕਨੈਡਾ

ਤਨਦੀਪ 'ਤਮੰਨਾ' said...

ਸਤਿਕਾਰਤ ਧਾਲੀਵਾਲ ਸਾਹਿਬ! ਮੇਰੇ ਕੋਲ਼ ਵੀ ਅਲਫ਼ਾਜ਼ ਹੈ ਨਹੀਂ ...ਇਸ ਬੇਹੱਦ ਖ਼ੂਬਸੂਰਤ ਨਜ਼ਮ ਦੀ ਤਾਰੀਫ਼ ਕਰਨ ਵਾਸਤੇ। ਇਹ ਨਜ਼ਮ ਇੱਕ ਸ਼ਾਹਕਾਰ ਰਚਨਾ ਹੈ...ਜ਼ਿੰਦਗੀ ਦੀਆਂ ਗੁੱਝੀਆਂ ਰਮਜ਼ਾਂ ਦੀ ਪਟਾਰੀ...ਐਡਮ ਤੇ ਈਵ ਤੋਂ ਹੁਣ ਤੱਕ ਦੀ ਜ਼ਿੰਦਗੀ ਦਾ ਫ਼ਲਸਫ਼ਾ..ਤਾਂਘ ਤੇ ਜਜ਼ਬੇ ਵਿਚਲਾ ਦਵੰਦ..ਬਹੁਤ ਵਾਰ ਪੜ੍ਹ ਚੁੱਕੀ ਹਾਂ ਮੈਂ ਇਸ ਨਜ਼ਮ ਨੂੰ ।

ਮੈਂ ਅੱਗੇ ਵੀ ਲਿਖਿਆ ਸੀ ਕਿ ਤੁਹਾਡੀਆਂ ਤੇ ਦਰਵੇਸ਼ ਜੀ ਦੀਆਂ ਨਜ਼ਮਾਂ ਦੇ ਮੈਨੂੰ ਨਵੇਂ ਦਿਸਹੱਦੇ ਪ੍ਰਦਾਨ ਕੀਤੇ ਨੇ...ਮੈਂ ਤੁਹਾਡੀ ਤਹਿ-ਦਿਲੋਂ ਮਸ਼ਕੂਰ ਹਾਂ। ਬਹੁਤ-ਬਹੁਤ ਮੁਬਾਰਕਬਾਦ ਕਬੂਲ ਕਰੋ!
ਮੈਂ ਰਾਤ ਦੇ ਸਿਖਰ ਤੱਕ

ਚਾਨਣ ਦੀ ਕਿਆਰੀ ‘ਚ

ਗੋਡੀਆਂ ਦਿੰਦੀ ਰਹੀ

ਕਿ ਤੇਨੂੰ ਪੈੜਾਂ ਬੀਜਣ ‘ਚ

ਕੋਈ ਔਖ ਨਾ ਆਏ
==========
ਮੈਂ ਤਾਂ ਉਹ ਕੰਢਾ ਹਾਂ ਜੋ

ਵਗਦੇ ਦਰਿਆਵਾਂ ਨਾਲ

ਤੁਰਨ ਲਈ ਲਲਚਾਇਆ

ਭੋਰ- ਭੋਰਾ ਹੋ ਕੇ ਖੁਰਿਆ ਹੈ ।

ਫੇਰ ਵੀ ਮੈਂ ...

ਆਪਣੇ ਅਹਿਸਾਸਾਂ ਦੀ ਭੁਬੱਲ ‘ਚ

ਇੱਕ ਚਿਣਗ ਮਘਾ ਰਖੀ ਹੈ---

ਕਿ ਤੂੰ ਸੂਰਜ ਦੀ ਪਹਿਲੀ ਕਿਰਨ

ਵਰਗਾ ਸੇਕ ਅਨੁਭਵ ਕਰੇਂ
========
ਜੇ ਤੇਰੇ ਸੇਕ ‘ਚੋਂ,

ਮੇਰੀ ਕੱਚੀ ਗਰੀ ਟੁੱਟਣ ਤੇ

ਮੇਰਾ ਭਾਂਬੜ ਸੀਤ ਹੋ ਗਿਆ

ਤੇ ਮੇਰੀ ਧੁੱਪ ਦੇ ਬੁੱਲ੍ਹਾਂ ਤੇ

ਇਕ ਤੱਤਾ ਸੁਨੇਹਾ ਸੰਗੀਤਿਆ ਗਿਆ ।

ਤੇ ਜੇ ਇਸਨੂੰ ਕੋਈ ਗੁਨਾਹ ਵੀ ਕਹੇ

ਮੈਂ ਸਮਝਾਂਗੀ ਕਿ ਇਹ ਗੁਨਾਹ

ਮੇਰੇ ਲਈ ਪਵਿਤਰ ਹੈ ---

ਗੰਗਾ ਜਲ ਤੋਂ ਵੀ ਪਵਿੱਤਰ!
=============
ਬਹੁਤ ਖ਼ੂਬ!ਰੂਮੀ ਦੀਆਂ ਮਹੁੱਬਤ ਭਰੀਆਂ ਨਜ਼ਮਾਂ ਦਾ ਸਾਰੰਸ਼ ਹੈ..ਇਹ ਨਜ਼ਮ !...ਸਭ ਨਾਲ਼ ਸਾਂਝੀ ਕਰਨ ਤੇ ਕੋਟਿ-ਕੋਟਿ ਧੰਨਵਾਦ!

ਤਮੰਨਾ

ਤਨਦੀਪ 'ਤਮੰਨਾ' said...

ਸੰਤੋਖ ਧਾਲੀਵਾਲ ਜੀ ਦੀ ਨਜ਼ਮ ਦੇ ਅਰਥ ਬੜੇ ਡੂੰਘੇ ਨੇ...ਪੰਜਾਬੀ ਸਾਹਿਤ ਪੜ੍ਹਾਉਂਦਾ ਰਿਹਾ ਹਾਂ...ਪਰ ਐਸੀ ਰਚਨਾ ਕਦੇ-ਕਦੇ ਹੀ ਨਜ਼ਰ 'ਚੋਂ ਗੁਜ਼ਰਦੀ ਹੈ। ਮੇਰੇ ਵੱਲੋਂ ਉਹਨਾਂ ਨੂੰ ਮੁਬਾਰਕਾਂ!

ਜਗਤਾਰ ਸਿੰਘ ਬਰਾੜ
ਕੈਨੇਡਾ
====
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਬਹੁਤ ਖ਼ੂਬਸੂਰਤ ਨਜ਼ਮ ਹੈ ਸੰਤੋਖ ਜੀ!ਭੈੜੀ ਤੁਕਬੰਦੀ ਕਰਨ ਵਾਲ਼ਿਓ! ਕੁੱਝ ਸਿੱਖੋ ਇਹਨਾਂ ਰਚਨਾਵਾਂ ਤੋਂ!ਬੇਟਾ ਤਮੰਨਾ, ਆਰਸੀ ਤਾਂ ਪੰਜਾਬੀ ਸਾਹਿਤ ਦਾ ਸਕੂਲ ਬਣਦੀ ਜਾ ਰਹੀ ਹੈ...ਤੇਰੀ ਅਣਥੱਕ ਮਿਹਨਤ ਕਾਮਯਾਬ ਹੈ।

ਗੁਰਦੀਪ ਸਿੰਘ ਚਾਹਲ
ਇੰਡੀਆ
========
ਅੰਕਲ ਜੀ..ਤੁਸੀਂ ਪਹਿਲੀ ਵਾਰੀ ਮੇਲ ਕੀਤੀ ਹੈ...ਬਹੁਤ-ਬਹੁਤ ਸ਼ੁਕਰੀਆ! ਫੇਰੀ ਪਾਉਂਦੇ ਰਹਿਣਾ।
ਤਮੰਨਾ