ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 26, 2008

ਮਰਹੂਮ ਜਨਾਬ ਉਲਫ਼ਤ ਬਾਜਵਾ - ਗ਼ਜ਼ਲ

ਦੋਸਤੋ! ਮੈਨੂੰ ਅੱਜ ਇਹ ਗੱਲ ਸਭ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਤੇ ਅੱਖਾਂ ਵੀ ਭਿੱਜੀਆਂ ਹੋਈਆਂ ਨੇ ਕਿ ਯੂ.ਐੱਸ.ਏ. ਵਸਦੇ ਲੇਖਕ ਸਤਿਕਾਰਤ ਸੁਰਿੰਦਰ ਸੋਹਲ ਜੀ ਨੂੰ ਮੈਂ ਕੁੱਝ ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਨਾਮਵਰ ਗ਼ਜ਼ਲਗੋ ਮਰਹੂਮ ਜਨਾਬ ਉਲਫ਼ਤ ਬਾਜਵਾ ਜੀ ਦੀਆਂ ਕੁੱਝ ਗ਼ਜ਼ਲਾਂ ਤੇ ਫੋਟੋ ਜ਼ਰੂਰ ਭੇਜ ਦਿਓ। ਅੱਜ ਸਵੇਰੇ ਮੇਲ ਚੈੱਕ ਕੀਤੀ ਤਾਂ ਅੱਖਾਂ ਭਰ ਆਈਆਂ ਕਿ ਉਹਨਾਂ ਨੇ ਮੇਰੀ ਬੇਨਤੀ ਦਾ ਮਾਣ ਰੱਖਦਿਆਂ, ਬਹੁਤ ਉੱਦਮ ਕਰਕੇ ਸਤਿਕਾਰਤ ਆਰਿਫ਼ ਗੋਬਿੰਦਪੁਰੀ ਜੀ ਤੋਂ ਉਹਨਾਂ ਦੀਆਂ ਚਾਰ ਅਣਛਪੀਆਂ ਗ਼ਜ਼ਲਾਂ ਤੇ ਫੋਟੋ ਲੈ ਕੇ ਆਰਸੀ ਦੇ ਪਾਠਕ / ਲੇਖਕ ਦੋਸਤਾਂ ਲਈ ਭੇਜੀਆਂ ਹਨ। ਸੋਹਲ ਸਾਹਿਬ ਤੇ ਗੋਬਿੰਦਪੁਰੀ ਜੀ ਦਾ ਬਹੁਤ-ਬਹੁਤ ਸ਼ੁਕਰੀਆ।ਉਹਨਾਂ ਗ਼ਜ਼ਲਾਂ 'ਚੋਂ ਇੱਕ ਗ਼ਜ਼ਲ ਸਭ ਨਾਲ਼ ਸਾਝੀ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ ਤੇ ਬਾਕੀ ਗ਼ਜ਼ਲਾਂ ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈਆਂ ਗਈਆਂ ਨੇ, ਆਉਂਣ ਵਾਲ਼ੇ ਦਿਨਾਂ 'ਚ ਸਾਂਝੀਆਂ ਕੀਤੀਆਂ ਜਾਣਗੀਆਂ। 'ਆਰਸੀ' ਦਾ ਅੱਜ ਦਾ ਦਿਨ ਜਨਾਬ ਉਲਫ਼ਤ ਬਾਜਵਾ ਜੀ ਤੇ ਉਹਨਾਂ ਦੀ ਸ਼ਾਇਰੀ ਨੂੰ ਸਮਰਪਿਤ ਹੈ।

ਅਦਬ ਸਹਿਤ

ਤਨਦੀਪ ' ਤਮੰਨਾ'


ਗ਼ਜ਼ਲਗੋ ਜਨਾਬ ਉਲਫ਼ਤ ਬਾਜਵਾ

ਜਨਾਬ ਉਲਫ਼ਤ ਬਾਜਵਾ ਦਾ ਜਨਮ 11 ਫ਼ਰਵਰੀ 1938 ਨੂੰ ਕੁਰਾਰਾ ਬੇਲਾ ਸਿੰਘ ਵਾਲਾ (ਹੁਣ ਪਾਕਿਸਤਾਨ) ਵਿਚ ਸ. ਬੁੱਧ ਸਿੰਘ ਬਾਜਵਾ ਅਤੇ ਮਾਤਾ ਸੰਤ ਕੌਰ ਦੇ ਘਰ ਹੋਇਆ। 1947 ਵਿਚ ਉਹ ਲੰਮਾ ਪਿੰਡ, ਜ਼ਿਲ੍ਹਾ ਜਲੰਧਰ ਵਿਚ ਆ ਗਏ। ਗਿਆਨੀ, ਓ ਟੀ ਅਤੇ ਐਮ ਤੱਕ ਉਹਨਾਂ ਨੇ ਵਿਦਿਆ ਹਾਸਿਲ ਕੀਤੀ ਅਤੇ ਸੀਨੀਅਰ ਹਾਇਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਚੋਂ ਅਧਿਆਪਕ ਰਿਟਾਇਰ ਹੋਏ। 1991 ਵਿਚ ਉਹਨਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਸਾਰਾ ਜਹਾਨ ਮੇਰਾ’ ਪ੍ਰਕਾਸ਼ਿਤ ਹੋਇਆ, ਜਿਸ ਦੇ ਹੁਣ ਤੱਕ ਤਿੰਨ ਐਡੀਸ਼ਨ ਵਿਕ ਚੁੱਕੇ ਹਨ। 2007 ਵਿਚ ਉਹਨਾਂ ਨੇ ਮਿੱਤਰ ਸ਼ਾਇਰ ਗੁਰਦਿਆਲ ਰੌਸ਼ਨ ਨਾਲ ਮਿਲ ਕੇ ‘ਵਧੀਆ ਸ਼ਿਅਰ ਪੰਜਾਬੀ ਦੇ’ ਸ਼ਿਅਰਾਂ ਦੀ ਕਿਤਾਬ ਸੰਪਾਦਿਤ ਕੀਤੀ। 16 ਮਈ 2008 ਨੂੰ ਦਿਮਾਗ਼ ਦੀ ਨਾੜੀ ਫੱਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਸ਼ਾਗਿਰਦਾਂ ਦੀ ਕਾਫ਼ੀ ਗਿਣਤੀ ਹੈ, ਇਹਨਾਂ ਵਿਚ ਆਰਿਫ਼ ਗੋਬਿੰਦਪੁਰੀ, ਉਂਕਾਰਪ੍ਰੀਤ, ਸੁਰਿੰਦਰ ਸੋਹਲ, ਸੁਰਜੀਤ ਸਾਜਨ, ਰੂਪ ਦਬੁਰਜੀ ਆਦਿ ਨਾਂ ਜ਼ਿਕਰਯੋਗ ਹਨ। ਉਹਨਾਂ ਦੀਆਂ ਅਣਪ੍ਰਕਾਸ਼ਿਤ ਗ਼ਜ਼ਲਾਂ ਦੀ ਪੁਸਤਕ ਉਹਨਾਂ ਦੇ ਹੋਣਹਾਰ ਸ਼ਾਗਿਰਦ ਆਰਿਫ਼ ਗੋਬਿੰਦਪੁਰੀ ਅਤੇ ਪਰਮ ਮਿੱਤਰ ਸੁਖਵੰਤ ਅਤੇ ਗੁਰਦਿਆਲ ਰੌਸ਼ਨ ਦੇ ਯਤਨਾਂ ਸਦਕਾ ਬਹੁਤ ਜਲਦ ਪ੍ਰਕਾਸ਼ਿਤ ਹੋਣ ਵਾਲੀ ਹੈ।ਇਹ ਗ਼ਜ਼ਲਾਂ ਉਸੇ ਪੁਸਤਕ ਵਿਚੋਂ ਹਨ।
ਸੁਰਿੰਦਰ ਸੋਹਲ


ਗ਼ਜ਼ਲ

ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ।
ਆਵਾਂ, ਜਾਵਾਂ, ਜਾ ਕੇ ਆਵਾਂ ਦੁਨੀਆ ਵਿਚ।
----
ਕਿਉਂ ਦਿਲ ਛੱਡਾਂ ਕਿਉਂ ਘਬਰਾਵਾਂ ਦੁਨੀਆ ਵਿਚ।
ਰੋਣ ਮਿਲੇ ਤਾਂ ਵੀ ਮੁਸਕਾਵਾਂ ਦੁਨੀਆ ਵਿਚ।
----
ਬੰਦਿਆਂ ਨਾਲ ਭਰੀ ਹੈ ਦੁਨੀਆ ਨੱਕੋ-ਨੱਕ,
ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆ ਵਿਚ।
----
ਜ਼ੁਲਫ਼ ਘਟਾਵਾਂ ਵੇਖਾਂ ਜਾਂ ਦੁਖੀਆਂ ਦੇ ਨੈਣ,
ਕਿੰਨੀਆਂ ਨੇ ਦਿਲ ਸੋਜ਼ ਘਟਾਵਾਂ ਦੁਨੀਆ ਵਿਚ।
----
ਪੰਡਤ, ਭਾਈ ਆਪ ਗੁਆਚੇ ਫਿਰਦੇ ਨੇ,
ਦੱਸੇ ਕੌਣ ਤੇਰਾ ਸਿਰਨਾਵਾਂ ਦੁਨੀਆ ਵਿਚ।
----
ਮੇਰੇ ਸਿਰ ’ਤੇ ਛਾਂ ਹੈ ਤੇਰੀ ਰਹਿਮਤ ਦੀ,
ਫ਼ਾਨੀ ਧੁੱਪਾਂ, ਫ਼ਾਨੀ ਛਾਵਾਂ ਦੁਨੀਆ ਵਿਚ।
----
ਝੋਲੀ ਚੁੱਕਾਂ ਨੂੰ ਚੁੱਕ ਰੱਬਾ ਧਰਤੀ ਤੋਂ,
ਬੇਸ਼ਕ ਲੱਖਾਂ ਭੇਜ ਬਲਾਵਾਂ ਦੁਨੀਆ ਵਿਚ।
----
ਓਟ ਪਰਾਈ ਲੈ ਕੇ ਰਾਹ ਵਿਚ ਅਟਕੀਂ ਨਾ,
ਬੇਸ਼ਕ ਝੁੱਲਣ ਤੇਜ਼ ਹਵਾਵਾਂ ਦੁਨੀਆ ਵਿਚ।
----
ਹਰ ਇਕ ਮੈਥੋਂ ਈਨ-ਮਨਾਉਣੀ ਚਾਹੁੰਦਾ ਹੈ,
ਕਿਸ ਕਿਸ ਨੂੰ ਮੈਂ ਸੀਸ ਝੁਕਾਵਾਂ ਦੁਨੀਆ ਵਿਚ।
----
ਰੋਈਆਂ ਨੇ ਗ਼ਮਗੀਨ ਘਟਾਵਾਂ ਦੁਨੀਆ ’ਤੇ,
ਝੁੱਲੀਆਂ ਨੇ ਦਿਲ ਸੋਜ਼ ਹਵਾਵਾਂ ਦੁਨੀਆ ਵਿਚ।
----
ਯਾਰ ਮੇਰੇ ਦਾ ਘਰ ਹੈ ‘ਉਲਫ਼ਤ’ ਇਹ ਦੁਨੀਆ,
ਕਿਉਂ ਨਾ ਮੁੜ ਮੁੜ ਫੇਰੇ ਪਾਵਾਂ ਦੁਨੀਆ ਵਿਚ।

4 comments:

ਤਨਦੀਪ 'ਤਮੰਨਾ' said...

ਸਤਿਕਾਰਤ ਸੋਹਲ ਸਾਹਿਬ! ਸਭ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਡਾ ਸ਼ੁਕਰੀਆ...ਗ਼ਜ਼ਲਾਂ ਭੇਜਣ ਲਈ!
ਮਰਹੂਮ ਬਾਜਵਾ ਸਾਹਿਬ ਦੀ ਲਿਖੀ ਹਰ ਗ਼ਜ਼ਲ ਮਾਸਟਰਪੀਸ ਹੈ..ਮੇਰਾ ਉਹਨਾਂ ਦੀ ਕਲਮ ਨੂੰ ਸਲਾਮ!

ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ।
ਆਵਾਂ, ਜਾਵਾਂ, ਜਾ ਕੇ ਆਵਾਂ ਦੁਨੀਆ ਵਿਚ।
---
ਬੰਦਿਆਂ ਨਾਲ ਭਰੀ ਹੈ ਦੁਨੀਆ ਨੱਕੋ-ਨੱਕ,
ਪਰ ਹੈ ਬੰਦਾ ਟਾਵਾਂ ਟਾਵਾਂ ਦੁਨੀਆ ਵਿਚ।
ਬਹੁਤ ਖ਼ੂਬ!
ਪੰਡਤ, ਭਾਈ ਆਪ ਗੁਆਚੇ ਫਿਰਦੇ ਨੇ,
ਦੱਸੇ ਕੌਣ ਤੇਰਾ ਸਿਰਨਾਵਾਂ ਦੁਨੀਆ ਵਿਚ।
----
ਮੇਰੇ ਸਿਰ ’ਤੇ ਛਾਂ ਹੈ ਤੇਰੀ ਰਹਿਮਤ ਦੀ,
ਫ਼ਾਨੀ ਧੁੱਪਾਂ, ਫ਼ਾਨੀ ਛਾਵਾਂ ਦੁਨੀਆ ਵਿਚ।
----
ਹਰ ਇਕ ਮੈਥੋਂ ਈਨ-ਮਨਾਉਣੀ ਚਾਹੁੰਦਾ ਹੈ,
ਕਿਸ ਕਿਸ ਨੂੰ ਮੈਂ ਸੀਸ ਝੁਕਾਵਾਂ ਦੁਨੀਆ ਵਿਚ।
ਬਹੁਤ ਖ਼ੂਬ! ਕਮਾਲ ਦੇ ਸ਼ਿਅਰ ਨੇ!

ਤਮੰਨਾ

ਤਨਦੀਪ 'ਤਮੰਨਾ' said...

We all are thankful to Surinder Sohal for sending great ghazals written by Ulfat Bajwa for Aarsi visitors.
ਝੋਲੀ ਚੁੱਕਾਂ ਨੂੰ ਚੁੱਕ ਰੱਬਾ ਧਰਤੀ ਤੋਂ,
ਬੇਸ਼ਕ ਲੱਖਾਂ ਭੇਜ ਬਲਾਵਾਂ ਦੁਨੀਆ ਵਿਚ।
Satwinder Singh
United Kingsom
========
Thank you once again.
Tamanna

ਤਨਦੀਪ 'ਤਮੰਨਾ' said...

ਬਾਜਵਾ ਜੀ ਦੀ ਇਹ ਗ਼ਜ਼ਲ ਬਹੁਤ ਸੋਹਣੀ ਹੈ। ਤਮੰਨਾ ਬੇਟਾ ਨਵੇਂ ਸਿੱਖਣ ਵਾਲ਼ਿਆ ਲਈ ਤੁਸੀਂ ਇਹਨਾਂ ਦੀਆਂ ਗ਼ਜ਼ਲਾਂ ਪੋਸਟ ਕਰਕੇ ਬਹੁਤ ਚੰਗਾ ਉੱਦਮ ਕਰ ਰਹੇ ਹੋ!

ਜਗਤਾਰ ਸਿੰਘ ਬਰਾੜ
ਕੈਨੇਡਾ।
==========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਬਾਜਵਾ ਜੀ ਦੀ ਗ਼ਜ਼ਲ ਵੀ ਬਹੁਤ ਖ਼ੂਬਸੂਰਤ ਹੈ।
ਹਰ ਇਕ ਮੈਥੋਂ ਈਨ-ਮਨਾਉਣੀ ਚਾਹੁੰਦਾ ਹੈ,
ਕਿਸ ਕਿਸ ਨੂੰ ਮੈਂ ਸੀਸ ਝੁਕਾਵਾਂ ਦੁਨੀਆ ਵਿਚ।
ਬਹੁਤ ਅੱਛਾ ਸ਼ਿਅਰ ਹੈ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ।
ਤਮੰਨਾ