ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 3, 2008

ਗਿਆਨੀ ਸੰਤੋਖ ਸਿੰਘ - ਸੱਭਿਆਚਾਰਕ ਲੇਖ

ਭੁੱਲ ਕੇ ਛੜੇ ਨੂੰ ਅੱਖ ਮਾਰੀ....
ਸੱਭਿਆਚਾਰਕ ਲੇਖ

ਛੜੇ ਛੜੇ ਨਾ ਆਖੋ ਲੋਕੋ ਛੜੇ ਵਖ਼ਤ ਨੂੰ ਫੜੇ।
ਅਧੀ ਰਾਤੋਂ ਪੀਹਣ ਲੱਗੇ ਅਧ ਸੇਰ ਛੋਲੇ ਦਲ਼ੇ।
ਝਾੜ ਪੂੰਝ ਕੇ ਉਠਣ ਲਗੇ ਆਟਾ ਦੇਹ ਨੂੰ ਲੜੇ।
ਫੂਕ ਮਾਰਿਆਂ ਅੱਗ ਨਾ ਬਲ਼ਦੀ ਭੜ ਭੜ ਦਾਹੜੀ ਸੜੇ।
ਸਾੜ ਫੂਕ ਕੇ ਚਾਰੇ ਪੱਕੀਆਂ ਚਾਰ ਪ੍ਰਾਹੁਣੇ ਖੜ੍ਹੇ।
ਲਉ ਭਰਾਉ ਤੁਸੀਂ ਖਾ ਲਉ ਇਹੋ ਅਸਾਥੋਂ ਸਰੇ।
ਬਾਝੋਂ ਤੀਵੀਆਂ ਦੇ ਛੜੇ ਮਰੇ ਕਿ ਮਰੇ।
ਉਪਰੋਕਤ ਹਾਲਤ ਛੜਿਆ ਦੀ ਅੱਜ ਤੋਂ ਤਕਰੀਬਨ ਅੱਧੀ-ਕੁ ਸਦੀ ਪਹਿਲਾਂ ਦੀ ਹੈ। ਅੱਜ ਤਾਂ ਹਾਲਾਤ ਬਹੁਤ ਬਦਲ ਚੁਕੇ ਹਨ। ਓਦੋਂ ਦੀ ਹਾਲਤ ਦਾ ਅੱਜ ਦੀ ਹਾਲਤ ਨਾਲ਼ ਮੁਕਾਬਲਾ ਨਹੀ ਕੀਤਾ ਜਾ ਸਕਦਾ ਜਦੋਂ ਛੜਾ ਤੇ ਇਕੱਲਾ ਕਿਸਾਨ ਪਹਿਲਾਂ ਹਲ਼ ਵਾਹ ਕੇ ਆਵੇ, ਫੇਰ ਪਸੂਆਂ ਵਾਸਤੇ ਪੱਠੇ ਵਢ ਕੇ ਲਿਆਵੇ ਤੇ ਕੁਤਰ ਕੇ ਉਹਨਾਂ ਨੂੰ ਪਾਵੇ ਤੇ ਅਖੀਰ ਵਿਚ ਆਪਣਾ ਰੋਟੀ-ਟੁੱਕ ਖ਼ੁਦ ਹੀ ਪਕਾ ਕੇ ਖਾਵੇ।
ਛੜਾ ਵੀ ਪੇਂਡੂ ਪੰਜਾਬੀ ਸਮਾਜਕ ਜੀਵਨ ਦਾ ਇਕ ਮਹੱਤਵਪੂਰਨ ਪਾਤਰ ਹੈ। ਪੇਂਡੂ ਸਮਾਜ ਵਿਚ ਜੱਟਾਂ ਦੀ ਗਿਣਤੀ ਵੱਧ ਹੋਣ ਕਰਕੇ ਪੇਂਡੂ ਸਮਾਜ ਜੱਟ ਪ੍ਰਧਾਨ ਹੈ। ਪ੍ਰਸਿੱਧ ਇਤਿਹਾਸਕਾਰ ਪਰਲੋਕ ਵਾਸੀ ਸ: ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਜੱਟ ਰਾਜਪੂਤਾਂ ਦੀ ਇਕ ਸ਼ਾਖ਼ਾ ਹਨ ਤੇ ਸ਼ਾਇਦ ਏਸੇ ਕਰਕੇ ਹੀ ਰਾਜਪੂਤਾਂ ਦੀਆਂ ਚੰਗੀਆਂ ਮਾੜੀਆਂ ਆਦਤਾਂ ਇਹਨਾਂ ਵਿਚ ਵੀ ਵਿਰਾਸਤ ਵਜੋਂ ਹੀ ਆ ਗਈਆਂ ਤੇ ਅਜੇ ਤੱਕ ਵੀ ਚੱਲੀਆਂ ਆ ਰਹੀਆਂ ਹਨ। ਇਹਨਾਂ ਵਿਚੋਂ ਇਕ ਧੀ ਨੂੰ ਮਾਰ ਦੇਣ ਦੀ ਅਤੀ ਮਾੜੀ ਖ਼ਸਲਤ ਵੀ ਜੱਟ ਭਾਈਚਾਰੇ ਵਿਚ ਚੱਲੀ ਆ ਰਹੀ ਹੈ। ਇਸ ਮਾੜੀ ਰਸਮ ਕਰਕੇ ਹੀ ਜੱਟਾਂ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਸੀ। ਸੋ ਇਹ ਕੁਦਰਤੀ ਹੀ ਸੀ ਕਿ ਜੱਟ ਦੇ ਸਾਰੇ ਪੁੱਤਾਂ ਦਾ ਵਿਆਹ ਹੋ ਸਕਣਾ ਸੰਭਵ ਨਹੀ ਸੀ ਹੁੰਦਾ। ਇਸ ਲਈ ਕੋਈ ਮੁੱਲ ਦੇ ਕੇ ਵਿਆਹ ਕਰਵਾਉਂਦਾ ਸੀ ਤੇ ਕੋਈ ‘ਕਦੇਸਣ’ ਅਰਥਾਤ ਬੰਗਾਲ, ਬਿਹਾਰ ਜਾਂ ਨੇਪਾਲ ਤੋਂ ਔਰਤ ਲੈ ਕੇ ਆਉਂਦਾ ਸੀ। ਕੋਈ ‘ਦਲੇਰ ਕਿਸਮ’ ਦਾ ਵਿਅਕਤੀ ਕੋਈ ਤੀਵੀਂ ਇਸ ਤਰ੍ਹਾਂ ਵੀ ਲੈ ਆਉਂਦਾ ਸੀ ਜਿਸਨੂੰ ਪੇਂਡੂ ਬੋਲੀ ਵਿਚ ਕਢ ਕੇ ਲਿਆਉਣਾ ਆਖਿਆ ਜਾਂਦਾ ਸੀ; ਭਾਵੇਂ ਕਿ ਸ਼ਾਸਤਰਾਂ ਵਿਚ ਅਜਿਹੇ ਜੋਖ਼ਮ ਭਰੇ ਕਾਰਨਾਮੇ ਨੂੰ ‘ਗੰਧਰਵ ਵਿਆਹ’ ਦਾ ਨਾ ਦਿਤਾ ਗਿਆ ਹੈ।
ਹੁਣ ਤੋਂ ਤਕਰੀਬਨ ਇਕ ਦਹਾਕਾ ਪਿਛੋਂ ਪਤਾ ਨਹੀ ਕੀ ਹਾਲ ਹੋਵੇਗਾ, ਖ਼ਾਸ ਕਰਕੇ ਪੰਜਾਬੀ ਜੱਟ ਸਿੱਖਾਂ ਦਾ! ਵਾਹਿਗੁਰੂ ਹੀ ਜਾਣੇ! ਪਿਛਲੇ ਸਮੇ ਜੰਮਣ ਦੇ ਪਿਛੋਂ ਕੁੜੀ ਨੂੰ ਮਾਰਿਆ ਜਾਂਦਾ ਸੀ ਪਰ ਅੱਜ ਵਿਗਿਆਨ ਦੀ ਉਨਤੀ ਕਰਕੇ ਜੰਮਣ ਤੋਂ ਪਹਿਲਾਂ, ਮਾਂ ਦੀ ਕੁੱਖ ਵਿਚ ਹੀ ਧੀ ਨੂੰ ਮੁਕਾ ਦਿਤਾ ਜਾਂਦਾ ਹੈ। ਇਹ ਕੁਕਰਮ ਪੈਸਿਆ ਦੇ ਲਾਲਚ ਵਿਚ, ਜਾਨ ਦੀ ਹਰ ਹਾਲਤ ਵਿਚ ਰਖਵਾਲੀ ਕਰਨ ਦਾ ਪ੍ਰਣ ਕਰਨ ਵਾਲ਼ੇ, ਡਾਕਟਰ ਕਰਦੇ ਹਨ ਜਦੋਂ ਕਿ ਪੁਰਾਣੇ ਸਮੇ ਵਿਚ ਇਹ ਕੁਕਰਮ ਅਨਪੜ੍ਹ ਦਾਈਆਂ ਕਰਿਆ ਕਰਦੀਆਂ ਸਨ। ਕਹਿੰਦੇ ਹਨ ਕਿ ਇਕ ਤਰੀਕਾ ਨਵ ਜਨਮੀ ਬੱਚੀ ਨੂੰ ਮਾਰਨ ਦਾ ਇਹ ਵੀ ਹੁੰਦਾ ਸੀ ਕਿ ਉਸਦੇ ਇਕ ਨੰਨ੍ਹੇ ਹੱਥ ਵਿਚ ਪੂਣੀ ਫੜਾ ਕੇ ਤੇ ਦੂਸਰੇ ਹੱਥ ਦੇ ਅੰਗੂਠੇ ਨੂੰ ਗੁੜ ਲਾ ਕੇ ਅੰਗੂਠਾ ਉਸਦੇ ਮੂੰਹ ਵਿਚ ਦੇ ਦੇਣਾ ਤੇ ਇਹ ਆਖ ਕੇ ਜੀਂਦੀ ਨੂੰ ਹੀ ਘੜੇ ਵਿਚ ਪਾ ਕੇ ਟੋਆ ਪੁੱਟ ਕੇ ਧਰਤੀ ਵਿਚ ਦੱਬ ਦੇਣਾ:

“ਗੁੜ ਖਾਈਂ ਪੂਣੀ ਕੱਤੀਂ। ਆਪ ਨਾ ਆਵੀਂ ਵੀਰਾਂ ਨੂੰ ਘੱਤੀਂ ।"

ਮੁਲਕ ਮਲਾਵੀ ਦੇ ਵਸਨੀਕ, ਇਕ ਬਹੁਤ ਹੀ ਭਲੇ ਗੁਜਰਾਤੀ ਡਾਕਟਰ ਅੰਬੇਦਕਰ ਜੀ ਨੂੰ, 1974 ਵਿਚ ਮੈ ਪੁਛਿਆ ਸੀ ਕਿ ਕੋਈ ਤਰੀਕਾ ਅਜਿਹਾ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਲੜਕੀ ਜਾਂ ਲੜਕਾ ਹੋਣ ਦਾ ਪਤਾ ਲਾਇਆ ਜਾ ਸਕੇ। ਉਸ ਭਲੇ ਪੁਰਸ਼ ਨੇ ਦੱਸਿਆ ਕਿ ਅਜਿਹਾ ਕੋਈ ਤਰੀਕਾ ਅਜੇ ਤੱਕ ਸਾਡੇ ਗਿਆਨ ਵਿਚ ਨਹੀ ਆਇਆ। ਜੇਕਰ ਅਸੀਂ ਇਹ ਤਰੀਕਾ ਲਭ ਵੀ ਲਿਆ ਤਾਂ ਦੱਸਾਂਗੇ ਨਹੀ ਕਿਉਂਕਿ ਲੋਕੀਂ ਪੁੱਤਰ ਦੀ ਚਾਹ ਵਿਚ ਪੁੱਤਰੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿਆ ਕਰਨਗੇ ਤੇ ਇਸ ਤਰ੍ਹਾਂ ਦੁਨੀਆਂ ਵਿਚ ਇਸਤਰੀ ਮਰਦਾਂ ਦੀ ਗਿਣਤੀ ਦਾ ਤਨਾਸਬ ਵਿਗੜ ਜਾਵੇਗਾ। ਅੱਜ ਇਹ ਪ੍ਰਤੱਖ ਪਾਪ ਸਾਡੇ ਵੇਖਦਿਆਂ ਹੀ ਹੋ ਰਿਹਾ ਹੈ ਤੇ ਗੱਜ-ਵੱਜ ਕੇ ਹੋ ਰਿਹਾ ਹੈ।

ਸਿੱਖ ਗੁਰੂ ਸਾਹਿਬਾਨ ਜੀ ਨੇ ਇਸ ਵਿਆਪਕ ਬੀਮਾਰੀ ਨੂੰ ਰੋਕਣ ਵਾਸਤੇ, ਆਪਣੇ ਸਿੱਖਾਂ ਨੂੰ ਇਸ ਘੋਰ ਪਾਪ ਤੋਂ ਬੜੀ ਸਖ਼ਤੀ ਨਾਲ਼ ਵਰਜਿਆ ਸੀ। ਅੱਜ ਵੀ ਸਿੱਖਾਂ ਨੂੰ ਅੰਮ੍ਰਿਤ ਛਕਣ ਸਮੇ ਜਿਨ੍ਹਾਂ ਸੱਤ ਕਿਸਮ ਦੇ ਵਿਅਕਤੀਆਂ ਨਾਲ਼ ਮੇਲ਼ ਰੱਖਣ ਤੋਂ, ਮਨ੍ਹਾ ਕੀਤਾ ਜਾਂਦਾ ਹੈ, ਉਹਨਾਂ ਵਿਚੋਂ ਇਕ ਕੁੜੀਮਾਰ ਵੀ ਹੈ। ਕੁੜੀਮਾਰ ਨਾਲ਼ ਸਾਂਝ ਰੱਖਣ ਵਾਲ਼ਾ ਸਿੱਖ ਤਨਖਾਹੀਆ ਕਰਾਰ ਦਿਤਾ ਜਾਂਦਾ ਹੈ। ਅਠਾਰਵੀਂ ਸਦੀ ਦੇ ਇਕ ਮਹਾਨ ਸਿੱਖ ਯੋਧੇ, ਸ: ਜੱਸਾ ਸਿੰਘ ਰਾਮਗੜ੍ਹੀਏ ਦਾ ਪੰਥ ਵਿਚੋਂ ਕੁਝ ਸਮੇ ਲਈ ਛੇਕੇ ਰਹਿਣ ਦਾ ਵੀ ਇਹੋ ਕਾਰਨ ਬਣਿਆ ਸੀ ਕਿ ਪੰਥ ਨੂੰ ਉਸ ਬਾਰੇ ਸ਼ਕਾਇਤ ਸੀ ਕਿ ਉਸਦੇ ਪਰਿਵਾਰ ਵਿਚ ਕੰਨਿਆ ਦਾ ਕਤਲ ਕੀਤਾ ਗਿਆ ਹੈ।

ਏਥੋਂ ਤਕ ਕਿ ਜੀਂਦਪਤੀ ਮਹਾਰਾਜਾ ਗਜਪਤ ਸਿੰਘ ਦੀ ਪੁੱਤਰੀ ਨਾਲ਼ ਵੀ ਏਹੋ ਕੁਝ ਹੋਇਆ। ਇਹ ਤਾਂ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਜੀ ਦੀ ਕਿਰਪਾ ਹੋਈ ਤੇ ਉਸਨੂੰ ਜਦੋਂ ਧਰਤੀ ਪੁੱਟ ਕੇ ਘੜੇ ਵਿਚੋਂ ਬਾਹਰ ਕਢਿਆ ਗਿਆ ਤਾਂ ਬੱਚੀ ਅੰਗੂਠਾ ਚੁੰਘਦੀ ਜੀਂਦੀ ਨਿਕਲ਼ ਆਈ ਤੇ ਸਰਦਾਰਨੀ ਰਾਜ ਕੌਰ ਬਣਕੇ, ਸ. ਮਹਾਂ ਸਿੰਘ ਸ਼ੁੱਕਰਚੱਕੀਏ ਦੀ ਪਤਨੀ ਅਤੇ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਹੋਣ ਦਾ, ਉਸ ਮਾਪਿਆਂ ਵੱਲੋਂ ਆਪਣੇ ਭਾਣੇ ਮਾਰ ਦਿਤੀ ਗਈ ਬੱਚੀ, ਨੇ ਮਾਣ ਪ੍ਰਾਪਤ ਕੀਤਾ।

ਜੇ ਕਿਤੇ ਜੱਟ ਦਾ ਨਿੱਕਾ ਪੁੱਤ ਵੱਡੇ ਨੂੰ ਬਾਈ ਪਾਸ ਕਰਕੇ ਪਹਿਲਾਂ ਮੰਗਿਆ ਜਾਵੇ ਤਾਂ ਵੱਡੇ ਦਾ ਪੱਤਾ ਆਮ ਤੌਰ ਤੇ ਕੱਟਿਆ ਗਿਆ ਹੀ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਵੱਡੇ ਦੇ ਛੜੇ ਰਹਿ ਜਾਣ ਸਦਕਾ ਹੀ ਸ਼ਾਇਦ ਤਾਏ ਆਮ ਕਰਕੇ ਛੜੇ ਹੁੰਦੇ ਸਨ ਤੇ ਸ਼ਾਇਦ ਏਸੇ ਕਰਕੇ ਹੀ ਜੱਟ ਤਾਇਆ ਅਖਵਾਉਣ ਦੇ ਮੁਕਾਬਲੇ ਤੇ ਚਾਚਾ ਅਖਵਾਉਣ ਨੂੰ ਤਰਜੀਹ ਦਿੰਦਾ ਹੈ। ਕਿਸੇ ਅਜਿਹੇ ਹੀ ਤਾਏ ਨੂੰ, ਵੇਹਲੇ ਵੇਲ਼ੇ, ਉਸਦੇ ਭਤੀਜੇ ਪੁੱਛ ਬੈਠੇ, “ਤਾਇਆ ਤੂੰ ਵਿਆਹ ਕਿਉਂ ਨਹੀ ਕਰਵਾਇਆ?” “ਐਵੇਂ ਘੌਅਅਅਅਲ਼ ਈ ਹੋ ਗਈ ਭਤੀਜ!” ਲਮਕਵਾਂ ਜਿਹਾ ਤੇ ਨਿਰਾਸ਼ਾ ਭਰਿਆ ਜਵਾਬ ਸੀ ਵੱਤੋਂ ਲੰਘੇ ਤਾਏ ਦਾ।

ਕਈ ਜ਼ਿੰਦਾ-ਦਿਲ ਵਿਅਕਤੀ ਭਾਵੇਂ ਲੋਕਾਂ ਭਾਣੇ ਵਿਆਹ ਦਾ ਸਮਾ ਵਿਹਾ ਹੀ ਚੁਕੇ ਹੋਣ ਪਰ ਢੇਰੀ ਨਹੀ ਢਾਹੁੰਦੇ ਤੇ ਢੁਕਵੇਂ ਮੌਕੇ ਦੀ ਉਡੀਕ ਵਿਚ ਰਹਿੰਦੇ ਹਨ। ਅਜਿਹਾ ਇਕ ਤਾਇਆ, ਆਮ ਵਾਂਗ ਹੀ ਭਤੀਜਿਆਂ ਨਾਲ਼ ਰਹਿੰਦਾ ਸੀ। ਸਰਦੀਆਂ ਵਿਚ ਕੁਝ ਢਿੱਲਾ-ਮੱਠਾ ਜਿਹਾ ਹੋ ਗਿਆ। ਪੁਰਾਣੇ ਸਮਿਆਂ ਵਿਚ ਹਕੀਮਾਂ ਆਦਿ ਦੇ ਲੱਗਦੀ ਵਾਹ ਘਟ ਹੀ ਪੇਂਡੂ ਲੋਕ ਜਾਇਆ ਕਰਦੇ ਸਨ। ਕਿਸੇ ਖ਼ਬਰ ਲੈਣ ਆਏ ਸੰਬੰਧੀ ਨੇ ਤਾਏ ਦੀ ਸਿਆਲ਼ੂ ਕਮਜ਼ੋਰੀ ਭਾਂਪ ਕੇ, ਘਰਦਿਆਂ ਨੂੰ ਹਦਾਇਤ ਕੀਤੀ, “ਬੰਤਾ ਸਿੰਘ ਨੂੰ ਸੌਣ ਤੋਂ ਪਹਿਲਾਂ ਗੜਵੀ ਦੁਧ ਵਿਚ ਛੁਹਾਰਾ ਉਬਾਲ਼ ਕੇ ਦਿਓ।“ ਰਾਤ ਨੂੰ ਭਤੀਜ ਨੂੰਹ ਗੜਵੀ ਵਿਚ ਦੁਧ ਤੇ ਕੌਲੀ ਵਿਚ ਉਬਲ਼ਿਆ ਛੁਹਾਰਾ ਪਾ ਕੇ ਲਿਆਈ ਤੇ ਆਖਿਆ, “ਤਾਇਆ ਉਠ ਛੁਹਾਰਾ ਖਾ ਲੈ।“ ਇਕ ਦਮ ਉਤਸ਼ਾਹ ਵਿਚ ਉਠਦਿਆਂ ਤਾਏ ਨੇ ਪੁਛਿਆ, “ਕੁੜੇ ਕੇਹੜੇ ਪਿੰਡੋਂ ਆਇਆ?”

“ਗ੍ਰਿਹ ਸੋਭਾ ਜਾਂਕੈ ਰੇ ਨਾਹਿ॥ ਆਵਤ ਪਹੀਆ ਖੂਧੇ ਜਾਹਿ॥” ਆਖ ਕੇ ਭਗਤ ਕਬੀਰ ਜੀ ਨੇ ਵੀ ‘ਗ੍ਰਿਹ ਸ਼ੋਭਾ’ ਅਰਥਾਤ ਪਤਨੀ ਦੀ ਮਹੱਤਤਾ ਨੂੰ ਮੰਨਿਆ ਹੈ। ਭਗਤ ਧੰਨਾ ਜੀ ਨੇ ਤਾਂ, “ਘਰ ਕੀ ਗੀਹਨਿ ਚੰਗੀ॥ ਜਨ ਧੰਨਾ ਲੇਵੈ ਮੰਗੀ॥” ਆਖ ਕੇ ਆਪਣੇ ਮੂਹੋਂ ਚੰਗੀ ਪਤਨੀ ਦੀ ਮੰਗ ਰੱਬ ਕੋਲ਼ੋਂ ਕਰ ਲਈ ਸੀ। ਕਿਸੇ ਅਜੋਕੇ ਸਿਆਣੇ ਪੁਰਸ਼ ਨੇ ਵੀ ਆਖਿਆ ਹੈ ਕਿ ਬਿਨਾ ਵਹੁਟੀ ਤੋਂ ਜੀਵਨ ਮਨੁਖ ਦਾ ਇਸ ਤਰ੍ਹਾਂ ਦਾ ਹੈ ਜਿਵੇਂ ਦੁਧ ਤੋਂ ਬਿਨਾ ਚਾਹ। ਸਿੱਖ ਪੰਥ ਦੇ ਸਰਬਉਤਮ ਵਿਦਵਾਨ, ਭਾਈ ਗੁਰਦਾਸ ਜੀ ਨੇ ਤਾਂ, ਖ਼ੁਦ ਸਾਰੀ ਉਮਰ ਛੜੇ ਰਹਿਣ ਦੇ ਬਾਵਜੂਦ ਵੀ, “ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ॥” ਆਖ ਕੇ ਇਸਨੂੰ ਵਡਿਆਇਆ ਹੈ।

ਚੌਧਰੀ ਹੇਮ ਰਾਜ ਦੀ ਸਾਖੀ

ਲਾਹੌਰ ਤੋਂ ਦੱਖਣ ਵੱਲ ਰਾਵੀ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਨੱਕਾ ਦੇਸ਼ ਆਖਿਆ ਜਾਂਦਾ ਹੈ। ਇਸਦੇ ਪਰਗਣੇ ਚੂਹਣੀਆਂ ਵਿਚ ਇਕ ਪਿੰਡ ਬਹਿੜਵਾਲ਼ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਜੰਭਰ ਪਿੰਡ ਤੋਂ ਹੁੰਦੇ ਹੋਏ ਏਥੇ ਦੀ ਜੂਹ ਵਿਚ ਆਣ ਕੇ ਰੁਕੇ ਤੇ ਚੌਧਰੀ ਹੇਮੇ ਤੋਂ ਪਾਣੀ ਮੰਗਿਆ। ਉਸਨੇ ਆਖਿਆ ਕਿ ਨਜ਼ਦੀਕੀ ਖੂਹ ਦਾ ਪਾਣੀ ਖਾਰਾ ਹੈ ਤੇ ਉਹ ਪਿੰਡ ਤੋਂ ਜਾਕੇ ਮਿੱਠਾ ਪਾਣੀ ਲੈ ਕੇ ਆਉਂਦਾ ਹੈ ਪਰ ਸਤਿਗੁਰੂ ਜੀ ਨੇ ਮੇਹਰ ਦੀ ਨਜ਼ਰ ਨਾਲ਼ ਖਾਰੇ ਖੂਹ ਵੱਲ ਤਕ ਕੇ ਕਿਹਾ ਕਿ ਇਸ ਖੂਹ ਦਾ ਪਾਣੀ ਮਿੱਠਾ ਹੈ ਤੇ ਏਥੋਂ ਲੈ ਕੇ ਆਉ। ਪਿੰਡ ਵਾਲ਼ਿਆਂ ਨੂੰ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਗੁਰੂ ਜੀ ਦੇ ਬਚਨ ਸਦਕਾ ਖਾਰੇ ਖੂਹ ਦਾ ਪਾਣੀ ਮਿਠਾ ਪਾਇਆ ਗਿਆ।

ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਹੇਮੇ ਨੂੰ ਕਿਹਾ ਕਿ ਉਹ ਆਏ ਗਏ ਸਿੱਖ, ਸੰਤ ਤੇ ਸੰਗਤ ਦੀ ਸੇਵਾ ਕਰਿਆ ਕਰੇ। ਚੌਧਰੀ ਹੇਮੇ ਦੀ ਇਹ ਬੇਨਤੀ ਕਿ ਨਾ ਉਸਦੇ ਘਰ ਖੁਲ੍ਹਾ ਪਦਾਰਥ ਹੈ ਤੇ ਨਾ ਹੀ ਘਰ ਵਾਲ਼ੀ ਹੈ ਜੋ ਕਿ ਆਏ ਗਏ ਨੂੰ ਪ੍ਰਸ਼ਾਦ ਪਾਣੀ ਸਜਾ ਕੇ ਛਕਾਵੇ। ਗੁਰੂ ਜੀ ਨੇ ਪਿੰਡ ਦੀ ਇਕ ਵਿਧਵਾ ਬੀਬੀ ਨੂੰ ਆਪਣੀ ਬੇਟੀ ਆਖ ਕੇ ਉਸਦਾ ਵਿਆਹ ਚੌਧਰੀ ਹੇਮੇ ਨਾਲ਼ ਕਰਕੇ ਸਿੱਖੀ ਕਮਾਉਣ ਦਾ ਉਪਦੇਸ਼ ਦੇ ਕੇ ਦੁਨਿਆਵੀ ਪਦਾਰਥ ਵੀ ਪ੍ਰਾਪਤ ਹੋਣ ਦਾ ਵਰ ਦਿਤਾ। ਇਸ ਪਰਵਾਰ ਉਪਰ ਬੜੀ ਕਿਰਪਾ ਹੋਈ। ਚੌਧਰੀ ਹੇਮਰਾਜ ਦਾ ਪੁੱਤਰ ਸ. ਹੀਰਾ ਸਿੰਘ ਨਕੱਈ ਮਿਸਲ ਦਾ ਸਰਦਾਰ ਬਣਿਆ ਤੇ ਬਹਿੜਵਾਲ਼ ਪਿੰਡ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। ਇਸ ਮਿਸਲ ਦੇ ਮੁਖੀ, ਸ: ਭਗਵਾਨ ਸਿੰਘ ਦੀ ਭੈਣ, ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਉਸਦੇ ਵਲੀ ਅਹਿਦ, ਮਹਾਰਾਜਾ ਖੜਕ ਸਿੰਘ ਦੀ ਮਾਤਾ ਬਣੀ।

ਸਿੱਖ ਪੰਥ ਅੰਦਰ ਬ੍ਰਾਹਣਵਾਦੀ ਵਿਚਾਰਾਂ ਦੇ ਪ੍ਰਭਾਵ ਸਦਕਾ ਆਏ ਨਿਘਾਰਾਂ ਨੂੰ ਸੁਧਾਰਨ ਦੀ ਪ੍ਰਭਾਵਸ਼ਾਲੀ ਲਹਿਰ ਚਲਾਉਣ ਵਾਲ਼ੇ, ਮਹਾਨ ਆਗੂ, ਨਾਮਧਾਰੀ ਪੰਥ ਦੇ ਮੁਖੀ, ਬਾਬਾ ਰਾਮ ਸਿੰਘ ਜੀ ਨੇ ਅਪਣੇ ਪੈਰੋਕਾਰਾਂ ਨੂੰ ਸਪੱਸ਼ਟ ਹਿਦਾਇਤ ਕਰਦਿਆਂ ਲਿਖਿਆ ਸੀ:
ਲੜਕੀ ਨਾ ਕਿਸੇ ਮਾਰਣੀ। ਨਾ ਕਿਸੇ ਵੱਟਾ ਕਰਨਾ। ਨਾ ਲੜਕੀ ਦੇ ਦੰਮ ਲੈਣੇ। ਜੇਹੜਾ ਲੜਕੀ ਮਾਰੇ ਬੇਚੇ, ਵੱਟਾ ਕਰੇ, ਉਸਦੇ ਹਥਾਂ ਦਾ, ਘਰ ਦਾ, ਅੰਨ ਪਾਣੀ ਨਹੀਂ ਵਰਤਣਾ। ਉਸਨੂੰ ਸੰਗਤ ਵਿਚ ਨਹੀਂ ਵੜਨ ਦੇਣਾ।…ਕਿਸੇ ਦਾ ਧੱਕਾ ਕਰਕੇ, ਨਾ ਚੋਰੀ ਕਰਕੇ ਨਾ ਠੱਗੀ ਕਰਕੇ, ਕੱਖ ਆਦਿਕ ਬੀ ਨਹੀਂ ਲੈਣਾ।

ਮਾਰ ਲਏ ਅਣਜੰਮੇ ਟੱਬਰ ਨੇ!

ਛੋਟੇ ਹੁੰਦਿਆਂ ਹੀ ਇੱਕ ਜੱਟ ਦਾ ਪੁੱਤ ਸੁੱਖਾ, ਵਿਦਵਾਨ ਸੰਤਾਂ ਦੀ ਮੰਡਲ਼ੀ ਵਿਚ ਜਾ ਸ਼ਾਮਲ ਹੋਇਆ। ਬੜੀ ਧਾਰਮਿਕ ਵਿਦਿਆ ਪੜ੍ਹੀ। ਬੜੀ ਸੁਚਮ ਤੇ ਪਾਰਸਾਈ ਰੱਖੀ। ਹਰ ਪਰਕਾਰ ਬੜੀ ਚੜ੍ਹਦੀਕਲਾ ਵਿਚ ਸਾਲਾਂ ਬੱਧੀ ਵਿਚਰਿਆ। ਬਲਕਿ ਆਪਣੀ ਧਾਰਮਿਕ ਉਚਤਾ ਦਾ ਸੂਖਮ ਅਹੰਕਾਰ ਵੀ ਸੀ ਕੁਝ-ਕੁ ਉਸਨੂੰ।

ਕੁਝ ਸਾਲਾਂ ਪਿਛੋਂ ਰੱਬ ਸਬੱਬੀਂ ਕਿਤੇ ਘਰਦਿਆਂ ਨੂੰ ਮਿਲਣ ਆ ਗਿਆ। ਕੀ ਵੇਖਦਾ ਹੈ ਕਿ ਵੱਡੇ ਛੋਟੇ ਭਰਾ, ਚਾਚਿਆਂ ਤਾਇਆਂ ਦੇ ਪੁੱਤ ਸਾਰੇ ਵਿਆਹੇ ਗਏ। ਜਵਾਕ ਜੱਲ੍ਹਿਆਂ ਦੀ ਮਾਰ ਕੁਰਬਲ਼ ਕੁਰਬਲ਼ ਪਈ ਹੋਵੇ। ਗਲ਼ੀ ਗੁਆਂਢ ਸਾਰੇ ਭਤੀਜੇ ਭਤੀਜਿਆਂ ਵੱਡੀਆਂ ਛੋਟੀਆਂ ਭਰਜਾਈਆਂ, ਚਾਚੀਆਂ ਤਾਈਆਂ, ਬਾਗ ਪਰਵਾਰ ਦਾ ਰੌਣਕ ਮੇਲਾ। ਭਤੀਜੇ ਭਤੀਜੀਆਂ ‘ਚਾਚਾ ਚਾਚਾ’ ਕਰਦੇ ਫਿਰਨ, ਚਾਚੀਆਂ ਤਾਈਆਂ ਭੂਆਂ ਸਿਰ ਪਲੋਸਣ ਤੇ ਸੁਖ-ਸਾਂਦ ਪੁਛਣ। ਭਰਜਾਈਆਂ ਬੁਲਾਉਣ ਵੀ ਤੇ ਸੂਖਮ ਟਿੱਚਰਾਂ ਵੀ ਕਰਨ। ਅਜਿਹਾ ਰੌਣਕ ਮੇਲਾ ਵੇਖ ਕੇ ਕੁਝ ਤਾਂ ਥੋਹੜਾ ਜਿਹਾ ਅੰਦਰੋਂ ‘ਹਿੱਲ’ ਵੀ ਗਿਆ। ਅਗਲਾ ਵਦਾਣ ਧਾਰਮਿਕ ਹੋਣ ਦੇ ਅਹੰਕਾਰ ਦੀ ਕੰਧ ਤੇ ਓਦੋਂ ਵੱਜਾ ਜਦੋਂ ਰਾਤ ਨੂੰ ਵੱਡੇ ਭਰਾ ਨੇ ਟਿੱਚਰ ਜਿਹੀ ਵਜੋਂ ਪੁਛਿਆ, “ਸੁਣਾ ਫਿਰ ਸੁਖਿਆ ਭਗਤੀ ਕਰਨ ਨਾਲ਼ ਕੁਝ ਸ਼ਕਤੀ ਤਾਂ ਪ੍ਰਾਪਤ ਹੋਈ ਹੀ ਹੋਵੇਗੀ!” ਉਸਦਾ ਉਤਰ ਉਡੀਕੇ ਬਿਨਾ ਹੀ ਕੁਝ ਖਿਣ ਠਹਿਰ ਕੇ ਵੱਡਾ ਭਰਾ ਫੇਰ ਬੋਲਿਆ, “ਆਪਣੇ ਕੀਤੇ ਗਏ ਪਾਠ ਦੀ ਤਾਕਤ ਨਾਲ਼ ਏਥੇ ਬੈਠਿਆਂ ਹੀ ਰਸੋਈ ‘ਚੋਂ ਪਾਣੀ ਦਾ ਇਕ ਛੰਨਾ ਤੇ ਮੰਗਵਾ ਦੇ!” “ਇਹ ਕਿਵੇਂ ਹੋ ਸਕਦਾ ਏ ਭਾਊ?” ਜਵਾਬ ਸੀ ਸੁਖਵਿੰਦਰ ਸਿੰਘ ਦਾ। “ਮੈ ਮੰਗਵਾ ਕੇ ਦਿਆਂ ਫੇਰ ਏਥੇ ਬੈਠਿਆਂ ਹੀ!” ਅਧੂਰੀ ਜਿਹੀ ਸੁਖਦੇਵ ਸਿੰਘ ਦੀ ‘ਹਾਂ’ ਹੋਣ ਤੇ ਜਰਨੈਲ਼ ਸਿੰਘ ਨੇ ਧੀ ਨੂੰ ‘ਵਾਜ ਮਾਰੀ, “ਕੁੜੇ ਛਿੰਦੋ ਹਈਥੋਂ ਪਾਣੀ ਦਾ ਛੰਨਾ ਲਿਆਈਂ।“ “ਲਿਆਈ ਭਾਈਆ” ਆਖਦਿਆਂ ਹੀ ਕੁੜੀ ਪਾਣੀ ਦਾ ਛੰਨਾ ਫੜੀ ਆਣ ਖੜ੍ਹੀ। ਟਿੱਚਰ ਜਿਹੀ ਨਾਲ਼ ਸੁੱਖੇ ਵੱਲ ਵੇਖਦਿਆਂ ਜਰਨੈਲ ਸਿੰਘ ਨੇ ਕੁੜੀ ਦੇ ਹਥੋਂ ਛੰਨਾ ਫੜਦਿਆਂ ਆਖਿਆ, “ਕਿਉਂ, ਵੇਖੀ ਸਾਡੀ ਕਰਾਮਾਤ?”

ਸੁਖਦੇਵ ਸਿੰਘ ਇਸ ਸੂਖ਼ਮ ਜਿਹੀ ਟਿੱਚਰ ਨਾਲ਼ ਕੁਝ ਕੱਚਾ ਜਿਹਾ ਤੇ ਅਣਸੌਖਾ ਜਿਹਾ ਖ਼ੁਦ ਨੂੰ ਮਹਿਸੂਸ ਕਰਨ ਲੱਗਾ। ਗੱਲ ਹਾਸੇ ਹਾਸੇ ਵਿਚ ਆਈ-ਗਈ ਹੋ ਗਈ ਪਰ ਸੁਖਦੇਵ ਸਿੰਘ ਦੇ ਹਿਰਦੇ ਵਿਚ ਇਹ ਘਟਨਾ ਖੁੱਭ ਜਿਹੀ ਗਈ। ਰਾਤ ਪਰਿਵਾਰ ਦੇ ਵੱਡੇ-ਛੋਟੇ ਜੀਆਂ ਦੀ ਚਹਿਲ-ਪਹਿਲ ਵਿਚ ਲੰਘ ਗਈ ਪਰ ਉਹ ਨੀਂਦ ਆਉਣ ਤੋਂ ਪਹਿਲਾਂ ਵਾਹਵਾ ਬੇਚੈਨੀ ਜਿਹੀ ਮਹਿਸੂਸ ਕਰਦਾ ਰਿਹਾ।
ਅਗਲੇ ਦਿਨ ਸੁਖਵਿੰਦਰ ਸਿੰਘ ਖੂਹ ਤੇ ਚਲਾ ਗਿਆ। ਖੂਹ ਵਗਦਾ ਸੀ। ਰੋਟੀ ਵੇਲ਼ਾ ਸਮੇ ਸਿਰ ਪਿੰਡੋਂ ਆ ਗਿਆ। ਸਾਰਿਆਂ ਨੇ ਰਲ਼ ਕੇ ਖਾ ਲਿਆ। ਬਾਕੀ ਪਰਵਾਰਕ ਜੀ ਸਾਰੇ ਆਪੋ ਆਪਣੇ ਕੰਮੀ ਲੱਗ ਗਏ। ਕੋਈ ਕਿਆਰੇ ਮੋੜਨ ਚਲਿਆ ਗਿਆ। ਕੋਈ ਮਾਲ-ਡੰਗਰ ਸਾਂਭਣ ਵਿਚ ਰੁਝ ਗਿਆ। ਸੁਖਦੇਵ ਸਿੰਘ ਖੂਹ ਦੀ ਮਣ ਉਤੇ ਬੈਠਾ ਸੀ। ਮਣ ਉਤੇ ਉੱਗੇ ਤੂਤ ਦੀ ਸੰਘਣੀ ਛਾਂ ਸੀ। ਟਿੰਡਾਂ ਚੋਂ ਨਿਸਾਰ ਵਿਚ ਡਿਗ ਰਹੇ ਪਾਣੀ ਦੀ ਸਾਂ ਸਾਂ, ਖੂਹ ਦੇ ਕੁੱਤੇ ਦੀ ਟਕ ਟਕ, ਪਾਣੀ ਵਿਚੋਂ ਛਣ ਕੇ ਆ ਰਹੀ ਠੰਡੀ ਹਵਾ, ਵਗ ਰਹੇ ਬੌਲ਼ਦਾਂ ਦੇ ਗਲ਼ਾਂ ਵਿਚ ਪਈਆਂ ਹਮੇਲਾਂ ਦੀਆਂ ਟੱਲੀਆਂ ਦੀ ਸੁਰੀਲੀ ਆਵਾਜ਼ ਨੇ ਅਜਿਹਾ ਮਾਹੌਲ ਸਿਰਜਿਆ ਕਿ ਸੁਖਦੇਵ ਸਿੰਘ ਮਣ ਉਤੇ ਬੈਠਾ ਬੈਠਾ ਆਲਸ ਜਿਹਾ ਮਹਿਸੂਸ ਕਰਨ ਲਗ ਪਿਆ ਤੇ ਮਣ ਉਤੇ ਹੀ ਲੰਮਾ ਪੈ ਗਿਆ। ਹੌਲ਼ੀ ਹੌਲ਼ੀ ਉਸਦੀ ਅੱਖ ਲੱਗ ਗਈ। ਸੁੱਤੇ ਪਏ ਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆ। ਸੁਪਨੇ ਵਿਚ ਹੀ ਵੇਖਣ ਵਾਲ਼ੇ ਆਏ ਸ਼ਗਨ ਲਾ ਗਏ। ਵਿਆਹ ਵੀ ਸਾਰੇ ਚਾਵਾਂ, ਸਗਨਾਂ ਤੇ ਧੂੰਮ ਧੜੱਕੇ ਨਾਲ਼ ਹੋ ਗਿਆ। ਘਰਬਾਰ ਵੱਸ ਗਿਆ। ਰੱਬ ਨੇ ਇਕ ਭੁਜੰਗੀ ਵੀ ਬਖ਼ਸ਼ ਦਿਤਾ। ਰਾਤ ਨੂੰ ਰੋਟੀ-ਟੁੱਕ ਟੱਬਰ ਦੇ ਖਾ ਚੁਕਣ ਮਗਰੋਂ ਵਹੁਟੀ ਨੇ ਆਣਕੇ ਆਖਿਆ, “ਕੰਤੇ ਦੇ ਭਾਈਆ, ਆਹ ਮੁੰਡੇ ਨੂੰ ਜ਼ਰਾ ਨਾਲ਼ ਪਾ ਲੈ। ਮੈ ਭਾਡੇ-ਟੀਂਡੇ ਸਾਂਭ ਲਵਾਂ।“ “ਅਈਥੇ ਪਾ ਦੇ।“ ਆਖਦਿਆਂ ਸੁਖਦੇਵ ਸਿੰਘ ਨੇ ਮੁੰਡੇ ਲਈ ਮੰਜੀ ਤੇ ਥਾਂ ਬਣਾਉਦਿਆਂ ਜਦੋਂ ਜਰਾ-ਕੁ ਪਾਸਾ ਵਟਿਆ ਤਾਂ ਧੜੱਮ ਕਰਦਾ ਖੂਹ ਵਿਚ ਜਾ ਡਿਗਾ। ਧੜੱਮ ਦੀ ਆਵਾਜ਼ ਸੁਣਕੇ ਰੌਲ਼ਾ ਪੈ ਗਿਆ। “ਸੁੱਖਾ ਖੂਹ ਵਿਚ ਡਿਗ ਪਿਆ; ਭੱਜੋ ਓਏ!” ਦੀ ਕਾਵਾਂ-ਰੌਲ਼ੀ ਪੈ ਗਈ। ਸਾਰੇ ਭੱਜੇ ਆਏ। ਖੂਹ ਵਿਚ ਡਿੱਗਣ ਪਿਛੋਂ ਸੁੱਖੇ ਦੀ ਅੱਖ ਵੀ ਖੁਲ੍ਹ ਗਈ ਤੇ ਮਾਹਲ ਨੂੰ ਉਸਦਾ ਹੱਥ ਵੀ ਪੈ ਗਿਆ। ਰੱਸਾ ਲਮਕਾ ਕੇ ਭਰਾਵਾਂ ਨੇ ਖੂਹ ਵਿਚੋਂ ਬਾਹਰ ਕਢ ਲਿਆ ਸੁੱਖੇ ਨੂੰ। ਜਰਨੈਲ ਸਿੰਘ ਨੇ ਪੁਛਿਆ, “ਕੀ ਗੱਲ ਹੋਈ ਸੁੱਖਿਆ?” “ਹੋਣਾ ਹਵਾਣਾ ਕੀ ਸੀ ਭਾਊ ਮਾਰ ਲਏ ਸੀ ਅਣਜੰਮੇ ਟੱਬਰ ਨੇ!”
ਪੇਂਡੂ ਸਮਾਜ ਵਿਚ ਛੜਿਆਂ ਬਾਰੇ ਕੁਝ-ਕੁ ਲੋਕ ਗੀਤ ਇਸਤਰ੍ਹਾਂ ਦੇ ਆਪ ਮੁਹਾਰੇ ਸਿਰਜੇ ਜਾਂਦੇ ਰਹੇ:
ਛੜੇ ਦੇ ਘਰ ਅੱਤ ਜ਼ਰੂਰੀ ਦੋ ਚੀਜਾਂ ਤੋਂ ਵੀ ਖਾਲੀ ਵੇਖ ਕਿਸੇ ਮਨਚਲੀ ਸਵਾਣੀ ਤੋਂ ਰਿਹਾ ਨਾ ਗਿਆ ਤਾਂ ਉਸਦੇ ਮੂਹੋਂ ਨਿਕਲ਼ ਹੀ ਗਿਆ:
ਚੁੱਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਛੜਿਆ ਦੋਜ਼ਖ਼ੀਆ।
ਪੰਜਾਬੀ ਜੇਠ, ਤੇ ਉਹ ਵੀ ਛੜਾ! ਉਸਦੀ ਹੋਂਦ ਨਿਕੀ ਭਰਜਾਈ ਲਈ ਸੁਖਾਵੀਂ ਘੱਟ ਹੀ ਹੁੰਦੀ ਹੈ। ਉਸਦੇ ਦਿਲ ਵਿਚ ਛੜੇ ਜੇਠ ਬਾਰੇ ਜੋ ਦੇਰ ਦੇ ਮੁਕਾਬਲੇ ਵਿਚ ਵਿਤਕਰਾ ਹੈ ਉਹ ਕਿਸੇ ਪੜਦੇ ਵਿਚ ਨਹੀ ਰਹਿੰਦਾ। ਕੀ ਕਹਿੰਦੀ ਏ ਭਰਜਾਈ ਛੜੇ ਜੇਠ ਨੂੰ:
ਛੜੇ ਜੇਠ ਨੂੰ ਲੱਸੀ ਨਹੀ ਦੇਣੀ, ਦੇਰ ਭਾਵੇਂ ਮੱਝ ਚੁੰਘ ਲਵੇ।
ਆਪਣੀ ਸ਼ੋਖ਼ ਨਫ਼ਰਤ ਦਾ ਜੇਠ ਸਬੰਧੀ ਵਿਖਾਵਾ ਵੀ ਇਸ ਲਾਈਨ ਤੋਂ ਜ਼ਾਹਰ ਹੈ:
ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
ਇਹਨੀ ਦਿਨੀ ਤਾਂ ਜੇਠ ਨੂੰ, ਸਤਿਕਾਰ ਤੇ ਪਿਆਰ ਨਾਲ਼ ‘ਭਾ ਜੀ’, ‘ਵੀਰ ਜੀ’ ਆਦਿ ਸ਼ਬਦਾਂ ਨਾਲ਼ ਬੁਲਾਇਆ ਜਾਂਦਾ ਹੈ ਅਤੇ ਘਰ ਦੇ ਸਤਿਕਾਰਤ ਵਿਅਕਤੀ ਵਾਂਗ ਆਦਰ ਦਿਤਾ ਜਾਂਦਾ ਹੈ ਪਰ ਪੁਰਾਣੇ ਸਮੇ ਵਿਚ ਭਾਈ ਜਾਂ ਭਾਈਆ ਵੀ ਛੋਟੀਆਂ ਭਰਜਾਈਆ ਜੇਠ ਨੂੰ ਆਖਿਆ ਕਰਦੀਆਂ ਸਨ। ਅਜਿਹੇ ਸਮੇ ਕਿਤੇ ਭਰਜਾਈ ਦਾ, ਰਾਤ ਦੇ ਹਨੇਰੇ ਵਿਚ ਜੇਠ ਦੇ ਮੰਜੇ ਦੇ ਪਾਵੇ ਨੂੰ ਠੇਡਾ ਵੱਜ ਗਿਆ ਤੇ ਉਹ ਆਪ ਮੁਹਾਰੇ ਬੋਲ ਉਠੀ:
ਟੁੱਟ ਪੈਣੀਏ ਹਨੇਰੀਏ ਰਾਤੇ, ਭਾਈ ਜੀ ਤੇ ਮੈ ਡਿੱਗ ਪਈ।
ਤੜਾਕ ਕਰਦਾ ਜਵਾਬ ਜੇਠ ਨੇ ਦਿਤਾ:
ਸਾਡੇ ਕੌਣ ਨੀ ਗਰੀਬਾਂ ਉਤੇ ਡਿੱਗਦਾ, ਰਾਮ ਰਾਮ ਜਪ ਭਾਬੀਏ।
ਛੜਿਆਂ ਦੀ ਸ਼ੌਕੀਨੀ ਦਾ ਜ਼ਿਕਰ ਇਸ ਲੋਕ ਗੀਤ ਵਿਚੋਂ ਝਲਕਦਾ ਹੈ:
ਉਹ ਘਰ ਛੜਿਆਂ ਦਾ, ਜਿਥੇ ਸ਼ੀਸ਼ਾ ਮੋਚਨਾ ਖੜਕੇ।
ਛੜਿਆਂ ਨੂੰ ਰਾਤ ਬਹੁਤੀ ਵਾਰ ਖੇਤਾਂ ਵਿਚ ਹੀ ਕੱਟਣੀ ਪੈਂਦੀ ਹੈ:
ਛੜੇ ਜਾਣਗੇ ਮੱਕੀ ਦੀ ਰਾਖੀ, ਰੰਨਾਂ ਵਾਲ਼ੇ ਘਰ ਪੈਣਗੇ।
ਵਿਤਕਰਾ ਏਨਾ ਅਣਵਿਆਹਿਆਂ ਨਾਲ਼ ਕਿ ਘਰ ਵਿਚ ਚੰਗੀ ਸਹੂਲਤ ਵੀ ਵਿਆਹਿਆਂ ਵਾਸਤੇ ਹੀ ਰਾਖਵੀਂ ਰੱਖੀ ਜਾਂਦੀ ਹੈ:
ਰੰਨਾਂ ਵਾਲ਼ਿਆਂ ਦੇ ਪਲੰਘ ਨਿਵਾਰੀ, ਛੜਿਆਂ ਦੀ ਮੁੰਜ ਦੀ ਮੰਜੀ।
ਏਸੇ ਕਰਕੇ ਹੀ ਸ਼ਾਇਦ ਕਿਸੇ ਨੇ ਕਿਹਾ ਹੈ, “ਕਲ੍ਹਾ ਤਾਂ ਰੋਹੀ ਵਿਚ ਕਿੱਕਰ ਦਾ ਦਰੱਖ਼ਤ ਵੀ ਨਾ ਹੋਵੇ।“
ਜੇਕਰ ਛੜਿਆਂ ਦੇ ਘਰ ਵਿਚ ਕੋਈ ਵਸਤ-ਵਲ਼ੇਵਾਂ ਹੋਵੇ ਤੇ ਉਸਦੀ ਗੁਆਂਢੀਆਂ ਨੂੰ ਲੋੜ ਵੀ ਹੋਵੇ ਤਾਂ ਵੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ:
ਕੋਈ ਡਰਦੀ ਪੀਹਣ ਨਾ ਜਾਵੇ ਛੜਿਆਂ ਦੇ ਦੋ ਚੱਕੀਆਂ।
ਕਈ ਵਾਰੀਂ ਛੜੇ ਵੀ ਨੱਕ ਤੇ ਮੱਖੀ ਨਹੀ ਬਹਿਣ ਦਿੰਦੇ। ਵੇਖੋ ਅਜਿਹੇ ਛੜੇ ਬਾਰੇ ਅੱਗ ਲੈਣ ਗਈ ਵਾਪਸ ਆ ਕੇ ਕੀ ਆਖਦੀ ਹੈ:
ਛੜਿਆਂ ਦੇ ਅੱਗ ਨੂੰ ਗਈ, ਮੇਰੀ ਚੱਪਣੀ ਵਗਾਹ ਕੇ ਮਾਰੀ ।
ਕਦੀ-ਕਦਾਂਈ ਕਿਤੇ ਇਉਂ ਵੀ ਸ਼ਾਇਦ ਹੋ ਜਾਂਦਾ ਹੋਵੇ ਕਿ ਕੋਈ ਸ਼ਰੀਕੇ ਵਿਚੋਂ ਲੱਗਣ ਵਾਲ਼ੀ ਮਨਚਲੀ ਭਰਜਾਈ, ਸ਼ਰਾਰਤ ਵਜੋਂ ਕਿਤੇ ਅੱਖ ਦਾ ਇਸ਼ਾਰਾ ਕਰ ਬੈਠੇ ਤਾਂ ਫੇਰ ਛੜਾ ਕਿਸੇ ਹੁੜਕ ਵਿਚ ਪਿਛਾ ਕਰਨ ਲੱਗ ਪਵੇ ਤਾਂ ਉਸਨੂੰ ਅੱਕ ਕੇ, ਸਾਥਣਾਂ ਵਿਚ ਇਹ ਕੁਝ ਆਖਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ:
ਐਵੇਂ ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਢ ਕੇ ਬਰੂਹਾਂ ਖਾ ਗਿਆ।
ਕੋਈ ਮਨਚਲਾ ਛੜਾ ਇਸ ਤਰ੍ਹਾਂ ਬੇਪਰਵਾਹੀ ਵਾਲ਼ਾ ਰਵੱਈਆ ਰੱਖਦਾ ਹੋਇਆ ਆਖ ਵੀ ਦਿੰਦਾ ਹੈ:
ਚੁੱਕ ਚਰਖਾ ਪਿਛਾਂਹ ਕਰ ਪੂਣੀਆਂ, ਛੜਿਆਂ ਦੀ ਫੌਜ ਲੰਘਣੀ।
ਸਾਡੇ ਦੇਸ਼ ਦੇ ਸਰਵਉਚ ਦੋਵੇਂ ਅਹੁਦੇ, ਅਰਥਾਤ ਪ੍ਰਧਾਨ ਤੇ ਪ੍ਰਧਾਨ ਮੰਤਰੀ ਦੇ, ਇਸ ਸਮੇ ਛੜਿਆਂ ਦੇ ਕਬਜੇ ਵਿਚ ਹਨ। ਗੁਰਦਾਸ ਮਾਨ ਦੇ ਗਾਣੇ ਅਨੁਸਾਰ, ਹੁਣ ਤਾਂ ਛੜਿਆਂ ਦੀ ਪੁਜ਼ੀਸ਼ਨ, ਇਸ ਤਰ੍ਹਾਂ ਦੀ ਬਣ ਗਈ ਹੈ:
ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ।
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ।
ਦੇਸੀ ਘਿਉ ਦੇ ਪੱਕਣ ਪਰੌਂਠੇ, ਮੁਰਗੇ ਦੀ ਤਰਕਾਰੀ।
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ।
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ।
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ।
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ।

4 comments:

ਤਨਦੀਪ 'ਤਮੰਨਾ' said...

ਗਿਆਨੀ ਸੰਤੋਖ ਸਿੰਘ ਜੀ ਦਾ ਲਿਖਿਆ ਲੇਖ ਵੀ ਬਹੁਤ ਵਧੀਆ ਲੱਗਿਆ। ਲੇਖ ਨੇ ਤਾਂ ਪੁਰਾਣਾ ਵਕਤ ਯਾਦ ਕਰਵਾ ਦਿੱਤਾ, ਜਦੋਂ ਪਿੰਡਾਂ 'ਚ ਜ਼ਮੀਨ ਘੱਟ ਹੋਣ ਕਰਕੇ ਜਾਂ ਖ਼ਾਨਦਾਨੀ ਕਮੀਆਂ ਪੇਸ਼ੀਆਂ ਕਰਕੇ ਮੁੰਡੇ ਛੜੇ ਹੀ ਰਹਿ ਜਾਂਦੇ ਸਨ। ਕਈਆਂ ਨੂੰ ਪੈਸੇ ਦੇ ਕੇ ਵਿਆਹ ਕਰਵਾਉਂਣੇ ਪੈਂਦੇ, ਬਾਕੀ ਭਰਜਾਈਆਂ ਦੇ ਤਾਅਨੇ-ਮਿਹਣਿਆਂ ਦਾ ਸ਼ਿਕਾਰ ਹੁੰਦੇ ਜ਼ਿੰਦਗੀ ਗੁਜ਼ਾਰ ਦਿੰਦੇ। ਆਰਸੀ ਤੇ ਸਾਰੇ ਲੇਖਕ ਹੀ ਬਹੁਤ ਵਧੀਆਂ ਹਨ। ਤਮੰਨਾ ਜੀ, ਇੱਕ ਦਿਨ ਜਿੰਨੀ ਤੁਸੀਂ ਮਿਹਨਤ ਕਰ ਰਹੋ, ਉਸਦਾ ਮੁੱਲ ਪਵੇਗਾ। ਸਾਡੀਆਂ ਸਭ ਦੀਆਂ ਦੁਆਵਾਂ ਤੁਹਾਡੇ ਨਾਲ਼ ਹਨ।

ਸਤਿਕਾਰਤ ਨਾਲ਼
ਇੰਦਰਜੀਤ ਸਿੰਘ
ਕੈਨੇਡਾ।
=========
Shukriya S. Inderjit singh ji...mail karn layee. Mehnat da mull tan already pai reha hai jo tussi Aarsi parhan ton baad enney pyaar naal mails bhejdey hon. Main tuhadi sabh di shukarguzaar haan.

Tamanna

M S Sarai said...

Respected Giani Santokh Singh Jio
Sat Sri Akal.
Sade samaaj vichle chharhe baare tuhadi jaankari kamaal di hai. Mainu v kujh yaad aa riha hai;
* chharhe di akh injh baldi, jiven balda randi de ghar deeva
* ranna wale ghar saunge, chharhe saunge makki di raakhi
* ranna walian de aadar bathere, chharhian nu kaun pushda
* ranna wale raihan ghoorde, koee pesh na chharhe di jaave
* jithe lagann tel de tarhke. oh ghar chharhian da
* chunghi bakri banna lia daaka, chharhian di joon buri
Kee kee likhan "chharhe wakhat nu farhe"
Tuhada apna
Mota Singh Sarai
Walsall
UK

ਤਨਦੀਪ 'ਤਮੰਨਾ' said...

Respected Giani Santokh Singh ji...Thanks a lot for sending this article to be shared on Aarsi. and thanks once more for hunting for it.Main eh article parheya hoyea si..and I remembered the contents very well. Bahut hi sohna te detail ch likheya hai tussi...chharreyaan baare...

ਜੇਕਰ ਛੜਿਆਂ ਦੇ ਘਰ ਵਿਚ ਕੋਈ ਵਸਤ-ਵਲ਼ੇਵਾਂ ਹੋਵੇ ਤੇ ਉਸਦੀ ਗੁਆਂਢੀਆਂ ਨੂੰ ਲੋੜ ਵੀ ਹੋਵੇ ਤਾਂ ਵੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੁੰਦੀ ਹੈ:
ਕੋਈ ਡਰਦੀ ਪੀਹਣ ਨਾ ਜਾਵੇ ਛੜਿਆਂ ਦੇ ਦੋ ਚੱਕੀਆਂ।
ਕਈ ਵਾਰੀਂ ਛੜੇ ਵੀ ਨੱਕ ਤੇ ਮੱਖੀ ਨਹੀ ਬਹਿਣ ਦਿੰਦੇ। ਵੇਖੋ ਅਜਿਹੇ ਛੜੇ ਬਾਰੇ ਅੱਗ ਲੈਣ ਗਈ ਵਾਪਸ ਆ ਕੇ ਕੀ ਆਖਦੀ ਹੈ:
ਛੜਿਆਂ ਦੇ ਅੱਗ ਨੂੰ ਗਈ, ਮੇਰੀ ਚੱਪਣੀ ਵਗਾਹ ਕੇ ਮਾਰੀ ।
ਕਦੀ-ਕਦਾਂਈ ਕਿਤੇ ਇਉਂ ਵੀ ਸ਼ਾਇਦ ਹੋ ਜਾਂਦਾ ਹੋਵੇ ਕਿ ਕੋਈ ਸ਼ਰੀਕੇ ਵਿਚੋਂ ਲੱਗਣ ਵਾਲ਼ੀ ਮਨਚਲੀ ਭਰਜਾਈ, ਸ਼ਰਾਰਤ ਵਜੋਂ ਕਿਤੇ ਅੱਖ ਦਾ ਇਸ਼ਾਰਾ ਕਰ ਬੈਠੇ ਤਾਂ ਫੇਰ ਛੜਾ ਕਿਸੇ ਹੁੜਕ ਵਿਚ ਪਿਛਾ ਕਰਨ ਲੱਗ ਪਵੇ ਤਾਂ ਉਸਨੂੰ ਅੱਕ ਕੇ, ਸਾਥਣਾਂ ਵਿਚ ਇਹ ਕੁਝ ਆਖਣ ਲਈ ਵੀ ਮਜਬੂਰ ਹੋਣਾ ਪੈ ਜਾਂਦਾ ਹੈ:
ਐਵੇਂ ਭੁੱਲ ਕੇ ਛੜੇ ਨੂੰ ਅੱਖ ਮਾਰੀ, ਵੱਢ ਕੇ ਬਰੂਹਾਂ ਖਾ ਗਿਆ।

Par ikk gall mainu hamehan chubhdi hai ke je kisse da viah na hovey tan ki ussnu haasey da patar banauna theek hai? Shayed uss insaan diyaan qurbaaniaan ghar de vi bhull jandey ne...te samaj vi..:(

Tamanna

Unknown said...

Tamanna Jio
Sat Sri Akal.
Chharhian bare lekh parhke anand aa giya. Keep it up. Many thanks for your efforts.
Kulwinder Singh Sarai
Manjki Panjabi Sath
Bhangala
Jalandhar
East Panjab
98141 60642