ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, December 13, 2008

ਸੰਤੋਖ ਧਾਲੀਵਾਲ - ਨਜ਼ਮ

ਦੋਸਤੋ! ਪਰਸੋਂ ਜਦੋਂ ਸਤਿਕਾਰਤ ਧਾਲੀਵਾਲ ਸਾਹਿਬ ਦੀ ਇਹ ਬੇਹੱਦ ਖ਼ੂਬਸੂਰਤ ਨਜ਼ਮ ਮੇਲ ਚ ਆਈ ਤਾਂ...ਮੈਂ ਭਾਵੁਕ ਹੋ ਗਈ...ਉਹਨਾਂ ਨੂੰ ਲਿਖੀ ਮੇਲ ਵੀ ਮੈਂ ਸਭ ਨਾਲ਼ ਸਾਂਝੀ ਕਰਨਾ ਚਾਹੁੰਦੀ ਹਾਂ...ਨਾਲ਼ੇ ਇਹ ਵੀ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਨਜ਼ਮ ਨੂੰ ਜ਼ਰੂਰ ਉਹਨਾਂ ਜਜ਼ਬਾਤਾਂ ਨਾਲ਼ ਪੜ੍ਹਿਆ ਤੇ ਵਿਚਾਰਿਆ ਜਾਵੇ..ਜਿਸ ਨਾਲ਼ ਇਸਨੂੰ ਲਿਖਿਆ ਗਿਆ ਹੈ...ਸ਼ੁਕਰਗੁਜ਼ਾਰ ਹੋਵਾਂਗੀ!

....ਅੰਕਲ ਜੀ...ਅੱਖਾਂ 'ਚ ਪਾਣੀ ਆ ਗਿਆ ਨਜ਼ਮ ਪੜ੍ਹਕੇ...ਬਹੁਤ ਸੋਹਣੇ ਲਫ਼ਜ਼ ਬਖਸ਼ੇ ਨੇ ਤੁਸੀਂ ਇਸ ਨਜ਼ਮ ਨੂੰ...ਕਈ ਵਾਰ ਪੜ੍ਹਿਆ ਤੇ ਇਸਦਾ ਭਾਵ-ਅਰਥ ਸੋਚਣ ਤੇ ਮਜਬੂਰ ਕਰ ਗਿਆ...ਮੇਰੀ ਤਿੰਨ ਸਾਲਾਂ ਦੀ ਭਤੀਜੀ...ਰੂਪੂ ਦੀ ਗੱਲ ਯਾਦ ਆ ਗਈ...ਜਦੋਂ ਓਹ ਹਰ ਵਾਰ ਆਕੇ... ਮੇਰੀ ਲਿਆਂਦੀ ਸਟੋਰੀ ਬੁੱਕ ਨੂੰ ਚੁੱਕ ਕੇ ਡੈਡੀ ਜੀ ਨੂੰ ਆਖਦੀ ਹੁੰਦੀ ਹੈ."..ਪਾਪਾ...ਏਸ ਬੁੱਕ ਵਿਚ ਓਹ ਪੇਜ ਹੈ....ਮੈਂ ਤੁਹਾਨੂੰ ਦਿਖਾਉਂਨੀ ਆਂ.... ਜਿੱਥੇ ਪ੍ਰਿੰਸ, ਪ੍ਰਿੰਸੈਸ ਦੀ ਬਾਂਹ ਫੜ ਕੇ ਕਹਿੰਦਾ ਹੈ...ਮੇਰੇ ਨਾਲ਼ ਚੱਲ!" ਓਹ ਭੋਲ਼ੀ ਜਿਹੀ ਗੱਲ 'ਚ ਬੜਾ ਕੁੱਝ ਕਹਿ ਜਾਂਦੀ ਹੈ ਤੇ ਡੈਡੀ...ਓਹਨੂੰ ਘੁੱਟ ਕੇ ਗਲ਼ ਨਾਲ਼ ਲਾ ਲੈਂਦੇ ਨੇ! ਬੱਚੇ ਬਹੁਤ ਕੁੱਝ ਕਹਿ ਜਾਂਦੇ ਨੇ...ਤੋਤਲੀ ਭਾਸ਼ਾ 'ਚ..!!.ਤੁਸੀਂ ਨਿਰਾਸ਼ ਨਾ ਹੋਵੋ...ਆਮੀਆ ਇੱਕ ਦਿਨ ਜ਼ਰੂਰ ਆਪਣੇ ਬਾਬਾ ਜੀ ਦੀਆਂ ਕਿਤਾਬਾਂ ਪੜ੍ਹੇਗੀ....ਅਰਥ ਵੀ ਸਮਝੇਗੀ ਤੇ ਮਾਣ ਵੀ ਕਰੇਗੀ! ਤੁਸੀਂ ਹੀ ਉਸਨੂੰ ਪੰਜਾਬੀ ਭਾਸ਼ਾ ਨਾਲ਼ ਜੋੜੋਂਗੇ...ਲੇਖਕ ਲਿਖਤਾਂ 'ਚ ਅਮਰ ਰਹਿੰਦਾ ਹੈ! ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ....ਆਮੀਨ!!...

ਆਮੀਆ ਦੀ ਕਿਤਾਬ

ਨਜ਼ਮ

ਬੈਡਟਾਈਮ ਸਟੋਰੀ

ਮੈਥੋਂ ਸੁਨਣ ਲਈ

ਜ਼ਿਦ ਕਰ ਰਹੀ ਸੀ

ਮੇਰੀ ਢਾਈਆਂ ਸਾਲਾਂ ਦੀ ਪੋਤਰੀ

ਉਹ ਆਪਣੀ ਬੈੱਡ ਤੇ ਆਰਾਮ ਨਾਲ

ਸ਼ਹਿਨਸ਼ਾਹੀ ਜਲੌਅ ਚ ਪਈ ਸੀ

---

ਤੇ ਮੈਂ ---

ਉਸਦੀ ਬੈੱਡ ਦੇ ਨਾਲ ਲੱਗਾ

ਕਾਰਪੈਟ ਤੇ ਬੁੱਢੇ ਗੋਡਿਆਂ ਭਾਰ ਹੋਇਆ

ਪੜ੍ਹ ਕੇ ਸੁਣਾ ਰਿਹਾ ਸਾਂ

ਉਸਦੀਆਂ ਕਿਤਾਬਾਂ ਚੋਂ ਇੱਕ ਕਹਾਣੀ

---

ਨਹੀਂ ਬਾਬਾ ਜੀ!

ਰੀਡ ਫਰੌਮ ਦਿਸ ਬੁੱਕ

(ਬਾਬਾ ਜੀ ਤੇ ਬੀਬੀ ਜੀ ਮੇਰੇ ਪੁੱਤ ਨੇ ਸਿਖਾ ਦਿੱਤੇ ਸਨ)

ਮੇਰੀ ਕਿਤਾਬ ਤੇ ਛਪੀ

ਮੇਰੀ ਫੋਟੋ ਗਹੁ ਨਾਲ ਨਿਹਾਰਦੀ ਨੇ

ਮੇਰੀ ਕਿਤਾਬ ਮੈਨੂੰ ਫੜਾ ਕੇ

ਹੁਕਮ ਦਾਗਿਆ

ਜਿਹੜੀ ਉਹ ਜ਼ਿਦ ਕਰਕੇ

ਚੁੱਕ ਲਿਆਈ ਸੀ

ਆਪਣੇ ਡੈਡੀ ਦੀ ਸਟੱਡੀ ਚੋਂ

---

ਮੈਂ ਕੌਣ ਸੀ

ਕਿ ਨਾਂਹ ਨੁੱਕਰ ਕਰਦਾ?

ਨਹੀਂ ਤੇ ਛਿੜ ਪੈਣੀ ਸੀ

ਉਸਦੇ ਸੌਣ ਕਮਰੇ ਚ ਹੀ

ਪਾਣੀਪੱਤ ਦੀ ਇੱਕ ਹੋਰ ਲੜਾਈ

---

ਮੈਂ ਉਸਨੂੰ ਗੌਹ ਨਾਲ ਵੇਖਿਆ

ਖ਼ਾਮੋਸ਼ੀ ਚ ਹਾਲਾਤ ਦਾ

ਜਾਇਜ਼ਾ ਲਿਆ

ਤੇ ਐਵੇਂ ਵਰਕੇ ਫਰੋਲਣ ਲੱਗਾ.....

ਤਿਆਰ ਹੀ ਕਰ ਰਿਹਾ ਸਾਂ

ਆਪਣੇ ਆਪ ਨੂੰ

ਕੁਝ ਪੜ੍ਹ ਕੇ ਸਨਾਉਣ ਲਈ

ਆਪਣੇ ਨਵੇਂ ਛਪੇ ਨਾਵਲ ਸਰਘੀ’ ‘ਚੋਂ

ਤੇ ਸੋਚ ਰਿਹਾ ਸਾਂ ਕਿ ਇਹ ਤਾਂ ਹਾਲੇ

ਅੰਗਰੇਜ਼ੀ ਵੀ ਪੂਰੀ ਨਹੀਂ ਸਮਝਦੀ

ਪੰਜਾਬੀ ਚ ਕੀ ਪੜ੍ਹਾਂ ਏਸ ਲਈ

---

ਮੇਰੇ ਹੱਥੋਂ ਕਿਤਾਬ ਖੋਹ

ਉਹ ਆਪ ਵਰਕੇ ਫਰੋਲਣ ਲੱਗੀ

ਤੇ ਨਾਲ ਹੀ.......

ਕੁਝ ਕਹੀ ਵੀ ਜਾ ਰਹੀ ਸੀ

ਜਿਵੇਂ ਉਹ ਸੱਚੀਂ ਹੀ

ਪੜ੍ਹ ਰਹੀ ਹੁੰਦੀ ਹੈ

ਸ਼ਾਇਦ ਜਿਸਦਾ...

ਨਾ ਉਸਨੂੰ ਪਤਾ ਸੀ ਕਿ

ਕੀ ਕਹਿ ਰਹੀ ਹੈ

ਤੇ ਨਾ ਹੀ ਮੇਰੇ ਕੁਝ

ਪਿੜ ਪੱਲੇ ਪੈ ਰਿਹਾ ਸੀ।।

---

ਕੀ ਪੜ੍ਹ ਰਹੀਂ ਹੈਂ ਆਮੀਆ---ਪੁੱਤ---?”

ਮੈਂ ਲਾਡ ਜਿਹੇ ਚ ਪੁਛਿਆ

ਸ਼ਸ਼---ਬਾਬਾ ਜੀ!!

ਉਸਨੇ ਮੈਨੂੰ ਚੁੱਪ ਕਰਾਉਣ ਲਈ

ਆਪਣੇ ਬੁੱਲ੍ਹਾਂ ਤੇ ਉਂਗਲੀ ਰੱਖ,

ਝਿੜਕ ਮਾਰੀ

ਉਹ ਡੂੰਘੇ ਵਿਚਾਰਾਂ ਚ ਸੀ

---

ਪੰਜਾਬੀ ਚ ਛਪੇ ਅੱਖਰਾਂ ਨੂੰ

ਆਪਣੀਆਂ ਨਿੱਕੀਆਂ ਨਿੱਕੀਆਂ

ਉਂਗਲ਼ਾਂ ਦੇ ਪੋਟਿਆਂ ਨਾਲ

ਛੋਹ ਰਹੀ ਸੀ.....

ਜਿਵੇਂ ਪਲ਼ੋਸ ਰਹੀ ਹੁੰਦੀ ਹੈ

ਪੰਜਾਬੀ ਚ ਛਪੇ ਅੱਖਰਾਂ ਨੂੰ

ਸ਼ਾਇਦ ਪਹਿਲੀ ਵਾਰ ਵੇਖਿਆ ਸੀ

ਉਸਨੇ

---

ਮੈਨੂੰ ਲੱਗਾ

ਜਿਵੇਂ ਉਹ ਮੈਨੂੰ ਹੀ ਪਲੋਸ ਰਹੀ ਹੈ

ਮੇਰੇ ਲਿਖੇ ਅੱਖਰਾਂ ਚੋਂ ਕੋਈ

ਅਪਣੱਤ ਭਾਲ ਰਹੀ ਹੈ

ਮੇਰੇ ਤੇ ਆਪਣੇ ਰਿਸ਼ਤੇ ਦੀ

ਸਿਆਣ ਕੱਢ ਰਹੀ ਹੈ

ਮੈਨੂੰ ਸਮਝਣ ਦੀ

ਕੋਸ਼ਿਸ਼ ਕਰ ਰਹੀ ਹੁੰਦੀ ਹੈ

---

ਮੈਂ ਕੁਝ ਚਿਰ

ਆਪਣੇ ਹੀ ਵਹਿਣਾਂ ਚ ਵਿਚਰਦਿਆਂ

ਉਸਨੂੰ ਹੈਰਾਨ, ਗੰਭੀਰ ਤੇ ਸੁੰਨੀਆਂ

ਨਜ਼ਰਾਂ ਨਾਲ ਵੇਖਿਆ

ਐਨ ਓਸੇ ਤਰ੍ਹਾਂ

ਜਿਵੇਂ ਮੈਂ ਸੱਤਾਂ ਸਾਲਾਂ ਦੇ ਨੇ

ਆਪਣੀ ਮਾਂ ਨੂੰ

ਭੁੰਜੇ ਲੱਥੀ ਨੂੰ ਵੇਖਿਆ ਸੀ

---

ਉਸ ਵੇਲੇ ਮੈਨੂੰ ਮਾਂ ਦੇ

ਮੰਜਿਓ ਲੱਥੀ ਦੇ

ਅਰਥਾਂ ਦਾ ਕੁਝ ਵੀ ਨਹੀਂ ਸੀ

ਪਤਾ

ਤੇ ਅੱਜ

ਇੱਕ ਵਾਰ ਫੇਰ ਸੋਚ ਰਿਹਾ ਹਾਂ

ਕਿ ਮੇਰੀ ਪੋਤਰੀ ਆਮੀਆ

ਸ਼ਾਇਦ ਕਦੇ ਵੀ

ਮੇਰੇ ਬਾਰੇ ਨਾ ਜਾਣ ਸਕੇ

ਤੇ ਇਸਨੂੰ

ਮੇਰੀ ਲਿਖਤ ਦਿਆਂ ਅਰਥਾਂ ਦਾ

ਕਦੇ ਵੀ

ਪਤਾ ਨਹੀਂ ਲਗਣਾ

---

ਤੇ ਮੈਨੂੰ ਅੱਜ ਫਿਰ

ਮਹਿਸੂਸ ਹੋਣ ਲੱਗਾ

ਕਿ ਮੈਂ ਅੱਜ ਇੱਕ ਵਾਰ ਫੇਰ

ਸੱਚੀਂ ਹੀ

ਦੂਜੀ

ਹੌਲ਼ੀ-ਹੌਲ਼ੀ ਥੱਲੇ ਲਾਹੀ ਜਾ ਰਹੀ

ਮਾਂ ਨੂੰ ਮੁਖ਼ਾਤਿਬ ਹਾਂ

ਜਿਸਦੇ ਹੋ ਰਹੇ ਸ਼ੋਸ਼ਣ

ਮੈਂ ਵੀ ਸ਼ਾਮਿਲ ਹਾਂ

ਮੈਂ ਖ਼ੁਦ ਵੀ ਜ਼ੁੰਮੇਵਾਰ ਹਾਂ!

5 comments:

ਤਨਦੀਪ 'ਤਮੰਨਾ' said...

Respected Dhaliwal saheb..Bahut hi khoobsurat nazam hai...apne vichar main pehlan hi de chukki haan...par eh straan mainu jhinjhor ke rakh dindiaan ne...Shayed tussi te sirf tussi hi likh sakdey si ke...
ਪੰਜਾਬੀ ‘ਚ ਛਪੇ ਅੱਖਰਾਂ ਨੂੰ
ਆਪਣੀਆਂ ਨਿੱਕੀਆਂ ਨਿੱਕੀਆਂ
ਉਂਗਲ਼ਾਂ ਦੇ ਪੋਟਿਆਂ ਨਾਲ
ਛੋਹ ਰਹੀ ਸੀ.....
ਜਿਵੇਂ ਪਲ਼ੋਸ ਰਹੀ ਹੁੰਦੀ ਹੈ।
ਪੰਜਾਬੀ ‘ਚ ਛਪੇ ਅੱਖਰਾਂ ਨੂੰ
ਸ਼ਾਇਦ ਪਹਿਲੀ ਵਾਰ ਵੇਖਿਆ ਸੀ
ਉਸਨੇ।
---

ਮੈਨੂੰ ਲੱਗਾ
ਜਿਵੇਂ ਉਹ ਮੈਨੂੰ ਹੀ ਪਲੋਸ ਰਹੀ ਹੈ।
ਮੇਰੇ ਲਿਖੇ ਅੱਖਰਾਂ ‘ਚੋਂ ਕੋਈ
ਅਪਣੱਤ ਭਾਲ ਰਹੀ ਹੈ।
ਮੇਰੇ ਤੇ ਆਪਣੇ ਰਿਸ਼ਤੇ ਦੀ
ਸਿਆਣ ਕੱਢ ਰਹੀ ਹੈ।
ਮੈਨੂੰ ਸਮਝਣ ਦੀ
ਕੋਸ਼ਿਸ਼ ਕਰ ਰਹੀ ਹੁੰਦੀ ਹੈ।
---
ਤੇ ਮੈਨੂੰ ਅੱਜ ਫਿਰ
ਮਹਿਸੂਸ ਹੋਣ ਲੱਗਾ
ਕਿ ਮੈਂ ਅੱਜ ਇੱਕ ਵਾਰ ਫੇਰ
ਸੱਚੀਂ ਹੀ
ਦੂਜੀ
ਹੌਲ਼ੀ-ਹੌਲ਼ੀ ਥੱਲੇ ਲਾਹੀ ਜਾ ਰਹੀ
ਮਾਂ ਨੂੰ ਮੁਖ਼ਾਤਿਬ ਹਾਂ।
ਜਿਸਦੇ ਹੋ ਰਹੇ ਸ਼ੋਸ਼ਣ ‘ਚ
ਮੈਂ ਵੀ ਸ਼ਾਮਿਲ ਹਾਂ।
ਮੈਂ ਖ਼ੁਦ ਵੀ ਜ਼ੁੰਮੇਵਾਰ ਹਾਂ!

Mainu laggda ke aapan sabh zimmevar haan. Par kehndey ne na ke kisse vi shubh kamm nu shuru karn ch hoyee derri da afsos karn naalon, uss passey poorey josh-o-kharosh naal jutt jana chahida hai.
Enni bhaavpooran nazam sabh naal sanjhi karn layee behadd shukriya.

Tamanna

ਤਨਦੀਪ 'ਤਮੰਨਾ' said...

ਸੰਤੋਖ ਧਾਲੀਵਾਲ ਜੀ ਦੀ ਨਜ਼ਮ ਵੀ ਬਹੁਤ ਵਧੀਆ ਹੈ। ਗਹਿਰਾ ਪ੍ਰਭਾਵ ਛੱਡਣ ਵਾਲ਼ੀ।
ਸੁਖਵੰਤ ਢਿੱਲੋਂ
ਕੈਨੇਡਾ
========
Shukriya Sukhwant ji.
Tamanna

ਗੁਰਦਰਸ਼ਨ 'ਬਾਦਲ' said...

ਧਾਲੀਵਾਲ ਸਾਹਿਬ...ਬਹੁਤ ਸੋਹਣੀ ਨਜ਼ਮ ਹੈ। ਖ਼ਾਸ ਤੌਰ ਤੇ ਇਹ ਸਤਰਾਂ ਤਾਂ ਕਮਾਲ ਦੀਆਂ ਨੇ
ਤੇ ਮੈਨੂੰ ਅੱਜ ਫਿਰ
ਮਹਿਸੂਸ ਹੋਣ ਲੱਗਾ
ਕਿ ਮੈਂ ਅੱਜ ਇੱਕ ਵਾਰ ਫੇਰ
ਸੱਚੀਂ ਹੀ
ਦੂਜੀ
ਹੌਲ਼ੀ-ਹੌਲ਼ੀ ਥੱਲੇ ਲਾਹੀ ਜਾ ਰਹੀ
ਮਾਂ ਨੂੰ ਮੁਖ਼ਾਤਿਬ ਹਾਂ।
ਜਿਸਦੇ ਹੋ ਰਹੇ ਸ਼ੋਸ਼ਣ ‘ਚ
ਮੈਂ ਵੀ ਸ਼ਾਮਿਲ ਹਾਂ।
ਮੈਂ ਖ਼ੁਦ ਵੀ ਜ਼ੁੰਮੇਵਾਰ ਹਾਂ!
----
ਮੁਬਾਰਕਾਂ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'

Kulwinder Singh said...

Dhaliwal Sahib
Sat Sri Akal. Wonderful poem. Coming straight from heart. It is a mind blowing.
Let us do something together to promote social, cultural and literary interests within our households and family circle.
I'm proud to say that you are already doing a fantastic work along the line.
"tere ghar parmeshar aya sutia tou yaag bandia" Personal regards.
Mota Singh Sarai

ਤਨਦੀਪ 'ਤਮੰਨਾ' said...

ਤਨਦੀਪ...ਆਰਸੀ ਦਾ ਮਿਆਰ ਬਹੁਤ ਵਧੀਆ ਹੈ ਇਸਨੂੰ ਬਰਕਰਾਰ ਰਖਣਾ ਬਹੁਤ ਜ਼ਰੂਰੀ ਹੈ।ਇਸਦੀ ਜ਼ੁੰਮੇਵਾਰੀ ਤੇਰੇ ਤੇ ਹੈ ਅਸੀਂ ਤਾਂ ਐਵੇਂ ਨਸੀਹਤਾਂ ਦੇਣ ਵਾਲੇ ਹੀ ਹਾਂ।
ਮੋਹ ਨਾਲ
ਸੰਤੋਖ ਧਾਲੀਵਾਲ
============
ਸਤਿਕਾਰਤ ਧਾਲੀਵਾਲ ਸਾਹਿਬ! ਬਹੁਤ-ਬਹੁਤ ਸ਼ੁਕਰੀਆ। ਇਹ ਨਸੀਹਤਾਂ ਹੀ ਮੇਰਾ ਮਾਰਗ-ਦਰਸ਼ਕ ਬਣ ਰਹੀਆਂ ਨੇ! ਤੁਹਡੇ ਹੱਥਾਂ ਦੀਆਂ ਲਕੀਰਾਂ ਦੇ ਇਜ਼ਾਫ਼ੇ ਸਾਨੂੰ ਬਹੁਤ ਕੁੱਝ ਸਿਖਾ ਰਹੇ ਨੇ!

ਸਤਿਕਾਰ ਸਹਿਤ
ਤਮੰਨਾ