ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, December 21, 2008

ਸੁਰਿੰਦਰ ਰਾਮਪੁਰੀ - ਲੇਖ

ਲੋਕ ਗਾਇਕ ਮੁਹੰਮਦ ਸਦੀਕ ਦਾ ਪਿਛੋਕੜ

ਲੇਖ

ਮੁਹੰਮਦ ਸਦੀਕ ਪਿੰਡ ਰਾਮਪੁਰ ਦਾ ਜੰਮਪਲ ਹੈ । ਰਾਮਪੁਰ ਉਸਦੀ ਜਨਮ-ਭੂਮੀ ਹੈ । ਇਥੋਂ ਦੀਆਂ ਗਲ਼ੀਆਂ ਵਿਚੋਂ ਉਸ ਨੂੰ ਸੰਗੀਤ ਦੀ ਗੁੜ੍ਹਤੀ ਮਿਲੀ । ਇਸ ਦੇ ਚੌਗਿਰਦੇ ਵਿਚ ਉਸਨੇ ਆਪਣੀ ਪਹਿਲੀ ਹੇਕ ਲਾਈ । ਇਥੋਂ ਦੇ ਲੋਕਾਂ ਵਿਚ ਵਿਚਰਦਿਆਂ ਉਹ ਲੋਕ ਗਾਇਕ ਬਣਿਆ । ਪਿੰਡ ਰਾਮਪੁਰ ਵਿਚੋਂ ਉਸਨੂੰ ਮੋਹ ਵੀ ਮਿਲਿਆ, ਪਿਆਰ ਵੀ ਅਤੇ ਬੇ-ਥਾਹ ਨਫ਼ਰਤ ਵੀ । ਇਥੋਂ ਉਸਨੂੰ ਖ਼ੁਸ਼ੀਆਂ-ਖੇੜੇ ਵੀ ਮਿਲੇ ਅਤੇ ਮਾਨਸਿਕ ਤਸੀਹੇ ਵੀ । ਸਾਹਮਣੇ ਖੜ੍ਹੀ ਮੌਤ ਵਰਗੀ ਨਫ਼ਰਤ ਅਤੇ ਤਸੀਹੇ । ਉਸ ਨੂੰ ਜਾਨ ਦੇ ਲਾਲ੍ਹੇ ਪੈ ਗਏ । ਲੁਕ-ਛਿਪ ਕੇ ਜਾਨ ਬਚਾਈ ।

ਰਾਮਪੁਰ ਇਕ ਇਤਿਹਾਸਕ ਪਿੰਡ ਹੈ । ਇਸ ਪਿੰਡ ਨੂੰ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦੀ ਚਰਨ-ਛੋਹ ਪ੍ਰਾਪਤ ਹੈ । ਉਹਨਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਸੁਸ਼ੋਭਿਤ ਹੈ । ਇਥੇ ਸੰਤ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਭਗਵਾਨ ਸਿੰਘ ਨੇ ਸੇਵਾ ਅਤੇ ਸਿਮਰਨ ਕੀਤਾ । ਸੰਤ ਬਾਬਾ ਈਸ਼ਰ ਸਿੰਘ ਵੀ ਇਸ ਅਸਥਾਨ ਤੇ ਰਹੇ । ਬਾਅਦ ਵਿਚ ਉਹਨਾਂ ਕਰਮਸਰ, ਰਾੜਾ ਸਾਹਿਬ ਵਿਖੇ ਗੁਰਦੁਆਰਾ ਸਥਾਪਿਤ ਕੀਤਾ । ਸਕੂਲ, ਕਾਲਜ ਅਤੇ ਹਸਪਤਾਲ ਬਣਾਏ ।

ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਵੀ ਇਥੋਂ ਹੀ ਨਿਸ਼ਕਾਮ ਸੇਵਾ ਦੀ ਪ੍ਰੇਰਨਾ ਮਿਲੀ ।

ਸੰਤ ਬਾਬਾ ਹੀਰਾਦਾਸ ਅਤੇ ਸੰਤ ਬਾਬਾ ਸਰਵਣ ਦਾਸ ਨੇ ਸਿਮਰਨ ਅਤੇ ਸੇਵਾ ਤੋਂ ਇਲਾਵਾ ਦਵਾਖ਼ਾਨਾ ਖੋਹਲ ਕੇ ਮਨੁੱਖਤਾ ਦੀ ਭਲਾਈ ਦਾ ਕੰਮ ਕੀਤਾ ।

ਇਸ ਪਿੰਡ ਦੇ ਸਾਧੂ ਸੁੰਦਰ ਸਿੰਘ ਦਾ ਨਾਂ ਈਸਾਈ ਧਰਮ ਵਿਚ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ।

ਮੁਹੰਮਦ ਸਦੀਕ ਦਾ ਬਚਪਨ ਇਹੋ ਜਿਹੇ ਮਾਹੌਲ ਵਿਚ ਬੀਤਿਆ । ਇਥੋਂ ਹੀ ਉਸਨੂੰ ਸੰਗੀਤ ਦੀ ਮੁੱਢਲੀ ਸਿੱਖਿਆ ਮਿਲੀ।

1947 ਦੇ ਫ਼ਿਰਕੂ ਜਨੂੰਨ, ਦਹਿਸ਼ਤ, ਵਹਿਸ਼ਤ ਅਤੇ ਕਹਿਰ ਵਿਚ ਮੁਹੰਮਦ ਸਦੀਕ ਦੇ ਪਰਿਵਾਰ ਨੂੰ ਲੁਕ-ਛਿਪ ਕੇ ਜਾਨ ਬਚਾਉਣੀ ਪਈ । ਡਰ, ਉਨ੍ਹਾਂ ਦੀ ਰੂਹ ਤੱਕ ਫੈਲ ਗਿਆ । ਆਖਰਕਾਰ ਉਨ੍ਹਾਂ ਨੇ ਪਿੰਡ ਛੱਡਣ ਦਾ ਫੈਸਲਾ ਕਰ ਲਿਆ । ਪਾਕਿਸਤਾਨ ਜਾਣ ਦਾ ਮਨ ਬਣਾ ਲਿਆ । ਪਾਕਿਸਤਾਨ ਜਾਣ ਦਾ ਸਬੱਬ ਨਾ ਬਣਿਆ । ਪਹਿਲਾਂ ਮਲੇਰਕੋਟਲਾ ਅਤੇ ਫਿਰ ਕੁੱਪ ਨੂੰ ਪੱਕਾ ਟਿਕਾਣਾ ਬਣਾ ਲਿਆ । ਮੁਹੰਮਦ ਸਦੀਕ ਨੇ ਤਾਂ ਲੁਧਿਆਣਾ ਵਿਖੇ ਆਪਣਾ ਘਰ ਬਣਾ ਲਿਆ ਹੈ ਪਰੰਤੂ ਉਨ੍ਹਾਂ ਦੇ ਮਾਤਾ ਜੀ ਅਤੇ ਭਰਾ ਦਾ ਟੱਬਰ ਕੁੱਪ ਵਿਚ ਹੀ ਵਸੇ ਹੋਏ ਹਨ । ਕਈ ਵਿਅਕਤੀ ਉਸ ਨੂੰ ਰਾਮਪੁਰ ਦੀ ਥਾਂ ਕੁੱਪ ਵਾਲਾ ਸਦੀਕਹੀ ਸਮਝਦੇ ਹਨ ।

ਇਸ ਦਹਿਸ਼ਤ ਅਤੇ ਵਹਿਸ਼ਤ ਬਾਰੇ ਹਰਚਰਨ ਮਾਂਗਟ ਬਿਆਨ ਕਰਦਾ ਹੈ ਕਿ ਜਦੋਂ ਉਹ ਫਿਰੋਜ਼ਪੁਰ ਤੋਂ ਰਾਮਪੁਰ ਵਾਪਿਸ ਪਿੰਡ ਆਇਆ ਤਾਂ ਲਗਦਾ ਸੀ ਜਿਵੇਂ ਅੱਧਾ ਪਿੰਡ ਮਰ ਗਿਆ ਹੋਵੇ । ਜਦੋਂ ਉਸ ਨੇ ਨਿੱਕੇ ਜਿਹੇ, ਪਿਆਰੇ ਜਿਹੇ ਬੱਚੇ ਚੱਘੂਬਾਰੇ ਆਪਣੀ ਮਾਂ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਬੇਰਹਮ ਜਨੂੰਨੀ ਨੇ ਤੇਰੇ ਚੱਘੂ ਨੂੰ ਪੁਲ਼ ਦੇ ਥਮਲੇ ਨਾਲ ਪਟਕਾ ਮਾਰਿਆ, ਫੁੱਟ ਵਾਂਗ ਫਾੜ ਦਿੱਤਾ । ਉਸ ਬੱਚੇ ਦੀ ਯਾਦ ਵਿਚ ਹਰਚਰਨ ਭੁੱਬਾਂ ਮਾਰ ਮਾਰ ਰੋਇਆ ਅਤੇ ਕਈ ਗ਼ਜ਼ਲਾਂ ਅਤੇ ਰੁਬਾਈਆਂ ਲਿਖੀਆਂ ।

ਇਸੇ ਵਹਿਸ਼ਤ ਬਾਰੇ ਸੁਖਮਿੰਦਰ ਰਾਮਪੁਰੀ ਨੇ ਇਕ ਨਜ਼ਮ ਅੱਧਾ ਪਿੰਡਲਿਖੀ ਜਿਸ ਦੇ ਕੁਝ ਸ਼ਬਦ ਹੇਠ ਲਿਖੇ ਅਨੁਸਾਰ ਹਨ:

ਅੱਜ ਕੱਲ੍ਹ ਮੈਂ

ਜਿਸ ਪਿੰਡ ਵਿਚ ਰਹਿੰਨਾਂ,

ਅੱਧਾ ਪਿੰਡ ਹੈ ।

ਅੱਧਾ ਪਿੰਡ ਤਾਂ ਚਿਰ ਹੋਇਆ ਹੈ,

ਉਜੜ ਗਿਆ ਸੀ ।

ਖੇਡਣ ਦੀ ਰੁੱਤੇ ਹੀ ਮੈਥੋਂ,

ਮਰੀਆਂ, ਬੂਲਾਂ, ਬੁਧਾਂ, ਬਾਨੋ,

ਰੁਲਦੂ, ਹਸਨਾ ਅਤੇ ਗਫੂਰਾ,

ਵਿਛੜ ਗਏ ਸਨ ।

ਇਸ ਹਨ੍ਹੇਰੀ ਨੇ ਪਤਾ ਨਹੀਂ ਕਿੰਨੇ ਕੁ ਹੋਣਹਾਰ, ਕਲਾਕਾਰਾਂ ਨੂੰ ਗ੍ਰੱਸ ਲਿਆ । ਜਿਸ ਪਿੰਡ ਨੇ ਮੁਹੰਮਦ ਸਦੀਕ ਨੂੰ ਉੱਜੜਨ ਲਈ ਮਜਬੂਰ ਕਰ ਦਿੱਤਾ ਸੀ ਉਸੇ ਪਿੰਡ ਨੂੰ ਉਹ ਬੜੇ ਮਾਣ ਨਾਲ ਆਪਣਾ ਪਿੰਡ, ਆਪਣਾ ਜਨਮ-ਅਸਥਾਨ ਆਖਦਾ ਹੈ । ਪਿੰਡ ਨੂੰ ਸਜਦਾ ਕਰਦਾ ਹੈ । ਆਪਣੇ ਭਾਈਚਾਰੇ ਅਤੇ ਪਿੰਡ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦਾ ਹੈ । ਉਹ ਆਪਣੇ ਨਾਂ ਨਾਲ ਮੁਹੰਮਦ ਸਦੀਕ (ਰਾਮਪੁਰੀ) ਲਿਖਦਾ ਹੈ ।

ਪਿੰਡ ਰਾਮਪੁਰ ਦੀ ਸੰਗੀਤ ਪਰੰਪਰਾ ਬਹੁਤ ਪੁਰਾਣੀ ਹੈ । ਇਥੇ ਕਈ ਸੰਗੀਤ ਘਰਾਣੇ ਸਥਾਪਿਤ ਸਨ । ਨਾਮਧਾਰੀ ਗੁਰੂ ਜਗਜੀਤ ਸਿੰਘ ਨੇ ਰਾਮਪੁਰ ਦੇ ਤਲਵੰਡੀ ਘਰਾਣੇ ਦੇ ਕਲਾਵੰਤ ਉਸਤਾਦ ਊਧੋ ਖਾਂ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ । ਇਸ ਪਰੰਪਰਾ ਨੂੰ ਸਤਿਕਾਰਯੋਗ ਰਹਿਮਾਨ, ਜ਼ਮਾਲਦੀਨ, ਸ਼ੇਰ ਖ਼ਾਨ ਅਤੇ ਮੁਹੰਮਦ ਸਦੀਕ ਨੇ ਅੱਗੇ ਤੋਰਿਆ । ਇਹ ਸੰਗੀਤ ਵਿਚ ਪ੍ਰਬੀਨ ਹੋਏ ਅਤੇ ਪ੍ਰਸਿੱਧੀ ਹਾਸਲ ਕੀਤੀ ।

ਪਿੰਡ ਦੇ ਪੰਡਿਤ ਸੋਮਨਾਥ ਸ਼ਰਮਾ ਨੇ ਇਸ ਗੀਤ-ਸੰਗੀਤ ਦੀ ਪ੍ਰੰਪਰਾ ਦੀ ਧੁਨ ਵਿਦੇਸ਼ਾਂ ਤੱਕ ਫੈਲਾਈ ਸੀ । ਉਹ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਸਨ । ਉਨ੍ਹਾਂ ਦੀ ਆਵਾਜ਼ ਵਿਚ ਕਈ ਦਰਜਨ ਕੈਸਟਾਂ ਤਿਆਰ ਹੋ ਚੁੱਕੀਆਂ ਹਨ । ਉਹਨਾਂ ਨੇ ਆਪਣੇ ਆਪ ਨੂੰ ਧਾਰਮਿਕ ਗੀਤ-ਸੰਗੀਤ ਲਈ ਹੀ ਸਮਰਪਣ ਕੀਤਾ ਹੋਇਆ ਸੀ ।

ਸੰਤ ਬਾਬਾ ਗੁਰਮੇਲ ਸਿੰਘ ਨੇ ਪਿੰਡ ਰਾਮਪੁਰ ਵਿਚ ਗੁਰਮਤਿ ਸੰਗੀਤ ਵਿਦਿਆਲਯ ਦੀ ਸਥਾਪਨਾ ਕੀਤੀ ਸੀ ਜਿਥੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਹੈ ।

ਨਵੀਂ ਪੀੜ੍ਹੀ ਵਿਚੋਂ ਪ੍ਰੋ. ਸ਼ਮਸ਼ਾਦ ਅਲੀ ਸੰਗੀਤ ਦੀ ਐਮ.ਏ., ਐਮ. ਫਿਲ. ਹੈ । ਉਹ ਸੰਗੀਤ ਵਿਚ ਪੀ.ਐਚ.ਡੀ. ਵੀ ਕਰ ਰਿਹਾ ਹੈ । ਕਲਾਸੀਕਲ ਸੰਗੀਤ ਵਿਚ ਉਸਦਾ ਆਪਣਾ ਨਿਵੇਕਲਾ ਸਥਾਨ ਹੈ । ਉਸ ਨੇ ਕਈ ਪ੍ਰਤਿਭਾਵਾਨ ਗਾਇਕਾਂ ਨੂੰ ਸੰਗੀਤ ਦੀ ਸਿੱਖਿਆ ਦੇ ਕੇ ਉੱਚੇ ਸਥਾਨ ਤੇ ਪਹੁੰਚਾਇਆ ਹੈ । ਲਗਦਾ ਹੈ ਕਿ ਇਕ ਦਿਨ ਉਹ ਰਾਮਪੁਰ ਸੰਗੀਤ ਦੀ ਨਵੀਂ ਪ੍ਰੰਪਰਾ ਅਤੇ ਨਵਾਂ ਘਰਾਣਾ ਸਥਾਪਿਤ ਕਰਨ ਵਿਚ ਸਫ਼ਲਤਾ ਪ੍ਰਾਪਤ ਕਰ ਲਵੇਗਾ ।

ਮੁਹੰਮਦ ਸਦੀਕ ਆਪਣੇ ਸਮੇਂ ਦਾ ਪ੍ਰਸਿੱਧ ਲੋਕ ਗਾਇਕ ਹੈ । ਉਸਨੇ ਦੋ-ਗਾਣਿਆਂ ਵਿਚ ਪ੍ਰਸਿੱਧੀ ਹਾਸਲ ਕੀਤੀ ਹੈ । ਉਸਦਾ ਗੀਤ-ਸੰਗੀਤ ਪੰਜਾਬੀ ਫਿਲਮਾਂ ਅਤੇ ਟੈਲੀ ਫਿਲਮਾਂ ਦੀ ਸ਼ੋਭਾ ਬਣਿਆ ਹੈ । ਉਸ ਨੇ ਕਈ ਫਿਲਮਾਂ ਅਤੇ ਟੈਲੀਫਿਲਮਾਂ ਵਿਚ ਅਦਾਕਾਰੀ ਵੀ ਕੀਤੀ ਹੈ । ਉਸਦੇ ਨਿਭਾਏ ਕਿਰਦਾਰ ਚਰਚਿਤ ਹੋਏ ਹਨ।

ਪਿੰਡ ਰਾਮਪੁਰ ਦੀ ਆਪਣੀ ਨਿਵੇਕਲੀ ਸਾਹਿਤਕ ਪਰੰਪਰਾ ਵੀ ਹੈ । ਸਾਲ 1953 ਤੋਂ ਇਥੇ ਪੰਜਾਬੀ ਲਿਖਾਰੀ ਸਭਾ ਰਾਮਪੁਰਸਥਾਪਿਤ ਹੈ ਜਿਸ ਦੇ ਸਮਾਗਮਾਂ ਵਿਚ ਦੇਸ਼ ਵਿਦੇਸ਼ ਦੇ ਲੇਖਕ ਭਾਗ ਲੈਂਦੇ ਹਨ । ਪ੍ਰਸਿੱਧ ਸ਼ਾਇਰ ਸੁਰਜੀਤ ਰਾਮਪੁਰੀ ਆਪਣੇ ਪਿੰਡ ਰਾਮਪੁਰ ਬਾਰੇ ਲਿਖਦਾ ਹੈ:

ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ,

ਏਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ।

ਕੱਚੀਆਂ ਕੰਧਾਂ ਪੱਕੀਆਂ ਪ੍ਰੀਤਾਂ ਦੀ ਬਸਤੀ,

ਕਿੰਝ ਗਲੀਆਂ ਛੱਡ ਜਾਵਾਂ ਮੇਰੇ ਪਿੰਡ ਦੀਆਂ।

ਪਿੰਡ ਰਾਮਪੁਰ ਦੇ ਉਨ੍ਹਾਂ ਲੇਖਕਾਂ ਦੀ ਗਿਣਤੀ ਬਾਈ ਹੋ ਗਈ ਹੈ ਜਿਹਨਾਂ ਦੀ ਘੱਟੋ-ਘੱਟ ਇਕ ਕਿਤਾਬ ਛਪ ਚੁੱਕੀ ਹੈ । ਉਨ੍ਹਾਂ ਵਿਚ ਡਾ. ਜੋਗਿੰਦਰ ਸਿੰਘ (ਪਿੰਗਲ ਤੇ ਅਰੂਜ਼), ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਹਰਚਰਨ ਮਾਂਗਟ, ਲਾਭ ਸਿੰਘ ਚਾਤ੍ਰਿਕ, ਸਾਧੂ ਰਾਮ ਸੂਦ, ਸਾਧੂ ਰਾਮ ਸ਼ਰਮਾ, ਮੱਲ ਸਿੰਘ ਰਾਮਪੁਰੀ, ਪੁਸ਼ਪਦੀਪ, ਸੁਖਮਿੰਦਰ ਰਾਮਪੁਰੀ, ਅੰਮ੍ਰਿਤ ਰਾਮਪੁਰੀ, ਮੁਹਿੰਦਰ ਰਾਮਪੁਰੀ, ਸੁਰਿੰਦਰ ਰਾਮਪੁਰੀ, ਬਾਬਾ ਗੁਰਮੇਲ ਸਿੰਘ, ਬਹਾਦੁਰ ਸਿੰਘ ਰਾਮਪੁਰੀ, ਹਰਬੰਸ ਰਾਮਪੁਰੀ, ਅਮਰਜੀਤ ਮਾਂਗਟ, ਜੀਵਨ ਰਾਮਪੁਰੀ, ਗਗਨ ਦੀਪ ਸ਼ਰਮਾ, ਦਲਵਿੰਦਰ ਕੌਰ ਰਾਮਪੁਰੀ, ਕੁਲਦੀਪ ਸ਼ਰਮਾ, ਨਵੀਨ ਵਿਸ਼ਵ ਭਾਰਤੀ ਦਾ ਨਾਂ ਆਉਂਦਾ ਹੈ । ਨੇੜ ਭਵਿੱਖ ਵਿਚ ਕਈ ਹੋਰ ਲੇਖਕਾਂ ਦੀਆਂ ਪੁਸਤਕਾਂ ਛਪਣ ਲਈ ਤਿਆਰ ਹਨ ।

ਜਿੰਨੇ ਲੇਖਕ ਪਿੰਡ ਰਾਮਪੁਰ ਨੇ ਪੈਦਾ ਕੀਤੇ ਹਨ, ਉਨੇ ਕਿਸੇ ਹੋਰ ਇਕੱਲੇ ਪਿੰਡ ਨੇ ਪੈਦਾ ਨਹੀਂ ਕੀਤੇ ।

ਪਿੰਡ ਰਾਮਪੁਰ ਨੇ ਜਿੰਨੇ ਗਾਇਕ ਅਤੇ ਸੰਗੀਤਕਾਰ ਪੈਦਾ ਕੀਤੇ ਹਨ, ਹੋਰ ਕਿਸੇ ਪਿੰਡ ਨੇ ਸ਼ਾਇਦ ਹੀ ਪੈਦਾ ਕੀਤੇ ਹੋਣ ।

ਇਹ ਹੀ ਕਾਰਨ ਹੈ ਕਿ ਪਿੰਡ ਰਾਮਪੁਰ ਨੂੰ ਸਾਹਿਤਕ ਪਿੰਡਅਤੇ ਸਾਹਿਤਕਾਰਾਂ ਦਾ ਮੱਕਾਵਰਗੇ ਵਿਸ਼ੇਸ਼ਣ ਦਿੱਤੇ ਜਾਂਦੇ ਹਨ ।

ਰਾਮਪੁਰ ਦੀ ਗੀਤ-ਸੰਗੀਤ ਪਰੰਪਰਾ ਅਤੇ ਸਾਹਿਤਕ ਪਰੰਪਰਾ ਦੇ ਪਿਛੋਕੜ ਵਿਚ ਹੀ ਮੁਹੰਮਦ ਸਦੀਕ ਦੀ ਗਾਇਕੀ ਦਾ ਵਿਕਾਸ ਹੋਇਆ । ਇਹ ਮਾਹੌਲ ਉਸ ਦੇ ਮਨ ਅੰਦਰ ਵਸਿਆ ਹੋਇਆ ਹੈ ।

ਮੁਹੰਮਦ ਸਦੀਕ ਦੇ ਪੜਦਾਦਾ ਅਲਾਹੀ ਬਖ਼ਸ਼ ਦੇ ਤਿੰਨ ਪੁੱਤਰ ਪੀਰਾਂ ਦਿੱਤਾ, ਪਤੌਰੀ, ਅਤੇ ਮੱਘਰ ਖਾਂ ਸਨ । ਮੱਘਰ ਖਾਂ ਮੁਹੰਮਦ ਸਦੀਕ ਦਾ ਬਾਬਾ ਸੀ । ਮੱਘਰ ਖਾਂ ਦੇ ਪੁੱਤਰ ਵਲਾਇਤ ਖਾਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸਨ । ਉਨ੍ਹਾਂ ਦੀ ਮਾਤਾ ਦਾ ਨਾਂਅ ਪਰਸਿੰਨੀ ਹੈ । ਸਦੀਕ ਦਾ ਤਾਇਆ ਸੁਬੀਆ ਖਾਂ ਲੋਕ-ਗਾਇਕ ਸੀ। ਉਹ ਜਾਨੀ ਚੋਰਦਾ ਕਿੱਸਾ ਅਤੇ ਰਾਜਾ ਨਲਦਾ ਕਿੱਸਾ ਵਿਸ਼ੇਸ਼ ਤੌਰ ਤੇ ਪੂਰੀ ਰੀਝ ਨਾਲ ਗਾਉਂਦਾ । ਉਸੇ ਦਾ ਅਸਰ ਮੁਹੰਮਦ ਸਦੀਕ ਤੇ ਹੋਇਆ । ਉਸਨੇ ਲਗਾਤਾਰ ਅਭਿਆਸ ਕੀਤਾ ਅਤੇ ਲੋਕ-ਗਾਇਕੀ ਦੇ ਖੇਤਰ ਵਿਚ ਆਪਣਾ ਵਿਲੱਖਣ ਸਥਾਨ ਬਣਾ ਲਿਆ ।


3 comments:

ਤਨਦੀਪ 'ਤਮੰਨਾ' said...

ਬੜੀ ਮਿਹਰਬਾਨੀ ਰਾਮਪੁਰੀ ਜੀ, ਆਪ ਦੀ ਸੁਚੱਜੀ ਲਿਖਤ ਤੋਂ ਸਿਰਮੌਰ ਗਾਇਕ ਜਨਾਬ ਮੁਹੰਮਦ ਸਦੀਕ ਹੋਰਾਂ ਬਾਰੇ ਤਾਂ ਪਤਾ ਲੱਗਿਆ ਹੀ, ਆਪ ਜੀ ਦੇ ਗਰਾਂ ਬਾਰੇ ਵੀ ਬਹੁਤ ਸਲਾਹੁਣਯੋਗ ਪੜ੍ਹਨ ਨੂੰ ਮਿਲਿਆ। 'ਰਾਮਪੁਰੀ' ਲੇਖਕ ਤਾਂ ਕਈ ਪੜ੍ਹੇ ਸਨ, ਪਰ ਪਿੰਡ ਰਾਮਪੁਰ ਬਾਰੇ ਨਹੀਂ ਪਤਾ ਸੀ। ਮੈਂ ਵੀ ਮੁਹੰਮਦ ਸਦੀਕ ਜੀ ਨੂੰ ਕੁੱਪ ਕਲਾਂ ਦਾ ਵਸਨੀਕ ਅਤੇ ਜੰਮਪਲ ਹੀ ਸਮਝਦਾ ਰਿਹਾ। ਇਕ ਵਾਰ ਆਪ ਜੀ ਦਾ ਫਿ਼ਰ ਧੰਨਵਾਦ!

ਸ਼ਿਵਚਰਨ ਜੱਗੀ ਕੁੱਸਾ
ਲੰਡਨ
ਯੂ.ਕੇ.

ਤਨਦੀਪ 'ਤਮੰਨਾ' said...

Respected Uncle ji, Main Kussa saheb naal sehmat haan. Main vi sadiq saheb nu Kup pind da hi samjhdi rahi. Ehna diyaan do betiaan college ch meriaan senior sann..bahut pyaar si mera ohna naal. Lekh parh ke Sadiq saheb baare te pind Rampur baare jaankari ch vaadha hoyea. Gagandeep ji, lekh bhejan layee bahut bahut shukriya.

Tamanna

Surinder said...

kusa sahib and bachchi tamanna da bahut dhanwad jinha mera lekh psand keeta