ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, January 6, 2009

ਮੇਜਰ ਮਾਂਗਟ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਉੱਘੇ ਲੇਖਕ ਸਤਿਕਾਰਤ ਮੇਜਰ ਮਾਂਗਟ ਜੀ ਨੇ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਤੇ ਪਹਿਲੀ ਹਾਜ਼ਰੀ ਲਵਾਈ ਹੈ। ਉਹਨਾਂ ਦੀਆਂ ਖ਼ੂਬਸੂਰਤ ਲਿਖਤਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ। ਇੱਕ ਜਨਵਰੀ 1961 ਨੂੰ ਲੁਧਿਆਣੇ ਜ਼ਿਲੇ ਦੇ ਪਿੰਡ ਪੂਨੀਆ ਚ ਜਨਮੇ ਮਾਂਗਟ ਸਾਹਿਬ ਪਰਿਵਾਰ ਸਹਿਤ ਬਰੈਪਟਨ, ਕੈਨੇਡਾ ਚ ਨਿਵਾਸ ਕਰਦੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਗੀਤ:- ਸੱਚ ਦੀ ਆਵਾਜ਼(1982), ਕਹਾਣੀਆਂ:- ਤਲੀਆਂ ਤੇ ਉੱਗੇ ਥੋਹਰ(1990), ਕੂੰਜਾਂ ਦੀ ਮੌਤ (1993), ਤ੍ਰਿਸ਼ੰਕੂ (2000), ਪਰੀਆਂ ਦਾ ਦੇਸ (2006),ਪੂਰੇ ਨਾਟਕ :- ਪਿੰਜਰੇ (2001), ਚੌਰਸਤਾ(2004), ਮੁਲਾਕਾਤਾਂ :- ਆਹਮਣੇ ਸਾਹਮਣੇ (2003) ਅਤੇ ਫਿਲਮਾਂ:- ਸੁਲਗਦੇ ਰਿਸ਼ਤੇ(2005), ਪਛਤਾਵਾ (2006), ਦੌੜ (2007) ਸ਼ਾਮਲ ਹਨ। । ਉਹਨਾਂ ਨੂੰ ਸਾਊਥ ਏਸ਼ੀਅਨ ਕੈਨੇਡੀਅਨ ਫਿਲਮ ਐਵਾਰਡਜ਼ ਵੱਲੋਂ ਸਰਵੋਤਮ ਕਹਾਣੀ ਲੇਖਕ ਦੇ ਐਵਾਰਡ ਨਾਲ਼ ਸਨਮਾਨਿਆ ਵੀ ਜਾ ਚੁੱਕਕਾ ਹੈ। ਮੈਂ ਉਹਨਾਂ ਨੂੰ ਇਸ ਪ੍ਰਾਪਤੀ ਤੇ ਦਿਲੀ ਮੁਬਾਰਕਬਾਦ ਪੇਸ਼ ਕਰਦੀ ਹਾਂ।

ਅੱਜ ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਮੇਜਰ ਮਾਂਗਟ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਜੀਅ ਆਇਆਂ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ਚੋਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਨਜ਼ਮਾਂ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਅਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ!

ਰਿਸ਼ੀ ਤੇ ਰੁੱਖ

ਨਜ਼ਮ

ਜਦੋਂ ਮੈਂ.....

ਰੁੱਖਾਂ ਨੂੰ ਦੇਖਦਾ

ਮੈਨੂੰ ਰਿਸ਼ੀਆਂ ਵਾਂਗ ਲੱਗਦੇ

ਬਾਹਾਂ ਉਠਾ,

ਭਗਤੀ ਚ ਲੀਨ

ਜੀਵਨ-ਮੁਸ਼ਕਲਾਂ ਦੀ ਕੜਕਦੀ ਧੁੱਪ

ਰੁੱਖਾਂ ਦੀ ਠੰਢੀ ਛਾਂ-

ਜਿਵੇਂ ਕੋਈ ਮਾਂ

ਦੂਈ ਦਵੈਤ ਤੋਂ ਮੁਕਤ

ਤੇਰ ਮੇਰ ਨਾਂ ਕਰਦੇ

ਇਹ ਰਿਸ਼ੀ,

ਮੌਸਮਾਂ ਦੀ ਕਰੋਪੀ ਜਰਦੇ

ਕੋਈ ਕੱਟੇ ਜਾਂ ਵੱਢੇ

ਸਿੰਜੇ ਜਾਂ ਨਾਂ ਸਿੰਜੇ

ਇਨ੍ਹਾਂ ਨੂੰ ਸਭ ਪਿਆਰੇ

ਕਿਸੇ ਦਾ ਬੁਰਾ ਨਾ ਚਿਤਵਦੇ

ਧਰਤੀ ਤੇ ਪੈਰ ਗੱਡੀਂ ਰੱਖਦੇ

ਹਮੇਸ਼ਾਂ ਅੰਬਰ ਵੱਲ ਤੱਕਦੇ

ਉੱਪਰ ਹੀ ਉੱਪਰ ਜਾਂਦੇ

ਹਰ ਕਿਸੇ ਦੀ ਖ਼ੈਰ ਮਨਾਂਦੇ

ਚੁਗਲਖੋਰਾਂ,

ਹੰਕਾਰੀਆਂ ਤੋਂ ਨਾ ਡਰਦੇ

ਇੱਟਾਂ ਵੱਟਿਆਂ ਦੀ

ਪਰਵਾਹ ਨਾ ਕਰਦੇ

ਕਦੀ ਪੱਤਰੇ

ਕਦੀ ਨਿਪੱਤਰੇ ਜੀਂਦੇ

ਧਰਤੀ ਚੋਂ ਅੰਮ੍ਰਿਤ ਪੀਂਦੇ

ਕਾਦਰ ਨੂੰ ਚੌਰ ਕਰਦੇ

ਮਹਿਕਾਂ ਦੀ ਧੂਫ਼ ਧੁਖਾਉਂਦੇ

ਪ੍ਰਾਣ ਵਾਯੂ ਬਚਨ ਇਨ੍ਹਾਂ ਦੇ

ਰਖਵਾਲੇ ਸਾਰੇ ਜੱਗ ਦੇ

ਇਹ ਰੁੱਖ

ਮੈਨੂੰ ਰਿਸ਼ੀਆਂ ਵਰਗੇ ਲੱਗਦੇ

===========

ਮਨੁੱਖ ਦੀ ਮੌਤ

ਨਜ਼ਮ

ਜਦੋਂ .....

ਅੰਦਰੋਂ ਮਨੁੱਖ ਮਰਦਾ ਹੈ

ਤਾਂ ਮਖੌਟੇ ਜਨਮ ਲੈਂਦੇ ਨੇ

ਕਠਪੁਤਲੀਆਂ ਨੱਚਦੀਆਂ ਨੇ

ਪੈਸਾ ਟੁਣਕਦਾ ਹੈ

ਓਵਰ ਟਾਈਮ ਵਧ ਜਾਂਦੇ ਨੇ

ਇਕਾਨਮੀ ਮੂਵ ਕਰਦੀ ਹੈ

ਬੰਦੇ ਮਸ਼ੀਨਾਂ ਬਣ ਜਾਂਦੇ ਨੇ

ਤੇ ਮਸ਼ੀਨਰੀ..........

ਬੰਦਿਆਂ ਤੋਂ ਪਿਆਰੀ।

ਘਰ.........

ਬੱਚਿਆਂ ਤੋਂ ਪਿਆਰੇ ਲੱਗਦੇ ਨੇ।

ਤੇ ਮਾਪੇ...........

ਘਰ ਪਿਆ ਵਾਧੂ ਸਮਾਨ।

---

ਰੌਣਕ ਚਿਹਰੇ ਤੇ ਨਹੀਂ

ਬੈਂਕ ਅਕਾਊਂਟ ਚ ਆਉਂਦੀ ਹੈ

ਰਿਸ਼ਤੇ ਗਰਕ ਹੋ ਜਾਂਦੇ ਨੇ

ਵਿਸ਼ਵਾਸ ਤਿੜਕ ਜਾਂਦੇ ਨੇ

ਬੱਸ ਮਖੌਟੇ ਜੀਊਂਦੇ ਨੇ

---

ਹਰ ਕੋਈ ਸ਼ੱਕੀ ਜਾਪਦਾ ਹੈ

ਕਿਸੇ ਤੇ ਵੀ ਯਕੀਨ ਨਹੀਂ ਹੁੰਦਾ

ਉਦੋਂ ਮਨੁੱਖ ਹੋਣ ਦਾ ਬੰਦਾ ਦੰਭ ਕਰਦਾ

ਕੁੱਤੇ ਬਿੱਲੀਆਂ ਨੂੰ ਪੁਚਕਾਰਦਾ

ਤੇ ਬੱਚਿਆਂ ਨੂੰ ਦੁਰਕਾਰਦਾ ਹੈ

---

ਕੋਈ ਉਸ ਨੂੰ ਕਠਪੁਤਲੀ ਵਾਂਗ ਨਚਾਉਂਦਾ

ਘਰੋਂ ਕੰਮ ਤੇ ਅਤੇ ਕੰਮ ਤੋਂ ਘਰ ਆਂਉਦਾ

ਜੀਂਦਾ ਨਹੀਂ ਬੱਸ ਦਿਨ ਕਟੀ ਕਰਦਾ

ਦਿਨ ਵਿੱਚ ਹਜ਼ਾਰ ਵਾਰ ਮਰਦਾ

ਸਮੇਂ ਦੀ ਹਨੇਰੀ ਸੰਗ ਉੱਡਦਾ

ਦੌੜਦਾ ਤੇ ਹਫ਼ਿਆ ਹੋਇਆ

ਉਸ ਕੋਲ ਕਿਸੇ ਲਈ ਵਕਤ ਨਾ ਹੁੰਦਾ

ਆਪਣੇ ਆਪ ਲਈ ਵੀ ਨਹੀਂ

---

ਬਿਸਤਰ ਸੂਲਾਂ ਦੀ ਸੇਜ ਲੱਗਦੇ

ਖਾਣੇ ਟੇਬਲ ਤੇ ਧਰੇ ਧਰਾਏ ਰਹਿ ਜਾਂਦੇ

ਇੱਕ ਹੱਥ ਚਾਹ ਦਾ ਕੱਪ

ਤੇ ਦੂਸਰੇ ਹੱਥ ਕਾਰ ਦਾ ਸਟੇਰਿੰਗ ਹੁੰਦਾ

ਗੱਲਾਂ ਸਿਰਫ ਫੋਨ ਤੇ ਹੁੰਦੀਆਂ

ਪਰਿਵਾਰ ਲਈ ਸਮਾਂ ਨਾ ਹੁੰਦਾ

---

ਜਦੋਂ ਮਨੁੱਖ ਪ੍ਰਕਿਰਤੀ ਤੋਂ ਟੁੱਟ ਜਾਂਦਾ

ਉਦੋਂ ਮਨੁੱਖ ਦੀ ਮੌਤ ਹੁੰਦੀ

ਤੇ ਪੂੰਜੀ ਦਾ ਵਿਕਾਸ

ਸੱਤਾ ਆਪਣੇ ਸੁਪਨੇ ਪੂਰੇ ਕਰਦੀ

ਜਦ ਮਨੁੱਖ ਅੰਦਰੋਂ

ਮਨੁੱਖਤਾ ਮਰਦੀ।

4 comments:

Gurinderjit Singh (Guri@Khalsa.com) said...

Major sAHIB'S both poems are incredible! A very nice decription of a tree and the root cause of character deterioration.
Regards

ਤਨਦੀਪ 'ਤਮੰਨਾ' said...

ਮਾਣਯੋਗ ਮਾਂਗਟ ਸਾਹਿਬ ਜੀਓ !
ਸਤਿ ਸ੍ਰੀ ਅਕਾਲ ਕਬੂਲ ਕਰਨਾ ਜੀ ..!!
ਤੁਹਾਡੀਆਂ ਦੋਵੇਂ ਰਚਨਾਵਾਂ ਪੜ੍ਹੀਆਂ । ਬਹੁਤ ਹੀ ਕਾਬਿਲੇ-ਤਾਰੀਫ਼ ਹਨ । ਅੱਜ ਤੋਂ ਕਈ ਸਾਲ ਪਹਿਲਾਂ ਮੈਂ ਤੁਹਾਡੀ ਇੱਕ ਕਹਾਣੀ ਪੜੀ ਸੀ, 'ਪ੍ਰਦੂਸ਼ਣ'- ਕਮਾਲ ਦੀ ਕਹਾਣੀ ਸੀ । ਹੋ ਸਕੇ ਤਾਂ 'ਆਰਸੀ' ਦੇ ਪਾਠਕਾਂ ਨਾਲ ਸਾਂਝੀ ਕਰਕੇ ਵੀ ਸਾਡਾ ਮਾਣ ਵਧਾਉਂਣਾ ਜੀ । ਪੰਜਾਬੀ ਸਾਹਿਤ ਨੂੰ ਤੁਹਾਡੇ ਜਿਹੇ ਅਗਾਂਹ ਵਧੂ ਲੇਖਕਾਂ ਦੀ ਬੜੀ ਲੋੜ ਹੈ ।ਵੈਸੇ, ਮੇਰੇ ਵਰਗੇ ਲਿਖਾਰੀ ਤਾਂ ਬਥੇਰੇ ਧੂੜ 'ਚ......ਭਜਾਈ ਫਿਰਦੇ ਨੇ..!..ਖ਼ੈਰ..!! ਪੰਜਾਬੀ ਸਾਹਿਤ ਨੂੰ ਐਸੇ ਮਹਾਂਰਥੀਆਂ ਦੀ ਅੱਜ ਲੋੜ ਹੈ , ਜੋ ਇਸ ਨੂੰ ਕਿਸੇ ਮੁਕਾਮ 'ਤੇ ਪੁਹੰਚਾ ਸਕਦੇ ਹੋਣ ।..'ਆਰਸੀ' ਜ਼ਰੀਏ ਦਰਸ਼ਨ ਦਿੰਦੇ ਰਹਿਣਾ । ਅਤੇ 'ਟਰਾਂਟੋ' ਦੀ ਖ਼ਬਰਸਾਰ ਵੀ ਦੇਣਾ !

ਆਪਦਾ ਸ਼ੁੱਭਚਿੰਤਕ
ਗੁਰਮੇਲ ਬਦੇਸ਼ਾ
ਸਰੀ, ਕੈਨੇਡਾ

ਤਨਦੀਪ 'ਤਮੰਨਾ' said...

ਸਤਿਕਾਰਤ ਮਾਂਗਟ ਸਾਹਿਬ! ਦੋਵੇਂ ਨਜ਼ਮਾਂ ਬੇਹੱਦ ਖ਼ੂਬਸੂਰਤ ਨੇ, ਮੁਬਾਰਕਾਂ ਕਬੂਲ ਕਰੋ।
ਜਦੋਂ ਮੈਂ.....

ਰੁੱਖਾਂ ਨੂੰ ਦੇਖਦਾ

ਮੈਨੂੰ ਰਿਸ਼ੀਆਂ ਵਾਂਗ ਲੱਗਦੇ

ਬਾਹਾਂ ਉਠਾ,

ਭਗਤੀ ‘ਚ ਲੀਨ

ਜੀਵਨ-ਮੁਸ਼ਕਲਾਂ ਦੀ ਕੜਕਦੀ ਧੁੱਪ

ਰੁੱਖਾਂ ਦੀ ਠੰਢੀ ਛਾਂ-

ਜਿਵੇਂ ਕੋਈ ਮਾਂ
------
ਹਰ ਕਿਸੇ ਦੀ ਖ਼ੈਰ ਮਨਾਂਦੇ

ਚੁਗਲਖੋਰਾਂ,

ਹੰਕਾਰੀਆਂ ਤੋਂ ਨਾ ਡਰਦੇ

ਇੱਟਾਂ ਵੱਟਿਆਂ ਦੀ

ਪਰਵਾਹ ਨਾ ਕਰਦੇ

ਕਦੀ ਪੱਤਰੇ

ਕਦੀ ਨਿਪੱਤਰੇ ਜੀਂਦੇ

ਧਰਤੀ ‘ਚੋਂ ਅੰਮ੍ਰਿਤ ਪੀਂਦੇ

ਕਾਦਰ ਨੂੰ ਚੌਰ ਕਰਦੇ

ਮਹਿਕਾਂ ਦੀ ਧੂਫ਼ ਧੁਖਾਉਂਦੇ
ਬਹੁਤ ਖ਼ੂਬ!
===============
ਜਦੋਂ .....

ਅੰਦਰੋਂ ਮਨੁੱਖ ਮਰਦਾ ਹੈ

ਤਾਂ ਮਖੌਟੇ ਜਨਮ ਲੈਂਦੇ ਨੇ

ਕਠਪੁਤਲੀਆਂ ਨੱਚਦੀਆਂ ਨੇ

ਪੈਸਾ ਟੁਣਕਦਾ ਹੈ

ਓਵਰ ਟਾਈਮ ਵਧ ਜਾਂਦੇ ਨੇ

ਇਕਾਨਮੀ ਮੂਵ ਕਰਦੀ ਹੈ

ਬੰਦੇ ਮਸ਼ੀਨਾਂ ਬਣ ਜਾਂਦੇ ਨੇ

ਤੇ ਮਸ਼ੀਨਰੀ..........

ਬੰਦਿਆਂ ਤੋਂ ਪਿਆਰੀ।

ਘਰ.........

ਬੱਚਿਆਂ ਤੋਂ ਪਿਆਰੇ ਲੱਗਦੇ ਨੇ।

ਤੇ ਮਾਪੇ...........

ਘਰ ਪਿਆ ਵਾਧੂ ਸਮਾਨ।

ਬਹੁਤ ਤਿੱਖਾ ਵਿਅੰਗ ਹੈ ਰਿਹ ਨਜ਼ਮ ਇਹਨਾਂ ਦੇਸਾਂ ਦੀ ਰੁਝੇਵਿਆਂ ਅਤੇ ਤਣਾਅ ਭਰੀ ਜ਼ਿੰਦਗੀ ਤੇ...
ਬਿਸਤਰ ਸੂਲਾਂ ਦੀ ਸੇਜ ਲੱਗਦੇ

ਖਾਣੇ ਟੇਬਲ ਤੇ ਧਰੇ ਧਰਾਏ ਰਹਿ ਜਾਂਦੇ

ਇੱਕ ਹੱਥ ਚਾਹ ਦਾ ਕੱਪ

ਤੇ ਦੂਸਰੇ ਹੱਥ ਕਾਰ ਦਾ ਸਟੇਰਿੰਗ ਹੁੰਦਾ

ਗੱਲਾਂ ਸਿਰਫ ਫੋਨ ਤੇ ਹੁੰਦੀਆਂ

ਪਰਿਵਾਰ ਲਈ ਸਮਾਂ ਨਾ ਹੁੰਦਾ
ਬਹੁਤ ਖ਼ੂਬ! ਮੁਬਾਰਕਾਂ ਕਬੂਲ ਕਰੋ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ-ਸਤਿ ਸ੍ਰੀ ਅਕਾਲ,
ਆਪ ਦਾ ਬਲੌਗ ਹਰੇਕ ਦਿਨ ਪੜ੍ਹਨ ਲੱਗਿਆ ਹਾਂ।ਬੜਾ ਚੰਗਾ ਲੱਗਦਾ ਹੈ ਕਿ ਤੁਸੀਂ ਐਨੀ ਮਿਹਨਤ ਕਰਦੇ ਹੋ ਅਤੇ ਸਾਰਿਆਂ ਨਾਲ ਸੰਪਰਕ ਵੀ ਰੱਖਦੇ ਹੋ ਫਿਰ ਬੜੇ ਸਤਿਕਾਰ ਨਾਲ ਲੇਖਕਾਂ ਨੂੰ ਪੇਸ਼ ਕਰਦੇ ਹੋ।ਮੈਨੂੰ ਵੀ ਛਪ ਕੇ ਬਹੁਤ ਚੰਗਾ ਲੱਗਿਆ।ਤੁਹਾਡੀ ਸਹਿਣਸ਼ੀਲਤਾ ਅਤੇ ਕੰਮ ਪ੍ਰਤੀ ਲਗਨ ਲਈ ਦਾਦ ਦਿੰਦਾ ਹਾਂ।ਇਨ੍ਹਾਂ ਮੁਲਕਾਂ ਵਿੱਚ ਸਹਿਤ ਲਈ ਵਕਤ ਕੱਢਣਾ ਬਹੁਤ ਮੁਸ਼ਕਲ ਹੈ।ਤੁਹਾਡੀ ਇਮਾਨਦਾਰੀ ਅਤੇ ਸਹਿਤ ਪ੍ਰਤੀ ਸੱਚੀ ਸੁੱਚੀ ਭਾਵਨਾ ਕਰਕੇ ਲੇਖਕ ਬਿਨਾ ਝਿਜਕ ਤੁਹਾਡੇ ਨਾਲ ਜੁੜ ਰਹੇ ਹਨ।ਨਹੀਂ ਤਾਂ ਗੁੱਟ ਬਾਜੀ ਅਧੀਨ ਆਪਣਿਆਂ ਨੂੰ ਪ੍ਰਚਾਰਨਾ ਤੇ ਦੂਜਿਆਂ ਨੂੰ ਨਕਾਰਨਾ ਵਰਗਾ ਰੁਝਾਨ ਵੀ ਹੈ।ਕਸਟਮ ਮੇਡ ਅਲੋਚਨਾ ਕਰਵਾ ਕੇ ਵੱਡੇ ਲੇਖਕ ਹੋਣ ਦੇ ਭਰਮ ਵੀ ਪ੍ਰਚੱਲਤ ਨੇ।ਪਰ ਤੁਹਾਡਾ ਬਲੌਗ ਇਸ ਪ੍ਰਦੂਸ਼ਣ ਤੋਂ ਮੁਕਤ ਹੈ।ਤੁਸੀਂ ਹਰ ਕਿਸੇ ਨੂੰ ਜੀ ਅਇਆਂ ਆਖ ਰਹੇ ਹੋਂ।ਅਤੇ ਖ਼ਤ ਵੀ ਫਿਲਟਰ ਹੋ ਕੇ ਨਹੀਂ ਛਪਦੇ।ਇੱਕ ਲੇਖਕ ਆਪਣੇ ਪਾਠਕ ਲਈ ਲਿਖਦਾ ਹੈ ਅਗਰ ਉਨ੍ਹਾਂ ਦੀ ਕਚਹਿਰੀ ਵਿੱਚ ਪ੍ਰਵਾਨ ਹੋ ਜਾਵੇ ਤਾਂ ਹੋਰ ਕੀ ਚਾਹੀਦਾ ਹੈ।ਸ:ਗੁਰਮੇਲ ਸਿੰਘ ਬਿਦੇਸ਼ਾ ਅਤੇ ਵੀਰ ਗੁਰਿੰਦਰ ਸਿੰਘ ਨੇ ਮੇਰੇ ਨਾਚੀਜ਼ ਦੀ ਤਾਰੀਫ ਕੀਤੀ ਹੈ ਬਹੁਤ ਚੰਗਾ ਲੱਗਾ।ਗੁਰਮੇਲ ਜੀ ‘ਪ੍ਰਦੂਸ਼ਣ’ ਕਹਾਣੀ ਯਾਦ ਰੱਖਣ ਲਈ ਸ਼ੁਕਰੀਆ।ਮੇਰੇ ਲਈ ਇਹ ਹੀ ਬਹੁਤ ਵੱਡਾ ਸਨਮਾਨ ਹੈ।ਮੈਂ ਆਪਣੇ ਪਾਠਕਾਂ ਨਾਲ ਜੁੜ ਕੇ ਹੀ ਮਾਣ ਮਹਿਸੂਸ ਕਰਦਾ ਹਾਂ।ਤਮੰਨਾ ਜੀ ਇਹ ਪਲੇਟ ਫਾਰਮ ਤੁਸੀਂ ਮੁਹੱਈਆ ਕਰਵਾਇਆ ਹੈ।ਇਸ ਤੋਂ ਪੇਸ਼ ਹੋਣ ਦੀ ਖੁਸ਼ੀ ਲੈਂਦਾ ਰਹਾਂਗਾ।ਮੇਰੇ ਲਈ ਕੋਈ ਵੀ ਜ਼ਿੰਮੇਵਾਰੀ ਹੋਈ ਤਾਂ ਦੱਸਣਾ।ਇੱਕ ਵਾਰ ਫੇਰ ਤੁਹਾਡੀ ਮਿਹਨਤ ਅਤੇ ਲਗਨ ਨੂੰ ਸਲਾਮ! ਹਾਂ ਸੱਚ ਬਲੌਗ ਲਈ ਤੁਹਾਨੂੰ ਨਵੀਂ ਕਹਾਣੀ,ਗੀਤ,ਕਵਿਤਾਵਾਂ,ਗ਼ਜ਼ਲਾਂ,ਨਾਵਲ,ਨਾਟਕ,ਯਾਦਾਂ,ਜੀਵਨੀ,ਯਾਤਰਾ,ਵਾਰਤਕ ਲੇਖ,ਮੁਲਾਕਾਤਾਂ ਜੋ ਕੁੱਝ ਵੀ ਚਾਹੀਦਾ ਹੋਇਆ ਦੱਸਦੇ ਰਹਿਣਾ ਮੈਂ ਉਹੋ ਰੂਪ ਭੇਜਾਂਗਾ ਜੋ ਸਿਰਫ ਅਪਦੇ ਬਲੌਗ ਲਈ ਹੋਵੇਗਾ।ਮੇਰੇ ਵਲੋਂ ਗੁਰਮੇਲ ਸਿੰਘ ਬਦੇਸ਼ਾ ਅਤੇ ਗੁਰਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ।ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ...।
ਮੇਜਰ ਮਾਂਗਟ
ਕੈਨੇਡਾ
================
ਸਤਿਕਾਰਤ ਮਾਂਗਟ ਸਾਹਿਬ! ਤੁਹਾਡੇ ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
ਤਮੰਨਾ