ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 5, 2009

ਲਾਭ ਸਿੰਘ ਚਾਤ੍ਰਿਕ - ਨਜ਼ਮ

ਦੋਸਤੋ! ਅੱਜ ਸਤਿਕਾਰਤ ਜਸਵੀਰ ਝੱਜ ਸਾਹਿਬ ਦੀ ਈਮੇਲ ਚ ਪਿੰਡ ਰਾਮਪੁਰ ਦੇ ਸਭ ਤੋਂ ਪਹਿਲੇ ਸ਼ਾਇਰ ਸਤਿਕਾਰਤ ਲਾਭ ਸਿੰਘ ਚਾਤ੍ਰਿਕ ਜੀ ਦੀ ਨਜ਼ਮ ਆਰਸੀ ਲਈ ਆਈ ਦੇਖ ਕੇ ਅੱਖਾਂ ਭਿੱਜ ਗਈਆਂ...ਇਸ ਬੂਟੇ ਤੋਂ ਚੱਲ ਕੇ ਪਿੰਡ ਰਾਮਪੁਰ ਦੀ ਸਾਹਿਤ ਫੁਲਵਾੜੀ ਕਿੱਥੇ ਤੱਕ ਮਹਿਕਾਂ ਬਿਖੇਰ ਰਹੀ ਹੈ...ਦਾਦ ਦੇਣੀ ਬਣਦੀ ਹੈ.....ਨਾਲ਼ੇ ਸੋਚਦੀ ਆ ਕਿ ਪੰਜਾਬ ਤੋਂ ਬਾਹਰ ਰਹਿੰਦੇ ਅਦੀਬਾਂ ਨੂੰ ਸ਼ਾਇਦ ਇਹਨਾਂ ਮਹਾਨ ਲੇਖਕਾਂ ਨੂੰ ਉਂਝ ਕਦੇ ਪੜ੍ਹਨ ਦਾ ਮੌਕਾ ਨਾ ਮਿਲ਼ਦਾ, ਪਰ ਇਹ ਬਲੌਗ ਇੱਕ ਐਸਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਸਾਹਿਤ ਪ੍ਰੇਮੀਆਂ ਦਾ ਮੋਹ ਤੇ ਲਗਨ ਆਪਣੀ ਖ਼ੂਬਸੂਰਤ ਮਿਸਾਲ ਆਪ ਹੈ।

ਸਤਿਕਾਰਤ ਚਾਤ੍ਰਿਕ ਸਾਹਿਬ, ਉਹਨਾਂ ਦੀਆਂ ਲਿਖਤਾਂ ਅਤੇ ਇੱਕ ਵਾਰ ਫੇਰ ਲੇਖਕਾਂ ਦੇ ਪਿੰਡ ਰਾਮਪੁਰ ਨੂੰ ਆਰਸੀ ਦੇ ਤਮਾਮ ਪਾਠਕ / ਲੇਖਕ ਦੋਸਤਾਂ ਵੱਲੋਂ ਸਲਾਮ ਹੈ। ਅੱਜ ਉਹਨਾਂ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਅਤੇ ਇੱਕ ਛੰਦ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਝੱਜ ਸਾਹਿਬ ਦਾ ਇੱਕ ਵਾਰ ਫੇਰ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

============

7 ਦਸੰਬਰ 08 ਦੀ ਸੁਹਾਵਣੀ ਸਵੇਰ ਨਹਿਰੀ ਵਿਸ਼ਰਾਮ ਘਰ ਰਾਮਪੁਰ ਵਿਖੇ ਬਿਲਕੁਲ ਓਸ ਥਾਂ ਖੜ੍ਹੇ, ਸਭਾ ਦੀ ਮੀਟਿੰਗ ਤੋਂ ਪਹਿਲਾਂ ਮੈਂ {ਜਸਵੀਰ ਝੱਜ},ਸੁਰਿੰਦਰ ਰਾਮਪੁਰੀ, ਮਹਿੰਦਰ ਕੈਦੀ, ਜਨਮੇਜਾ ਜੌਹਲ, ਗਗਨ ਆਦਿ ਗੱਲਾਂ ਵਿੱਚ ਮਘਨ ਸੀ ਕਿ ਮੇਰੇ ਮੋਬਾਇਲ ਫੋਨ ਦੀ ਘੰਟੀ ਵੱਜੀ, ਨੰਬਰ ਵਿਦੇਸ਼ੀ ਸੀ, ਪੁੱਛਣ 'ਤੇ ਜਵਾਬ ਮਿਲ਼ਿਆ ਕਨੇਡਾ ਤੋਂ ਗੁਰਦਰਸ਼ਨ ਬਾਦਲ ਬੋਲ ਰਿਹਾਂ, ਅਸੀਂ ਲੇਖਕਾਂ ਦੀ ਇਕ ਸਾਈਟ ਸ਼ੁਰੂ ਕੀਤੀ ਐ , ਤੁਹਾਡੇ ਸਹਿਯੋਗ ਅਤੇ ਲਿਖਤਾਂ ਦੀ ਲੋੜ ਐਬੱਸ! ਓਹ ਵੇਲ਼ਾ ਚੜ੍ਹਦੀ ਸਵੇਰ ਦਾ ਹੋਰ ਵੀ ਸੁਹਾਵਣਾ ਹੋ ਗਿਆ ਇਸ ਇਕ ਮਹੀਨੇ ਵਿੱਚ ਤਰੱਕੀ ਆਰਸੀ ਨੇ ਕੀਤੀ ਐ, ਇਹ ਸਭ ਤਮੰਨਾ ਦੀ ਮਿਹਨਤ ਦਾ ਅਸਰ ਹੈਰਾਮਪੁਰ ਪਿੰਡ ਦੇ ਪਹਿਲੇ ਸ਼ਾਇਰ ਲਾਭ ਸਿੰਘ ਚਾਤ੍ਰਿਕ ਰਚਿਤ ਪੁਸਤਕ ਤੇ ਸੁਖਮਿੰਦਰ ਰਾਮਪੁਰੀ ਦੁਆਰਾ ਸੰਪਾਦਿਤ ਕਾਸ਼ ਮੇਰੇ ਸੁਪਨੇ ਸੱਚ ਹੋ ਜਾਣ ਚੋਂ ਇਕ ਰਚਨਾ ਹਾਜ਼ਰ ਹੈ।

ਸ਼ੁੱਭ ਇੱਛਾਵਾਂ ਨਾਲ਼

ਜਸਵੀਰ ਝੱਜ

ਇੰਡੀਆ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ....

ਨਜ਼ਮ

ਗਾ ਗਾ ਕੇ ਕਿਸ ਤਾਈਂ ਸੁਣਾਵਾਂ

ਕਿਸ ਨੂੰ ਪਿਆਰ ਕਰਾਂ ਗਲ਼ ਲਾਵਾਂ

ਉਹ ਸੁਪਨਿਆਂ ਦੀ ਰਾਣੀ,

ਮੇਰੇ ਸੁਪਨਿਆਂ ਤੋਂ ਅਣਜਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਸੁਪਨੇ ਦੇ ਵਿਚ ਪ੍ਰੀਤਮ ਪਿਆਰੇ

ਮਿਲਦੇ ਮੈਨੂੰ ਝੀਲ ਕਿਨਾਰੇ

ਸੌਣਾ,ਜੀਵਨ, ਜਾਗ, ਮੌਤ ਜਦ

ਖ਼ੁਆਬ ਉਡਾਰੀ ਲਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਉਹ ਮੇਰੇ ਖ਼ੁਆਬਾਂ ਦੀ ਰਾਣੀ ,

ਜਿਸ ਦੀ ਸੁਪਨੇ ਕਹਿਣ ਕਹਾਣੀ,

ਅਣ-ਛੋਹੀ ਏ, ਮਤਵਾਲੀ ਏ,

ਓਹ ਮੇਰੀ ਜਿੰਦ ਜਾਨ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਸੂਖ਼ਮ ਨੈਣਾਂ ਦੇ ਵਿੱਚ ਪਾਲ਼

ਨਾਜ਼ੁਕ ਸੁਪਨੇ ਪਿਆਰਾਂ ਵਾਲੇ

ਬੰਦ ਅੱਖੀਆਂ ਵਿੱਚ ਪਿਆਰਾਂ ਵਾਲ਼ੇ

ਸੁਪਨੇ ਜਿੰਦ ਪ੍ਰਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

---

ਰੂਹ ਮੇਰੀ ਸੁੰਨ ਹੋਣਾ ਭੁੱਲੇ

ਦਿਲ ਮੇਰੇ ਨੂੰ ਰੋਣਾ ਭੁੱਲੇ

ਜੇ ਖ਼ੁਆਬਾਂ ਵਿਚ ਆਵਣ ਵਾਲੇ

ਜਾਗਦਿਆਂ ਦਿਸ ਜਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਹੁਸਨਾਂ ਜਾਈ, ਜਿਸ ਨੂੰ ਲੋਚਾਂ

ਜਿਸ ਨੂੰ ਮਿਲ਼ਣ ਲਈ ਵਿਧ ਸੋਚਾਂ

ਸੁਪਨਿਆਂ ਵਿਚ ਓਹ ਭੱਜ ਭੱਜ ਆਵੇ

ਦੁਖਿਆ ਦਿਲ ਪਰਚਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਖੁ਼ਸ਼ੀ 'ਚ ਫੁੱਲਿਆ ਕਿਵੇਂ ਸਮਾਵਾਂ,

ਨੱਚਾਂ, ਟੱਪਾਂ, ਹੱਸਾਂ, ਗਾਵਾਂ

ਚਾਤ੍ਰਿਕ ਨੂੰ ਇਕ ਝਲਕ ਦਿਖਾਕੇ

ਜਿਸ ਦੇ ਖ਼ੁਆਬ ਸਤਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

----

ਗਾ ਗਾ ਕੇ ਕਿਸ ਤਾਈਂ ਸੁਣਾਵਾਂ,

ਕਿਸ ਨੂੰ ਪਿਆਰ ਕਰਾਂ ਗਲ਼ ਲਾਵਾਂ,

ਉਹ ਸੁਪਨਿਆਂ ਦੀ ਰਾਣੀ,

ਮੇਰੇ ਸੁਪਨਿਆਂ ਤੋਂ ਅਣਜਾਣ

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ

===============

ਕੋਰੜਾ ਛੰਦ

ਰਾਮਪੁਰ ਪਿੰਡ ਦਾ ਹਾਂ ਜਸ ਗਾਂਵਦੇ,

ਜੋੜਕੇ ਤੇ ਛੰਦ ਤੁਸਾਂ ਨੂੰ ਸੁਣਾਂਵਦੇ,

ਜਿਲ੍ਹਾ ਸਾਡਾ 'ਬਸੀ' ਵੀਰੋ 'ਪੈਲ' ਠਾਣਾ ਹੈ।

'ਰਾਮਪੁਰ' ਪਿੰਡ ਦਾਸਾਂ ਦਾ ਟਿਕਾਣਾ ਹੈ

----

ਲਾਭ , ਸੁਰਜੀਤ, ਛੰਦ ਨੇ ਬਣਾ ਗਏ,

ਲਿਖ ਕੇ ਨੇ ਪਿੰਡ ਸਭ ਨੂੰ ਦਿਖਾ ਗਏ ,

ਹੋਵੇ ਕੋਈ ਲੋੜ ਸਾਨੂੰ ਖ਼ਤ ਪਾਣਾ ਹੈ।

'ਰਾਮਪੁਰ' ਪਿੰਡ ਦਾਸਾਂ ਦਾ ਟਿਕਾਣਾ ਹੈ

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਝੱਜ ਸਾਹਿਬ! ਲੇਖਕਾਂ ਦੇ ਪਿੰਡ ਰਾਮਪੁਰ ਦੇ ਪਹਿਲੇ ਸ਼ਾਇਰ ਜਨਾਬ ਲਾਭ ਸਿੰਘ ਚਾਤ੍ਰਿਕ ਜੀ ਦੀ ਨਜ਼ਮ ਆਰਸੀ ਲਈ ਭੇਜਣ ਲਈ ਬਹੁਤ-ਬਹੁਤ ਸ਼ੁਕਰੀਆ। ਨਜ਼ਮ ਬੇਹੱਦ ਪਸੰਦ ਆਈ।
ਸੂਖ਼ਮ ਨੈਣਾਂ ਦੇ ਵਿੱਚ ਪਾਲ਼

ਨਾਜ਼ੁਕ ਸੁਪਨੇ ਪਿਆਰਾਂ ਵਾਲੇ

ਬੰਦ ਅੱਖੀਆਂ ਵਿੱਚ ਪਿਆਰਾਂ ਵਾਲ਼ੇ

ਸੁਪਨੇ ਜਿੰਦ ਪ੍ਰਾਣ।

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ।

---

ਰੂਹ ਮੇਰੀ ਸੁੰਨ ਹੋਣਾ ਭੁੱਲੇ

ਦਿਲ ਮੇਰੇ ਨੂੰ ਰੋਣਾ ਭੁੱਲੇ

ਜੇ ਖ਼ੁਆਬਾਂ ਵਿਚ ਆਵਣ ਵਾਲੇ

ਜਾਗਦਿਆਂ ਦਿਸ ਜਾਣ।

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ।

----

ਹੁਸਨਾਂ ਜਾਈ, ਜਿਸ ਨੂੰ ਲੋਚਾਂ

ਜਿਸ ਨੂੰ ਮਿਲ਼ਣ ਲਈ ਵਿਧ ਸੋਚਾਂ

ਸੁਪਨਿਆਂ ਵਿਚ ਓਹ ਭੱਜ ਭੱਜ ਆਵੇ

ਦੁਖਿਆ ਦਿਲ ਪਰਚਾਣ।

ਕਾਸ਼! ਮੇਰੇ ਸੁਪਨੇ ਸੱਚ ਹੋ ਜਾਣ।

ਬਹੁਤ ਖ਼ੂਬ! ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਇੱਕ ਵਾਰ ਫੇਰ ਸਲਾਮ!

ਤਮੰਨਾ