ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 7, 2009

ਹਰਮਿੰਦਰ ਬਣਵੈਤ - ਨਜ਼ਮ

ਬੇਬੇ ਕਹਿੰਦੀ ਸੀ

ਨਜ਼ਮ

ਬੇਬੇ ਕਹਿੰਦੀ ਸੀ ਸੁਣ ਕਾਕਾ ਨਾ ਪਰਦੇਸ ਜਾਈਂ।

ਜੋ ਸੁੱਖ ਆਪਣੇ ਵਿਹੜੇ ਮਿਲ਼ਦੈ ਉਹ ਨਾ ਦੂਰ ਦਿਸ਼ਾਈਂ।

ਭੁੱਖੀ ਨੀਅਤ ਕਦੇ ਨਾ ਭਰਦੀ ਢਿਡ ਭਰਨਾ ਨਹੀਂ ਔਖਾ,

ਜੋ ਰੱਬ ਦੇਵੇ ਸ਼ੁਕਰ ਕਰੀਂ ਤੇ ਰੁੱਖਾ-ਮਿੱਸਾ ਖਾਈਂ

----

ਬੇਬੇ ਕਹਿੰਦੀ ਸੀ ਸੁਣ ਕਾਕਾ ਕਦੇ ਨਾ ਬੋਲੀਂ ਰੁੱਖਾ।

ਜੋ ਕੋਈ ਤੈਨੂੰ ਕੌੜਾ ਬੋਲੇ ਰੋਸ ਕਰੀਂ ਨਾ ਉੱਕਾ।

ਪੱਥਰ ਵਾਂਗੂੰ ਬਣੀਂ ਨਾ ਪੁੱਤਰਾ ਜੋ ਬਰਸਾਤਾਂ ਵਿਚ ਵੀ,

ਭਿਜਦਾ ਰਹਿੰਦਾ, ਭਿਜਦਾ ਰਹਿੰਦਾ ਫਿਰ ਸੁੱਕੇ ਦਾ ਸੁੱਕਾ

----

ਬੇਬੇ ਕਹਿੰਦੀ ਸੀ ਸੁਣ ਕਾਕਾ ਇੱਕ ਗੱਲ ਬੰਨ੍ਹੀਂ ਪੱਲੇ!

ਨਾ ਤੇ ਦੁੱਖ ਸਦਾ ਹੀ ਰਹਿੰਦੇ, ਨਾ ਹੀ ਵਕਤ ਸਵੱਲੇ।

ਅੱਤ ਭਲੀ ਨਹੀਂ ਹੁੰਦੀ ਪੁੱਤਰਾ ਸਾਵਾਂ ਟੁਰਨਾ ਸਿੱਖੀਂ,

ਤੱਤੀ 'ਵਾ ਨਾ ਲੱਗੇ ਤੈਨੂੰ ਜੇ ਵੱਸ ਮੇਰਾ ਚੱਲੇ

----

ਬੇਬੇ ਕਹਿੰਦੀ ਸੁਣ ਕਾਕਾ ਰਹਿਣਾ ਸੱਚਾ ਸੁੱਚਾ।

ਦੁਨੀਆ ਦੀ ਇਹ ਰੀਤ ਰਹੀ ਹੈ ਬਣੇ ਚੌਧਰੀ ਲੁੱਚਾ।

ਏਕ ਨੂਰ ਤੇ ਸਭ ਜੱਗ ਉਪਜਿਆ ਗੁਰਬਾਣੀ ਹੈ ਕਹਿੰਦੀ,

ਹਰ ਬੰਦਾ ਹੈ ਇਕ ਬਰਾਬਰ ਕੀ ਨੀਵਾਂ ਕੀ ਉੱਚਾ

----

ਬੇਬੇ ਕਹਿੰਦੀ ਸੀ ਸੁਣ ਕਾਕਾ ਹੋਵੇ ਉਮਰ ਵਡੇਰੀ।

ਮਤਲਬ ਦੀ ਇਹ ਦੁਨੀਆ ਸਾਰੀ ਨਾ ਤੇਰੀ ਨਾ ਮੇਰੀ।

ਚਾਰ ਦਿਨਾਂ ਦਾ ਖੇਡ ਤਮਾਸ਼ਾ, ਚਾਰ ਦਿਨਾਂ ਦੀ ਰੌਣਕ,

ਰਾਵਣ ਵਰਗੇ ਹੋ ਕੇ ਰਹਿ ਗਏ ਇਕ ਮਿੱਟੀ ਦੀ ਢੇਰੀ

ਬੇਬੇ ਕਹਿੰਦੀ ਸੀ……

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਬਣਵੈਤ ਸਾਹਿਬ! ਤੁਹਾਡੀ ਨਜ਼ਮ ਪੜ੍ਹ ਕੇ ਨਾਨੀ ਜੀ ਦੀਆਂ ਗੱਲਾਂ ਯਾਦ ਆ ਗਈਆਂ ਤਾਂ ਗੱਚ ਭਰ ਆਇਆ...ਬਹੁਤ ਖ਼ੂਬਸੂਰਤ ਨਜ਼ਮ ਹੈ..ਮੁਬਾਰਕਬਾਦ ਕਬੂਲ ਕਰੋ!

ਬੇਬੇ ਕਹਿੰਦੀ ਸੀ ਸੁਣ ਕਾਕਾ ਕਦੇ ਨਾ ਬੋਲੀਂ ਰੁੱਖਾ।

ਜੋ ਕੋਈ ਤੈਨੂੰ ਕੌੜਾ ਬੋਲੇ ਰੋਸ ਕਰੀਂ ਨਾ ਉੱਕਾ।

ਪੱਥਰ ਵਾਂਗੂੰ ਬਣੀਂ ਨਾ ਪੁੱਤਰਾ ਜੋ ਬਰਸਾਤਾਂ ਵਿਚ ਵੀ,

ਭਿਜਦਾ ਰਹਿੰਦਾ, ਭਿਜਦਾ ਰਹਿੰਦਾ ਫਿਰ ਸੁੱਕੇ ਦਾ ਸੁੱਕਾ ।

----

ਬੇਬੇ ਕਹਿੰਦੀ ਸੀ ਸੁਣ ਕਾਕਾ ਇੱਕ ਗੱਲ ਬੰਨ੍ਹੀਂ ਪੱਲੇ!

ਨਾ ਤੇ ਦੁੱਖ ਸਦਾ ਹੀ ਰਹਿੰਦੇ, ਨਾ ਹੀ ਵਕਤ ਸਵੱਲੇ।

ਅੱਤ ਭਲੀ ਨਹੀਂ ਹੁੰਦੀ ਪੁੱਤਰਾ ਸਾਵਾਂ ਟੁਰਨਾ ਸਿੱਖੀਂ,

ਤੱਤੀ 'ਵਾ ਨਾ ਲੱਗੇ ਤੈਨੂੰ ਜੇ ਵੱਸ ਮੇਰਾ ਚੱਲੇ ।

ਬਹੁਤ ਖ਼ੂਬ!

ਤਮੰਨਾ