
ਮੌਜੂਦਾ ਨਿਵਾਸ: ਸਸਕੈਚੇਵਨ, ਕੈਨੇਡਾ
ਕਿੱਤਾ: ਅਧਿਆਪਨ
ਕਿਤਾਬ: ਹਾਲੇ ਪ੍ਰਕਾਸ਼ਿਤ ਨਹੀਂ ਹੋਈ। ਸੰਧੂ ਸਾਹਿਬ ਦੇ ਲਿਖੇ ਹਾਇਕੂ ਪੜ੍ਹ ਕੇ ਮੈਂ ਬਹੁਤ ਮੁਤਾਸਿਰ ਹੋਈ ਹਾਂ। ਅੱਜ ਉਹਨਾਂ ਨੇ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਇਹਨਾਂ ਬੇਚੈਨ ਲੋਕਾਂ ਨੂੰ ਪਰ੍ਹੇ ਬਹੁ ਵੇਖਿਆ ਕਰੀਏ।
ਚਲੋ ਚੁੱਪ ਚਾਪ ਇਓਂ ਆਪਣੇ ਇਕੱਲ ਦਾ ਚਾਅ ਜਿਹਾ ਕਰੀਏ।
----
ਕੋਈ ਆਇਆ ਨਹੀਂ ਇਹ ਸੋਚ ਕੇ ਮਾਯੂਸ ਕਿਓਂ ਹੋਣਾ?
ਹਵਾ ਖ਼ਾਤਰ ਵੀ ਉੱਠ ਕੇ ਬੂਹਿਆਂ ਨੂੰ ਖੋਲ੍ਹਿਆ ਕਰੀਏ।
----
ਜੁ ਮੇਰੇ ਕੋਲ਼ ਬੈਠੀ ਹੈ ਇਹ ਠਰਦੀ ਰਾਤ ਹੈ ਅੱਜ ਦੀ,
ਓ ਮੇਰੇ ਜਜ਼ਬਿਓ! ਚਿਣਗਾਂ ਦਿਓ, ਇਸਦਾ ਉਪਾ ਕਰੀਏ।
----
ਹੁਣੇ ਆਕੇ ਗਏ ਸਾਹ ਵਾਂਗ ਇਹ ਵੀ ਵਿੱਸਰ ਜਾਵੇਗੀ,
ਤਾਂ ਫਿਰ ਕਿਸਦਾ ਵਿਸਾਹ ਕਰੀਏ ਤੇ ਕਾਹਦਾ ਤੌਖ਼ਲ਼ਾ ਕਰੀਏ।
----
ਜਦੋਂ ਤੀਕਰ ਅਸਾਡੇ ਬੋਲ ਕਿਰਨਾਂ ਹੋ ਨਹੀਂ ਜਾਂਦੇ,
ਸਿਆਹੀ ਬਣਕੇ ਸਫ਼ਿਆਂ ਨੂੰ ਅਰਘ ਹੁੰਦੇ ਰਿਹਾ ਕਰੀਏ।
=====
ਗ਼ਜ਼ਲ
ਰਾਤ ਦੇ ਸੀਨੇ ‘ਤੇ ਕੁੱਝ ਚਾਨਣ ਮਚਲਦਾ ਰਹਿਣ ਦੇ।
ਤੂੰ ਪੜਾਅ ਤੋਂ ਕੂਚ ਕਰ ਦੀਵਾ ਟਿਮਕਦਾ ਰਹਿਣ ਦੇ।
----
ਪਿਘਲ਼ ਜਾਵੇ ਤੇਰੀਆਂ ਪਲਕਾਂ ‘ਤੇ ਠਹਿਰੀ ਚਾਨਣੀ,
ਆਪਣਾ ਚੇਹਰਾ ਮੇਰੇ ਚੇਹਰੇ ‘ਤੇ ਝੁਕਿਆ ਰਹਿਣ ਦੇ।
----
ਨਾਗ਼ਵਾਰਾ ਹੈ ਤੇਰਾ ਚੁੰਮਣ ਤਾਂ ਫਿਰ ਖੰਜਰ ਸਹੀ,
ਕੁਝ ਮੇਰੇ ਮਤਲਬ ਦਾ ਵੀ ਸੀਨੇ ਤੇ ਸਜਿਆ ਰਹਿਣ ਦੇ।
----
ਕੋਟ ਤੇਹਾਂ ਨੇ ਤੇਰੇ ਚੌਗਿਰਦ ਬੱਸ ਏਸੇ ਲਈ,
ਆਪਣੇ ਅੰਦਰ ਹਰਿੱਕ ਦਰਿਆ ਨੂੰ ਵਗਦਾ ਰਹਿਣ ਦੇ।
----
ਦੋਸਤੀ ਕਰ ਪਿਆਰ ਕਰ ਅਹਿਸਾਨ ਨਾ ਕਰ ਇਸ ਤਰ੍ਹਾਂ,
ਬਾਦ ਇੱਕ ਅਰਸੇ ਦੇ ਸਿਰ ਉੱਠਿਆ ਹੈ ਉੱਠਿਆ ਰਹਿਣ ਦੇ।
----
ਸ਼ੂਕਦਾ ਦਰਿਆ ਹਾਂ ਮੈਂ ਤੇ ਤਲ ਮੇਰੇ ਦੀ ਧਰਤ ਤੂੰ,
ਆਪਣਾਪਨ ਮੇਰੀਆਂ ਲਹਿਰਾਂ ‘ਚ ਘੁਲ਼ਦਾ ਰਹਿਣ ਦੇ।
No comments:
Post a Comment