ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 2, 2009

ਨਦੀਮ ਪਰਮਾਰ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਉੱਘੇ ਲੇਖਕ ਤੇ ਗ਼ਜ਼ਲਗੋ ਸਤਿਕਾਰਤ ਨਦੀਮ ਪਰਮਾਰ ਸਾਹਿਬ ਨੇ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਪਰਮਾਰ ਸਾਹਿਬ ਦਾ ਗ਼ਜ਼ਲਗੋਈ ਦੇ ਖੇਤਰ ਚ ਇੱਕ ਵੱਖਰਾ ਮੁਕਾਮ ਹੈ। ਕੁਲਵੰਤ ਸਿੰਘ ਪਰਮਾਰ ਦਾ ਜਨਮ ਜੂਨ 9, 1936, ਨੂੰ ਲਾਇਲਪੁਰ ਪਾਕਿਸਤਾਨ ਚ ਹੋਇਆ। ਉਹਨਾਂ ਨੇ ਨਦੀਮ ਪਰਮਾਰ ਦੇ ਅਦਬੀ ਨਾਮ ਦੇ ਤਹਿਤ ਸਾਹਿਤ ਰਚਿਆ।

ਲੰਡਨ ਬੋਰਡ ਔਫ਼ ਐਜੂਕੇਸ਼ਨ ਤੋਂ L.B.E. ਅਤੇ ਲੈਨਕੈਸਟਰ ਤੋਂ P. ENG. ਦੀ ਉੱਚ ਵਿੱਦਿਆ ਪ੍ਰਾਪਤ, ਪਰਮਾਰ ਸਾਹਿਬ ਕੈਨੇਡਾ ਚ 1973 ਤੋਂ ਪਰਿਵਾਰ ਸਹਿਤ ਨਿਵਾਸ ਕਰ ਰਹੇ ਹਨ। ਉਨਾਂ ਨੇ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਚ ਸਾਹਿਤ ਰਚਿਆ ਹੈ। ਉਹਨਾਂ ਦੀਆਂ ਲਿਖੀਆਂ ਖ਼ੂਬਸੂਰਤ ਗ਼ਜ਼ਲਾਂ ਜਗਜੀਤ ਸਿੰਘ, ਜਸਵਿੰਦਰ ਤੇ ਸ਼ਸ਼ੀ ਵਿਰਕ ਦੀ ਆਵਾਜ਼ ਚ ਰਿਕਾਰਡ ਵੀ ਹੋ ਚੁੱਕੀਆਂ ਹਨ।

ਉਹਨਾਂ ਦੁਆਰਾ ਰਚਿਤ ਕਿਤਾਬਾਂ ਚ: ਗ਼ਜ਼ਲ ਦੀ ਵਿਆਕਰਣ, ਪੇਸ਼ੀ, ਇੰਦਰ ਜਲ, ਚਿੱਟੀ ਮੌਤ ( ਨਾਵਲ), ਨਦੀਮ, ਰੂਪਹਿਲੀ ( ਪੰਜਾਬੀ ਗ਼ਜ਼ਲ-ਸੰਗ੍ਰਹਿ), ਬਿੰਦੂ ਤੋਂ ਉਰੇ, ਨਿਮਰਤਾ ( ਪੰਜਾਬੀ ਗ਼ਜ਼ਲ ਤੇ ਕਵਿਤਾ-ਸੰਗ੍ਰਹਿ ) ਨਦੀਮ, ਲਾਲਾ-ਏ-ਬੇਜ਼ਾਰੀ, ਇਸ਼ਾਰਿਆ ਸੇ ਪਹਿਲੇ, ( ਉਰਦੂ ਗ਼ਜ਼ਲ-ਸੰਗ੍ਰਹਿ) ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਰਦੂ ਸ਼ਾਇਰੀ ਦੀਆਂ ਕਿਤਾਬਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਅਤੇ ਪੰਜਾਬੀ ਦਾ ਅੰਗਰੇਜ਼ੀ ਚ ਅਨੁਵਾਦ ਵੀ ਕਰ ਚੁੱਕੇ ਹਨ। ਵੈਨਕੂਵਰ ਤੋਂ ਪੰਜਾਬੀ ਦੇ ਗ਼ਜ਼ਲ ਰਸਾਲੇ ਗ਼ਜ਼ਲ ਦਾ 1996-2002 ਤੱਕ ਸੰਪਾਦਨ ਵੀ ਕਰ ਚੁੱਕੇ ਹਨ।

ਸਾਹਿਤਕ ਤੌਰ ਤੇ ਬੜੇ ਸਰਗਰਮ ਨਦੀਮ ਸਾਹਿਬ ਕਈ ਸਾਹਿਤ ਸਭਾਵਾਂ ਦੇ ਮੈਂਬਰ ਰਹੇ ਹਨ। ਉਹਨਾਂ ਨੂੰ ਉਹਨਾਂ ਦੀਆਂ ਸਹਿਤਕ ਸੇਵਾਵਾਂ ਬਦਲੇ, ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਵੱਲੋਂ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ਼ ਸਨਮਾਨਿਆ ਜਾ ਚੁੱਕਾ ਹੈ। ਗ਼ਾਲਿਬ ਅਕੈਡਮੀ ਦਿੱਲੀ ਵੱਲੋਂ ਉਹਨਾਂ ਦੇ ਉਰਦੂ ਦੇ ਗ਼ਜ਼ਲ ਸੰਗ੍ਰਹਿ ਨਦੀਮ ਨੂੰ ਵੀ ਪੁਰਸਕਾਰ ਦਿੱਤਾ ਗਿਆ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਪਰਮਾਰ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਤੇ ਖ਼ੁਸ਼ਆਮਦੀਦ ਸ਼ੁਕਰੀਆ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਚੋਂ ਦੋ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਮੇਰਾ ਸਲਾਮ! ਬਹੁਤ-ਬਹੁਤ ਸ਼ੁਕਰੀਆ!

ਗ਼ਜ਼ਲ

ਮੁਕੱਦਰ ਸੱਧਰਾਂ ਦਾ ਖ਼ੁਸ਼ਕ ਨੈਣਾਂ ਦੀ ਨਮੀ ਬਣਨਾ।

ਤੇ ਮੋਈਆਂ ਹਸਰਤਾਂ ਦਾ ਘੋਰ ਮਾਤਮ ਦੀ ਛਬੀ ਬਣਨਾ।

----

ਬੜਾ ਸੌਖਾ ਪਰਾਇਆ ਨੂਰ ਲੈ ਕੇ ਚੰਨ ਬਣ ਜਾਣਾ,

ਬੜਾ ਔਖਾ ਹੈ ਅਪਣੀ ਅੱਗ ਵਿਚ ਜਲ਼ ਕੇ ਰਵੀ ਬਣਨਾ।

----

ਬੜਾ ਬਣਨਾ ਹੈ ਫ਼ਿਤਰਤ ਜਾਂ ਅਸਾਡੀ ਗੁਪਤ ਅਭੀਲਾਸ਼ਾ,

ਜਿਵੇਂ ਚਸੀਆਂ ਦਾ ਦਿਨ ਮਾਹ ਸਾਲ ਸਾਲਾਂ ਦਾ ਸਦੀ ਬਣਨਾ।

----

ਜਦੋਂ ਉੜਦੀ ਹੈ ਕੋਈ ਬੂੰਦ ਸਾਗਰ ਚੋਂ ਫ਼ਲਕ ਵੱਲ ਨੂੰ,

ਨਹੀਂ ਉਸ ਸੋਚਦੀ ਭੁਲਕੇ ਮਿਰਾ ਭਲ਼ਕੇ ਹੈ ਕੀ ਬਣਨਾ।

----

ਉਵੇਂ ਤਾਂ ਹਰ ਬਸ਼ਰ ਇੱਕੋ ਤਰ੍ਹਾਂ ਹੀ ਹੈ ਜਨਮਦਾ ਪਰ,

ਕਿਸੇ ਵਿਰਲੇ ਦੇ ਭਾਗਾਂ ਵਿੱਚ ਹੁੰਦਾ ਹੈ ਨਬੀ ਬਣਨਾ।

----

ਕਣੀ ਚਿੱਕੜ ਚ ਕੀ ਡਿੱਗੀ ਕਿ ਅਪਣਾ ਆਪ ਖੋਹ ਬੈਠੀ,

ਕਦੀ ਜਿਸ ਸੋਚਿਆ ਸੀ ਧਾਰ, ਝਰਨਾ ਜਾਂ ਨਦੀ ਬਣਨਾ।

----

ਜਦੋਂ ਤਕ ਮਾਂ ਰਹੀ ਜੀਂਦੀ ਉਹ ਮੈਨੂੰ ਇਹ ਕਹਿੰਦੀ ਰਹੀ,

ਮਿਰੇ ਪੂਤਾ! ਬਣੀ ਗੋਲਾ ਮਗਰ ਤੂੰ ਨਾ ਕਵੀ ਬਣਨਾ।

----

ਨਦੀਮਾ! ਓਸ ਲੋਹ-ਟੋਟੇ ਦਾ ਦੱਸ ਕੀ ਦੋਸ਼ ਹੈ ਜਿਸਦੀ,

ਸੜੀ ਤਕ਼ਦੀਰ ਵਿਚ ਸੀ ਤੇਗ਼ ਜਾਂ ਤੱਤੀ ਤਵੀ ਬਣਨਾ।

===========================

ਗ਼ਜ਼ਲ

ਫਜ਼ਾ ਖ਼ਾਮੋਸ਼ ਸੱਨਾਟਾ ਜਿਹਾ ਹੈ।

ਉਫ਼ਕ ਦੇ ਦਰ ਚੋਂ ਕੌਣ ਇਹ ਤੱਕ ਰਿਹਾ ਹੈ?

----

ਇਹ ਲੁਕ ਲੁਕ ਕੇ ਕੀ ਹਰ ਸ਼ੈ ਵੇਖਦੀ ਹੈ,

ਹਨੇਰਾ ਰੌਸ਼ਨੀ ਨੂੰ ਮਿਲ਼ ਰਿਹਾ ਹੈ।

---

ਨਜ਼ਰ ਮੇਰੀ ਚ ਤੇਰਾ ਪਾਕ ਮੁੱਖੜਾ,

ਗ਼ਜ਼ਲ ਦੇ ਰੂਪਕੀ ਮਤਲੇ ਜਿਹਾ ਹੈ।

----

ਉਦ੍ਹੇ ਅੱਧ ਖੁੱਲ੍ਹਿਆਂ ਬੁਲ੍ਹਾਂ ਦਾ ਮੰਜ਼ਰ,

ਕਿਸੇ ਸੁੰਦਰ ਜਿਹੇ ਮਿਸਰੇ ਜਿਹਾ ਹੈ।

----

ਖ਼ੁਦਾ ਮੇਰਾ ਕਿ ਮੈਂ ਉਸਦਾ ਹਾਂ ਖ਼ਾਲਕ’,

ਇਹ ਬੰਦੇ ਦਾ ਸਦਾ ਮਸਲਾ ਰਿਹਾ ਹੈ।

----

ਪਤਾ ਮੈਨੂੰ ਖ਼ੁਦਾ ਕੀ ਏ ਤੇ ਮੈਂ ਕੀ,

ਸਿਰਫ਼ ਸਾਡੇ ਚ ਇਕ ਪਰਦਾ ਜਿਹਾ ਹੈ।

----

ਨਦੀ ਉਛਲੀ ਕਿ ਮੋਹ ਦੇ ਹੜ੍ਹ ਚ ਆ ਕੇ,

ਕਿਨਾਰੇ ਨੂੰ ਕਿਨਾਰਾ ਮਿਲ਼ ਰਿਹਾ ਹੈ।

-----

ਪੜਾ ਰਾਹਾਂ ਲੁਟ-ਪੁਟ ਹੋ ਨਦੀਮਾ!

ਇਹ ਜੀਵਨ ਕਾਫ਼ਲਾ ਤੁਰਦਾ ਰਿਹਾ ਹੈ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਨਦੀਮ ਪਰਮਾਰ ਸਾਹਿਬ! ਤੁਹਾਡੇ ਵਰਗੇ ਉੱਘੇ ਲੇਖਕ ਦਾ ਆਰਸੀ ਲਈ ਆਪਣੀਆਂ ਲਿਖਤਾਂ ਭੇਜਣਾ, ਤੁਹਾਡਾ ਵੱਡਪਣ ਹੈ ਤੇ ਆਰਸੀ ਦੇ ਸਾਰੇ ਪਾਠਕ/ਲੇਖਕ ਸਾਹਿਬਾਨਾਂ ਦੀ ਖ਼ੁਸ਼ਨਸੀਬੀ! ਸਾਰੀਆਂ ਗ਼ਜ਼ਲਾਂ ਬੇਹੱਦ ਖ਼ੂਬਸੂਰਤ ਨੇ। ਪੋਸਟ ਕੀਤੀਆਂ ਗ਼ਜ਼ਲਾਂ ਰੂਹ ਦੀ ਤ੍ਰਿਪਤੀ ਕਰਦੀਆਂ ਨੇ। ਇਹ ਸ਼ਿਅਰ ਤਾਂ ਮੈਨੂੰ ਬੇਹੱਦ ਭਾਏ..
ਮੁਕੱਦਰ ਸੱਧਰਾਂ ਦਾ ਖ਼ੁਸ਼ਕ ਨੈਣਾਂ ਦੀ ਨਮੀ ਬਣਨਾ।

ਤੇ ਮੋਈਆਂ ਹਸਰਤਾਂ ਦਾ ਘੋਰ ਮਾਤਮ ਦੀ ਛਬੀ ਬਣਨਾ।

----

ਬੜਾ ਸੌਖਾ ਪਰਾਇਆ ਨੂਰ ਲੈ ਕੇ ਚੰਨ ਬਣ ਜਾਣਾ,

ਬੜਾ ਔਖਾ ਹੈ ਅਪਣੀ ਅੱਗ ਵਿਚ ਜਲ਼ ਕੇ ਰਵੀ ਬਣਨਾ।

----

ਬੜਾ ਬਣਨਾ ਹੈ ਫ਼ਿਤਰਤ ਜਾਂ ਅਸਾਡੀ ਗੁਪਤ ਅਭੀਲਾਸ਼ਾ,

ਜਿਵੇਂ ਚਸੀਆਂ ਦਾ ਦਿਨ ਮਾਹ ਸਾਲ ਸਾਲਾਂ ਦਾ ਸਦੀ ਬਣਨਾ।

----

ਜਦੋਂ ਉੜਦੀ ਹੈ ਕੋਈ ਬੂੰਦ ਸਾਗਰ ‘ਚੋਂ ਫ਼ਲਕ ਵੱਲ ਨੂੰ,

ਨਹੀਂ ਉਸ ਸੋਚਦੀ ਭੁਲਕੇ ਮਿਰਾ ਭਲ਼ਕੇ ਹੈ ਕੀ ਬਣਨਾ।

----

ਉਵੇਂ ਤਾਂ ਹਰ ਬਸ਼ਰ ਇੱਕੋ ਤਰ੍ਹਾਂ ਹੀ ਹੈ ਜਨਮਦਾ ਪਰ,

ਕਿਸੇ ਵਿਰਲੇ ਦੇ ਭਾਗਾਂ ਵਿੱਚ ਹੁੰਦਾ ਹੈ ਨਬੀ ਬਣਨਾ।

ਇਹ ਗ਼ਜ਼ਲ ਤਾਂ ਮੇਰੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚ ਸ਼ਾਮਲ ਹੋ ਗਈ ਹੈ।
================
ਇਹ ਲੁਕ ਲੁਕ ਕੇ ਕੀ ਹਰ ਸ਼ੈ ਵੇਖਦੀ ਹੈ,

ਹਨੇਰਾ ਰੌਸ਼ਨੀ ਨੂੰ ਮਿਲ਼ ਰਿਹਾ ਹੈ।

---

ਨਜ਼ਰ ਮੇਰੀ ‘ਚ ਤੇਰਾ ਪਾਕ ਮੁੱਖੜਾ,

ਗ਼ਜ਼ਲ ਦੇ ਰੂਪਕੀ ਮਤਲੇ ਜਿਹਾ ਹੈ।

----

ਉਦ੍ਹੇ ਅੱਧ ਖੁੱਲ੍ਹਿਆਂ ਬੁਲ੍ਹਾਂ ਦਾ ਮੰਜ਼ਰ,

ਕਿਸੇ ਸੁੰਦਰ ਜਿਹੇ ਮਿਸਰੇ ਜਿਹਾ ਹੈ।

----

‘ਖ਼ੁਦਾ ਮੇਰਾ ਕਿ ਮੈਂ ਉਸਦਾ ਹਾਂ ਖ਼ਾਲਕ’,

ਇਹ ਬੰਦੇ ਦਾ ਸਦਾ ਮਸਲਾ ਰਿਹਾ ਹੈ।

ਬਹੁਤ ਖ਼ੂਬ! ਸਾਰੇ ਸ਼ਿਅਰਾਂ ਤੇ ਦਾਦ ਦੇਣੀ ਬਣਦੀ ਹੈ...ਤੇ ਦਿਲ ਕਰਦੈ ਕਹਾਂ..."ਮੁਕੱਰਰ! ਮੁਕੱਰਰ!"

ਬਹੁਤ-ਬਹੁਤ ਸ਼ੁਕਰੀਆ ਪਰਮਾਰ ਸਾਹਿਬ! ਆਸ਼ੀਰਵਾਦ ਭੇਜਦੇ ਰਹਿਣਾ!

ਤਮੰਨਾ