ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 11, 2009

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਅੱਖਾਂ

ਨਜ਼ਮ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,

ਨੇਹਮਤ ਬਖ਼ਸ਼ੀ ਤੂੰ ਵਰਦਾਨ ਅੱਖਾਂ

ਬਾਲ ਉਮਰੇ ਇਹ ਨਿਰਲੇਪ ਜਾਪਣ,

ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ

----

ਅੱਖਾਂ ਵਿੱਚੋਂ ਮਸਤੀ ਛਲਕਦੀ ਹੈ,

ਜੋਬਨ ਰੁੱਤੇ ਜਦ ਹੋਣ ਜਵਾਨ ਅੱਖਾਂ

ਬਾਰੀ ਖੋਲ੍ਹਕੇ ਤੱਕਦੀਆਂ ਰਹਿਣ ਸਦਾ,

ਹਰ ਆਹਟ ਦਾ ਰੱਖਣ ਧਿਆਨ ਅੱਖਾਂ

-----

ਧੜਕਣ ਦਿਲ ਦੀ ਦੁੱਗਣੀ ਵੱਧ ਜਾਂਦੀ,

ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ

ਇੱਲ ਦੇ ਆਲ੍ਹਣੇ ਕੋਈ ਕਹੇ ਆਂਡਾ,

ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ

----

ਛੋਟੀਆਂ,ਵੱਡੀਆਂ,ਕਾਲੀਆਂ,ਭੂਰੀਆਂ ਵੀ ,

ਲੱਗਣ ਬਿੱਲੀਆਂ ਜ਼ਰਾ ਚਲਾਕ ਅੱਖਾਂ

ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,

ਅੱਖ ਮਾਰ ਕੇ ਦਿੰਦੀਆਂ ਮਾਰ ਅੱਖਾਂ

----

ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,

ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ

ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,

ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ

----

ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,

ਕੱਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ

ਸੇਹਲੀਆਂ ਤਿੱਖੀਆਂ ਭਵਾਂ ਕਮਾਨ ਵਾਂਗੂੰ,

ਧਾਰੀ ਖਿੱਚ ਕੇ ਲੱਗਣ ਕਟਾਰ ਅੱਖਾਂ

----

ਤਾਰ ਇੱਸ਼ਕੇ ਦੀ ਜਦੋਂ ਟੁਣਕਦੀ ਹੈ,

ਬਾਰਾਂ ਸਾਲ ਇਹ ਵੱਗ ਚਰਾਣ ਅੱਖਾਂ

ਕੀਤੇ ਕੌਲ ਇਕਰਾਰ ਕਦੇ ਭੁੱਲਦੇ ਨਹੀਂ,

ਪੱਟ ਯਾਰ ਦਾ ਚੀਰ ਖਵਾਣ ਅੱਖਾਂ

-----

ਸ਼ੀਰੀ ਫਰਿਆਦ ਵੀ ਅੱਖਾਂ ਨੇ ਪੱਟੇ,

ਚਟਾਨਾਂ ਵਿੱਚੋਂ ਨਹਿਰ ਖੁਦਵਾਣ ਅੱਖਾਂ

ਦੁਨੀਆਂ ਦੀ ਸੁੱਧ ਬੁੱਧ ਭੁੱਲ ਜਾਂਦੀ,

ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ

----

ਲਾਲ ਡੋਰੇ ਅੱਖਾਂ ਵਿਚਲੇ ਦੱਸਦੇ ਨੇ,

ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ

ਛਮ ਛਮ ਸਾਵਣ ਵਾਂਗੂੰ ਵਰ੍ਹਦੀਆਂ ਨੇ,

ਕਰਕੇ ਸੱਜਣਾਂ ਦਾ ਇੰਤਜਾਰ ਅੱਖਾਂ

-----

ਅੱਚੋ ਆਈ ਦਿਲ ਨੂੰ ਲੱਗੀ ਰਹਿੰਦੀ,

ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ

ਉਨੀਂਦਰੇ ਨਾਲ ਅੱਖਾਂ ਹੇਠ ਛਾਈਆਂ,

ਲੱਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ

-----

ਅੱਖਾਂ ਘੂਰ ਕੇ ਕਈ ਵਾਰ ਵੇਂਹਦੀਆਂ ਨੇ,

ਕਦੇ ਝੁਕਦੀਆਂ ਨਾਲ ਸਤਿਕਾਰ ਅੱਖਾਂ

ਨਜ਼ਰ ਧਰਤੀ ਚ ਗੱਡੀ ਰੱਖਦੀਆਂ ਨੇ,

ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ

----

ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,

ਮਿਲਾਉਣ ਅੱਖ ਨਾ ਕਦੇ ਗੱਦਾਰ ਅੱਖਾਂ

ਜਦੋਂ ਲਾਲ ਗੁੱਸੇ ਵਿੱਚ ਹੁੰਦੀਆਂ ਨੇ,

ਅੱਗ ਸੁੱਟਦੀਆਂ ਬਣ ਅੰਗਿਆਰ ਅੱਖਾਂ

----

ਇਹ ਖੱਬੀ ਖਾਨਾਂ ਨੂੰ ਖੂੰਜੇ ਲਾ ਦੇਵਣ,

ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ

ਇਸ਼ਾਰਾ ਅੱਖ ਦਾ ਸਮਝਦਾਰ ਲਈ ਹੈ,

ਬੇਸਮਝ ਲਈ ਹਨ ਬੇਕਾਰ ਅੱਖਾਂ

----

ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,

ਫਿਰ ਕਰਦੀਆਂ ਜੱਗ ਬਦਨਾਮ ਅੱਖਾਂ

ਜਿਸ ਪਿੱਛੇ ਸੱਭ ਕੁੱਝ ਬਰਬਾਦ ਕੀਤਾ,

ਉਹੀ ਲੱਗਦੀਆਂ ਫਿਰ ਬੇਈਮਾਨ ਅੱਖਾਂ

----

ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,

ਝੱਟ ਪੱਟ ਹੀ ਲੈਣ ਨਿਹਾਰ ਅੱਖਾਂ

ਮੁੱਦਤਾਂ ਬਾਅਦ ਮਿਲੇ ਜੇ ਯਾਰ ਬੇਲੀ,

ਇਕ ਦਮ ਹੀ ਲੈਣ ਪਛਾਣ ਅੱਖਾਂ

----

ਮਾਇਆ ਹੱਥ ਗਰੀਬ ਦੇ ਧਰ ਵੇਖੋ,

ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ

ਲੱਖ ਅਸੀਸਾਂ ਉੱਪਜਣ ਦਿਲ ਵਿੱਚੋਂ,

ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ

----

ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,

ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ

ਡਿੱਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,

ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ

----

ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,

ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ

ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,

ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ

----

ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,

ਨੇਹਮਤ ਰੱਬ ਦੀ ਰੱਖੋ ਸੰਭਾਲ ਅੱਖਾਂ

ਅੱਖਾਂ ਵਾਲ਼ਿਓ ਮਾਰ ਕੇ ਨਿਗਾਹ ਦੇਖੋ,

ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ

----

ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,

ਜੀਉਂਦੇ ਲਿਖਕੇ ਕਰੀਏ ਦਾਨ ਅੱਖਾਂ

ਘੁੰਮਣਇਹੋ ਦਾਨ ਉੱਤਮ ਜੱਗ ਉੱਤੇ,

ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ


No comments: