ਦੋਸਤੋ! ਉੱਘੇ ਲੇਖਕ ਤੇ ਚਿਤ੍ਰਕਾਰ ਸਤਿਕਾਰਤ ਅਜਾਇਬ ਚਿਤ੍ਰਕਾਰ ਜੀ ਦੀ 1976 ‘ਚ ਪ੍ਰਕਾਸ਼ਿਤ ਹੋਈ ਕਿਤਾਬ ‘ਆਵਾਜ਼ਾਂ ਦੇ ਰੰਗ’ ਵੀ ਗੁਰਚਰਨ ਰਾਮਪੁਰੀ ਸਾਹਿਬ ਨੇ ਆਰਸੀ ਲਈ ਦਿੱਤੀ। ਅੱਜ ਏਸੇ ਕਿਤਾਬ ‘ਚੋਂ ਚਿਤ੍ਰਕਾਰ ਸਾਹਿਬ ਦੀ ਲਿਖੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਤੁਹਾਡੇ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਗੁਰਚਰਨ ਰਾਮਪੁਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ। ਇਸ ਗ਼ਜ਼ਲ ਦੇ ਨਾਲ਼ ਲੱਗਿਆ ਫੋਟੋ ਸਕੈੱਚ ਵੀ ਏਸੇ ਕਿਤਾਬ ਵਿਚੋਂ ਹੀ ਹੈ।ਪੱਛਮ ਨੂੰ ਗੁਲਨਾਰ ਬਣਾ ਗਈ, ਬੁਝਦੀ ਬੁਝਦੀ ਸ਼ਾਮ।
ਰੰਗਾਂ ਦੇ ਗੁਲਜ਼ਾਰ ਖਿੜਾ ਗਈ, ਬੁਝਦੀ ਬੁਝਦੀ ਸ਼ਾਮ।
----
ਸ਼ਾਮ ਦਾ ਸੂਰਜ ਡੁਬਦੇ ਡੁਬਦੇ ਜਾਮ ਦਾ ਸੂਰਜ ਚੜ੍ਹਿਆ,
ਬੁਝਦੇ ਬੁਝਦੇ ਦਿਲ ਰੁਸ਼ਨਾ ਗਈ, ਬੁਝਦੀ ਬੁਝਦੀ ਸ਼ਾਮ।
----
ਮਨ-ਪਰਚਾਵੇ ਦੀ ਭੁੱਬਲ਼ ਵਿਚ ਜੋ ਸੀ ਚਿਰ ਤੋਂ ਦਬਿਆ,
ਓਸੇ ਗ਼ਮ ਨੂੰ ਮੁੜ ਸੁਲਗਾ ਗਈ, ਬੁਝਦੀ ਬੁਝਦੀ ਸ਼ਾਮ।
----
ਦਿਨ ਦੇ ਹੋਠਾਂ ਨੂੰ ਦੇ ਦੇ ਕੇ ਕੁਝ ਗੁਲਨਾਰੀ ਚੁੰਮਣ,
ਫਿਰ ਬਿਰਹੋਂ ਦੇ ਲਾਂਬੂ ਲਾ ਗਈ, ਬੁਝਦੀ ਬੁਝਦੀ ਸ਼ਾਮ।
----
ਓਦਰ ਗਏ ਆਕਾਸ਼ ਨੂੰ ਕਿਧਰੇ ਡਸ ਨਾ ਜਾਣ ਹਨੇਰੇ,
ਅਣ-ਗਿਣਤੇ ਹੀ ਦੀਪ ਜਗਾ ਗਈ, ਬੁਝਦੀ ਬੁਝਦੀ ਸ਼ਾਮ।
----
ਅੰਬਰ ਵਿਚ ਅੰਗਾਰੇ ਭਰ ਗਈ, ਬਦਲਾਂ ਨੂੰ ਅਗ ਲਾ ਗਈ,
ਬਲ਼ਦੇ ਸੁਰ ਵਿਚ ਦੀਪਕ ਗਾ ਗਈ, ਬੁਝਦੀ ਬੁਝਦੀ ਸ਼ਾਮ।
----
ਪੱਲਾ ਮਾਰ ਬੁਝਾਕੇ ਤੁਰ ਗਈ ਉਹ ਸੂਰਜ ਦਾ ਦੀਵਾ,
ਨਾਲ਼ ਇਸ਼ਾਰੇ ਗਲ ਸਮਝਾ ਗਈ, ਬੁਝਦੀ ਬੁਝਦੀ ਸ਼ਾਮ।
No comments:
Post a Comment