ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 18, 2009

ਡਾ: ਮਹਿੰਦਰ ਸਿੰਘ ਗਿੱਲ - ਨਜ਼ਮ

ਸਾਹਿਤਕ ਨਾਮ: ਡਾ: ਮਹਿੰਦਰ ਸਿੰਘ ਗਿੱਲ

ਨਿਵਾਸ: ਯੂ.ਕੇ.

ਕਿੱਤਾ: ਫੈਮਲੀ ਡਾਕਟਰ

ਕਿਤਾਬਾਂ: ਮੇਰੇ ਲੋਕ, ਬਿਨ ਬਰਸਾਤਾਂ ਮੇਘਲੇ ਅਤੇ ਅੱਖ ਦੇ ਬੋਲ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਨਿਰਮਲ ਸਿੰਘ ਕੰਧਾਲਵੀ ਜੀ ਨੇ ਡਾ: ਗਿੱਲ ਸਾਹਿਬ ਦੀਆਂ ਨਜ਼ਮਾਂ ਭੇਜ ਕੇ ਆਰਸੀ ਤੇ ਪਹਿਲੀ ਵਾਰ ਉਹਨਾਂ ਦੀ ਕਲਮ ਨਾਲ਼ ਸਾਂਝ ਪਵਾਈ ਹੈ, ਮੈਂ ਉਹਨਾਂ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ। ਡਾ: ਗਿੱਲ ਸਾਹਿਬ ਨੂੰ ਆਰਸੀ ਦੇ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ ਅਦਬੀ ਮਹਿਲ ਚ ਖ਼ੁਸ਼ਆਮਦੀਦ ਆਖਦੀ ਹਾਂ। ਕੰਧਾਲਵੀ ਸਾਹਿਬ ਦੀਆਂ ਭੇਜੀਆਂ ਦੋ ਨਜ਼ਮਾਂ ਚੋਂ ਅੱਜ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਸ਼ਾਮ

ਨਜ਼ਮ

ਸ਼ਾਮ ਦਾ ਘੁਸਮੁਸਾ,

ਰਾਹਾਂ ਦੀ ਉਡਦੀ ਧੂੜ,

ਘਰਾਂ ਨੂੰ ਪਰਤਦੇ ਡੰਗਰ,

ਘੁੰਗਰੂਆਂ ਦੀ ਟਣ ਟਣ,

ਸਾਹਾਂ ਦੀ ਫੁੰਕਾਰ,

ਖੁਰਾਂ ਦੀ ਠੱਪ ਠੱਪ,

ਯਾਦਾਂ ਚ ਤਾਜ਼ਾ ਨੇ ਸਭ....

ਜਿਉਂ ਕੱਲ੍ਹ ਦੀ ਗੱਲ ਹੋਵੇ

.................................

ਪਿੰਡ ਦੇ ਮੁਖੜੇ ਤੇ ਛਾਇਆ,

ਪਤਲਾ ਧੂੰਏਂ ਦਾ ਨਕਾਬ,

ਪੱਛੋਂ ਦੇ ਅੰਬਰਾਂ ਦੀ ਖੱਡ ਵਿਚ

ਡਿੱਗ ਰਿਹਾ ਸੂਰਜ,

ਸ਼ਾਮ ਦਾ ਘੁਸਮੁਸਾ,

ਰਾਹਾਂ ਦੀ ਉਡਦੀ ਧੂੜ

ਘਰਾਂ ਨੂੰ ਪਰਤਦੇ ਡੰਗਰ

............................

ਮੱਝੀਆਂ ਨੂੰ ਉਡੀਕੇ ਸੁਆਣੀ,

ਅਤੇ ਮੱਝੀਆਂ ਦਾ ਚਾਰਾ,

ਦੁੱਧ ਦੀਆਂ ਗਰਮ ਧਾਰਾਂ ਨੂੰ,

ਉਡੀਕੇ ਸੱਖਣੀ ਬਾਲਟੀ,

ਯਾਦਾਂ ਚ ਤਾਜ਼ਾ ਨੇ ਸਭ,

ਜਿਉਂ ਕੱਲ੍ਹ ਦੀ ਗੱਲ ਹੋਵੇ

.......................

ਨਿੱਕਾ ਮੁੰਡਾ,

ਹੱਥ ਵਿਚ ਛਿਟੀ,

ਗਿੱਟਿਆਂ ਨੂੰ ਲਿਪਟੀ ਗਰਦ,

ਘੁੰਗਰੂਆਂ ਦੀ ਟਣ ਟਣ,

ਸ਼ਾਮ ਦਾ ਘੁਸਮੁਸਾ,

ਰਾਹਾਂ ਦੀ ਉਡਦੀ ਧੂੜ,

ਘਰਾਂ ਨੂੰ ਪਰਤਦੇ ਡੰਗਰ

...........................

ਤੂੜੀ ਚ ਮਿਸ਼ਰਤ ਹਰਾ,

ਖੁਰਲੀਆਂ ਨਾਲ ਖਹਿੰਦੇ ਜਬਾੜੇ,

ਥਣਾਂ ਨਾਲ ਲਟਕਦੇ, ਘੁਲ਼ਦੇ ਕਟੜੂ,

ਯਾਦਾਂ ਚ ਤਾਜ਼ਾ ਨੇ ਸਭ,

ਜਿਉਂ ਕੱਲ੍ਹ ਦੀ ਗੱਲ ਹੋਵੇ

............................

ਨ੍ਹੇਰਾ ਵਿਸ਼ਾਲ ਪਰਾਂ ਨੂੰ ਖਿਲਾਰੀ,

ਸਮੇਟ ਲੈਂਦਾ ਹੈ ਰੌਸ਼ਨੀ,

ਪਿੰਡ ਦੀਆਂ ਗਲ਼ੀਆਂ,

ਕਾਇਨਾਤ ਨੂੰ ਨਿਗਲ਼ ਲੈਂਦਾ ਹੈ,

ਸ਼ਾਮ ਦਾ ਘੁਸਮੁਸਾ,

ਰਾਹਾਂ ਦੀ ਉਡਦੀ ਧੂੜ,

ਘਰਾਂ ਨੂੰ ਪਰਤਦੇ ਡੰਗਰ

.............................

ਜੁਗਾਲੀ ਦੀ ਸਮਾਧੀ ਚ ਲੀਨ,

ਖੁਲ੍ਹਦੇ ਤੇ ਬੰਦ ਹੁੰਦੇ ਮੂੰਹ,

ਰੀਮੋਟ ਕੰਟਰੋਲ ਵਾਂਗੂੰ,

ਹਿਲਦੀਆਂ ਪੂਛਾਂ,

ਯਾਦਾਂ ਚ ਤਾਜ਼ਾ ਨੇ ਸਭ,

ਜਿਉਂ ਕੱਲ੍ਹ ਦੀ ਗੱਲ ਹੋਵੇ

................................

ਚੁੱਪ ਚਾਪ ਹੈ ਮੌਸਮ,

ਖ਼ਾਮੋਸ਼ ਡਿਗ ਰਹੇ ਨੇ ਬਰਫ਼ ਦੇ ਫੰਬੇ,

ਮੇਰੇ ਜ਼ਿਹਨ ਚ ਸਹਿਜ ਹੀ,

ਉਗਮ ਆਉਂਦੇ ਹਨ,

ਸ਼ਾਮ ਦਾ ਘੁਸਮੁਸਾ,

ਰਾਹਾਂ ਦੀ ਉਡਦੀ ਧੂੜ,

ਘਰਾਂ ਨੂੰ ਪਰਤਦੇ ਡੰਗਰ...........!


No comments: