ਨਜ਼ਮ
ਪਰਸੂ ਤੋਂ ਪਰਸਾ
ਪਰਸੇ ਤੋਂ ਪਰਸ ਰਾਮ
ਪਰਸ ਰਾਮ ਤੋਂ ਹੋਰ ਕਈ ਕੁਝ....
ਬਣਦਾ ਰਿਹਾ ਮੈਂ ।
..................
ਸਾਈਕਲ
ਮੋਟਰ ਸਾਈਕਲ
ਕਾਰਾਂ
ਘਟਦੀ ਰਹੀ ਦੂਰੀ
ਵਧਦੀ ਰਹੀ ਰਫ਼ਤਾਰ
ਵਧਦਾ ਰਿਹਾ ਮੈਂ ।
..................
ਰੁਤਬਾ – ਪੈਸਾ
ਇੱਜ਼ਤ – ਸ਼ੋਹਰਤ
ਜਾਪਿਆ –
ਜਿਉਂ ਸਭ ਕੁਝ ਹੈ ਮਿਲਿਆ
ਆਪਣੇ ਘਰ ਦੇ ਬਾਗ਼ ’ਚ –
ਜਿਉਂ ਹਰ ਫੁੱਲ ਹੈ ਖਿੜਿਆ ।
...................
ਪਰ ਫ਼ਿਰ ਇੱਕ ਦਿਨ
ਘਰ ਪਰਤੇ ਨੂੰ
ਮਾਂ ਨੇ ਸੀ ਆਵਾਜ਼ ਲਗਾਈ
‘ਪੁੱਤਰ ਪਰ……’
ਮਾਂ ਨੂੰ ਅੱਗੇ ਗੱਲ ਨਾ ਆਈ ।
.......................
ਮਾਂ ਦੇ ਰੱਖੇ ਨਾਂ ਦਾ ਐਸਾ ਨਾਮ ਬਣ ਗਿਆ
ਮਾਂ ਨੂੰ ਉਹ ਲੈਣਾ ਨਾ ਆਇਆ
ਅੰਬਰ ਜਿੱਡਾ ਜੋਇਆ ਰੁਤਬਾ
ਇੰਝ ਲਟਕਿਆ
ਧਰਤੀ ’ਤੇ ਵੀ ਖੜ੍ਹ ਨਾ ਪਾਇਆ ।
No comments:
Post a Comment