ਬਣਦੀ ਸਦਾ ਜ਼ੁਬਾਨ ਜ਼ਰੀਆ, ਦੁਖ-ਸੁਖ ਪੁੱਛਣ ਦੱਸਣ ਦਾ।
ਫੇਰ ਭਲਾ ਕੀ ਕੰਮ ਹੈ ਕੁਝ ਵੀ, ਦਿਲ ਵਿਚ ਦਬ ਕੇ ਰੱਖਣ ਦਾ।
---
ਦਿਲ ਅਪਣੀ ਮਰਜ਼ੀ ਦਾ ਮਾਲਿਕ , ਇਹ ਕਦ ਵਸ ਵਿਚ ਰਹਿੰਦਾ ਹੈ,
ਬੰਦਾ ਜ਼ੋਰ ਬਥੇਰਾ ਲਾਉਂਦੈ , ਇਸ ਨੂੰ ਰੋਕਣ ਟੋਕਣ ਦਾ।
----
ਜਿਸ ਨੂੰ ਮਿਲ਼ਣਾ ਚਾਹੁੰਨੈ , ਦਿਲ ਚੋਂ , ਸਾਰੇ ਰੋਸ ਭੁਲਾ ਕੇ ਮਿਲ਼,
ਸਿੱਧੇ ਮੂੰਹ ਜੇ ਗੱਲ ਨਹੀਂ ਕਰਨੀ , ਕੀ ਫਾਇਦਾ ਗਲ਼ ਲੱਗਣ ਦਾ ।
----
ਦਿਲ ਨੇ ਜਿਸ ਤੇ ਆਉਣਾ ਹੋਇਆ , ਆ ਜਾਣਾ ਬਿਨ ਪੁੱਛਿਆਂ ਹੀ,
ਇਸ ਨੇ ਤੈਨੂੰ ਵਕਤ ਕਦੇ ਨਾ , ਦੇਣਾ ਸੋਚਣ ਪਰਖਣ ਦਾ।
----
ਦੁਨੀਆਂ ਚੇਤੇ ਰੱਖਦੀ ਕੇਵਲ, ਚੰਗੇ ਮੰਦੇ ਕੰਮਾਂ ਨੂੰ ,
ਜਿਸ ਨੇ ਆਖਿਰ ਮਿੱਟੀ ਹੋਣੈ , ਨਾ ਕਰ ਮਾਣ ਸੁਹੱਪਣ ਦਾ।
----
ਦਿਲ ਦਾ ਭੇਤ ਜੋ ਦਿੰਦੈ ਸਭ ਨੂੰ , ਅਪਨਾ ਚੈਨ ਗਵਾਉਂਦਾ ਹੈ,
ਹਰ ਪਲ ਹੀ ਡਰ ਬਣਿਆ ਰਹਿੰਦਾ, ਉਸ ਨੂੰ ਪਰਦਾ ਉੱਠਣ ਦਾ।
----
ਮੈਂ ਉਸ ਨੁੰ ਅਪਣਾ ਰੱਬ ਸਮਝਾਂ , ਸਮਝੇ ਹੋਰ ਕਿਸੇ ਨੂੰ ਓਹ,
' ਨੇਰੇ ਵਿੱਚੋਂ ਭਾਲ ਰਹੇ ਹਾਂ , ਦੋਵੇਂ ਟੁਕੜਾ ਚਾਨਣ ਦਾ।
----
ਜਾਣਾ ਜਾਣਾ ਨਾ ਕਰ ਐਵੇਂ , ਬਹਿ ਜਾ ਹਾਲੇ ਹੋਰ ਘੜੀ ,
ਵੈਸੇ ਦਿਲ ਨੇ ਫਿਰ ਵੀ ਮਿੱਤਰਾ , ਨਾਂ ਨਹੀਂ ਲੈਣਾ ਰੱਜਣ ਦਾ।
----
ਰੁਸਣਾ, ਮੰਨਣਾ, ਮੇਲ, ਵਿਛੋੜਾ, ਚਲਦਾ ਰਹਿਣਾ ਜੀਵਨ ਵਿਚ,
ਗ਼ਮੀਆਂ ਵੇਲੇ ਰੋਣ ਦਾ ਚੱਕਰ , ਖ਼ੁਸ਼ੀਆਂ ਵੇਲੇ ਹੱਸਣ ਦਾ ।
----
ਰੱਬ ਹੀ ਜਾਣੇ ਕਿੰਜ ਉਹ ਡੁੱਬਾ, ਆ ਕੇ ਕੋਲ ਕਿਨਾਰੇ ਦੇ,
ਖ਼ੁਦ ਨੂੰ ਜਿਹੜਾ ਸਮਝ ਰਿਹਾ ਸੀ, ਤਾਰੂ ਹਰ ਇਕ ਪੱਤਣ ਦਾ ।
----
ਦੇਖੋ ਹੁਣ ਕੀ ਬਣਦੈ ਉਸਦਾ , ਨਾਲ ਉਨਾਂ ਦੇ ਰਲ਼ਿਆ ਜੋ,
ਸ਼ੌਕ ਜਿਨਾਂ ਦਾ ਚਾੜ੍ਹ ਕੇ ਕੋਠੇ , ਮਗਰੋਂ ਪੌੜੀ ਚੱਕਣ ਦਾ।
----
ਸਿੱਧੇ ਸਾਦੇ ਲਫ਼ਜ਼ਾਂ ਵਿਚ ਮੈਂ , ਅਪਣੇ ਸ਼ਿਅਰ ਸੁਣਾਉਂਦਾ ਹਾਂ ,
ਤੇਰੇ ਮਨ ਤੇ ਬੋਝ ਪਵੇ ਨਾ , ਅਰਥ ਇਨਾਂ ਦੇ ਸਮਝਣ ਦਾ।
----
ਹੁਣ ਤਕ ਮੈਂ ਤਾਂ ਉਮਰ ਗੁਜ਼ਾਰੀ , ਦਿਲ ਦਾ ਮਹਿਰਮ ਭਾਲਦਿਆਂ,
ਖਵਰੇ ਕਿਸ ਦਿਨ ਮੁਕਣੈ ਚੱਕਰ , ਮੇਰੇ ਭਟਕਣ, ਤੜਪਣ ਦਾ।
----
ਇਸ਼ਕ ਬੜਾ ਤੜਪਾਉਂਦੈ, ਹੋਸ਼ ਭੁਲਾਉਂਦੈ , ਜਾਨ ਸੁਕਾਉਂਦਾ ਹੈ ,
ਫਿਰ ਵੀ ਜਜ਼ਬਾ ਰੱਖਦੈ ' ਮਹਿਰਮ ', ਏਡਾ ਚੁੱਕਣ ਚੱਕਣ ਦਾ।
2 comments:
Mehram sahib bahut khoob ghazal kahi hai, saadgi bakamaal hai.
ਰੁਸਣਾ, ਮੰਨਣਾ, ਮੇਲ, ਵਿਛੋੜਾ, ਚਲਦਾ ਰਹਿਣਾ ਜੀਵਨ ਵਿਚ,
ਗ਼ਮੀਆਂ ਵੇਲੇ ਰੋਣ ਦਾ ਚੱਕਰ , ਖ਼ੁਸ਼ੀਆਂ ਵੇਲੇ ਹੱਸਣ ਦਾ ।
----
ਰੱਬ ਹੀ ਜਾਣੇ ਕਿੰਜ ਉਹ ਡੁੱਬਾ, ਆ ਕੇ ਕੋਲ ਕਿਨਾਰੇ ਦੇ,
ਖ਼ੁਦ ਨੂੰ ਜਿਹੜਾ ਸਮਝ ਰਿਹਾ ਸੀ, ਤਾਰੂ ਹਰ ਇਕ ਪੱਤਣ ਦਾ ।
jasvinder ji,
bhot khoob....!!
Post a Comment