ਮੇਰਿਆਂ ਹੋਠਾਂ ਨੂੰ ਛੁਹ ਕੇ, ਚੁੱਪ ਚਾਹੇ ਤੋੜਨੀ,
ਕਿਸ ਤਰ੍ਹਾਂ ਪੂਰੀ ਕਰਾਂ ਇਸ ਬੰਸਰੀ ਦੀ ਆਰਜ਼ੂ?
-----
ਮਤਲਬ-ਖ਼ੋਰੇ ਲੋਕੀ ਅੱਜ-ਕਲ੍ਹ ਜਫੀਆਂ ਪਾ ਕੇ ਮਿਲ਼ਦੇ,
ਦਿਲ ਅੰਦਰ ਪਰ ਰੱਖਣ ਹਰਦਮ ਗਰਜਾਂ ਦੀ ਸ਼ਮਸ਼ੀਰ!
----
ਤੱਕਣੀਆਂ ਵਿੱਚ ਕਸ਼ਿਸ਼ ਮੁੱਕੀ ਜਾਂ ਦਿਲ ਹੀ ਹੋਇਆ ਹੈ ਪੱਥਰ,
ਏਸ ਨਗਰ ਵਿੱਚ ਮੋਂਹਦੀ ਨਹੀਂ ਹੁਣ ਮੇਰੇ ਦਿਲ ਨੂੰ ਕੋਈ ਨਜ਼ਰ !
----
ਜਾਣਦਾ ਸਾਂ ਉਸ ਨੇ ਆਖ਼ਰ ਹੈ ਵਿਦਾ ਹੋਣਾ,
ਪਰ ਗਵਾਰਾ ਨਾ ਹੋਇਆ ਉਸ ਤੋਂ ਜੁਦਾ ਹੋਣਾ!
----
ਮੇਰੇ ਸੌਹੇਂ ਬੈਠ ਕੇ ਉਹ ਬੋਲਿਆ ਕੁੱਝ ਵੀ ਨਹੀਂ,
ਦਰਦ ਮੇਰੇ ਦਿਲ ਦਾ ਐਪਰ ਹੋਂਦ ਉਸਦੀ ਚੂਸ ਗਈ!
----
ਵੇਖ ਕੇ ਸੱਚ ਦਾ ਕਤਲ, ਚਾਹਿਆ ਤਾਂ ਸੀ ਬਣਨਾ ਗਵਾਹ,
ਰਹਿ ਗਿਆ ਕੁੱਝ ਕਹਿਣ ਤੋਂ ਪਰ ਭਰਿਆ-ਪੀਤਾ ਦੋਸਤੋ।
----
ਹਿੰਮਤ ਮੇਰੇ ਪੈਰਾਂ ਦੀ ਜਦ ਜਾਣ ਗਏ ਤਾਂ ਆਪੇ,
ਮੇਰੇ ਨਾਲ਼ ਟੁਰੇ ਸਨ ਰਸਤੇ ਮੇਰੀ ਮੰਜ਼ਿਲ ਹੋ ਕੇ।
---
ਜਿਸ ਨਦੀ ਨੂੰ ਪਾਰ ਕਰਨ ਦਾ ਝੱਲ ਉੱਠਿਆ ਸੀ, ਓਸ ਵਿੱਚ ਮੈਂ,
ਡੁੱਬਣਾ ਚਾਹਿਆ, ਡੁੱਬ ਨਾ ਸਕਿਆ; ਤਰਨਾ ਚਾਹਿਆ, ਤਰ ਨਾ ਸਕਿਆ!
----
ਸ਼ਬਦ, ਕਦੇ ਮੈਂ ਅਰਥ ਉਨ੍ਹਾਂ ਦੇ, ਕਈ ਵਾਰੀ ਇੱਕ ਛੰਦ ਹੁੰਦਾ ਹਾਂ,
ਖਾਲੀ ਕੈਨਵੈਸ ਉਪੱਰ ਲੀਕਾਂ, ਪਰ ਕਦੇ-ਕਦਾਈਂ ਰੰਗ ਹੁੰਦਾ ਹਾਂ।
---
ਪਰਤਣਾ ਤੂੰ ਚਾਹ ਰਿਹਾਂ ਏ ਦੇਸ, ਪਰ ਕਿੱਥੇ ਰਹੂੰ?
ਤੇਰੇ ਘਰ ਦਿੱਤੇ ਬਦਲ ਤੇਰੇ ਭਰਾਵਾਂ ਜਿੰਦਰੇ!
No comments:
Post a Comment