ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, March 21, 2009

ਰਵਿੰਦਰ ਰਵੀ - ਨਜ਼ਮ

ਭੂਗੋਲ ਵਿਚ ਘਿਰੇ ਲੋਕ

ਨਜ਼ਮ

ਮੇਰੀ ਕਥਾ ਸੁਣਦੇ ਸੁਣਦੇ

ਆਕਾਸ਼, ਪਹਾੜ ਕੋਲ਼ ਆ ਗਿਆ!

ਮੇਰੀ ਕਥਾ ਸੁਣਦੇ ਸੁਣਦੇ

ਪਹਾੜ ਧਾਰ ਬਣ ਤੁਰਿਆ

ਨਦੀਆਂ ਦੇ ਗੋਰਖਧੰਦੇ ਚੋਂ ਗੁਜ਼ਰਦਾ

ਸਾਗਰ ਬਣ ਗਿਆ!

----

ਇੱਕ ਪਹਾੜ ਸਾਗਰ ਵਿਚ ਖਲੋਤਾ ਹੈ

ਫੈਲਿਆ ਹੋਇਆ, ਕਿਤੇ ਉੱਚਾ, ਕਿਤੇ ਨੀਵਾਂ

ਨਿੱਕੇ, ਨਿੱਕੇ ਦੀਪ ਬਣਿਆ, ਪਾਣੀ ਤੋਂ ਉੱਪਰ,

ਪਾਣੀ ਤੋਂ ਹੇਠਾਂ

ਸਭ ਕੁਝ ਆਜ਼ਾਦ ਹੁੰਦਿਆਂ ਵੀ

ਇੱਕ ਬਹੁਤ ਵੱਡੀ ਕੈਦ ਵਿਚ ਹੈ

ਭੂਗੋਲ ਵਿਚ ਘਿਰਿਆ ਹੋਇਆ ਹੈ, ਸਭ ਕੁਝ!

----

ਪੈਦਲ ਤੁਰਨ ਵਾਲ਼ੇ, ਵਿਮਾਨ ਬਣ ਗਏ ਹਨ...

ਧਰਤੀ ਅਜੇ ਵੀ ਫਟਦੀ ਹੈ

ਜਵਾਲਾਮੁਖੀ ਅਜੇ ਵੀ ਫਟਦਾ ਹੈ....

ਪਾਣੀ ਦਾ ਅੰਨ੍ਹਾ ਜ਼ੋਰ

ਸਭ ਕੁਝ ਹੜ੍ਹਾ ਕੇ ਲੈ ਜਾਂਦਾ ਹੈ

ਭੂਗੋਲ ਵਿਚ ਘਿਰੇ ਲੋਕ

ਆਦਿ-ਕਾਲ਼, ਅਨ੍ਹੇਰ-ਕਾਲ਼ ਤੋਂ

ਜੰਮ ਵੀ ਰਹੇ ਹਨ, ਲਗਾਤਾਰ, ਮਰ ਵੀ

ਰੁੱਖਾਂ ਨੂੰ ਅੱਗ ਪੈਂਦੀ ਹੈ, ਤਾਂ

ਬੀਆਂ ਚੋਂ ਵਣ ਫੁੱਟ ਪੈਂਦੇ ਹਨ।

----

ਸਭ ਕੁਝ ਵਾਪਰ ਜਾਂਦਾ ਹੈ,

ਤਾਂ ਸਥਿਤੀ ਨਹੀਂ ਬਦਲਦੀ,

ਕੁਝ ਵੀ ਨਹੀਂ ਵਾਪਰਦਾ,

ਤਾਂ ਉਡੀਕ ਜਿਹੀ ਬਣੀ ਰਹਿੰਦੀ ਹੈ।

ਜੀਵਨ ਦਾ ਜਸ਼ਨ ਕਰ ਰਹੇ ਲੋਕ,

ਮੌਤ ਤੋਂ ਤ੍ਰਹਿੰਦੇ ਹਨ

ਭੂਗੋਲ ਚ ਘਿਰੇ ਲੋਕ

ਭੂਗੋਲ ਵਿਚ ਰਹਿੰਦੇ ਹਨ-

ਹੱਸਦੇ ਹਨ, ਰੋਂਦੇ ਹਨ,

ਚੁੱਪ, ਕੁੱਝ ਕਹਿੰਦੇ ਹਨ!!!


2 comments:

सुभाष नीरव said...

एक अच्छी नज्म है, बधाई !

ਬਲਜੀਤ ਪਾਲ ਸਿੰਘ said...

Phir v lok kudrat nu nhi maan rhe.....bs bhatak rhe hn...dishaheen musafir vaang....