ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, April 3, 2009

ਅਮਰਜੀਤ ਸਿੰਘ ਸੰਧੂ - ਗ਼ਜ਼ਲ

ਸਾਹਿਤਕ ਨਾਮ: ਅਮਰਜੀਤ ਸਿੰਘ ਸੰਧੂ
ਜਨਮ : 14 ਅਕਤੂਬਰ, 1944 ( 46 ਚੱਕ , ਜ਼ਿਲਾ ਲਾਹੌਰ, ਪਾਕਿਸਤਾਨ )
ਮੌਜੂਦਾ ਨਿਵਾਸ: ਦਕੋਹਾ ( ਜਲੰਧਰ ), ਇੰਡੀਆ
ਮੌਜੂਦਾ ਕਿੱਤਾ: ਸੰਧੂ ਸਾਹਿਬ ਤ੍ਰੈ- ਮਾਸਿਕ ਪੰਜਾਬੀ ਸਾਹਿਤਕ ਰਸਾਲੇ ' ਰੂਬਰੂ ' ਦੇ ਮੁੱਖ ਸੰਪਾਦਕ ਹਨ। ਸੇਵਾ ਮੁਕਤ ਹੋ ਕੇ ' ਸੰਧੂ ਗ਼ਜ਼ਲ ਸਕੂਲ ' ਸਥਾਪਿਤ ਕਰਕੇ ਸ਼ਾਗਿਰਦਾਂ ਨੂੰ ਸਹੀ ਤਕਨੀਕ ਸਮਝਾਉਂਦੇ ਗ਼ਜ਼ਲ ਲਿਖਣੀ ਸਿਖਾਉਂਦੇ ਹਨ ਸਾਹਿਤਕ ਸਮਾਗਮਾਂ ਦੌਰਾਨ ਵੀ ' ਗ਼ਜ਼ਲ - ਵਰਕਸ਼ਾਪਾਂ ' ਲਾ ਕੇ ਸ਼ਾਇਰਾਂ ਨੂੰ ਗ਼ਜ਼ਲ ਬਾਰੇ ਸਮਝਾਉਂਦੇ ਹਨ । ਨਜ਼ਮ ਤੇ ਗ਼ਜ਼ਲ ਦੀ ਪੁਰਾਣੀ ਤਕਨੀਕ ਨੂੰ ਸਾਲਿਮ-ਸਬੂਤ ਰੱਖਦੇ ਹੋਏ ਨਵੇਂ ਤਜ਼ਰਬੇ ਕਰਨਾ ਜਾਰੀ ਹੈ।
----
ਪ੍ਰਕਾਸ਼ਿਤ ਪੁਸਤਕਾਂ: ਕਾਵਿ–ਸੰਗ੍ਰਹਿ: ਸਰਘੀ ਦੇ ਪਾਂਧੀ, ਜਿੰਦੂ ਲਾਟ,ਅਤੇ ਜੋਬਨ ਯਾਦਾਂ , ਗ਼ਜ਼ਲ ਸੰਗ੍ਰਹਿ: ਸੰਧੂ ਦੀ ਗ਼ਜ਼ਲ ਅਤੇ ਜਜ਼ਬਾਤ ਦੇ ਪੰਛੀ, ਕਾਵਿ–ਸੰਗ੍ਰਹਿ (ਸੰਪਾਦਨਾ): ਮਹਿਕਾਂ ਅਤੇ ਕਲਮਾਂ ਦਾ ਕਾਫ਼ਿਲਾ ਛਪ ਚੁੱਕੇ ਹਨ।
----
ਇਨਾਮ-ਸਨਮਾਨ: ਵੱਖ ਵੱਖ ਸਾਹਿਤਕ ਜੱਥੇਬੰਦੀਆਂ ਵੱਲੋਂ ਦਿੱਤੇ ਅਨੇਕਾਂ ਸਨਮਾਨਾਂ ਦੇ ਸਿਮਰਤੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨਾਂ ਵਿਚੋਂ ' ਅਮਰ ਚਿੱਤਰਕਾਰ ਯਾਦਗਾਰੀ ਐਵਾਰਡ ' ਅਤੇ ' ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਐਵਾਰਡ ' ਪ੍ਰਮੁੱਖ ਹਨ।
----
ਦੋਸਤੋ! ਜਸਵਿੰਦਰ ਮਹਿਰਮ ਜੀ ਨੇ ਅਮਰਜੀਤ ਸਿੰਘ ਸੰਧੂ ਜੀ ਦੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ‘ਆਰਸੀ’ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਸੰਧੂ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਨੂੰ ‘ਆਰਸੀ' 'ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਮਹਿਰਮ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ!
----------
ਗ਼ਜ਼ਲ
ਗਰਮ-ਲਹੂ ਦੀ ਕਵਿਤਾ ਛਪਦੀ ਹੈ ਉਹਨਾਂ ਦੇ ਨਾਵਾਂ ਹੇਠ।
ਜੋ ਤਪਦੇ ਥਲ ਬਾਰੇ ਸੋਚਣ, ਬਹਿ ਕੇ ਸੀਤਲ ਛਾਵਾਂ ਹੇਠ।
----
ਅੱਜ ਕੱਲ ਆਪਣੇ ਹਿਤ ਲਈ ਆਪੇ, ਚੌਕਸ ਰਹਿਣਾ ਪੈਂਦਾ ਹੈ,
ਸੰਭਵ ਹੇ ਕਿ ਕੁਚਲੇ ਜਾਵਣ, ਬੱਚੇ ਆ ਕੇ ਮਾਵਾਂ ਹੇਠ।
----
ਪੰਜਾਬੀ ਭਾਸ਼ਾ ਦੀ ਉੱਨਤੀ, ਦਾ ਤਾਂ ਰੱਬ ਰਾਖਾ ਹੈ, ਯਾਰ,
ਜਦ ਕਿ ਪੰਜਾਬੀ -ਲੇਖਕ ਵੀ, ਈੜੀ ਪਾਉਣ ਦੁਲਾਵਾਂ ਹੇਠ।
----
ਮੇਰੇ ਦਿਲ ਦੇ ਉਜੜੇ ਥੇਹ ਨੂੰ, ਖੋਦੇਗਾ ਸੋ ਪਾਵੇਗਾ,
ਅਣ-ਮੁੱਲਾ ਧਨ ਦੱਬਿਆ ਹੁੰਦੈ, ਅਕਸਰ ਐਸੇ ਥਾਵਾਂ ਹੇਠ।
----
ਮਹਿਕਾਂ ਦੇ ਸ਼ੌਕੀਨ ਜਿਊੜੇ, ਸੋਚ ਰਹੇ ਨੇ ਨਿੰਮੋਝੂਣ,
ਕਿੰਜ ਖੁਸ਼ੀ ਦੇ ਫੁੱਲ ਖਿੜਨਗੇ, ਜ਼ਹਿਰੀ - ਗਰਮ - ਹਵਾਵਾਂ ਹੇਠ?
----
ਥਲ ਦੇ ਸੇਕ ਉਡਾਇਆ ਪਾਣੀ, ਪੁੱਛ ਰਿਹਾ ਏ ਥਲ ਨੂੰ ਹੀ,
' ਤੇਰਾ ਤਪਦਾ ਸੀਨਾ ਠਾਰਨ, ਆਵਾਂ ਜਾਂ ਨਾ ਆਵਾਂ ਹੇਠ?
----
ਨਾ ਉਹਨਾਂ ਨੂੰ ਸੱਜਣ ਮਿਲਦੈ, ਨਾ ਮਿਲਦੈ ਬੱਚਿਆਂ ਦਾ ਪਿਆਰ,
ਛੜੀਆਂ -ਛਾਂਡ ਫਿਰਨ ਜੋ ਕੋਇਲਾਂ, ਆਂਡੇ ਦੇ ਕੇ ਕਾਵਾਂ ਹੇਠ।
----
ਇਕ ਨਿਰਬਲ ਜਿਹੀ 'ਵਾਜ਼ ਮਿਆਂਕੀ, ' ਮੈਂ ਹਾਂ ਅਸਲੀ ਸ਼ਕਤੀਵਾਦ,
ਲੇਕਿਨ ਦੱਬੀ ਗਈ ਹਾਂ ਆ ਕੇ, ਕੁਝ ਕੋਮਲ ਕਵਿਤਾਵਾਂ ਹੇਠ।
----
ਹਰ ਬੰਦਾ ਹਮਦਰਦੀ ਉਹਲੇ, ਘਾਤ ਲਗਾਈ ਬੈਠਾ ਹੈ,
ਭੋਲੇ ' ਸੰਧੂ ' ਆ ਨਾ ਜਾਵੀਂ, ਤੂੰ ਦੁਨੀਆਂ ਦੇ ਦਾਵਾਂ ਹੇਠ।
======
ਗ਼ਜ਼ਲ
ਇੱਕ ਪੱਥਰ ਨੂੰ ਕੀ , ਕੋਈ ਜੀਵੇ - ਮਰੇ , ਇਹ ਦਿਖਾਵਾ ਨਾ ਕਰ ਤੂੰ ਮੇਰੇ ਵਾਸਤੇ।
ਤੇਰੇ ਹੰਝੂ ਬੜੇ ਥਾਂਈਂ ਕੰਮ ਆਉਣਗੇ, ਐਵੇਂ ਅੱਖਾਂ ਨਾ ਭਰ ਤੂੰ ਮੇਰੇ ਵਾਸਤੇ।
----
ਮੈਂ ਕਿਸੇ ਦੀ ਦਇਆ ਦਾ ਨਾ ਪਾਤਰ ਬਣਾ, ਮੇਰੀ ਇੱਕੋ ਦੁਆ ਕਰ ਕਬੂਲ ਐ ਖ਼ੁਦਾ!
ਮੈਂ ਤੇਰੀ ਹੀ ਨਜ਼ਰ ਦਾ ਸਵਾਲੀ ਰਹਾਂ, ਕਰ ਸਵੱਲੀ ਨਜ਼ਰ ਤੂੰ ਮੇਰੇ ਵਾਸਤੇ।
----
ਹਰ ਲੜਾਈ ਚ ਜੇ ਜਿੱਤ ਨਿਸ਼ਚਿਤ ਨਹੀਂ, ਹਰ ਲੜਾਈ ਚ ਨਿਸ਼ਚਿਤ ਨਹੀਂ ਮੌਤ ਵੀ,
ਮਰਦਾਂ ਨੂੰ ਤਾਂ ਮੁਹਿੰਮਾਂ ਨੇ ਹਰ ਮੋੜ ਤੇ, ਐਨੀ ਚਿੰਤਾ ਨਾ ਕਰ ਤੂੰ ਮੇਰੇ ਵਾਸਤੇ।
----
ਮੈਂ ਉਦੇ ਵਾਸਤੇ ਮੌਤ ਦੇ ਨਾਲ਼ ਵੀ, ਭਿੜ ਗਿਆ ਸਾਂ ਤਾਂ ਇਹ ਮੇਰੇ ਜਜ਼ਬਾਤ ਸਨ,
ਪਰ ਇਦੇ ਇਵਜ਼ ਵਿੱਚ ਉਸ ਨੂੰ ਮੈਂ ਕਿਉਂ ਕਹਾਂ, ' ਅੱਗ ਵਿੱਚੋਂ ਗੁਜ਼ਰ ਤੂੰ ਮੇਰੇ ਵਾਸਤੇ। '
----
ਅਪਣੀ ਮੁਸ਼ਕਿਲ ਦਾ ਹੱਲ ਏਸ ਵਿਚ ਤਾਂ ਨਹੀਂ , ਕਿ ਤੂੰ ਦੁਸ਼ਮਣ ਦੇ ਪੈਰਾਂ ਚ ਸਿਰ ਧਰ ਦਵੇਂ,
ਤੇਰੇ ਸਿਰ ਦੀ ਜਗਾਹ ਮੇਰੀ ਬੁੱਕਲ ਚ ਹੈ, ਇਸ ਨੂੰ ਨੀਵਾਂ ਨਾ ਕਰ ਤੂੰ ਮੇਰੇ ਵਾਸਤੇ।
----
ਜੋ ਚਿਰਾਂ ਤੀਕ ਆਬਾਦ ਹੋ ਨਾ ਸਕੇ, ਉਸ ਨੂੰ ਕਹਿੰਦੇ ਨੇ ਲੋਕੀਂ ' ਚੜੇਲਾਂ ਦਾ ਘਰ ',
' ਭੂਤ - ਬੰਗਲਾ ' ਬਣਾ ਨਾ ਇਨੂੰ ਜ਼ਾਲਿਮਾ, ਖੋਲ੍ਹ ਦੇ ਦਿਲ ਦੇ ਦਰ ਤੂੰ ਮੇਰੇ ਵਾਸਤੇ।
----
ਜੇ ਉਹ ਦਿਲ ਮੰਗ ਲਵੇ ਤਾਂ ਉਦਾ ਕਰਮ ਹੈ , ਜੇ ਉਹ ਸਿਰ ਮੰਗ ਲਵੇ ਤਾਂ ਨਿਵਾਜਿਸ਼ ਉਦੀ,
ਐ ਮੇਰੇ ਨਾਮਾਬਰ , ਇਸ ਤਰਾਂ ਦੀ ਲਿਆ, ਕੋਈ ਚੰਗੀ ਖਬਰ ਤੂੰ ਮੇਰੇ ਵਾਸਤੇ।
----
ਮੈਂ ਸੱਚਾਈ ਤੇ ਪਹਿਰਾ ਜੇ ਦੇਂਦਾ ਰਿਹਾ, ਦੁਨੀਆਂਦਾਰਾਂ ਹੀ ਸਿਰ ਮੇਰਾ ਲਾਹ ਸੁੱਟਣੈ,
ਮੇਰੇ ਜੱਲਾਦ , ਖ਼ੰਜਰ ਪਿਆ ਰਹਿਣ ਦੇ, ਐਨੀ ਖੇਚਲ ਨਾ ਕਰ ਤੂੰ ਮੇਰੇ ਵਾਸਤੇ।
----
ਹਿਜਰ ਤੇਰੇ ਦਾ ਗ਼ਮ ਜਾਂ ਮਿਲਨ ਦੀ ਖੁਸ਼ੀ, ਦੋਵੇਂ ਦੁਸ਼ਮਣ ਬਣੇ ਪਏ ਨੇ ਮੇਰੇ ਲਈ,
ਮੈਂ ਖੁਸ਼ੀ ਮਾਰਿਆ ਵੀ ਤਾਂ ਮਰ ਜਾਵਾਂਗਾ, ਆ ਹੀ ਜਾਵੇਂ ਅਗਰ ਤੂੰ ਮੇਰੇ ਵਾਸਤੇ।
----
ਨਫ਼ਰਤਾਂ ਦੇ ਹੀ ਮਸਲੇ ਨਾ ਸੁਲਝੇ ਜਦੋਂ , ਇਸ਼ਕ ਦਾ ਮਸਲਾ ਮੈਥੋਂ ਕੀ ਹੱਲ ਹੋਏਗਾ ?
ਮਸਲਾ ਹਾਂ ਮੈਂ ਤਾਂ ਆਪੇ ਹੀ ਅਪਣੇ ਲਈ, ਮਸਲੇ ਪੈਦਾ ਨਾ ਕਰ ਤੂੰ ਮੇਰੇ ਵਾਸਤੇ।
----
ਗੱਲ ਮੌਸਮ ਦੀ ਤਾਂ ਮੌਸਮੀ-ਗੱਲ ਹੈ , ਅੱਜ ਡਰਾਉਣਾ ਹੈ ਤਾਂ ਕੱਲ ਸੁਹਾਣਾ ਬਣੂੰ ,
ਇਸ਼ਕ ' ਸੰਧੂ ' ਦਾ ਪਰ ਮੌਸਮੀ ਤਾਂ ਨਹੀਂ, ਮੌਸਮਾਂ ਤੋਂ ਨਾ ਡਰ ਤੂੰ ਮੇਰੇ ਵਾਸਤੇ।

2 comments:

Davinder Punia said...

behad khoobsoorat ate bhaavpoorat ghazlaan pesh karan laee shukriya.Sandhu sahab ajj de daur de vadde ustaad shair han ate fann i arooz de vadde maahir han.ihna ne badi umda qism de sehghazle vi likhe han jo bemisaal han. mere jihe kinne ghazal de vidyaarthiaan laee ihna diaan ghazlaan raushni dengiaan. ihna nu aarsi te aksar pesh karna chahida hai. ho sake taa ghazal de nuqte vi ihna duara saade laee sanjhe kite jaan taa jo ihna de fann da laabh saanu vi ho sake.Mehram sahab da shukriya.

MANVINDER BHIMBER said...

ਗੱਲ ਮੌਸਮ ਦੀ ਤਾਂ ਮੌਸਮੀ-ਗੱਲ ਹੈ , ਅੱਜ ਡਰਾਉਣਾ ਹੈ ਤਾਂ ਕੱਲ ਸੁਹਾਣਾ ਬਣੂੰ ,
ਇਸ਼ਕ ' ਸੰਧੂ ' ਦਾ ਪਰ ਮੌਸਮੀ ਤਾਂ ਨਹੀਂ, ਮੌਸਮਾਂ ਤੋਂ ਨਾ ਡਰ ਤੂੰ ਮੇਰੇ ਵਾਸਤੇ।
ਆਪਜੀ ਦੀ ਨਜ੍ਮ ਦਾ ਇਕ ਇਕ ਆਖਰ ਦਿਲ ਵਿਚ ਉਤਰ ਰਿਹਾ ਹੈ ..... ਬਹੁਤ ਵਹੁਤ ਵਧਾਈ ........