
ਲੋਕਾਂ ਦਾ ਹੀ ਨੇਤਾ ਬਣ ਕੇ , ਲੋਕਾਂ ਦਾ ਹੀ ਘਾਣ ਮੰਗਦੈ ।
ਰਾਜ-ਸਤਾ ਦਾ ਰਾਕਸ਼, ਅਕਸਰ ਲਾਸ਼ਾਂ ਲਹੂ-ਲੁਹਾਣ ਮੰਗਦੈ।
----
ਅਜ ਵੀ ਸੱਚ-ਪ੍ਰਸਤ ਨਹੀਂ ਹੈ, ਰਾਜ-ਸਿੰਘਾਸਣ ਦਾ ਰਖਵਾਲਾ ,
ਅਜ ਦਾ ' ਭੀਸ਼ਮ ' ਫਿਰ ' ਅਰਜਨ ' ਤੋਂ ਅਰਜਨ ਵਾਲੇ ਬਾਣ ਮੰਗਦੈ ।
----
ਬਾਣੀਆ ਕੀ ਬਣਾਉਂਦੈ ਘਰ ਵਿਚ, ਬਾਣੀਆ ਕੀ ਕਰਦੈ ਉਤਪਾਦਨ ?
ਫਿਰ ਵੀ ਮੇਰੇ ਦੇਸ਼ 'ਚ ਵੀਰੋ, ਬਾਣੀਏ ਤੋਂ ਕਿਰਸਾਣ ਮੰਗਦੈ ।
----
ਉਸ 'ਤੇ ਕੀ ਆਉਣੀ ਹੇ ਰੌਣਕ , ਉਸ 'ਤੇ ਕੀ ਆਉਣੀ ਹੈ ਰੰਗਤ ?
ਫ਼ਿਕਰ ਜਿਦ੍ਹੇ ਤੋਂ ਖ਼ੂਨ-ਪਿਆਲਾ, ਹਰ ਆਏ-ਦਿਨ ਆਣ ਮੰਗਦੈ।
----
ਜਿਸ ਦੀ ਖ਼ਾਤਿਰ ਜੀਂਦਾ ਹਾਂ ਮੈਂ , ਜਿਸ ਦੀ ਖ਼ਾਤਿਰ ਹੋਂਦ ਹੈ ਮੇਰੀ ,
ਮੇਰੇ ਜੀਂਦੇ ਹੋਣ ਦਾ ਓਹੀ, ਮੇਰੇ ਤੋਂ ਪਰਮਾਣ ਮੰਗਦੈ।
----
ਜੱਗ ਦੇ ਪਾਲਣਹਾਰੇ ਕੋਲੋਂ, ਮੰਗਣ ਤੋਂ ਸੰਗਦਾ ਹੇ ਬੰਦਾ ,
ਪਰ ਇਕ ਮੰਗਤੇ ਕੋਲੋਂ ਵੇਖੋ, ਮੂਰਖ ' ਪਹਿਨਣ-ਖਾਣ ' ਮੰਗਦੈ।
----
ਦਾੜ੍ਹੀ ਕਾਲੀ ਕਰਕੇ ਕੋਈ , ਕਿੰਜ ਬਣੂੰ ਜੋਬਨ ਦਾ ਹਾਣੀ ?
ਵਾਲਾਂ ਦੀ ਕਾਲਖ ਨਹੀਂ, ਜੋਬਨ ਜੋਬਨ-ਮੱਤਾ ਹਾਣ ਮੰਗਦੈ।
----
ਜੀਵਨ ਐਸ਼-ਅਰਾਮ ਨਹੀਂ ਹੈ, ਜੀਵਨ ਤਾਂ ਸੰਗਰਾਮ ਹੈ ਪਿਆਰੇ ,
ਜੀਵਨ ਤਾਂ ਜੀਵਨ ਦੇ ਕੋਲੋਂ , ਜੀਵਨ-ਭਰ ਘਮਸਾਣ ਮੰਗਦੈ।
----
ਸਾਗਰ ਕਹਿੰਦਾ ਹੈ , "ਮੇਰੇ ਵਿਚ ਰਲ ਕੇ ਤੂੰ ਵੀ ਸਾਗਰ ਹੋ ਜਾਹ",
ਪਰ ' ਸੰਧੂ ' ਇਕ ਤੁਪਕਾ ਹੋ ਕੇ , ਅਪਣੀ ਵੱਖ ਪਛਾਣ ਮੰਗਦੈ।
No comments:
Post a Comment