
ਨਜ਼ਰ ਨਜ਼ਰ ‘ਚ ਤਾਂ ਕਿੰਨੇ ਸਵਾਲ ਹੁੰਦੇ ਹਨ।
ਦਬੀ ਦਬੀ ਜਹੀ ਚਾਹ ਵਿਚ ਉਬਾਲ ਹੁੰਦੇ ਹਨ ।
----
ਨ ਪੁੱਜ ਸਕੀ ਤਿਰੇ ਤੀਕਰ, ਹਵਾ ਇਬਾਦਤ ਦੀ,
ਮਿਰੇ ਤਾਂ ਹਰ ਸਮੇਂ ਪਾਵਨ ਖ਼ਿਆਲ ਹੁੰਦੇ ਹਨ।
----
ਇਕੱਲ ‘ਚ ਮੈਂ ਰਿਹਾ ਧੁਖਦਾ, ਤਦੇ ਈ ਸਾਹ ਮੇਰੇ,
ਧੂੰਆਂ ਧੂੰਆਂ ਕਦੀ, ਧੁੰਧਲੇ ਮਲਾਲ ਹੁੰਦੇ ਹਨ।
----
ਕਟੀ ਤੇ ਕਟ ਗਈ ਸਾਰੀ ਈ ਉਮਰ ਪਲਾਂ ਵਿਚ,
ਜੋ ਬਿਰਹੋਂ ਵਾਲੇ ਪਲ ਹੁੰਦੇ, ਮੁਹਾਲ ਹੁੰਦੇ ਹਨ।
----
ਤੁਸੀਂ ਹਮੇਸ਼ ਹੀ ਕਰਦੇ ਓ ਗੱਲ ਅਕਾਸ਼ਾਂ ਦੀ,
ਮਿਰੀ ਆਗ਼ੋਸ਼ ਵਿਚ ਧਰਤੀ ਪਤਾਲ ਹੁੰਦੇ ਹਨ।
----
ਮਿਰੇ ਹਸਾਸ ਦੇ ਪਲਾਂ ‘ਚ ਗੁੰਮ ਕਈ ਚਿਹਰੇ,
ਜਦੋਂ ਵੀ ਭਾਲਦਾਂ ਸਭ ਨਾਲ਼ ਨਾਲ਼ ਹੁੰਦੇ ਹਨ।
----
ਅਨੇਕ ਰਾਹ ਮਿਲੇ, ਸਾਥੀ ਮਿਲੇ ਐਪਰ ਹੁਣ ਤਾਂ,
ਫ਼ਕਤ ਖ਼ਿਆਲ ਹੀ “ ਸੀਰਤ “ ਦੇ ਨਾਲ਼ ਹੁੰਦੇ ਹਨ ।
1 comment:
ਸੀਰਤ ਸਾਹਿਬ, ਇੱਕ ਖ਼ੂਬਸੂਰਤ ਗ਼ਜ਼ਲ ਕਹਿਣ ਤੇ ਮੇਰੇ ਵਲੋਂ ਵਧਾਈ।
ਨਜ਼ਰ ਨਜ਼ਰ 'ਚ ਤਾਂ ਕਿੰਨੇ ਸਵਾਲ ਹੁੰਦੇ ਹਨ
ਦਬੀ ਦਬੀ ਜਹੀ ਚਾਹ ਵਿਚ ਉਬਾਲ ਹੁੰਦੇ ਹਨ
ਇਹ ਸ਼ੇਅਰ ਪੜ੍ਹ ਕੇ ਮੂੰਹੋਂ ਵਾਰ ਵਾਰ ਵਾਹ ਵਾਹ ਨਿੱਕਲੀ ਹੈ।
ਜਸਵੰਤ ਸਿੱਧੁ
ਸਰੀ
Post a Comment