
ਸਾਹਿਤਕ ਨਾਮ: ਮੁਹਿੰਦਰ ਰਾਮਪੁਰੀ
ਜਨਮ: 24 ਮਈ, 1934 - 24 ਫਰਵਰੀ, 2001
ਪਿੰਡ: ਰਾਮਪੁਰ
ਕਿਤਾਬਾਂ: ਗ਼ਜ਼ਲ-ਸੰਗ੍ਰਹਿ: ‘ਚਾਨਣ ਦੇ ਫੁੱਲ’ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਦੂਜਾ ਖਰੜਾ ਤਿਆਰ ਪਿਆ ਹੈ। ‘ਲੂ ਸ਼ੁਨ ਦੇ ਖ਼ਤ’ ਕਿਤਾਬ ਤੋਂ ਇਲਾਵਾ ਅਨੇਕਾਂ ਰਚਨਾਵਾਂ ਦਾ ਹੋਰ ਭਾਸ਼ਾਵਾਂ ਤੋਂ ਪੰਜਾਬੀ ਅਨੁਵਾਦ ਕੀਤਾ ਹੈ।
ਕਿੱਤੇ ਵਜੋਂ ਰਾਮਪੁਰੀ ਸਾਹਿਬ ਡਰਾਇੰਗ ਮਾਸਟਰ ਰਹੇ।
----
ਬਕੌਲ ਸੁਰਿੰਦਰ ਰਾਮਪੁਰੀ ਜੀ: “.........ਮੁਹਿੰਦਰ ਰਾਮਪੁਰੀ ਸਰੋਤਿਆਂ ਤੋਂ ਬਿਨ੍ਹਾਂ ਸ਼ਿਅਰ ਉਚਾਰ ਹੀ ਨਹੀਂ ਸੀ ਸਕਦਾ। ਇਕ ਵਾਰ ਜਲੰਧਰ ਰੇਡਿਓ ਸਟੇਸ਼ਨ ਤੋਂ ਕਵਿਤਾ ਪੜ੍ਹਨ ਲਈ ਮੁਹਿੰਦਰ ਨੂੰ ਸੱਦਿਆ ਗਿਆ। ਸ.ਸ. ਮੀਸ਼ਾ ਜੀ ਰਿਕਾਰਡਿੰਗ ਕਰ ਰਹੇ ਸਨ। ਮੁਹਿੰਦਰ ਨੂੰ ਮਾਈਕ ਦੇ ਸਾਹਮਣੇ ਕੁਰਸੀ ‘ਤੇ ਬਿਠਾ ਦਿੱਤਾ ਗਿਆ।
ਉਹ ਆਖਣ ਲੱਗਿਆ, “ ਮੈਂ ਸੁਣਾਊਂ ਕੀਹਨੂੰ? ਇੰਝ ਤਾਂ ਮੈਥੋਂ ਪੜ੍ਹਿਆ ਨਹੀਂ ਜਾਣਾ।”
....
ਮੀਸ਼ਾ ਜੀ ਕਹਿਣ ਲੱਗੇ. “ ਤੈਨੂੰ ਰੇਡਿਓ ਦੇ ਲੱਖਾਂ ਲੋਕਾਂ ਨੇ ਸੁਣਨੈਂ ।”
....
ਮੁਹਿੰਦਰ ਬੋਲਿਆ’ “ ਇਹ ਤਾਂ ਠੀਕ ਹੈ, ਪਰ ਮੈਂ ਮੁਖ਼ਾਤਿਬ ਕੀਹਨੂੰ ਹੋਵਾਂ?”
.....
ਮੀਸ਼ਾ ਜੀ ਖ਼ੁਦ ਬਹੁਤ ਵੱਡੇ ਸ਼ਾਇਰ ਸਨ। ਸ਼ਾਇਰਾਂ ਦੀਆਂ ਸ਼ੋਖ਼ੀਆਂ ਨੂੰ ਸਮਝਦੇ ਸਨ, ਉਹਨਾਂ ਨੇ ਮੁਹਿੰਦਰ ਦੇ ਨਾਲ਼ ਗਏ ਬਲਦੇਵ ਰਾਮਪੁਰੀ ਨੂੰ ਉਸਦੇ ਸਾਹਮਣੇ ਬਿਠਾ ਦਿੱਤਾ ਅਤੇ ਮੁਹਿੰਦਰ ਸ਼ਿਅਰ ਸੁਣਾਉਂਣ ਲੱਗ ਪਿਆ। ਬਲਦੇਵ ਦੇ ਬਹਾਨੇ ਰੇਡਿਓ ਦੇ ਸਰੋਤਿਆਂ ਨੂੰ ਮੁਖ਼ਾਤਬ ਹੋਇਆ.........”
----
ਫੋਟੋ: ਦੋਸਤੋ! ਮੁਹਿੰਦਰ ਰਾਮਪੁਰੀ ਜੀ ਦੀ ਤਸਵੀਰ ਲਈ ਮੈਂ ਬਹੁਤ ਯਤਨ ਕੀਤੇ, ਪਰ ਕਾਮਯਾਬੀ ਨਾ ਮਿਲ਼ੀ। ਇਹਨਾਂ ਗ਼ਜ਼ਲਾਂ ਨਾਲ਼ ਲੱਗੀ ਦੁਰਲੱਭ ਤਸਵੀਰ ਹਰਭਜਨ ਸਿੰਘ ਮਾਂਗਟ ਜੀ ਦੀ ਯਾਦਾਂ ਦੀ ਲਾਇਬ੍ਰੇਰੀ ‘ਚੋਂ ਮਿਲ਼ੀ ਹੈ। ਇਹ ਕਿਸੇ ਨੀਲਮਣੀ ਰਸਾਲੇ ਦੀ 1982 ਦੀ ਕਟਿੰਗ ਉਹਨਾਂ ਕੋਲ਼ ਸਾਂਭੀ ਪਈ ਸੀ, ਜਿਸ ਵਿਚ ਹੋਰਨਾਂ ਸ਼ਾਇਰਾਂ ਦੇ ਨਾਲ਼ ਮੁਹਿੰਦਰ ਰਾਮਪੁਰੀ ਜੀ ਵੀ ਖੜ੍ਹੇ ਹਨ। ਮੈਂ ਬਹੁਤ ਕੋਸ਼ਿਸ ਕਰਕੇ ਤਸਵੀਰ ਨੂੰ ਸਾਫ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਰੁੱਪ ਫੋਟੋ ‘ਚ ਹੇਠਲੀ ਕਤਾਰ ‘ਚ ਖੱਬਿਓਂ ਦੂਜੇ ਨੰਬਰ ਤੇ ਮੁਹਿੰਦਰ ਰਾਮਪੁਰੀ ਜੀ ਅਤੇ ਸੱਜਿਓਂ ਏਸੇ ਕਤਾਰ 'ਚ ਹੀ ਤੀਜੇ ਨੰਬਰ ਤੇ ਹਰਭਜਨ ਸਿੰਘ ਮਾਂਗਟ ਜੀ ਅਤੇ ਮਾਂਗਟ ਸਾਹਿਬ ਦੇ ਐਨ ਨਾਲ਼ ਖੱਬੇ ਪਾਸੇ ਮਰਹੂਮ ਡਾ: ਗੁਰਦੇਵ ਸਿੰਘ ਪੰਦੋਹਲ ਖੜ੍ਹੇ ਹਨ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ।
*************
ਗ਼ਜ਼ਲ
ਇਕ ਕਾਤਰ ਚਾਨਣ ਦੀ ਜਦ ਖੇਤ ਵਿਚ ਆਈ ਕਿ ਬਸ।
ਠਰਦੀਆਂ ਫਸਲਾਂ ਨੇ, ਧਾਅ ਗਲਵਕੜੀ ਪਾਈ ਕਿ ਬਸ।
----
ਅਖ ਮਲ਼ਦੇ ਜਾਗ ਉਠੇ ਸਨ ਸਭ ਖੇਤਾਂ ਦੇ ਖੇਤ,
ਤੇ ਲਈ ਹਰ ਡਾਲ ਨੇ ਸੀ ਇਕ ਅੰਗੜਾਈ ਕਿ ਬਸ।
----
ਨਿਕਲ਼ਕੇ ਫਸਲਾਂ ਦੇ ਵਿਚੋਂ ਬਾਹਰ ਤਿੱਤਰ ਤਿਤਲੀਆਂ,
ਭੁੱਲ ਕੇ ਆਪਣਾ ਆਪ ਲੁੱਡੀ ਇਸ ਤਰ੍ਹਾਂ ਪਾਈ ਕਿ ਬਸ।
----
ਕਣਕ ਦੀ ਬੱਲੀ ਨੇ ਜਦ ਸੀ ਦੇਖਿਆ ਅਲਸੀ ਦਾ ਫੁੱਲ,
ਉਸਨੂੰ ਬੱਕੀ ਯਾਦ ਮਿਰਜ਼ੇ ਦੀ ਆਈ ਕਿ ਬਸ।
----
ਅਪਣੇ ਰਸ ਵਿਚ ਮੁਗਧ ਸੀ ਸਰਸਬਜ਼ ਪੇਠਾ ਓਸ ‘ਚੋਂ,
ਇਕ ਚਿੜੀ ਪਰ ਬਾਜ਼ ਤੋਂ ਡਰ ਇੰਝ ਚਿਲਾਈ ਕਿ ਬਸ।
----
ਯਾਦ ਕਰਕੇ ਸੀਤ ਬੁੱਲ੍ਹ ਤੇ ਪਿਆ ਕੋਰਾ ਜਦੋਂ,
ਫਸਲਾਂ ਦੀ ਤਾਂ ਪੱਤੀ ਪੱਤੀ ਅੱਖ ਭਰ ਆਈ ਕਿ ਬਸ।
----
ਛਮ ਛਮਾ ਛਮ ਪੱਬ ਧਰਦੀ ਪਾ ਕੇ ਚਾਨਣ ਦਾ ਲਿਬਾਸ,
ਫਿਰ 'ਮੁਹਿੰਦਰ' ਦੇ ਦਰ ‘ਤੇ ਇਕ ਗ਼ਜ਼ਲ ਆਈ ਕਿ ਬਸ।
=====
ਗ਼ਜ਼ਲ
ਉਸਦੀ ਸੁੰਦਰ ਇਮਾਰਤ ਦੇਖ ਦਿਲਬਰ।
ਇਸਦੀ ਮਮਟੀ ਗੁਟਕਣੇ ਚੀਨੇ ਕਬੂਤਰ।
----
ਚਾਦਰਾਂ ਦੇ ਫੁੱਲ ਰੋਂਦੇ ਛੱਡ ਗਏ ਜੋ,
ਉਸਦੀ ਛੋਹ ਨੂੰ ਲੋਚਦੇ ਹਨ ਮਨ ਦੇ ਬਿਸਤਰ।
----
ਬਾਰਸ਼ਾਂ ਦੀ ਨਾ ਸਮੇਂ ਸਿਰ ਆਸ ਰੱਖੋ,
ਪੋਰੀਏ ਹੁਣ ਖ਼ੁਸ਼ਕ ਖੇਤਾਂ ਵਿਚ ਅਰਹਰ।
----
ਚੱਲਦੀ ਹੈ ਦਿਲ ਦੀ ਧੜਕਣ ਹੀ ਨਹੀਂ ਤਾਂ,
ਸੁੰਨ ਕਸਬੇ, ਜਾਮ ਸੜਕਾਂ, ਬੰਦ ਦਫ਼ਤਰ।
----
ਦੇਖ ਸ਼ੋਹਲੇ ਬਣ ਗਏ ਪਟ ਬੀਜਣੇ ਵੀ,
ਲਗ ਹੀ ਜਾਣੇ ਸਨ ਕਦੇ ਕੀੜੀ ਨੂੰ ਪਰ।
----
ਖੰਡ ਦੇ ਲੱਛੇ ਜਿਹਾ ਨਾ ਗੀਤ ਗਾਵੇ,
ਖ਼ਾਸ ਮਕ਼ਸਦ ਵਾਸਤੇ ਲਿਖਦੈ ‘ਮੁਹਿੰਦਰ’।
7 comments:
ਤਨਦੀਪ। ਮੁਹਿੰਦਰ ਰਾਮਪੁਰੀ ਦੀਆਂ ਗ਼ਜ਼ਲਾਂ ਲਾਜਵਾਬ ਹਨ, ਤੇ ਫੋਟੋ ਤਾਂ ਸੱਚਮੁੱਚ ਦੁਰਲੱਭ ਹੈ। ਤੇਰੀ ਮਿਹਨਤ ਰੰਗ ਲਿਆ ਰਹੀ ਹੈ। ਮਾਂਗਟ ਸਾਹਿਬ ਦਾ ਵੀ ਧੰਨਵਾਦ।
ਜਸਵੰਤ ਸਿੱਧੂ
ਸਰੀ
ਕੈਨੇਡਾ
Tamanna, I am indeed inpressed with the way you are managing this blog. Thanks for posting a very touching verse written by Late Mahinder Rampuri. I loved both gazals here.
Amol Minhas
California
ਗ਼ਜ਼ਲਾਂ ਪੜ੍ਹ ਕੇ ਬੱਸ ਮੂੰਹੋਂ ਇਹੀ ਨਿਕਲਿਆ
ਵਾਹ! ਵਾਹ! ਵਾਹ!
ਇਹ ਸਨ ਅਸਲੀ ਸ਼ਾਇਰ! ਮੁਹਿੰਦਰ ਰਾਮਪੁਰੀ ਜੀ ਦੀ ਕਲਮ ਨੂੰ ਸਲਾਮ।
ਮਨਧੀਰ ਦਿਓਲ
ਕੈਨੇਡਾ
Kalla kalla shayer dil te asr karda hai. Uch koti di shayeree hai.
Raaz Sandhu
Brampton
Canada
Tandeep, Poetry by Mahinder Rampuri depicts vivid thoughts about his country, farms and the way of life, thus thoroughly enjoyable.
Preet Walia
Canada
ਸਵ. ਮਹਿੰਦਰ ਰਾਮਪੁਰੀ ਸਾਹਿਬ ਦੀ ਕਲਮ ਨੂੰ ਮੇਰਾ ਸਲਾਮ। ਉਹਨਾਂ ਦੀ ਹਾਜ਼ਰੀ ਲਵਾ ਕੇ ਤੁਸੀਂ ਬਹੁਤ ਚੰਗਾ ਕੀਤਾ ਹੈ। ਉਹਨਾਂ ਦੀ ਪਹਿਲੀ ਗ਼ਜ਼ਲ ਮੈਂ ਡਾਇਰੀ 'ਚ ਨੋਟ ਕੀਤੀ ਹੈ। ਹਰਭਜਨ ਮਾਂਗਟ ਤੇ ਮੇਜਰ ਮਾਂਗਟ ਜੀ ਦਾ ਤਸਵੀਰਾਂ ਰਾਹੀਂ ਸ਼ਾਇਰ ਦੇ ਦਰਸ਼ਨ ਕਰਵਾਉਂਣ ਲਈ ਧੰਨਵਾਦ।
ਯਾਦ ਕਰਕੇ ਸੀਤ ਬੁੱਲ੍ਹ ਤੇ ਪਿਆ ਕੋਰਾ ਜਦੋਂ,
ਫਸਲਾਂ ਦੀ ਤਾਂ ਪੱਤੀ ਪੱਤੀ ਅੱਖ ਭਰ ਆਈ ਕਿ ਬਸ।
ਇਹਦੇ ਨਾਲ ਦਾ ਪੰਜਾਬੀ ਸ਼ਾਇਰੀ 'ਚ ਸ਼ੇਅਰ ਨਹੀਂ ਹੈ।
ਸੁਖਵੀਰ ਸੈਂਹਬੀ
ਲੁਧਿਆਣਾ
classics
Post a Comment