
ਭਟਕਦੀ ਰਾਤ ਰਹਿੰਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
ਧਮਕ ਖ਼ਾਬਾਂ ਦੀ ਪੈਂਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
----
ਸੁਣੇ ਜੋ ਛਣਕ ਵੰਗਾਂ ਦੀ ਖਿੜੇ ਇਕ ਵੇਲ ਰੰਗਾਂ ਦੀ,
ਕੋਈ ਤਸਵੀਰ ਲਹਿੰਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
----
ਉਹਦਾ ਸੰਗਦਾ ਜਿਹਾ ਹਾਸਾ ਖਿਲਰਿਆ ਤਾਰਿਆਂ ਵਾਂਗੂੰ,
ਘੁਲ਼ੀ ਸ਼ਗਨਾਂ ਦੀ ਮਹਿੰਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
----
ਕਿਸੇ ਸੁਪਨੇ ਦੀਆਂ ਕਿਰਚਾਂ ਉਹਦੇ ਨੈਣਾਂ ‘ਚ ਬਾਕੀ ਨੇ,
ਅਜੇ ਲਿਸ਼ਕੋਰ ਪੈਂਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
----
ਤਮਾਸ਼ਾ ਮਨ ਕਰੇ ਹਰਦਮ ਕਦੇ ਕੋਈ ਕਦੇ ਕੋਈ,
ਜੁੜੀ ਇਕ ਭੀੜ ਰਹਿੰਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
----
ਉਹ ਕਿਹੜੀ ਸ਼ਾਮ ਹੈ ਜਿਸਦਾ ਅਜੇ ਸੂਰਜ ਨਹੀਂ ਡੁੱਬਾ,
ਸੁਲਘਦੀ ਯਾਦ ਰਹਿੰਦੀ ਹੈ ਮੇਰੇ ਸੀਨੇ ‘ਚ ਸਾਰਾ ਦਿਨ।
4 comments:
Incredibly poignant gazal, capturing the ache of true love. Kudos Harjinder Kang. I am struggling with myself to find the right words to praise it.
Amol Minhas
California
ਹਰਜਿੰਦਰ ਕੰਗ ਤਾਂ ਕੀ ਕਹਿਣੇ, ਹਰ ਵਾਰ ਤੁਹਾਡੀਆਂ ਗੱਲਾਂ ਵਿਚਲੀ ਸਾਦਗੀ ਦੀ ਗਹਿਰਾਈ ਬਹੁਤ ਪ੍ਰਭਾਵਿਤ ਕਰਦੀ ਹੈ।
ਕਿਸੇ ਸੁਪਨੇ ਦੀਆਂ ਕਿਰਚਾਂ ਉਹਦੇ ਨੈਣਾਂ 'ਚ ਬਾਕੀ ਨੇ
ਅਜੇ ਲਿਸ਼ਕੋਰ ਪੈਂਦੀ ਹੈ ਮੇਰੇ ਸੀਨੇ ਚ ਸਾਰਾ ਦਿਨ
ਜਿਉਂਦੇ ਰਹੋ।
ਜਸਵੰਤ ਸਿੱਧੁ
ਸਰੀ
ਇੱਕ ਸੋਹਣੀ ਗ਼ਜ਼ਲ ਕਹਿਣ ਤੇ ਵਧਾਈਆਂ ਹਰਜਿੰਦਰ ਕੰਗ ਸਾਹਿਬ । ਸੀਨੇ ਦੀ ਭਟਕਣ 'ਚੋਂ ਗ਼ਜ਼ਲ ਕਮਾਲ ਦੀ ਨਿਕਲੀ ਹੈ।
ਮਨਧੀਰ ਦਿਓਲ
ਕੈਨੇਡਾ
ਹਰਜਿੰਦਰ ਕੰਗ ਦੀ ਗੁੰਝਲਦਾਰ ਸ਼ਬਦਾਂ ਦੇ ਹੇਰ-ਫੇਰ ਤੋਂ ਬਿਨ੍ਹਾਂ ਹਮੇਸ਼ਾ ਦੀ ਤਰ੍ਹਾਂ ਇਕ ਬੇਹਤਰੀਨ ਗ਼ਜ਼ਲ ਹੈ।
ਸਿਮਰਜੀਤ ਸੀੰਘ
ਅਮਰੀਕਾ
Post a Comment