
ਪਾਣੀ ਦਿੰਦਾ ਰਹਿੰਦਾ ਹਾਂ ਫਿਰ ਵੀ ਤਿਰਹਾਏ ਰਹਿੰਦੇ ਨੇ।
ਕੁਝ ਪੌਦੇ ਉਸਦੀ ਯਾਦ ਵਿਚ ਸਦਾ ਕੁਮਲਾਏ ਰਹਿੰਦੇ ਨੇ ।
----
ਆਲੇ ਦੁਆਲੇ ਟੁੱਟੇ ਖੰਡਰਾਂ ਨੂੰ ਨਫ਼ਰਤ ਨਾ ਕਰੀਂ,
ਇਸ ਸ਼ਹਿਰ ਵਿਚ ਤੇਰੇ ਵੀ ਕੁਝ ਹਮਸਾਏ ਰਹਿੰਦੇ ਨੇ ।
----
ਮੁਮਕਿਨ ਨਹੀਂ ਸਕੂਨ ਮਿਲਣਾ ਭੀੜ ਵਿਚ ਗੁਆਚ ਕੇ,
ਜ਼ਿਹਨ ਵਿਚ ਕਾਲੇ ਹਨੇਰੇ ਜਦ ਸਮਾਏ ਰਹਿੰਦੇ ਨੇ ।
----
ਇੰਦਰਧਨੁਸ਼ ਦੇ ਰੰਗਾਂ ਦੀ ਉਹ ਛਡਣਗੇ ਫਿਰ ਦੋਸਤੀ,
ਅੱਖਾਂ ਉਪਰ ਹਰਦਮ ਜੋ ਚਸ਼ਮੇ ਚੜ੍ਹਾਏ ਰਹਿੰਦੇ ਨੇ ।
----
ਉਸ ਨਾਲ ਬਹਾਰਾਂ ਵਾਲੀ ਗੱਲ ਕਿਹੜੇ ਸਮੇਂ ਕਰੀਏ,
ਝਰਨਿਆਂ ਦੀ ਵਾਦੀ ਵਿਚ ਵੀ ਜੋ ਤਪੇ ਤਪਾਏ ਰਹਿੰਦੇ ਨੇ ।
----
ਰੀਸਾਂ ਨਾ ਕਰਿਆ ਕਰ ਉਹਨਾਂ ਅਣਥੱਕੇ ਰਾਹੀਆਂ ਦੀਆਂ,
ਮਾਰੂਥਲ ਦੇ ਆਤਿਸ਼ ਵਿਚ ਜੋ ਖਿੜੇ ਖਿੜਾਏ ਰਹਿੰਦੇ ਨੇ ।
----
ਮਾਰ ਕਲਮ ਦੀ ਉਹਨਾਂ ਥਾਵਾਂ ਤੇ ਵੀ ਹੁੰਦੀ ਅਕਸਰ,
ਬੰਬ ਬੰਦੂਕਾਂ ਜਿਹੜੇ ਥਾਈਂ ਧਰੇ ਧਰਾਏ ਰਹਿੰਦੇ ਨੇ ।
1 comment:
Post a Comment