
ਖ਼ੁਦ ਨੂੰ ਤਨਹਾਈ ਦੀ ਪੀੜਾ ‘ਚੋਂ ਉਭਾਰਨ ਵਾਸਤੇ।
ਤੰਦ ਜੁੜ ਜਾਂਦੀ ਕੁਈ ਜੀਵਨ ਗੁਜ਼ਾਰਨ ਵਾਸਤੇ।
----
ਕਿਉਂ ਨਹੀਂ ਹਟਦੀ ਪਰੇ ਖ਼ੁਦ ਤੋਂ ਨਜ਼ਰ ਤੇਰੀ ਮਨਾ!
ਵੇਖ ਕਿੰਨਾ ਕੁਝ ਚੁਫ਼ੇਰੇ ਹੈ ਨਿਹਾਰਨ ਵਾਸਤੇ।
----
ਇਸ਼ਕ ਤਾਂ ਚਾਹਤ ਦੀ ਉਸ ਉੱਚੀ ਅਵੱਸਥਾ ਦਾ ਹੈ ਨਾਂ,
ਜਿਸ ‘ਚ ਕੋਈ ਥਾਂ ਨਹੀਂ ਜਿੱਤਣ ਜਾਂ ਹਾਰਨ ਵਾਸਤੇ।
----
ਉਮਰ ਦਾ ਇਕ ਅਹਿਮ ਹਿੱਸਾ ਖੁਸ ਗਿਆ ਤਾਂ ਜਾਣਿਆ,
ਉਹ ਹੀ ਤਾਂ ਵੇਲ਼ਾ ਸੀ ਜੀਵਨ ਨੂੰ ਉਭਾਰਨ ਵਾਸਤੇ।
----
ਐ ਜ਼ਮਾਨੇ! ਜੇ ਸੰਵੇਦਨਸ਼ੀਲ ਹੋਣਾ ਜੁਰਮ ਹੈ,
ਤਿਆਰ ਹਾਂ ਫਿਰ ਇਸ ਲਈ ਹਰ ਮੁੱਲ ਤਾਰਨ ਵਾਸਤੇ।
----
ਮੈਂ ਤਿਰੀ ਰਹਿਮਤ ਦੇ ਗੁਣ ਗਾਇਨ ਕਰਾਂਗਾ ਹਸ਼ਰ ਤਕ,
ਬਖ਼ਸ਼ ਦੇ ਇਕ ਬੇਖ਼ੁਦੀ ਜੀਵਨ ਗੁਜ਼ਾਰਨ ਵਾਸਤੇ।
----
ਹੋਰ ਹੋ ਜਾਵੇ ਸਗੋਂ ਪੀਡੀ ਉਦ੍ਹੇ ਚੇਤੇ ਦੀ ਗੰਢ,
ਜਦ ਕਦੇ ਕੋਸ਼ਿਸ਼ ਕਰਾਂ ਉਸਨੂੰ ਵਿਸਾਰਨ ਵਾਸਤੇ।
----
ਹੁਸਨ ਤੇਰਾ ਹੋਰ ਵੀ ਕੁਝ ਲਿਸ਼ਕ ਜਾਣਾ ਸੀ ਸਗੋਂ,
ਢੂੰਡ ਲੈਂਦੋ ਜੇ ਕੁਈ ਦਰਪਨ ਨਿਹਾਰਨ ਵਾਸਤੇ।
----
ਜੇ ਕੁਈ ਸੁਣਦਾ ਸਮਝਦਾ ਰੂਹ ਦੀ ਆਵਾਜ਼ ਨੂੰ,
ਫ਼ੈਸਲਾ ਲੈਂਦਾ ਮੈਂ ਕਾਹਤੋਂ ਮੌਨ ਧਾਰਨ ਵਾਸਤੇ।
2 comments:
Bahut he sohni ghazal kahi hai.
ਇਸ਼ਕ ਤਾਂ ਚਾਹਤ ਦੀ ਉਸ ਉੱਚੀ ਅਵੱਸਥਾ ਦਾ ਹੈ ਨਾਂ,
ਜਿਸ ‘ਚ ਕੋਈ ਥਾਂ ਨਹੀਂ ਜਿੱਤਣ ਜਾਂ ਹਾਰਨ ਵਾਸਤੇ।
ਐ ਜ਼ਮਾਨੇ! ਜੇ ਸੰਵੇਦਨਸ਼ੀਲ ਹੋਣਾ ਜੁਰਮ ਹੈ,
ਤਿਆਰ ਹਾਂ ਫਿਰ ਇਸ ਲਈ ਹਰ ਮੁੱਲ ਤਾਰਨ ਵਾਸਤੇ।
ਮੈਂ ਤਿਰੀ ਰਹਿਮਤ ਦੇ ਗੁਣ ਗਾਇਨ ਕਰਾਂਗਾ ਹਸ਼ਰ ਤਕ,
ਬਖ਼ਸ਼ ਦੇ ਇਕ ਬੇਖ਼ੁਦੀ ਜੀਵਨ ਗੁਜ਼ਾਰਨ ਵਾਸਤੇ।
bahut khoob kiha.mubarkan!
Post a Comment