
ਧੀ ਜੰਮਣ 'ਤੇ ਆਖਣ "ਹਾਏ ਨਾਲ਼ੇ ਖਰਚ ਤੇ ਨਾਲ਼ੇ ਖੇਚਲ਼”।
ਪੁੱਤ ਜੰਮਣ 'ਤੇ ਕਿਹਾ ਨਾ ਜਾਏ, "ਨਾਲ਼ੇ ਖਰਚ ਤੇ ਨਾਲ਼ੇ ਖੇਚਲ਼”।
----
ਆਸ਼ਿਕ ਦਾ ਤਾਂ ਘਰ ਬੈਠੇ ਹੀ , ਯਾਰ ਵੇਖ ਕੇ ਹਜ ਹੋ ਜਾਂਦੈ,
ਹਜ ਨੂੰ ਕਿਹੜਾ ਮੱਕੇ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
----
ਮੂਰਖ ਬੰਦਾ ਕਰ ਲੈਂਦਾ ਏ, ਸ਼ਾਦੀ ਵੇਲ਼ੇ ਹੀ ਬਰਬਾਦੀ,
ਲੇਕਿਨ ਚਾਤੁਰ ਸ਼ਖ਼ਸ ਬਚਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼ ।
----
ਨੱਕ-ਨਮੂਜ਼ ਤੇ ਰਸਮ-ਰਿਵਾਜ਼ ਨੂੰ ਛੱਡ ਕੇ ਬੰਦਾ ਸੌਖਾ ਰਹਿੰਦੈ,
ਪਰ ਆਪਾਂ ਤਾਂ ਆਪ ਵਧਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼ ।
-----
ਕੋਠਾ , ਵਿਹੜਾ , ਖੇਤ , ਹਵੇਲੀ, ਵੰਡ ਲਏ ਆਪਸ ਵਿਚ ਮੁੰਡਿਆਂ,
ਮਾਪਿਆਂ ਨੂੰ ਕਿਹੜਾ ਅਪਣਾਏ ? ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
----
ਮੁੰਡੇ ਲੜ ਕੇ ਅੰਦਰ ਹੋ ਗਏ, ਮਗਰ ਕਚਿਹਰੀ ਜਾਂਦਾ ਜਾਂਦਾ,
ਬਾਪੂ ਬੁੜ - ਬੁੜ ਕਰਦਾ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼ ।
----
ਅਰਥੀ ਤੱਕ ਉਠਾਉਣ ਸਮੇਂ ਵੀ , ਪਰਦੇਸਾਂ ਤੋਂ ਪੁੱਤ ਨਾ ਪਹੁੰਚੇ,
ਹਮ-ਸਾਇਆਂ ਹੀ ਅੰਤ ਉਠਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
----
ਸਾਰੇ ਘਰ ਦਾ ਕੰਮ ਕਰਦੀ ਏ, ਮਾਂ-ਪਿਉ-ਮ੍ਹਿੱਟਰ ਕੰਜ-ਕੁਆਰੀ,
ਭਾਬੀ ਫਿਰ ਵੀ ਰੋਜ਼ ਸੁਣਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।
----
ਸ਼ਾਗਿਰਦਾਂ ਨੂੰ ਘਰ ਸੱਦ ਸੱਦ ਕੇ, ਗ਼ਜ਼ਲਾਂ ਦੀ ਤਕਨੀਕ ਸਿਖਾਉਂਦੈ,
ਕਮਲਾ ' ਸੰਧੂ ' ਨਿੱਤ ਉਠਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼ ।
2 comments:
bahut hi khoobsoorat te technical ghazal,ustaad ji;sach aakhiyaa ,panjabi likhan waale jamaandhuru apne aap ne behr-sampaan samjhade ne;apna time kad ke kise di islaah karo,te bahute is de dhanwaadii honh de thaan ,aukhe hunde ne
Sandhu sahib di bahut achhi ghazal hai,nirala radeef hai-''naale kharch te naale khechal'....bahut sunder.
Post a Comment