
ਸਦਾ ਹੀ ਹੱਦ ਰੱਖੀ ਹੈ, ਤੂੰ ਚਿਹਰੇ ਦੀ ਬਨਾਵਟ ਤੀਕ।
ਗੁਣਾਂ ਉੱਪਰ ਵੀ ਝਾਤੀ ਪਾ, ਨਾ ਰਹਿ ਬਾਹਰੀ ਸਜਾਵਟ ਤੀਕ।
----
ਮੁਕੱਦਰ ਜਾਗ ਉੱਠੇਗਾ, ਸੁਹਾਣੇ ਆਣਗੇ ਸੁਪਨੇ,
ਜ਼ਰਾ ਤੂੰ ਪਹੁੰਚ ਤਾਂ ਰਾਹੀ, ਕਦੇ ਚਲ ਕੇ ਥਕਾਵਟ ਤੀਕ।
----
ਮਿਰੀ ਝੁੱਗੀ ਦੇ ਅੰਦਰ ਜੋ, ਤੂੰ ਚਿੜੀਆਂ, ਮੋਰ ਉਕਰੇ ਨੇ,
ਮੁਨਾਰੇ ਪਹੁੰਚ ਨਈਂ ਸਕਣੇ, ਕਦੇ ਇਸ ਦੀ ਸਜਾਵਟ ਤੀਕ।
----
ਇਹ ਮਾਇਆ ਛੱਡ ਚੱਲਿਆ ਏਂ, ਬੜੇ ਪਾਪੜ ਤੂੰ ਵੇਲੇ ਸੀ,
ਜਮ੍ਹਾ-ਖ਼ੋਰੀ ਕਦੇ ਕੀਤੀ, ਕਦੇ ਕੀਤੀ ਮਿਲਾਵਟ ਤੀਕ।
----
ਨਜ਼ਰ ਆਂਦਾ ਹੈ ਜੋ ਝੱਲਾ, ਹਕੀਕਤ ਹੋਰ ਹੈ ਉਸਦੀ,
ਟਿਕਾ ਕੇ ਹੱਥ ‘ਤੇ ਸਰਸੋਂ, ਮਸਲ਼ਦਾ ਹੈ ਤਰਾਵਟ ਤੀਕ।
----
ਖਿੜੇ ਰਹਿਣਾ ਹੀ ਜੀਵਨ ਹੈ, ਤੇ ਚਲਣਾ ਜਿੱਤ ਦਾ ਸੂਚਕ,
ਇਰਾਦੇ ਹੋਣ ਜੇ ਉੱਚੇ, ਹਟਾ ਦੇਵਣ ਰੁਕਾਵਟ ਤੀਕ।
----
ਕਦੇ ਉਠਣਾ ਵੀ ਚਾਹੇਂ ਤਾਂ, ਅਸੰਭਵ ਨਾ ਰਹੇ ਜਿੱਥੋਂ,
ਗਿਰੀਂ ਨਾ ਭੁੱਲ ਕੇ ‘ਬਾਦਲ’, ਕਦੇ ਏਨੀ ਗਿਰਾਵਟ ਤੀਕ।
4 comments:
bahut khoobsurat.....shabad v te style v............
Ustaadi mayaar di ghazal....bahut achhi laggi.
bahut khoob kiha.
ਕਦੇ ਉਠਣਾ ਵੀ ਚਾਹੇਂ ਤਾਂ, ਅਸੰਭਵ ਨਾ ਰਹੇ ਜਿੱਥੋਂ,
ਗਿਰੀਂ ਨਾ ਭੁੱਲ ਕੇ ‘ਬਾਦਲ’, ਕਦੇ ਏਨੀ ਗਿਰਾਵਟ ਤੀਕ।
khoob ghazal kahii hai,baadal sahib
Post a Comment