
ਅਜੋਕਾ ਨਿਵਾਸ: ਪਿੰਡ ਢੱਕ ਪੰਡੋਰਵੀ, ਜ਼ਿਲ੍ਹਾ: ਕਪੂਰਥਲਾ (ਪੰਜਾਬ)
ਕਿਤਾਬਾਂ: ਗ਼ਜ਼ਲ-ਸੰਗ੍ਰਹਿ: ‘ਅੰਦਰ ਦਾ ਸਫ਼ਰ’ ਪ੍ਰਕਾਸ਼ਿਤ ਹੋ ਚੁੱਕਿਆ ਹੈ।
----
ਅੱਜ ਦਾਦਰ ਪੰਡੋਰਵੀ ਜੀ ਨੇ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ‘ਚ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
************
ਗ਼ਜ਼ਲ
ਤਸੱਵੁਰ ਵਿਚ ਵੀ ਕੋਈ ਮੁਸ਼ਕਲਾਂ ਦਾ ਡਰ ਨਹੀ ਸੀ,
ਇਹ ਮੰਜ਼ਿਲ, ਇਹ ਸਫ਼ਰ ਹੀ ਬਸ ਮੇਰੀ ਖ਼ਾਤਰ ਨਹੀਂ ਸੀ!
----
ਮੈਂ ਬਣਕੇ ਖ਼ਾਬ ਕਿੱਦਾਂ ਪੇਸ਼ ਹੁੰਦਾ, ਤੇਰੇ ਨੈਣੀਂ,
ਉਡੀਕਾਂ ਹੀ ਉਡੀਕਾਂ ਸਨ, ਰਤਾ ਨੀਂਦਰ ਨਹੀਂ ਸੀ!
----
ਸਮੁੰਦਰ ਤੋਂ ਤਾਂ ਬਿਹਤਰ ਸੀ ਬਰੇਤੀ ਲੱਖ ਦਰਜ਼ੇ,
ਕਿ ਆਖ਼ਿਰ ਕਿਸ਼ਤੀਆਂ ਦੇ ਡੁੱਬਣੇ ਦਾ ਡਰ ਨਹੀਂ ਸੀ!
----
ਉਹ ਦਮ ਭਰਦੇ ਰਹੇ ਨੇ ਸ਼ੀਸ਼ਿਆਂ ਦੀ ਪੈਰਵੀ ਦਾ,
ਕਿਸੇ ਦੇ ਕੋਲ ਜਦ ਤਕ ਇੱਕ ਵੀ ਪੱਥਰ ਨਹੀਂ ਸੀ!
----
ਜਦੋਂ ਵਿਸ਼ਵਾਸ ਟੁੱਟੇ, ਭਰਮ ਪੈਦਾ ਹੋਣ ਲੱਗੇ,
ਮੈਂ ਤੇਰੀ ਹੋਂਦ ਤੋਂ ਪਹਿਲਾਂ ਕਦੀ ਮੁਨਕਰ ਨਹੀਂ ਸੀ!
----
ਜਦੋਂ ਮੈਂ ਆਪ ਅਪਣੇ ਰਸਤਿਆਂ ਦੀ ਭਾਲ ਕੀਤੀ,
ਤਾਂ ਖ਼ੁਸ਼ ਮੇਰੇ ਤੇ ਮੇਰਾ ਅਪਣਾ ਵੀ ਰਹਿਬਰ ਨਹੀਂ ਸੀ!
----
ਕਿਵੇਂ ਮਨਜ਼ੂਰ ਕਰ ਲੈਂਦੇ ਅਸੀਂ ਦੀਵਾਰ ਬਣਨਾ,
ਜਦੋਂ ਹਿੱਸੇ ‘ਚ ਸਾਡੇ ਖਿੜਕੀਆਂ ਤੇ ਦਰ ਨਹੀਂ ਸੀ!
----
ਮੈਂ ਮੁੜ ਆਇਆਂ ਹਾਂ ਤੇਹ ਦੇ ਤੋੜ ਕੇ ਚੱਕਰਵਿਊ ਨੂੰ,
ਨਿਰਾ ਹੀ ਰੇਤ ਛਲ ਸੀ, ਉਹ ਕੋਈ ਸਾਗਰ ਨਹੀਂ ਸੀ!
========
ਗ਼ਜ਼ਲ
ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,
ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ!
----
ਉਹ ਸਾਰੀ ਰਾਤ ਉਸਤੋਂ ਰੌਸ਼ਨੀ ਦੀ ਮੰਗ ਕਰਦਾ ਹੈ,
ਬਿਸ਼ਕ ਉਸ ਮੋਮਬੱਤੀ ਦਾ ਬਦਨ ਸਾਰਾ ਪਿਘਲ ਜਾਵੇ!
----
ਕਰੋਗੇ ਕੀ ਤੁਸੀਂ ਉਪਚਾਰ ਇਸ ਸੰਗੀਨ ਮੌਸਮ ਦਾ,
ਦਿਨੇ ਜੋ ਹਾਦਸੇ ਦੇਵੇ ਤੇ ਰਾਤੀਂ ਰਾਹ ਨਿਗਲ਼ ਜਾਵੇ!
----
ਘੜਾ ਕੱਚਾ ਹੀ ਮਿਲਦਾ ਹੈ, ਮੁਹੱਬਤ ਦੇ ਝਨਾਂ ਅੰਦਰ,
ਹੁਣੇ ਹੀ ਵਰਜ਼ ਸੋਹਣੀ ਨੂੰ ਸੁਧਰ ਜਾਵੇ, ਸੰਭਲ਼ ਜਾਵੇ!
----
ਪਰਿੰਦੇ ਪਰਤਦੇ ਵੇਖੇ ਉਹ ਜਦ ਪੂਰਬ ‘ਚੋਂ ਪੱਛਮ ਨੂੰ,
ਤਾਂ ਇਕ ਹਉਂਕਾ ਜਿਹਾ ਉੱਠੇ,ਤੇ ਡਾਰਾਂ ਨਾਲ ਰਲ਼ ਜਾਵੇ!
----
ਬਣਾ ਲੈ ਠੋਸ ਅਪਣੇ ਆਪ ਨੂੰ ਤੂੰ ਪੱਥਰਾਂ ਵਰਗਾ,
ਇਹ ਸੰਭਵ ਹੈ, ਕੋਈ ਫੁੱਲ ਸਮਝ ਕੇ ਪੈਰੀਂ ਮਸਲ਼ ਜਾਵੇ!
----
ਅਚਾਨਕ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਈ ਵਾਰੀ,
ਕੋਈ ਅਪਣਾ, ਜਿਵੇਂ ਕੋਲੋਂ,ਹਵਾ ਬਣਕੇ ਨਿਕਲ਼ ਜਾਵੇ!
----
ਅਸੀਂ ਮੰਜ਼ਿਲ ਦੇ ਰਾਹ ਵਿੱਚ ਮਿੰਟ ਵੀ ਬਰਬਾਦ ਕਿਉਂ ਕਰੀਏ,
ਜਾਂ ਆ ਜਾਵੇ ਨਦੀ ਨੇੜੇ ਜਾਂ ਸਾਡੀ ਪਿਆਸ ਟਲ਼ ਜਾਵੇ!
----
ਹਿਫ਼ਾਜ਼ਤ ਦੀਵਿਆਂ ਦੀ ਆਲ੍ਹਿਆਂ ਤੋਂ ਖੋਹਣ ਤੋਂ ਪਹਿਲਾਂ,
ਜ਼ਰਾ ਧੀਰਜ਼ ਧਰੋ, ਸ਼ਾਇਦ ਹਵਾ ਦਾ ਰੁਖ਼ ਬਦਲ ਜਾਵੇ!
----
ਉਦ੍ਹੀ ਪਹਿਚਾਣ ‘ਦਾਦਰ’ ਭੀੜ ਦੇ ਅੰਦਰ ਨਹੀਂ ਰੁਲਦੀ,
ਜੋ ਲੈ ਕੇ ਜਾਗਦਾ ਸਿਰ ਭੀੜ ਚੋਂ ਵੱਖਰਾ ਨਿਕਲ਼ ਜਾਵੇ!
4 comments:
Bina shakk behtreen ghazalaan.
Tamanna Ji eho jihe lal kithon labh ke liaounde ho.ik ik sheyar kamal da kiha.
bahut hi kalaatmik ghazlaan,pandorwi saahib;ji aayaan nu is mehfil walon
Dadar pandorvi Sandhu Gazal School da ikk honhaar vidhiarthi hai. Aarsi te is nu Mai jalad hi pesh karan vala si , ku k us kol PC nahi si , chalo o pahuch giya . ji aayiyan nu. Bahut khubsurat Gazalaan parhan nu dittiya, Rab hor vi bulandi bakhshe.
Post a Comment