
ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ।
ਚੜ੍ਹੀ ਆਉਂਦੀ ਹਨੇਰੇ ਚੀਰਦੀ ਪ੍ਰਭਾਤ ਉੱਪਰ ਦੀ
----
ਮੈਂ ਆਖਰ ਜਿੱਤਣਾ ਹੈ ਮਿਲ਼ਣ ਹਾਰਾਂ ਸੈਂਕੜੇ ਵਾਰੀ,
ਯਕੀਨ ਐਨਾ ਕਿ ਹੋ ਸਕਦੀ ਨ ਮੈਥੋਂ ਮਾਤ ਉੱਪਰ ਦੀ।
----
ਤਿਰੇ ਹਿਜਰਾਂ ‘ਚ ਲਾਈਆਂ ਮੇਰੀਆਂ ਅੱਖੀਆਂ ਨੇ ਉਹ ਝੜੀਆਂ,
ਇਨ੍ਹਾਂ ਝੜੀਆਂ ਤੋਂ ਹੋ ਸਕਦੀ ਨਹੀਂ ਬਰਸਾਤ ਉੱਪਰ ਦੀ।
----
ਅਨੇਕਾਂ ਮੁਸ਼ਕਲਾਂ ਮੈਂ ਆਪਣੇ ਹੱਥੀਂ ਹੰਢਾਈਆਂ ਨੇ,
ਨ ਮਾਰੀ ਮੁਸ਼ਕਲਾਂ ਤੇ ਓਪਰੀ ਮੈਂ ਝਾਤ ਉੱਪਰ ਦੀ।
----
ਸ਼ਰੀਫਾਂ ਨੂੰ ਭਲਾ ਹੁਣ ਕੌਣ ਪੁੱਛਦਾ ਹੈ ਤਿਰੀ ਨਗਰੀ,
ਸ਼ਰੀਫਾਂ ‘ਚੋਂ ਤਾਂ ਹਰ ਖੇਤਰ ‘ਚ ਨੇ ਕਮਜ਼ਾਤ ਉੱਪਰ ਦੀ।
----
ਅਜੇ ਕਿੰਨੀਆਂ ਨਿਵਾਣਾਂ ਵੱਲ ਜਾਣਾ ਹੋਰ ਹੈ ਇਸਨੇ,
ਕਹਾਉਂਦੀ ਸਾਰੀਆਂ ਜ਼ਾਤਾਂ ‘ਚੋਂ ਆਦਮ ਜ਼ਾਤ ਉੱਪਰ ਦੀ।
----
ਰਹੇ ਹਾਲਾਤ ਵਿਚ ਤੇ ਜਜ਼ਬਿਆਂ ਵਿਚ ਘੋਲ਼ ਤਾਂ ਚਲਦਾ,
ਕਦੇ ਹਾਲਾਤ ਉੱਪਰ ਦੀ, ਕਦੇ ਜਜ਼ਬਾਤ ਉੱਪਰ ਦੀ।
----
ਕਿਸੇ ਨਿਰਵਾਣ ਦੀ, ਮੁਕਤੀ ਦੀ, ਮੈਨੂੰ ਲੋੜ ਨਾ ਕੋਈ,
ਮਿਲ਼ੀ ਮੁਕਤੀ ਦੇ ਨਾਲ਼ੋਂ ਜ਼ਿੰਦਗੀ ਦੀ ਦਾਤ ਉੱਪਰ ਦੀ।
----
ਕਹਾਉਨੈਂ ਸੰਤ, ਮਾਇਆ ਨਾਗਣੀ ਨੂੰ ਮਾਰਦੈਂ ਜੱਫ਼ੇ,
ਤਿਰਾ ਕਿਰਦਾਰ ਨੀਵਾਂ ‘ਕ੍ਰਿਸ਼ਨ’ ਕਰਦੈਂ ਬਾਤ ਉੱਪਰ ਦੀ।
2 comments:
Bhanot sahib di gazal vi sohni !
kalolan kardian, 'phul pattian' vi !!
bahut khoob:
ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ।
ਚੜ੍ਹੀ ਆਉਂਦੀ ਹਨੇਰੇ ਚੀਰਦੀ ਪ੍ਰਭਾਤ ਉੱਪਰ ਦੀ
----
ਮੈਂ ਆਖਰ ਜਿੱਤਣਾ ਹੈ ਮਿਲ਼ਣ ਹਾਰਾਂ ਸੈਂਕੜੇ ਵਾਰੀ,
ਯਕੀਨ ਐਨਾ ਕਿ ਹੋ ਸਕਦੀ ਨ ਮੈਥੋਂ ਮਾਤ ਉੱਪਰ ਦੀ।
Post a Comment