
ਕਿੰਨੇ ਸੰਗੀਨ ਹਾਦਸੇ ਗੁਜ਼ਰੇ ਨੇ ਮੇਰੇ ਨਾਲ਼।
ਮੈਂ ਵਕਤ ਹਾਂ, ਬੇਰੋਕ ਹਾਂ, ਬਦਲੀ ਕਦੇ ਨਾ ਚਾਲ।
-----
ਹਾਲੇ ਤਾਂ ਬੂੰਦ-ਬੂੰਦ ਨੂੰ ਉਹ ਤਰਸਦੀ ਫਿਰੇ,
ਨਾ ਕਰ ਤੂੰ ਸੁਕਦੀ ਫਸਲ ਨੂੰ ਨਿਸਰਨ ਜਿਹੇ ਸੁਆਲ।
-----
ਕਿੰਨਾ ਹੈ ਫ਼ਿਕਰ ਤਖ਼ਤ ਨੂੰ ਲੋਕਾਂ ਦੀ ਲੋੜ ਦਾ,
ਅੱਖਾਂ ਨੂੰ ਹੰਝੂ ਬਖ਼ਸ਼ ਕੇ ਵੰਡਦਾ ਫਿਰੇ ਰੁਮਾਲ।
-----
ਤਸਵੀਰ ਇਕ ਉਭਰਦੀ ਹੈ ਚੇਤੇ ਦੀ ਝੀਲ ਵਿਚ,
ਇਕ ਯਾਦ ਪਰਛਾਵਾਂ ਬਣੀ ਤੁਰਦੀ ਹੈ ਨਾਲ਼-ਨਾਲ਼।
-----
ਬਿਸਤਰ ‘ਚ ਮੈਨੂੰ ਰਾਤ ਭਰ ਆਈ ਨਾ ਰਾਤ ਨੀਂਦ,
ਬਿਸਤਰ ‘ਚ ਮੇਰੇ ਨਾਲ ਸਨ ਕੁਝ ਸੁਲਘਦੇ ਸਵਾਲ।
-----
ਅਜਕਲ੍ਹ ਅਜੀਬ ਢੰਗ ਹੈ ਲੋਕਾਂ ਦੇ ਰੋਣ ਦਾ,
ਅੱਖਾਂ ਨਾ ਹੋਣ ਗਿੱਲੀਆਂ ਰੱਖਣ ਬੜਾ ਖ਼ਿਆਲ।
-----
ਆਏ ਰੰਗੀਨ ਖ਼ਾਬ ਜੇ ਵਿਕਣੇ ਬਾਜ਼ਾਰ ਵਿੱਚ,
ਇਕ ਬੇਵਸੀ ਦਾ ਦੌਰ ਵੀ ਆਇਆ ਹੈ ਨਾਲ਼-ਨਾਲ਼।
-----
ਐਨੇ ਖ਼ਾਮੋਸ਼ ਮਹਿਲ ਤਾਂ ਪਹਿਲਾਂ ਕਦੀ ਨਾ ਸਨ,
ਅਨੁਮਾਨ ਹੈ ਕਿ ਆਉਣਗੇ ਆਉਂਦੇ ਦਿਨੀਂ ਭੁਚਾਲ।
-----
ਕੁਝ ਕੁ ਪਰਿੰਦੇ ਫਿਰ ਵੀ ਤਾਂ ਪਰ ਤੋਲ ਰਹੇ ਨੇ,
ਪੌਣਾਂ ਦੇ ਉਲਟ ਉਡਣਾ ਹੁੰਦੈ ਬਿਸ਼ਕ ਮੁਹਾਲ।
No comments:
Post a Comment