ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, October 28, 2009

ਮਰਹੂਮ ਬਾਬੂ ਰਜਬ ਅਲੀ - ਬੈਂਤ

ਸਾਹਿਤਕ ਨਾਮ: ਬਾਬੂ ਰਜਬ ਅਲੀ

ਜਨਮ: 10 ਅਗਸਤ, 1894 ( ਪਿੰਡ ਸਾਹੋਕੇ, ਜ਼ਿਲ੍ਹਾ: ਫ਼ਿਰੋਜ਼ਪੁਰ (ਹੁਣ ਮੋਗਾ) 6 ਮਈ, 1979 ( ਪਾਕਿਸਤਾਨ)

ਕਿਤਾਬਾਂ: ਬਾਬੂ ਰਜਬ ਅਲੀ ਜੀ ਨੇ ਕੁੱਲ 85 ਕਿੱਸੇ ਲਿਖੇ ਹਨ। ਜਿਨ੍ਹਾਂ ਚੋਂ ਦਸ ਅਵਤਾਰ ਦੀ ਸਿਫ਼ਤ, ਨੀਤੀ ਦੇ ਕਬਿੱਤ, ਦਸ਼ਮੇਸ਼ ਮਹਿਮਾ, ਨਲ਼ ਦਮਯੰਤੀ, ਆਸੀ ਠਠਿਆਰੀ, ਹੀਰ ਰਾਂਝਾ, ਸਾਕਾ ਸਰਹੰਦ, ਸਾਕਾ ਚਮਕੌਰ, ਪੂਰਨ ਭਗਤ, ਦੁੱਲਾ ਭੱਟੀ, ਮਿਰਜ਼ਾ ਬਹੁਤ ਪ੍ਰਸਿੱਧ ਹੋਏ। ਇਹਨਾਂ ਲਿਖਤਾਂ ਚ ਕੁਝ ਲੰਬੀਆਂ ਨਜ਼ਮਾਂ ਵੀ ਸ਼ਾਮਿਲ ਹਨ। ਬਹੱਤਰ ਕਲਾ ਛੰਦ ਅਤੇ ਹੋਰ ਬਹੁਤ ਸਾਰੇ ਛੰਦ ਪੰਜਾਬੀ ਸਾਹਿਤ ਨੂੰ ਬਾਬੂ ਜੀ ਦੀ ਦੇਣ ਹਨ।

-----

ਦੋਸਤੋ! ਬਾਬੂ ਰਜਬ ਅਲੀ ਜੀ ਨੂੰ ਪੰਜਾਬੀ ਸਾਹਿਤ ਤੇ ਖ਼ਾਸ ਤੌਰ ਤੇ ਮਾਲਵੇ ਚ ਰਚੇ ਗਏ ਸਾਹਿਤ ਦੇ ਸਿਰਮੌਰ ਲੇਖਕ ਹੋਣ ਦਾ ਮਾਣ ਹਾਸਿਲ ਹੈ। ਠੇਠ ਮਲਵਈ ਬੋਲੀ ਚ ਰਚੇ ਛੰਦਾਂ, ਬੈਂਤਾਂ, ਕਬਿੱਤਾਂ, ਕਿੱਸਿਆਂ, ਕਵੀਸ਼ਰੀ ਨਾਲ਼ ਅੱਜ ਵੀ ਉਹ ਸਾਡੇ ਦਿਲਾਂ ਤੇ ਰਾਜ ਕਰਦੇ ਹਨ। ਬੰਬੀਹੇ ਪਿੰਡ ਤੋਂ ਪ੍ਰਾਇਮਰੀ, ਬਰਜਿੰਦਰਾ ਹਾਈ ਸਕੂਲ ਮੋਗੇ ਤੋਂ ਦਸਵੀਂ ਅਤੇ ਫੇਰ ਗੁਜਰਾਤ ਤੋਂ ਸਿਵਿਲ ਇੰਜੀਨੀਅਰਿੰਗ ਚ ਡਿਪਲੋਮਾ ਕਰਨ ਉਪਰੰਤ ਉਹ ਸਿੰਚਾਈ ਵਿਭਾਗ ਚ ਓਵਰਸੀਅਰ ਰਹੇ। 1947 ਚ ਦੇਸ਼ ਦੀ ਵੰਡ ਸਮੇਂ ਉਹਨਾਂ ਨੂੰ ਪਾਕਿਸਤਾਨ ਜਾਣ ਲਈ ਮਜਬੂਰ ਹੋਣਾ ਪਿਆ। ਪਰ ਮਾਲਵੇ ਚ ਉਹਨਾਂ ਦੀ ਰੂਹ ਵਸਦੀ ਸੀ, ਇਹ ਹਿਜਰਤ ਉਹਨਾਂ ਨੂੰ ਰਾਸ ਨਾ ਆਈ। ਉਹਨਾਂ ਸੈਂਕੜੇ ਨਜ਼ਮਾਂ ਆਪਣੇ ਪਿੰਡ ਤੇ ਮਾਲਵੇ ਖੇਤਰ ਬਾਰੇ ਲਿਖੀਆਂ। ਮਾਰਚ 1965 ਚ ਉਹ ਦੇਸ ਫੇਰੀ ਪਾਉਂਣ ਆਏ ਤਾਂ ਅਣਗਿਣਤ ਕਵੀਸ਼ਰ ਅਤੇ ਸ਼ਾਗਿਰਦ ਉਹਨਾਂ ਨੂੰ ਮਿਲ਼ਣ ਲਈ ਆਏ। 6 ਮਈ, 1979 ਨੂੰ ਬਾਬੂ ਰਜਬ ਅਲੀ ਜੀ, ਆਪਣੇ ਪਿਆਰੇ ਪਿੰਡ ਸਾਹੋਕੇ ਨੂੰ ਇੱਕ ਵਾਰੀ ਫੇਰ ਵੇਖਣ ਲਈ ਤੜਫ਼ਦਿਆਂ, ਸਾਨੂੰ ਸਦਾ ਲਈ ਅਲਵਿਦਾ ਆਖ ਗਏ।

----

ਅੱਜ ਰਾਜਸਥਾਨ ਵਸਦੇ ਲੇਖਕ ਗੁਰਮੀਤ ਬਰਾੜ ਜੀ ਨੇ ਬਾਬੂ ਰਜਬ ਅਲੀ ਜੀ ਦੀਆਂ ਬੇਹੱਦ ਖ਼ੂਬਸੂਰਤ ਲਿਖਤਾਂ ਆਰਸੀ ਲਈ ਭੇਜੀਆਂ ਹਨ। ਬਾਬੂ ਜੀ ਦੀ ਹਾਜ਼ਰੀ ਆਰਸੀ 'ਤੇ ਲੱਗਣਾ, ਸਾਡੇ ਸਾਰਿਆਂ ਲਈ ਬੜੇ ਮਾਣ ਅਤੇ ਖ਼ੁਸ਼ੀ ਵਾਲ਼ੀ ਗੱਲ ਹੈ। ਉਹਨਾਂ ਦੀ ਕੋਈ ਵੀ ਕਿਤਾਬ ਮੇਰੇ ਕੋਲ਼ ਨਹੀਂ ਸੀ। ਸੋ ਗੁਰਮੀਤ ਜੀ ਦੀ ਤਹਿ-ਦਿਲੋਂ ਆਰਸੀ ਪਰਿਵਾਰ ਵੱਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਾਬੂ ਜੀ ਦੀ ਸ਼ਾਇਰੀ ਸਭ ਨਾਲ਼ ਸਾਂਝੀ ਕੀਤੀ ਹੈ। ਬਾਬੂ ਜੀ ਦੀ ਕਲਮ ਨੂੰ ਸਲਾਮ ਕਰਦਿਆਂ, ਅੱਜ ਕੁਝ ਲਿਖਤਾਂ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

=====

ਦਰਦ ਪੰਜਾਬੀ ਬੋਲੀ ਦਾ..
ਨਜ਼ਮ
ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ।
ਮੁੱਖ ਤੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ।
ਹੋਰ ਸਤਾਉਣ ਜ਼ੁਬਾਨਾਂ, ਅੱਖੋਂ ਜਲ ਭਰ ਡੋਲ੍ਹੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਜਾਣਦੇ ਖ਼ਾਨੀ ਪਸ਼ਤੋ, ਵਸਦੀ ਦੇਸ਼ ਪਠਾਣਾਂ ਦੇ।
ਇਹ ਆ ਕੇ ਪਿੜ ਨਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ।
ਤੇ ਘਰ-ਬਾਰਾਂ ਨਾਲੋਂ, ਕਦਰ ਵਧਾ ਤਾਂ ਗੋਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਮੈਂ ਅੱਗੇ ਇੱਕ ਨੂੰ ਰੋਵਾਂ, ਉੱਠਦੀ ਦਿਲੋਂ ਕੁਹਾਰ ਸੀ।
ਫ਼ਿਰ ਪਸ਼ਤੋਂ ਦੀ ਆ ਗਈ, ਹੋਰ ਹਮੈਤਣ ਫ਼ਾਰਸੀ।
ਮੈਂ ਭਲੀ-ਮਾਣਸ ਬੋਲੀ, ਚੱਲਦਾ ਹੁੱਕਾ ਜਰੌਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਫ਼ਿਰ ਨੁਕਸਾਨ ਉਠਾਇਆ, ਉਰਦੂ ਘਰ ਜੰਮ ਵੈਰੀ ਤੋਂ
ਟੁੱਟ ਪੈਣੈ ਨੇ ਕੱਢਤੀ, ਬਾਹੋਂ ਪਕੜ ਕਚਹਿਰੀ ਚੋਂ।
ਅੰਨ-ਪੁਜ ਕੀ ਕਰ ਸਕਦੀ ? ਜ਼ਹਿਰ ਬਥੇਰਾ ਘੋਲ਼ੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ..
-----
ਤੇ ਇੰਗਲੈਂਡੋਂ ਘੁੰਡ ਲਾਹ, ਆ ਅੰਗਰੇਜ਼ੀ ਨੱਚ ਲੀ ਜੀ,
ਰੰਗ ਗੋਰਾ,ਅੱਖ ਕਹਿਰੀ, ਸਖ਼ਤ ਬੁਲਾਰਾ ਘੱਚਲੀ ਜੀ
ਹੱਥ ਲਗਿਆ,ਪਤਾ ਲਗਿਆ, ਕਰੜਾ ਲਫ਼ੇੜਾ ਪੋਲੀ ਦਾ
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ..
-----
ਅਬ ਹਿੰਦੀ ਕੀ ਪੁੱਗਦੀ, ਬਾਤ ਮਜਾਜਣ ਸ਼ੌਂਕਣ ਦੀ।
ਮੈਂ ਚੁੱਪ ਕੀਤੀ ਫ਼ਿਰਦੀ, ਇਸਦੀ ਆਦਤ ਭੌਂਕਣ ਦੀ।
ਬੁੜ੍ਹੀ ਪਏ ਦੰਦ ਨਿਕਲੇ,ਇਹ ਨਾ ਵਕਤ ਘਰੋਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...
-----
ਤਕੜੇ ਰਹੋਂ ਪੰਜਾਬੀਓ, ਕਿਹੜਾ ਛੱਡਦਾ ਨਿਵਿਆਂ ਤੋਂ।
ਚਿਰ ਦੀ ਫੂਕੀ ਹੋਈ ਮਰੀ, ਉਠਾ ਲਉ ਸਿਵਿਆਂ ਚੋਂ।
ਅੱਠ-ਨੌਂ ਸੂਬੇ ਨਿਗਲੇ, ਢਿੱਡ ਨਾ ਭਰਿਆ ਭੜੌਲੀ ਦਾ...
ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ...

=====

ਤਿੰਨ ਦੇ ਬੈਂਤ
ਇੱਕ ਤੋਪ, ਪਸਤੌਲ, ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇ।
-----

ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇ।
-----

ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,
ਸਿੱਧੇ ਜਾਣ ਦਰਿਆ ਚੋਂ ਤੈਰ ਤਿੰਨੇ।
-----

ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,
ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇ।
-----

ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇ।
-----

ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨਾਰ, ਚੋਰਟਾ, ਲੱਲਕਰੀ ਟੈਰ ਤਿੰਨੇ।
-----

ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ।
-----

ਨਾਚਾ, ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜ੍ਹਦੇ ਲਗਾਂਵਦੇ ਲਹਿਰ ਤਿੰਨੇ।
-----

ਨਵਾਂ ਆਸ਼ਕ, ਤੇ ਗਧਾ, ਘਾਹ ਗੌਣ ਵਾਲਾ,
ਠੀਕ ਭਾਲਦੇ ਸਿਖ਼ਰ ਦੁਪਹਿਰ ਤਿੰਨੇ।
----

ਊਠ, ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇ।
-----

'ਰਜ਼ਬ ਅਲੀ' ਗ਼ੁਲਾਮ ਤੇ ਜੱਟ, ਮਜ਼੍ਹਬੀ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇ।

====

ਕੀ ਕੀ ਚੰਗਾ...
ਬੈਂਤ
ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ
ਚੋਰ ਨੂੰ ਹਨੇਰਾ ਚੰਗਾ, ਜਿਥੇ ਕਿਤੇ ਲੁੱਕ ਜੇ ..
-----
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ..
-----
ਇੱਕ ਗੋਤ ਕਿਹੜਾ ਚੰਗਾ, ਖੇਤ ਲਾਉਣਾ ਗੇੜਾ,
ਜੰਗ ਦਾ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ...
-----
ਚੌਦਵੀਂ ਦਾ ਚੰਦ ਚੰਗਾ, 'ਬਾਬੂ ਜੀ' ਦਾ ਛੰਦ ਚੰਗਾ
ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ......

=====

ਮਾਂ ਦੇ ਮਖਣੀ ਖਾਣਿਓ ਵੇ......
ਬੈਂਤ
ਮੁੰਡੇ ਭਰੇ ਮਜਾਜਾਂ ਦੇ ਰਹਿਣ ਨਿੱਤ ਵਿਹਲੇ, ਦੇਖਦੇ ਮੇਲੇ, ਸੱਥਾਂ ਵਿੱਚ ਬੈਠੇ ,ਮਾਰਦੇ ਯੱਕੜਾਂ..
ਕੰਮ ਵਿੱਚ ਛੋੜਦੇ ਨਾ ਦੇਸ਼ ਜੋ ਸਰਦੇ, ਬੜਾ ਕੰਮ ਕਰਦੇ, ਲੋਹੇ ਨੂੰ ਕੁੱਟਦੇ, ਪਾੜਦੇ ਲੱਕੜਾਂ..
ਨਹੀਂ ਵਕਤ ਸ਼ੌਕੀਨੀ ਦਾ, ਰਹੋ ਬਣ ਸਾਦੇ, ਜਿੱਦਾਂ ਪਿਓ ਦਾਦੇ, ਬਦਲ ਜਾਓ ਚਾਲ, ਘਰੀਂ ਧੁੱਸ ਦੇ ਕੇ ਗਰੀਬੀ ਵੜਗੀ..
ਮਾਂ ਦੇ ਮਖਣੀ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ੍ਹ ਗਈ...
........
ਗੋਰੇ ਬੜੇ ਮਿਹਨਤੀ ਜੀ, ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ, ਜਾਨਪੁਰ ਖਾਨੀਂ, ਯਾਦ ਨਾ ਜਨਾਨੀ, ਬਾਰਾਂ-ਬਾਰਾਂ ਘੰਟੇ ਡਿਓਟੀਆਂ ਲੱਗੀਆਂ...
ਨੰਗੇ ਸੀਸ ਦੁਪਹਿਰੇ ਜੀ, ਬੂਟ ਜਹੇ ਕਰੜੇ, ਰਹਿਣ ਪੱਬ ਨਰੜੇ, ਨੀਕਰਾਂ ਖਾਕੀ, ਜੀਨ ਦੀਆਂ ਚੱਡੀਆਂ..
ਆਲੂ ਨਿਰੇ ਉਬਾਲਣ ਜੀ, ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ, ਬੜੀ ਲੱਗੇ ਗਰਮੀ, ਮਿਲੇ ਸੁੱਖ ਕਰਮੀਂ, ਹੈਟ ਲੈਣ ਧੁੱਪ ਤੋਂ, ਟੋਟੜੀ ਸੜਗੀ...
ਮਾਂ ਦੇ ਮਖਣੀ ਖਾਣਿਓ ਵੇ, ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ੍ਹ ਗਈ...

1 comment:

harpal said...

Darad punjabi boli da ik classic nazam .Tamanna ji vadhiya literature post karn lai bahut bahut mehrbani.Rabb tohanu chardiyan kalan ch' rakhe.