ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 27, 2009

ਗੁਰਚਰਨ ਸਿੰਘ ਚਮਨ - ਗ਼ਜ਼ਲ

ਸਾਹਿਤਕ ਨਾਮ: ਗੁਰਚਰਨ ਸਿੰਘ ਚਮਨ

ਜਨਮ: 1939 ਪਾਕਿਸਤਾਨ।

ਅਜੋਕਾ ਨਿਵਾਸ: ਜਲੰਧਰ ( ਪੰਜਾਬ)

ਪ੍ਰਕਾਸ਼ਿਤ ਕਿਤਾਬਾਂ: ਕਾਫ਼ਿਲਾ ਚਲਦਾ ਰਿਹਾ ( 1988), ਦੁਨੀਆਂ ਰੰਗ ਰੰਗੀਲੀ ਸਫ਼ਰਨਾਮਾ ( 1996), ਦੁਨੀਆਂ ਮੇਂ ਸਭ ਚੋਰ ਚੋਰ - ਵਿਅੰਗ ( 1998) ਪ੍ਰਕਾਸ਼ਿਤ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਉਹਨਾਂ ਦੀਆਂ ਰਚਨਾਵਾਂ ਦੋ ਆਡੀਓ ਕੈਸਟਾਂ ਦੇ ਰੂਪ ਵਿਚ ਵੀ ਰਿਕਾਰਡ ਹੋ ਚੁੱਕੀਆਂ ਹਨ।

-----

ਦੋਸਤੋ! ਅੱਜ ਗੁਰਚਰਨ ਸਿੰਘ ਚਮਨ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਆਰਸੀ ਲਈ ਭੇਜੀਆਂ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਇੱਕ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਸੁਣੀ ਡੁਗ-ਡੁਗੀ ਤਾਂ ਬੜਾ ਸ਼ੋਰ ਮੱਚਿਆ,

ਮਦਾਰੀ, ਮਦਾਰੀ, ਤਮਾਸ਼ਾ, ਤਮਾਸ਼ਾ।

ਜੋ ਸਾਨੂੰ ਬਣਾਂਦੀ ਸੀ ਆਪੂੰ ਬਣੀ ਹੁਣ,

ਇਹ ਦੁਨੀਆਂ ਹੀ ਸਾਰੀ ਤਮਾਸ਼ਾ-ਤਮਾਸ਼ਾ।

-----

ਅਜੇ ਯਾਦ ਮੈਨੂੰ ਉਹ ਛੁਪਣਾ ਛੁਪਾਣਾ,

ਚਿੜੀ ਦੀ ਤੇ ਕਾਂ ਦੀ ਕਹਾਣੀ ਸੁਨਾਣਾ।

ਬਣਾਇਆ ਹੈ ਬਚਪਨ ਨੇ ਦਾਦੇ ਨੂੰ ਘੋੜਾ,

ਤੇ ਪੋਤਾ-ਸਵਾਰੀ, ਤਮਾਸ਼ਾ-ਤਮਾਸ਼ਾ।

-----

ਸਦਾ ਤੋਂ ਹਾਂ ਤੇਰੇ, ਰਹਾਂਗੇ ਵੀ ਤੇਰੇ,

ਨਹੀਂ ਭੇਤ ਕੋਈ ਨ ਤੇਰੇ ਨ ਮੇਰੇ।

ਤੂੰ ਦਿਲ ਵਿਚ ਬਿਠਾਈਂ ਨ ਜੱਗ ਨੂੰ ਸੁਣਾਈਂ,

ਬਣਾਈਂ ਨਾ ਯਾਰੀ, ਤਮਾਸ਼ਾ-ਤਮਾਸ਼ਾ।

-----

ਨਹੀਂ ਪਿਆਰ ਆਉਂਦਾ, ਨ ਨਫ਼ਰਤ ਹੀ ਹੁੰਦੀ,

ਕਿਵੇਂ ਦਾ ਤੂੰ ਦਿੱਤਾ, ਨਵਾਂ ਪਿਆਰ ਸਾਨੂੰ।

ਨਹੀਂ ਬੋਲ ਹੁੰਦਾ, ਨ ਚੁੱਪ ਹੀ ਰਹਾਂ ਮੈਂ,

ਇਹ ਜਿੰਦੂ ਵਿਚਾਰੀ, ਤਮਾਸ਼ਾ-ਤਮਾਸ਼ਾ।

-----

ਹੈ ਇਕੋ ਹੀ ਧਰਤੀ ਤੇ ਇਕੋ ਖ਼ਲਾਅ ਹੈ

ਐ ਬੰਦੇ! ਤੂੰ ਅਡਰੀ ਕਿਉਂ ਡਫ਼ਲੀ ਵਜਾਈ।

ਖ਼ੁਦਾ ਦੀ ਖ਼ੁਦਾਈ, ਦੁਹਾਈ-ਦੁਹਾਈ,

ਹੈ ਕੀਤੀ ਤੂੰ ਸਾਰੀ, ਤਮਾਸ਼ਾ-ਤਮਾਸ਼ਾ।

-----

ਇਹ ਬੰਦਾ ਹੀ ਬੰਦੇ ਤੇ ਬੱਸ਼ਕ ਹੈ ਭਾਰੂ

ਮਗਰ ਫਿਰ ਵੀ ਬੰਦਾ ਹੈ ਬੰਦੇ ਦਾ ਦਾਰੂ।

ਚਮਨ ਇਹ ਬਹਾਰਾਂ ਖ਼ਿਜ਼ਾਵਾਂ ਇਹ ਰੁੱਤਾਂ,

ਇਹੀ ਖੇਡ ਸਾਰੀ, ਤਮਾਸ਼ਾ-ਤਮਾਸ਼ਾ।

=====

ਬੇਗਾਨਗੀ

ਨਜ਼ਮ

ਤੂੰ ਜੋ ਕੁਛ ਵੀ

ਮੇਰੇ ਨਾਲ਼ ਕਰ ਰਿਹਾ ਹੈਂ

ਇਹ ਤੂੰ ਨਹੀਂ ਕੋਈ ਹੋਰ ਹੈ!

ਦੇ ਦੇ ਕੇ ਮਨ ਨੂੰ ਤਸੱਲੀਆਂ

ਮੈਂ ਆਪਣੇ ਜ਼ਖ਼ਮ ਸੀਂਦਾ ਹਾਂ।

ਹੁਦਾਰੀ ਲੈ ਕੇ ਜ਼ਿੰਦਗੀ

ਦਿਨ ਗਿਣ ਗਿਣ ਕੇ ਜੀਂਦਾ ਹਾਂ।

ਦੇਖਣਾ ਹਾਂ ਚਾਹੁੰਦਾ

ਤੇਰੇ ਬਦਲੇ ਹੋਏ ਤਿਉਰ

ਤੇਰਾ ਚਿਹਰਾ ਜੋ ਰੋਜ਼ ਤਕਦਾ ਹਾਂ

ਅਸਲੀ ਨਹੀਂ

ਕਿਸੇ ਗ਼ੈਰ ਦਾ ਮੁਖੌਟਾ ਹੈ।

.............

ਤੂੰ ਦੁਸ਼ਮਣ ਹੁੰਦਾ

ਮੇਰਾ ਦੋ-ਟੁਕ ਫ਼ੈਸਲਾ ਹੁੰਦਾ।

ਕਾਸ਼! ਇਸ ਤਰ੍ਹਾਂ ਹੀ ਹੁੰਦਾ।

ਮੇਰੇ ਖ਼ਿਆਲਾਂ ਦੀ ਸੂਝ

ਦੁਮੇਲ਼ ਤੇ ਖੜ੍ਹੀ ਨਾ ਰਹਿੰਦੀ

ਤੂੰ ਜੇ ਕੁਛ ਹੋਰ ਨਹੀਂ ਤਾਂ

ਉਹ ਕੁਛ ਜ਼ਰੂਰ ਹੈਂ

ਜਿਸ ਨੂੰ ਨਾ ਕੁਛ

ਕਹਿਣ ਨੂੰ ਜੀ ਕਰਦਾ

ਜੀਹਦੇ ਸਾਮ੍ਹਣੇ ਵੀ

ਨਾ ਰਹਿਣ ਨੂੰ ਜੀ ਕਰਦਾ।

..............

ਤੇਰੇ ਤੇ ਮੇਰੇ ਵਿਚਕਾਰ

ਫ਼ਾਸਲਾ ਵਧਦਾ ਜਾ ਰਿਹਾ ਹੈ

ਬੇਗਾਨਗੀ ਦਾ ਅਹਿਸਾਸ

ਚੜ੍ਹਦਾ ਜਾ ਰਿਹਾ ਹੈ।

ਬੱਸ! ਇਸੇ ਉਮੀਦ ਤੇ ਜ਼ਿੰਦਾ ਹਾਂ

ਕਿ ਤੂੰ ਉਹ ਨਹੀਂ

ਜੋ ਨਜ਼ਰ ਆ ਰਿਹਾ ਹੈਂ

ਇਹ ਜੋ ਕੁਛ

ਮੇਰੇ ਨਾਲ਼ ਕਰ ਰਿਹਾ ਹੈਂ

ਇਹ ਤੂੰ ਨਹੀਂ ਕੋਈ ਹੋਰ ਹੈ।

1 comment:

Davinder Punia said...

tamasha tamasha , good poetry.bahut changge shaer han.