ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, January 18, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਕੁਥਾਏਂ ਵਰ੍ਹਨ ਦਾ ਅਹਿਸਾਸ ਵੀ ਹੈ, ਥਲਾਂ ਦੀ ਤੇਹ ਨੂੰ ਵੀ ਇਹ ਸਮਝਦੇ ਨੇ।

ਭਿਉਂ ਕੇ ਤੁਰ ਗਏ ਧਰਤੀ ਦਾ ਮੋਢਾ, ਇਹ ਬੱਦਲ਼ ਜੋ ਹੁਣੇ ਰੋ ਕੇ ਹਟੇ ਨੇ

-----

ਖ਼ਿਆਲਾਂ ਤੇਰਿਆਂ ਤੱਕ ਆਣ ਪਹੁੰਚਾ, ਮਿਰੇ ਅਹਿਸਾਸ ਇਕਦਮ ਜੀ ਪਏ ਨੇ।

ਜਿਵੇਂ ਜਲ ਤੇ ਕੋਈ ਲਿਸ਼ਕੋਰ ਪੈਂਦੀ, ਹਵਾ ਆਈ ਤੋਂ ਪੱਤੇ ਧੜਕਦੇ ਨੇ

-----

ਮੈਂ ਵਰ੍ਹਿਆਂ ਤੋਂ ਜੋ ਏਥੇ ਹੀ ਖੜ੍ਹਾ ਸਾਂ, ਤੇ ਲੰਬੀ ਰਾਤ ਵਿੱਚ ਕੁਝ ਭਾਲ਼ਦਾ ਸਾਂ,

ਮਿਰੇ ਸੰਤੋਖ ਦੀ ਭਰਦੇ ਗਵਾਹੀ, ਜੋ ਪਰਲੇ ਪਾਰ ਕੁਝ ਦੀਵੇ ਜਗੇ ਨੇ

-----

ਇਨ੍ਹਾਂ ਨੂੰ ਤਾਣਿਆ ਲੋਕਾਂ ਨੇ ਪਹਿਲਾਂ, ਘਰਾਂ ਵਿੱਚ-ਕਮਰਿਆਂ ਵਿੱਚ, ਫਿਰ ਮਨਾਂ ਵਿੱਚ

ਤੇ ਹੁਣ ਉਹ ਖ਼ੁਦ ਨੂੰ ਵੀ ਵੇਖਣ ਤੋਂ ਡਰਦੇ, ਇਹ ਪਰਦੇ ਸ਼ੀਸ਼ਿਆਂ ਅੱਗੇ ਤਣੇ ਨੇ

-----

ਮੈਂ ਅਪਣੇ-ਆਪ ਵਿੱਚ ਇੱਕ ਬੀਜ ਹੀ ਸਾਂ, ਉਹਨਾਂ ਨੇ ਮੇਰੇ ਅੰਦਰ ਬਿਰਖ਼ ਤੱਕਿਆ,

ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ, ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ

-----

ਕਹਾਣੀ ਇਹ ਨਹੀਂ ਪਿਆਸੇ ਨੇ ਸਾਰੇ, ਖੜ੍ਹੇ ਜੋ ਵੇਖਦੇ ਮਾਸੂਮ ਬੂਟੇ,

ਸਿਤਮ ਇਹ ਹੈ ਕਿ ਹਰਿਆਲੀ ਦੀ ਰੁੱਤੇ, ਇਹ ਆਪੋ-ਆਪਣੇ ਫੁੱਲ ਚੁਗ ਰਹੇ ਨੇ

2 comments:

Davinder Punia said...

hamesha vaang bahut hi khoobsoorat ghazal.

harpal said...

ਕਿਉਂਕੇ ਰੱਬ ਨੇ ਅਜੇ ਆਸ ਨਹੀ ਛੱਡੀ ਇਸ ਲਈ ਓਹ ਨਿਰੰਤਰ ਬੀਜਾਂ,ਪੌਦਿਆਂ ਤੇ ਬੱਚਿਆਂ ਆਦਿ ਦੀ ਸਿਰਜਨਾ ਕਰੀ ਜਾ ਰਿਹਾ ਹੈ. ਇਸ ਲਈ ਰਾਜਿੰਦਰਜੀਤ ਜੀ ਤੁਹਾਡਾ ਇਹ ਸ਼ੇਅਰ ਬਹੁਤ ਕਮਾਲ ਹੈ :

ਮੈਂ ਅਪਣੇ-ਆਪ ਵਿੱਚ ਇੱਕ ਬੀਜ ਹੀ ਸਾਂ, ਉਹਨਾਂ ਨੇ ਮੇਰੇ ਅੰਦਰ ਬਿਰਖ਼ ਤੱਕਿਆ,

ਮੈਂ ਉੱਠਾਂ ਕੁਝ ਕਰਾਂ ਉਗਮਣ ਦਾ ਚਾਰਾ, ਉਹ ਸਾਰੇ ਮੇਰੇ ਵੱਲ ਹੀ ਵੇਖਦੇ ਨੇ ।