ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, February 19, 2010

ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਮੁਹੱਬਤ ਵਿੱਚ ਦਗ਼ਾ ਹੁੰਦੇ ਹੋਏ ਵੀ।

ਉਹ ਚੁੱਪ ਰਹਿੰਦੈ ਪਤਾ ਹੁੰਦੇ ਹੋਏ ਵੀ।

-----

ਕੋਈ ਸ਼ਿਕਵਾ ਗਿਲਾ ਹੁੰਦੇ ਹੋਏ ਵੀ।

ਉਹ ਖ਼ੁਸ਼ ਰਹਿੰਦੈ ਜੁਦਾ ਹੁੰਦੇ ਹੋਏ ਵੀ।

-----

ਉਦ੍ਹੇ ਬਾਰੇ ਨਹੀਂ ਕੁਝ ਜਾਣਦਾ ਮੈਂ,

ਬੜਾ ਕੁਝ ਜਾਣਦਾ ਹੁੰਦੇ ਹੋਏ ਵੀ।

-----

ਸ਼ਰਾਰਤ ਇਸ ਤਰ੍ਹਾਂ ਕੀਤੀ ਹਵਾ ਨੇ,

ਨਹੀਂ ਪਰਦਾ ਰਿਹਾ ਹੁੰਦੇ ਹੋਏ ਵੀ।

-----

ਦਿਨੋ ਦਿਨ ਦੂਰ ਹੁੰਦੇ ਜਾ ਰਹੇ ਹਾਂ,

ਮੁਸੱਲਸਲ ਰਾਬਤਾ ਹੁੰਦੇ ਹੋਏ ਵੀ।

-----

ਕਿਤੇ ਵੀ ਨਈਂ ਕਦੇ ਮਿਲਦਾ ਕਿਸੇ ਨੂੰ

ਹਰਿਕ ਥਾਂ 'ਤੇ ਖ਼ੁਦਾ ਹੁੰਦੇ ਹੋਏ ਵੀ।

-----

ਦਵਾ ਦੇਣੋਂ ਉਨ੍ਹਾਂ ਪਰਹੇਜ਼ ਰੱਖਿਆ,

ਮੇਰੇ ਦੁੱਖ ਦਾ ਪਤਾ ਹੁੰਦੇ ਹੋਏ ਵੀ।

-----

ਕਦੇ ਵੀ ਨਾ ਭਲਾ ਕੀਤਾ ਕਿਸੇ ਦਾ

ਉਹ ਰੋਂਦਾ ਹੀ ਰਿਹਾ ਹੁੰਦੇ ਹੋਏ ਵੀ।

-----

ਮੁਹੱਬਤ ਹੈ ਤਦੇ ਇੰਜ ਮਾਫ਼ ਕਰਦੈ,

ਉਹ ਹੱਸ ਪੈਂਦੈ ਖ਼ਫ਼ਾ ਹੁੰਦੇ ਹੋਏ ਵੀ।

-----

ਉਹ ਵਲ਼ ਪਾ ਕੇ ਨਿਕਲ ਜਾਂਦੈ ਹਮੇਸ਼ਾ,

ਮੇਰੇ ਘਰ ਦਾ ਪਤਾ ਹੁੰਦੇ ਹੋਏ ਵੀ।

-----

ਨਹੀਂ ਪਲ ਦਾ ਭਰੋਸਾ ਵੀ ਦਮਾਂ 'ਤੇ,

ਦਮਾਂ ਦਾ ਆਸਰਾ ਹੁੰਦੇ ਹੋਏ ਵੀ।

-----

ਪਤਾ ਨਈਂ ਕਿਉਂ ਨਹੀਂ ਜਾਂਦਾ ਦਿਲਾਂ 'ਚੋਂ,

ਵਫ਼ਾ 'ਤੇ ਸ਼ੱਕ ਵਫ਼ਾ ਹੁੰਦੇ ਹੋਏ ਵੀ।

-----

ਮੁਹੱਬਤ ਵਿਚ ਸਦਾ ਮਹਿਬੂਬ 'ਮਹਿਰਮ',

ਭਲਾ ਲੱਗਦੈ ਬੁਰਾ ਹੁੰਦੇ ਹੋਏ ਵੀ।

No comments: