
-----
ਇਸ ਕਿਤਾਬ ਦੀ ਖ਼ੂਬੀ ਹੈ ਕਿ ਮਹਿਰਮ ਸਾਹਿਬ ਨੇ ਹਰੇਕ ਗ਼ਜ਼ਲ ਦੇ ਸ਼ੁਰੂ ‘ਚ ਬਹਿਰ ਦਾ ਨਾਮ ਅਤੇ ਉਸਦਾ ਮੀਟਰ ਵੀ ਛਾਪਿਆ ਹੈ। ਮੈਨੂੰ ਯਾਦ ਹੈ ਕਿ ਡੈਡੀ ਜੀ ‘ਬਾਦਲ ਸਾਹਿਬ’ ਨੇ ਵੀ 1992 ‘ਚ ਛਪੇ ਗ਼ਜ਼ਲ-ਸੰਗ੍ਰਹਿ ‘ਗੰਦਲ਼ਾਂ’ ‘ਚ ਵੀ ਹਰੇਕ ਗ਼ਜ਼ਲ ਦੀ ਬਹਿਰ ਦਾ ਨਾਮ ਦਰਜ ਕੀਤਾ ਸੀ। ‘ਪੰਜਾਬੀ ਸੱਥ, ਲਾਂਬੜਾ’ ਵੱਲੋਂ ਛਾਪੀ ਇਹ ਕਿਤਾਬ ਗ਼ਜ਼ਲ ਸਿੱਖਣ ਵਾਲ਼ੇ ਦੋਸਤਾਂ ਲਈ ਜ਼ਰੂਰ ਲਾਹੇਵੰਦ ਸਾਬਿਤ ਹੋਵੇਗੀ। ਉਸਤਾਦ ਗ਼ਜ਼ਲਗੋ ਜਨਾਬ ਅਮਰਜੀਤ ਸਿੰਘ ਸੰਧੂ ਸਾਹਿਬ ਦੇ ਲਿਖਣ ਅਨੁਸਾਰ, ਮਹਿਰਮ ਸਾਹਿਬ ਦੀਆਂ ਗ਼ਜ਼ਲਾਂ ‘ਚ ਬਿੰਬ ਸਿਰਜਣ, ਤਜਨੀਸ, ਤਕਰਾਰ ਲਫ਼ਜ਼ੀ, ਤੱਜਾਦ, ਸਨਾਇਆ ਮਾਅਨਵੀ, ਤੇਵਰ, ਰੁਜੂਅ, ਈਰਾਦੁ-ਉਲ-ਮਿਸਲ, ਤਲਮੀਹ, ਤਸ਼ਬੀਹ ਆਦਿ ਅਨੇਕਾਂ ਖ਼ੂਬੀਆਂ ਮੌਜੂਦ ਨੇ, ਜੋ ਉਹਨਾਂ ਨੂੰ ਇੱਕ ਸਫ਼ਲ ਅਤੇ ਪਰਪੱਕ ਗ਼ਜ਼ਲਗੋ ਬਣਾਉਂਦੀਆਂ ਹਨ। ਇਸ ਕਿਤਾਬ ਦੀ ਪ੍ਰਕਾਸ਼ਨਾ ‘ਤੇ ਆਰਸੀ ਪਰਿਵਾਰ ਵੱਲੋਂ ਮਹਿਰਮ ਸਾਹਿਬ ਨੂੰ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਉਹ ਆਕੜ ਵਿੱਚ ਸਹੇ ਦੇ ਵਾਂਗ ਰਾਹ ਵਿੱਚ ਬਹਿ ਗਿਆ ਹੋਣੈ।
ਸਮੇਂ ਦੀ ਦੌੜ ‘ਚੋਂ ਪਿੱਛੇ ਉਹ ਤਾਂ ਹੀ ਰਹਿ ਗਿਆ ਹੋਣੈ।
-----
ਕਦੇ ਭਾਵੁਕ, ਕਦੇ ਮਜਬੂਰ ਕਰਦੇ ਨੇ ਕਿਵੇਂ ਰਿਸ਼ਤੇ,
ਬੜਾ ਕੁਝ ਸੋਚਦਾ ਇਸ ਵਹਿਣ ਵਿੱਚ ਉਹ ਵਹਿ ਗਿਆ ਹੋਣੈ।
-----
ਜ਼ਮਾਨੇ ਦੇ ਸਿਤਮ ਅੱਗੇ, ਜਿਨ੍ਹਾਂ ਦੀ ਪੇਸ਼ ਨਾ ਚੱਲੀ,
ਬਣਾਇਆ ਮਹਿਲ ਖ਼ਾਬਾਂ ਦਾ, ਉਨ੍ਹਾਂ ਦਾ ਢਹਿ ਗਿਆ ਹੋਣੈ।
-----
ਜੋ ਤੁਰਿਆ ਤੋੜ ਕੇ ਬੰਧਨ, ਮੁਕਾ ਕੇ ਸਾਂਝ ਦੇ ਰਿਸ਼ਤੇ,
ਪਿਛਾਂਹ ਤੱਕਦਾ ਸੀ ਉਹ ਮੁੜ-ਮੁੜ, ਅਜੇ ਕੁਝ ਰਹਿ ਗਿਆ ਹੋਣੈ।
-----
ਇਸੇ ਕਰਕੇ ਤੂੰ ਮੰਦਾ ਬੋਲਿਐ ਉਸਨੂੰ ਬਿਨਾਂ ਦੋਸ਼ੋਂ,
ਕਦੇ ਪਹਿਲਾਂ ਉਹ ਚੁੱਪ ਕਰਕੇ ਬੜਾ ਕੁਝ ਸਹਿ ਗਿਆ ਹੋਣੈ।
-----
ਗਿਆ ਗ਼ਮਗੀਨ ਸੀ, ਮੁੜਿਐ ਤਾਂ ਹੌਲ਼ਾ ਫੁੱਲ ਜਿਹਾ ਲੱਗਿਆ,
ਸੁਣਾ ਕੇ ਯਾਰ ਨੂੰ ਦੁੱਖ, ਭਾਰ ਦਿਲ ਤੋਂ ਲਹਿ ਗਿਆ ਹੋਣੈ।
-----
ਉਨ੍ਹਾਂ ਦੀ ਅੱਖ ‘ਚ ਕੰਕਰ ਵਾਂਗ ਰੜਕੇਂ ਨਾ ਕਿਵੇਂ ਤੂੰ ਵੀ,
ਤੇਰਾ ਸੱਚ ਵੀ ਉਨ੍ਹਾਂ ਦੇ ਝੂਠ ਦੇ ਸੰਗ ਖਹਿ ਗਿਆ ਹੋਣੈ।
-----
ਉਡੀਕੇ ਰਾਤ ਦਿਨ ‘ਮਹਿਰਮ’ ਨਿਗਾਹ ਰੱਖਦੈ ਬਰੂਹਾਂ ‘ਤੇ,
‘ਮੈਂ ਪਰਤਾਂਗਾ’, ਕੋਈ ਉਸਨੂੰ ਕਦੇ ਇਹ ਕਹਿ ਗਿਆ ਹੋਣੈ।
=====
ਗ਼ਜ਼ਲ
ਹਰ ਨਗਰ, ਹਰ ਸ਼ਹਿਰ ਅੱਗ ਵਿੱਚ ਹਰ ਸਮੇਂ ਜਲ਼ਦੇ ਮਿਲ਼ੇ।
ਬੇਬਸੀ ਵਿੱਚ ਲੋਕ ਬੈਠੇ ਹੱਥ ਹੀ ਮਲ਼ਦੇ ਮਿਲ਼ੇ।
-----
ਜੀ ਰਹੇ ਨੇ ਲੋਕ ਬਹੁਤੇ ਕਿਸਮਤਾਂ ਦੇ ਫੇਰ ਵਿੱਚ,
ਜਿਸ ਤਰ੍ਹਾਂ ਦਾ ਵਕ਼ਤ ਆਇਆ ਉਸ ਤਰ੍ਹਾਂ ਢਲ਼ਦੇ ਮਿਲ਼ੇ।
-----
ਕੀ ਕਿਸੇ ‘ਤੇ ਮਾਣ ਕਰਦਾ, ਗ਼ੈਰ ਸੀ ਸਭ ਭੀੜ ਵਿੱਚ,
ਸੀ ਜਿਨ੍ਹਾਂ ‘ਤੇ ਆਸ ਉਹ ਹੀ ਫ਼ਰਜ਼ ‘ਤੋਂ ਟਲ਼ਦੇ ਮਿਲ਼ੇ।
-----
ਹਕਾਮਾਂ ਦੇ ਰੂਪ ਬਦਲੇ, ਬਦਲੀਆਂ ਨਾ ਆਦਤਾਂ,
ਇਨਕਲਾਬੀ ਸੋਚ ਨੂੰ, ਪੈਰਾਂ ਤਲੇ ਦਲ਼ਦੇ ਮਿਲ਼ੇ।
-----
‘ਮੈਂ ਤੁਹਾਡਾ ਦਾਸ ਹਾਂ’, ਸਭ ਆਖਦੇ ਲੀਡਰ ਸਦਾ,
ਪੈਰ ਫੜ ਕੇ, ਜੋੜ ਕੇ ਹੱਥ, ਹਰ ਦਫ਼ਾ ਛਲ਼ਦੇ ਮਿਲ਼ੇ।
-----
ਖਾ ਸਕੇ ਨਾ ਲੋਕ ਸਭ, ਰੋਟੀ ਕਦੇ ਵੀ ਪੇਟ ਭਰ,
ਪਰ ਸਟੋਰਾਂ ਵਿੱਚ ਦਾਣੇ, ਸੜਦੇ ਤੇ, ਗਲ਼ਦੇ ਮਿਲ਼ੇ।
-----
ਤੁਰ ਪਏ ਕੁਝ ਸਿਰ-ਫਿਰੇ ਜਦ ਸੇਧ ਕੇ ਮੰਜ਼ਿਲ ਦੀ ਸੇਧ,
ਲੋਕ ਉਨ੍ਹਾਂ ਦੇ ਨਾਲ਼ ਬਣ ਬਣ ਕਾਫ਼ਿਲੇ ਰਲ਼ਦੇ ਮਿਲ਼ੇ।
-----
ਸਮਝਿਆ ‘ਮਹਿਰਮ’ ਜਦੋਂ ਮੈਂ ਰਹਿਬਰਾਂ ਦਾ ਫ਼ਲਸਫ਼ਾ,
ਜ਼ਿੰਦਗੀ ਵਿੱਚ ਰੌਸ਼ਨੀ ਦੇ ਦੀਪ ਹੀ ਬਲ਼ਦੇ ਮਿਲ਼ੇ।
1 comment:
Mehram Sahib'Eh vi such hai'li dili mubarkan.Kia khub Shiar ne.
Post a Comment