ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, July 1, 2010

ਗੁਰਿੰਦਰ ਸਿੰਘ ਕਲਸੀ - ਨਜ਼ਮ

ਸਾਹਿਤਕ ਨਾਮ: ਗੁਰਿੰਦਰ ਸਿੰਘ ਕਲਸੀ

ਅਜੋਕਾ ਨਿਵਾਸ: ਮੋਰਿੰਡਾ, ਰੋਪੜ ( ਪੰਜਾਬ )

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਰੂਹਾਂ ਦੇ ਰੰਗ, ਮੋਹ ਦੀਆਂ ਪੌਣਾਂ, ਗ਼ਾਲਿਬ ਦੀ ਕ਼ਬਰ ਤੇ, ਮਨ ਦੀ ਕਾਤਰ, ਬਾਲ ਸਾਹਿਤ: ਅਸਲੀਅਤ, ਮੇਰੀ ਪੁਸਤਕ, ਦੀਪਾ ਅਤੇ ਉਸਦੀ ਦਾਦੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਨੇ ਕੁਝ ਕਿਤਾਬਾਂ ਦੀ ਸੰਪਾਦਨਾ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਦਾ ਕੰਮ ਵੀ ਕੀਤਾ ਹੈ। ਕਲਸੀ ਸਾਹਿਬ ਤ੍ਰੈ-ਮਾਸਿਕ ਰਸਾਲਾ ਰੂਪ ਦੇ ਮੁੱਖ ਸੰਪਾਦਕ ਹਨ।

-----

ਦੋਸਤੋ! ਕੁਝ ਮਹੀਨੇ ਪਹਿਲਾਂ ਮੋਰਿੰਡਾ ਵਸਦੇ ਲੇਖਕ ਗੁਰਿੰਦਰ ਸਿੰਘ ਕਲਸੀ ਜੀ ਨੇ ਆਪਣੀਆਂ ਚੰਦ ਨਜ਼ਮਾਂ ਆਰਸੀ ਲਈ ਭੇਜੀਆਂ ਸਨ, ਪਰ ਮੇਰੇ ਰੁਝੇਵਿਆਂ ਕਰਕੇ ਆਰਸੀ ਤੇ ਨਵੇਂ ਲੇਖਕ ਸਾਹਿਬਾਨ ਦੀ ਹਾਜ਼ਰੀ ਚ ਵਕ਼ਤ ਲੱਗ ਰਿਹਾ ਹੈ, ਏਸੇ ਕਰਕੇ ਕਲਸੀ ਸਾਹਿਬ ਦੀ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਅੱਜ ਉਹਨਾਂ ਦੀ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਚ ਸ਼ਾਮਿਲ ਕਰਦਿਆਂ, ਸਮੂਹ ਲੇਖਕ/ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਨਿੱਕੀ ਕਿਰਲੀ ਦਾ ਘਰ ਕਿੱਥੇ ?

ਨਜ਼ਮ

ਨਿੱਕੀਏ ਕਿਰਲੀਏ ਨੀਂ

ਆਪਣੇ ਬੱਚਿਆਂ ਦੀ ਖ਼ਾਤਿਰ

ਮਾਰ ਰਿਹਾ ਹਾਂ ਤੈਨੂੰ

ਛੱਡ ਵੀ ਦੇਵਾਂ

ਪਰ ਚਿੱਟੇ ਸੰਗਮਰਮਰੀ ਫਰਸ਼ ਤੇ

ਚਮਕ ਪਵੇਂਗੀ ਤੂੰ

ਨਹੀਂ ਛੁਪ ਸਕੇਂਗੀ

ਲਿਸ਼ਕਦੀਆਂ ਦੀਵਾਰਾਂ ਉੱਤੇ

ਡਰ ਜਾਣਗੇ ਬੱਚੇ

ਨਹੀਂ ਵੜਨਗੇ ਬਾਥਰੂਮ ਅੰਦਰ

ਨਹੀਂ ਨਹਾਉਣਗੇ

ਸਾਰਾ ਦਿਨ ਮੱਚਿਆ ਰਹੇਗਾ

ਕੁਹਰਾਮ

................

ਨਿੱਕੀਏ ਕਿਰਲੀਏ ਨੀਂ

ਤੂੰ ਵੀ ਬੱਚੀ ਹੈਂ ਕਿਸੇ ਦੀ

ਮੈਂ ਕੁਦਰਤ ਦਾ ਕਵੀ

ਪਿਆਰ ਕਵਿਤਾਵਾਂ ਲਿਖਣ ਵਾਲ਼ਾ

ਆਪਣੇ ਬੱਚਿਆਂ ਦੀ ਖ਼ਾਤਿਰ

ਮਾਰ ਰਿਹਾ ਹਾਂ ਤੈਨੂੰ

=====

ਫਿਊਜ਼ ਹੋਇਆ ਬਲਬ

ਨਜ਼ਮ

ਚਮਕਦਾ ਹੈ

ਪੂਜਾ ਸਥਲ ਦੀ ਇਮਾਰਤ ਦਾ

ਹਰ ਕਮਰਾ

ਬੇਸ਼ੁਮਾਰ ਚਾਨਣ

ਚਮਚਮਾਉਂਦੇ ਫ਼ਰਸ਼

ਉਜਲੀਆਂ ਦੀਵਾਰਾਂ

ਸੋਨੇ ਜੜੀਆਂ ਝਾਲਰਾਂ

ਆਭਾ ਇਸ ਦੀ ਵਧਾਉਣ ਵਾਸਤੇ

ਪਾਵੇ ਹਰ ਕੋਈ

ਅਪਣਾ ਅਪਣਾ ਯੋਗਦਾਨ

ਬਸ ਇਹੋ ਹੈ ਕੰਮ ਮਹਾਨ

ਸਲ੍ਹਾਭੇ ਪੁਰਾਣੇ ਕਮਰਿਆਂ ਅੰਦਰ

ਬਦਰੰਗ ਦੀਵਾਰਾਂ ਚ ਘਿਰਿਆ

ਟੁੱਟੇ-ਫੁੱਟੇ ਡੈਸਕਾਂ ਉੱਤੇ

ਪੜ੍ਹ ਰਿਹਾ ਏ ਭਵਿੱਖ ਦੇਸ਼ ਦਾ

ਇੱਕ ਹਨੇਰਾ ਕੋਹਾਂ ਤੀਕਰ

ਰਹੇ ਡਰਾਉਂਦਾ

ਗਿਆਨ ਦਾ ਸੂਰਜ

ਇੱਕ ਦਲਦਲ ਵਿਚ ਡੁੱਬਦਾ ਜਾਂਦਾ

ਲੱਗਣ ਲੱਗਦੀ ਡਿਗਰੀ

ਮਹਿਜ਼

ਇੱਕ ਟੁਕੜਾ ਕਾਗਜ਼ ਦਾ

ਕਦੇ ਕਦੇ ਪਗਲਾ ਜਾਂਦੀ ਏ ਜਵਾਨੀ

ਸਭ ਕੁਝ ਉਲਟਾ-ਪੁਲਟਾ ਕਰਨ ਲਈ

ਦਿਮਾਗ ਚ ਭਰ ਲੈਂਦੀ ਏ ਬਾਰੂਦ

ਕਿਸੇ ਕ੍ਰਾਂਤੀ ਦੀ ਉਡੀਕ ਵਿਚ

............

ਪਰ ਕੋਈ ਨਹੀਂ ਤਿਆਰ ਹੁੰਦਾ

ਕਲਾਸ-ਰੂਮ ਦਾ ਫਿਊਜ਼ ਹੋਇਆ ਬੱਲਬ

ਬਦਲਣ ਲਈ

======

ਫ਼ੈਸਲੇ

ਨਜ਼ਮ

ਸਹੀ ਫ਼ੈਸਲੇ

ਬੰਨ੍ਹੇ ਨੇ ਜ਼ਿਹਨ ਦੀ ਪੋਟਲੀ ਵਿਚ

ਬਸ ਉਡੀਕ ਹੈ ਤਾਂ

ਇਕ ਸਹੀ ਸਮੇਂ ਦੀ

ਗ਼ਲਤ ਸਮੇਂ ਤੇ

ਗ਼ਲਤ ਫੈਸਲਿਆਂ ਨੇ

ਸੁੱਟ ਦਿੱਤਾ ਏ

ਸਦੀਆਂ ਪਿੱਛੇ

..........

ਹੁਣ ਵਿਹਲੇ ਸਮੇਂ

ਕੱਲੇ ਕੱਲੇ ਫ਼ੈਸਲੇ ਨੂੰ ਕੱਢ ਕੇ

ਟਟੋਲਦਾ ਰਹਿੰਦਾ ਹਾਂ

ਸਹੀ ਸਮੇਂ ਦੀ

ਉਡੀਕ ਵਿਚ

=====

ਸੁਪਨਿਆਂ ਦੇ ਰਸਤੇ

ਨਜ਼ਮ

ਘਾਹ ਦੀ ਇਕ ਨਰਮ ਪੱਤੀ ਤੂੰ

ਲੰਮ-ਸਲੰਮੀ ਤੇ ਚਮਕਦਾਰ

ਤਰੇਲ ਭਿੱਜੇ ਫੁੱਲਾਂ ਦੇ

ਨੇੜੇ ਨੇੜੇ ਰਹਿੰਦੀ

ਜੜਾਂ ਤੇਰੀਆਂ

ਗੁੰਮੀਆਂ ਪਥਰੀਲੀ ਜ਼ਮੀਨ ਅੰਦਰ

ਮੌਸਮਾਂ ਦੀ ਹਵਾ ਅੰਦਰ ਝੂਲਦੀ

ਝੁਕਦੀ ਕਦੇ ਉੱਠਦੀ

ਸੁਪਨਿਆਂ ਦੇ ਰਸਤੇ

ਜਾਂਦੇ ਕਿਸੇ ਸੂਰਜ ਵੱਲ......


1 comment:

baljit singh said...

kalsi saab bahut he khoob likhde o tusi....shaala tusi even he likhde raho te tuhadi kalpna di udan hor uchi howe...