ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, August 22, 2010

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਨੈਣਾਂ ਦੇ ਵਿਚ ਵਸਦੇ ਸੁਪਨੇ ਮਰਿਆਂ ਦੇ।

ਜੰਮੇ ਹੋਏ ਨੇ ਪਰਛਾਵੇਂ ਵਰ੍ਹਿਆਂ ਦੇ।

-----

ਟੁੱਟੇ ਪੱਤਿਆਂ ਵਾਂਗਰ ਰੁਲ਼ਦੇ ਫਿਰਦੇ ਹਾਂ,

ਕੀ ਸਿਰਨਾਵੇਂ ਪੁੱਛਦੇ ਹੋ ਬੇਘਰਿਆਂ ਦੇ।

-----

ਦਿਲ ਵਿਚ ਚੁਭਦੀ ਰਹਿੰਦੀ ਪੀੜ ਵਿਛੋੜੇ ਦੀ,

ਨੈਣ ਛਲਕਦੇ ਰਹਿੰਦੇ ਗ਼ਮ ਦੇ ਭਰਿਆਂ ਦੇ।

-----

ਤਨ ਦੀ ਅਰਥੀ ਨਿਕਲ਼ੇਗੀ ਤਾਂ ਰੋਵਾਂਗੇ,

ਕਿਹੜਾ ਸੋਗ ਮਨਾਉਂਦਾ ਹੈ ਮਨ ਮਰਿਆਂ ਦੇ।

-----

ਸ਼ੀਸ਼ੇ ਚਿਹਰੇ ਦੇਖਣ ਦਿਲ ਨਾ ਦੇਖ ਸਕਣ,

ਅੰਤਰ ਕੀ ਦੱਸਣਗੇ ਖੋਟੇ ਖਰਿਆਂ ਦੇ।

-----

ਸਹਿਮ ਦਫ਼ਨ ਹੈ ਕੋਈ ਦਿਲ ਵਿਚ ਲੋਕਾਂ ਦੇ,

ਬੋਲ ਵੀ ਥਥਲਾਉਂਦੇ ਨੇ ਡਰ ਦੇ ਭਰਿਆਂ ਦੇ।

=====

ਗ਼ਜ਼ਲ

ਬਸ ਇਕ ਟੁਕੜਾ ਹੀ ਧੁੱਪ ਦਾ ਮੇਰੀ ਹੈ ਲੋੜ ਸਾਰੀ।

ਕੀ ਕਰਨੀ ਹੈ ਮੈਂ ਧੁੱਪ ਦੇ ਰੰਗਾਂ ਦੀ ਜਾਣਕਾਰੀ।

-----

ਬਹੁਤਾ ਵੀ ਨਾ ਨਿਹਾਰੀਂ ਸੱਜਣ ਦੀ ਪੈੜ ਨੂੰ ਤੂੰ,

ਯਾਦਾਂ ਦੀ ਰੇਤ ਨੈਣੀਂ ਰੜਕੇਗੀ ਰਾਤ ਸਾਰੀ।

-----

ਸਾਰਾ ਮੈਂ ਲੁੱਟ ਜਾਵਾਂ ਥਾਂ ਥਾਂ ਤੋਂ ਟੁੱਟ ਜਾਵਾਂ,

ਟੁੱਟੀ ਤੇ ਕੁਝ ਨਾ ਟੁੱਟੇ! ਏਦਾਂ ਨਾ ਤੋੜ ਯਾਰੀ।

-----

ਤੇਰਾ ਹੱਸ ਕੇ ਬੁਲਾਉਣਾ ਲੱਗਾ ਸੀ ਇੰਝ ਮੈਨੂੰ,

ਫੁੱਲਾਂ ਚੋਂ ਮੁਸਕਰਾ ਕੇ ਖ਼ੁਸ਼ਬੂ ਨੇ ਹਾਕ ਮਾਰੀ।

-----

ਪਹਿਲਾਂ ਹੀ ਬੋਝ ਹਾਂ ਮੈਂ ਉੱਤੇ ਨਾ ਕੇਰ ਹੰਝੂ,

ਡਰ ਹੈ ਕਿ ਹੋ ਨਾ ਜਾਏ ਅਰਥੀ ਹੀ ਹੋਰ ਭਾਰੀ।

3 comments:

rup said...

Kang Sahib,Ba-kamaal

shamsher said...

ਬਹੁਤਾ ਵੀ ਨਾ ਨਿਹਾਰੀਂ ਸੱਜਣ ਦੀ ਪੈੜ ਨੂੰ ਤੂੰ,
ਯਾਦਾਂ ਦੀ ਰੇਤ ਤੇਰੇ ਰੜਕੇਗੀ ਰਾਤ ਸਾਰੀ.
.... ਕੰਗ ਸਾਹਿਬ ਦੇ ਗੀਤਾਂ ਦੇ ਨਾਲ ਨਾਲ ਉਹਨਾਂ ਦੀਆਂ ਗ਼ਜ਼ਲਾਂ ਵੀ ਕਮਾਲ ਹਨ.
Shamsher Mohi (Dr.)

bholi said...

ਬਹੁਤਾ ਵੀ ਨਾ ਨਿਹਾਰੀਂ ਸੱਜਣ ਦੀ ਪੈੜ ਨੂੰ ਤੂੰ,
ਯਾਦਾਂ ਦੀ ਰੇਤ ਤੇਰੇ ਰੜਕੇਗੀ ਰਾਤ ਸਾਰੀ.
dil ch utr gya -a.amrit63@gmail.com