ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 13, 2011

ਕੇਹਰ ਸ਼ਰੀਫ਼ - ਹਾਇੰਸ ਕਾਹਲਾਉ - ਸੱਤ ਜਰਮਨ ਕਵਿਤਾਵਾਂ

ਹਾਇੰਸ ਕਾਹਲਾਉ - ਸੱਤ ਜਰਮਨ ਕਵਿਤਾਵਾਂ

ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼

ਦੋਸਤੋ! ਜਰਮਨੀ ਵਸਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ਼ ਸਾਹਿਬ ਨੇ ਸੰਸਾਰ-ਪ੍ਰਸਿੱਧ ਜਰਮਨ ਕਵੀ ਹਾਇੰਸ ਕਾਹਲਾਉ ਦੀਆਂ ਸੱਤ ਅਤਿ ਖ਼ੂਬਸੂਰਤ ਨਜ਼ਮਾਂ ਦਾ ਪੰਜਾਬੀ ਚ ਅਨੁਵਾਦ ਕਰਕੇ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ, ਇਸ ਕਾਰਜ ਲਈ ਮੈਂ ਉਹਨਾਂ ਦੀ ਦਿਲੋਂ ਮਸ਼ਕੂਰ ਹਾਂ, ਕਿਉਂਕਿ ਹਾਇੰਸ ਦੀਆਂ ਨਜ਼ਮਾਂ ਬਹੁਤ ਖ਼ੂਬਸੂਰਤ ਹਨ ਅਤੇ ਨਾਲ਼ ਹੀ ਸ਼ਰੀਫ਼ ਸਾਹਿਬ ਦਾ ਪੰਜਾਬੀ ਉਲੱਥਾ ਵੀ ਅਰਥ ਭਰਪੂਰ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

1) ਕੇਂਦਰ ਬਿੰਦੂ

ਨਜ਼ਮ

ਜਦੋਂ ਉਹ ਇਕ ਦੂਜੇ ਤੋਂ ਵਿਛੜਨ ਲੱਗੇ

ਤਾਂ ਉਹਨੇ, ਉਸਨੂੰ ਕਿਹਾ:

ਚੰਦ ਵਲ ਵੇਖ ਰਿਹਾ ਏਂ ਨਾ?

ਬਿਲਕੁਲ ਸਫ਼ੈਦ ਤੇ ਉੱਪਰ ਖੜੋਤਾ?

ਆਪਣੀ ਵਾਪਸੀ ਦੀ ਉਡੀਕ

ਜਿੱਥੇ ਤੂੰ ਵੀ ਹੈਂ

ਤੈਨੂੰ ਚਾਹੀਦੈ, ਉਹਦੇ ਵਿਚ

ਕਿਸੇ ਸ਼ੀਸ਼ੇ ਵਾਂਗ ਝਾਕਣਾ।

ਤੇ ਕਦੇ ਅਗਲੀ ਵਾਰ

ਜਦੋਂ ਮੈਂ ਇਕੱਲ ਮਹਿਸੂਸ ਕਰਾਂਗੀ

ਉਦੋਂ ਤੇਰੇ ਵਾਂਗ ਚਾਹਵਾਂਗੀ

ਅਕਸਰ ਉਹਦੀ ਚਾਨਣੀ ਵਿਚ ਝਾਕਣਾ

ਉਹ ਸ਼ੀਸ਼ਾ ਹੋਣਾ ਚਾਹੀਦਾ ਹੈ

ਸਾਡੀ ਮੁਹੱਬਤ ਦਾ

ਅਤੇ ਉਸਦੇ ਰਾਹੀਂ ਆਪਾਂ

ਪਹਿਚਾਣ ਨੂੰ ਲੱਭਣ ਦਾ ਰਾਹ ਬਣਾਵਾਂਗੇ।

.........

ਉਹ ਥੋੜ੍ਹਾ ਜਿਹਾ ਝੁਕਿਆ

ਉਹਨੂੰ ਚੁੰਮਿਆ ਤੇ ਚੁੱਪ ਰਿਹਾ

ਜਹਾਜ਼ ਵਲ ਜਾਂਦਾ ਰਾਹ

ਉਹਦੇ ਵਾਸਤੇ ਬਹੁਤ ਔਖਾ ਸੀ

ਉਹ ਇਹ ਨਹੀਂ ਸੀ ਜਾਣਦੀ

ਕਿ ਜਿੱਥੇ ਉਹ ਵਸਣ ਜਾ ਰਿਹਾ ਹੈ

ਚੰਦਰਮਾ ਉੱਥੇ ਵੀ ਚਮਕਦਾ ਹੈ

ਪਰ, ਕਿਸੇ ਹੋਰ ਸਮੇਂ ।

=====

2) ਬਿਨ ਅੰਤਰ ਦ੍ਰਿਸ਼ਟੀ

ਨਜ਼ਮ

ਤੂੰ ਜਾਣਨਾ ਚਾਹੁੰਦਾ ਏਂ

ਕਿ ਮੇਰੀ ਕਵਿਤਾ ਦੀਆਂ ਸਤਰਾਂ

ਅਕਸਰ ਉਦਾਸ ਕਿਉਂ ਹਨ?

ਮੈਂ ਇਨਸਾਨਾਂ ਨੂੰ ਮੋਹ ਕਰਦੀ ਹਾਂ

ਉਨ੍ਹਾਂ ਨੂੰ ਵੀ ਜਿਹੜੇ ਨਿਮਾਣੇ ਹਨ

ਉਨ੍ਹਾਂ ਨੂੰ ਵੀ ਜਿਹੜੇ ਛੋਟੇ ਹਨ

ਸਗੋਂ ਜਿਹੜੇ ਬੁਰੇ ਵੀ ਹਨ

ਮੇਰੀ ਕਮਜ਼ੋਰੀ

ਦੋਸਤੀ ਹੈ।

=====

3) ਖ਼ੁਸ਼ ਅਤੇ ਉਦਾਸ

ਨਜ਼ਮ

ਖ਼ੁਸ਼ ਅਤੇ ਉਦਾਸ ਹਾਂ ਮੈਂ

ਕਿਉਂਕਿ ਮੈਂ ਮਹਿਸੂਸ ਕਰਦਾ ਹਾਂ

ਜਦੋਂ ਮੈਂ ਮਹਿਸੂਸ ਕਰਦਾ ਹਾਂ, ਤਾਂ ਜਾਣਦਾਂ

ਕਿ ਮੈਂ ਜਿਉਂ ਰਿਹਾਂ।

ਖ਼ੁਸ਼ ਅਤੇ ਉਦਾਸ

ਸਾਨੂੰ ਦੂਸਰੇ ਹੀ ਕਰਦੇ ਹਨ

ਜਿਵੇਂ ਅਸੀਂ ਉਨ੍ਹਾਂ ਨੂੰ

ਖ਼ੁਸ਼ ਅਤੇ ਉਦਾਸ ਕਰਦੇ ਹਾਂ।

ਤੇਰੇ ਕਰਕੇ ਮੈਂ ਮਹਿਸੂਸ ਕਰਦਾ ਹਾਂ

ਕਿਵੇਂ ਭਰਪੂਰ ਜਿਉਂ ਰਿਹਾ ਹਾਂ

ਇਸ ਕਰਕੇ ਤੈਨੂੰ ਮੁਹੱਬਤ ਕਰਦਾ ਹਾਂ

ਖ਼ੁਸ਼ੀ ਅਤੇ ਉਦਾਸੀ ਵਿਚ।

======

4) ਦਿਨ ਦੀ ਸ਼ੁਰੂਆਤ

ਨਜ਼ਮ

ਉਂਜ ਤਾਂ ਕਾਫੀ ਚੋਹਲ-ਮੋਹਲ ਹੈ

ਸਾਡੇ ਦਰਮਿਆਨ

ਮੈਂ ਤੇਰਾ ਗਲਾਸ ਭਰਦਾ ਹਾਂ

ਤੂੰ ਮੇਰੇ ਤੌਲੀਏ ਨੂੰ ਗਰਮਾਉਂਦੀ ਹੈਂ

ਮੈਂ ਤੇਰੇ ਵਾਸਤੇ ਡਬਲ ਰੋਟੀ ਕੱਟਦਾ ਹਾਂ

ਤੂੰ ਮੇਰੀਆਂ ਐਨਕਾਂ ਢੂੰਡਦੀ ਐਂ

ਇਸ ਤਰ੍ਹਾਂ ਅਸੀਂ

ਇਕ ਦੂਜੇ ਨੂੰ ਜਗਾਉਂਦੇ ਹਾਂ

ਇਸ ਤੋਂ ਪਹਿਲਾਂ ਕਿ ਅਸੀਂ

ਕੰਮ ਤੇ ਜਾਈਏ।

=====

5) ਇਸ ਕਰਕੇ ?

ਨਜ਼ਮ

ਅਸੀਂ ਸਾਰੇ ਹੀ

ਇਨਸਾਨਾਂ ਨੂੰ ਢੂੰਡਦੇ ਹਾਂ

ਜਿਹੜੇ ਸਾਡੀ ਜ਼ਿੰਦਗੀ ਨੂੰ

ਮਕਸਦ ਵਲ ਤੋਰਨ

ਤੇਰਾ ਭਾਵ ਹੈ

ਤੈਨੂੰ, ਉਹ ਮੇਰੇ ਵਿਚੋਂ ਲੱਭ ਪਿਆ

ਅਤੇ ਮੈਨੂੰ ਚਾਹੀਦਾ ਹੈ

ਮੈਂ, ਆਪਣੀ ਭਾਲ਼ ਛੱਡ ਦਿਆਂ

ਇਸ ਕਰਕੇ?

=====

6) ਰਿਸ਼ਤੇ

ਨਜ਼ਮ

ਉਹ ਰਿਸ਼ਤੇ

ਜਿਨ੍ਹਾਂ ਦੇ ਰਾਹੀਂ

ਤੂੰ ਆਪਣੇ ਬਾਰੇ

ਕੁਝ ਵੀ ਨਵਾਂ ਨਾ ਜਾਣ ਸਕੇਂ

ਉਹ ਰਿਸ਼ਤੇ

ਜਿਹੜੇ ਤੈਨੂੰ ਛੋਟਾ ਕਰਦੇ ਹੋਣ

ਤੇਰੇ ਦੋਸਤਾਂ ਵਜੋਂ

ਤੇਰੇ ਜਾਣੂੰ ਹੋਣ

ਉਹ ਰਿਸ਼ਤੇ

ਜਿਨ੍ਹਾ ਦੇ ਵਾਸਤੇ

ਸਿਰ ਝੁਕਾਉਣਾ ਪਵੇ

ਜ਼ਰੂਰੀ ਗੋਡੇ ਟੇਕਣੇ ਪੈਣ

ਸਿਰਫ਼ ਖੜ੍ਹੇ ਰਹਿਣ ਵਾਸਤੇ

ਉਨ੍ਹਾਂ ਰਿਸ਼ਤਿਆਂ ਨੂੰ

ਹਰ ਹੀਲੇ

ਬਦਲ ਦੇ

ਜਾਂ

ਉਨ੍ਹਾਂ ਨੂੰ ਛੱਡ ਦੇ।

=====

7) ਯਾਦ ਨਾ ਕਰੀਂ

ਨਜ਼ਮ

ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ

ਪਿਛਲੇ ਸਾਲ ਦੇ ਇਸੇ ਦਿਨ ਵਾਸਤੇ

ਬਿਲਕੁਲ ਨਹੀਂ,

ਉਹ ਵੀ ਉਂਜ ਹੀ ਸੀ , ਲੱਗਭਗ ਅੱਜ ਵਾਂਗ

ਉਹ ਹੀ ਸੜਕਾਂ ਅਤੇ ਅਜਿਹਾ ਹੀ ਮੌਸਮ

ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ

ਪਿਛਲੇ ਸਾਲ ਦੇ ਝੂਠ ਵਾਸਤੇ

ਬਿਲਕੁਲ ਨਹੀਂ

ਤੂੰ ਵੀ ਉਹਨੂੰ ਭੁਲਾ ਚੁੱਕਾਂ, ਮੈਂ ਵੀ ਉਹਨੂੰ ਭੁਲਾ ਦਿੱਤਾ ਹੈ।


2 comments:

Dee said...

Kehar ji diyaa kavtavaa asheyaa lagiyaa.Doosri jaban ch oltha karna kafee aukha kamm aaa.
Congratulation on his hard work.
Davinder kaur
California

Rajinderjeet said...

Samvedna naal bhari shairi..