ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, March 18, 2011

ਅਮਰਦੀਪ ਗਿੱਲ - ਆਰਸੀ 'ਤੇ ਖ਼ੁਸਆਮਦੀਦ - ਗੀਤ

ਸਾਹਿਤਕ ਨਾਮ: ਅਮਰਦੀਪ ਗਿੱਲ

ਅਜੋਕਾ ਨਿਵਾਸ: ਬਠਿੰਡਾ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਅਰਥਾਂ ਦਾ ਜੰਗਲ ਅਤੇ ਗੀਤ-ਸੰਗ੍ਰਹਿ: ਸਿੱਲ੍ਹੀ ਸਿੱਲ੍ਹੀ ਹਵਾ ਪ੍ਰਕਾਸ਼ਿਤ ਹੋ ਚੁੱਕੇ ਹਨ।

------

ਦੋਸਤੋ! ਪੰਜਾਬੀ ਦੇ ਸਿਰਮੌਰ ਗੀਤਕਾਰਾਂ ਚ ਅਮਰਦੀਪ ਗਿੱਲ ਸਾਹਿਬ ਦਾ ਨਾਂ ਬੜੇ ਮਾਣ-ਸਤਿਕਾਰ ਨਾਲ਼ ਲਿਆ ਜਾਂਦਾ ਹੈ। ਉਹਨਾਂ ਦਾ ਬੇਹੱਦ ਮਕਬੂਲ ਗੀਤ ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ...ਕਿਤੇ ਕੋਈ ਰੋਂਦਾ ਹੋਵੇਗਾ... ਅਤੇ ਹੋਰ ਅਨੇਕਾਂ ਗੀਤ ਬੱਚੇ-ਬੱਚੇ ਦੀ ਜ਼ੁਬਾਨ ਤੇ ਲੋਕ-ਗੀਤਾਂ ਵਾਂਗ ਚੜ੍ਹ ਚੁੱਕੇ ਹਨ। ਇਕ ਗੀਤਕਾਰ ਲਈ ਇਹ ਬਹੁਤ ਮਾਣ ਵਾਲ਼ੀ ਗੱਲ ਹੁੰਦੀ ਹੈ ਜਦੋਂ ਉਸਦਾ ਲਿਖਿਆ ਗੀਤ ਸਰੋਤਿਆਂ ਦੇ ਧੁਰ ਅੰਦਰ ਤੱਕ ਲਹਿ ਜਾਵੇ, ਇਹ ਮਾਣ ਪੰਜਾਬੀ ਦੇ ਦੋ ਸਾਹਿਤਕ ਗੀਤਕਾਰਾਂ ਅਮਰਦੀਪ ਗਿੱਲ ਸਾਹਿਬ ਅਤੇ ਯੂ.ਐੱਸ.ਏ ਵਸਦੇ ਹਰਜਿੰਦਰ ਕੰਗ ਸਾਹਿਬ ਦੇ ਹਿੱਸੇ ਆਉਂਦਾ ਹੈ....ਦੋਵਾਂ ਦੀ ਕਲਮ ਨੂੰ ਮੇਰਾ ਸਿਰ ਨਿਵਾ ਕੇ ਸਲਾਮ। ਨਹੀਂ ਤਾਂ ਪਿਛਲੇ ਚਾਰ-ਪੰਜ ਸਾਲਾਂ ਤੋਂ ਗੀਤਕਾਰੀ ਅਤੇ ਗਾਇਕੀ ਦੀ ਜੋ ਦੁਰਦਸ਼ਾ ਹੈ, ਆਪਣੇ ਸਭ ਦੇ ਸਾਹਮਣੇ ਹੈ। ਮੇਰੀ ਬਹੁਤ ਚਿਰ ਦੀ ਇੱਛਾ ਸੀ ਕਿ ਅਮਰਦੀਪ ਜੀ ਦੀ ਹਾਜ਼ਰੀ ਆਰਸੀ ਤੇ ਲੱਗੇ। ਮੈਨੂੰ ਇਹ ਲਿਖਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਬੜੀ ਨਿਮਰਤਾ ਪੂਰਵਕ ਮੇਰੇ ਇਕ ਫ਼ੋਨ ਕਾਲ ਦਾ ਮਾਣ ਰੱਖਦਿਆਂ, ਆਪਣੇ ਕੁਝ ਬੇਹੱਦ ਖ਼ੂਬਸੂਰਤ ਗੀਤ ਆਰਸੀ ਪਰਿਵਾਰ ਨਾਲ਼ ਸਾਂਝੇ ਕਰਨ ਲਈ ਭੇਜੇ ਹਨ, ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਆਸ ਹੈ ਕਿ ਭਵਿੱਖ ਵਿਚ ਵੀ ਆਪਣੀਆਂ ਰਚਨਾਵਾਂ ਭੇਜ ਕੇ ਧੰਨਵਾਦੀ ਬਣਾਉਂਦੇ ਰਹਿਣਗੇ। ਉਹਨਾਂ ਨੂੰ ਆਰਸੀ ਪਰਿਵਾਰ 'ਚ ਖ਼ੁਸ਼ਆਮਦੀਦ ਆਖਦਿਆਂ, ਇਹ ਗੀਤ ਅੱਜ ਦੀ ਪੋਸਟ 'ਚ ਸ਼ਾਮਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

======

ਗੀਤ

ਮੈਂ ਹਾਂ ਧੀ-ਧਿਆਣੀ ਵੇ ਲੋਕੋ ਮੈਂ ਹਾਂ ਧੀ ਧਿਆਣੀ !

ਜਨਮਾਂ ਤੋਂ ਮੇਰੀ ਰੂਹ ਪਿਆਸੀ ਨੈਣਾਂ ਦੇ ਵਿੱਚ ਪਾਣੀ !

ਮੈਂ ਹਾਂ ਧੀ-ਧਿਆਣੀ...........

------

ਜਦ ਮੈਂ ਮਾਂ ਦੀ ਕੁੱਖ ਵਿੱਚ ਆਈ, ਮੱਚ ਗਈ ਹਾਲ ਦੁਹਾਈ,

ਬਾਬਲ ਦੀ ਪੱਗ ਦਾ ਸ਼ਮਲਾ ਰੋਇਆ, ਕੁੱਖ ਹੀ ਕਬਰ ਬਣਾਈ,

ਦਾਦੀ ਮੇਰੀ ਮਾਂ ਨੂੰ ਝਿੜਕੇ , ਨਹੀਂ ਜੰਮਣੀ ਖ਼ਸਮਾਂ ਖਾਣੀ !

ਮੈਂ ਹਾਂ ਧੀ-ਧਿਆਣੀ...........

-----

ਪੁੱਤ ਜੰਮੇ ਤੋਂ ਇਹ ਜੱਗ ਢੌਂਗੀ ਵਧ-ਚੜ੍ਹ ਖ਼ੁਸ਼ੀ ਮਨਾਵੇ,

ਧੀ ਤਾਂ ਘਰ ਦੇ ਬੂਹੇ ਤੇ ਵੀ ਨਿੰਮ ਨਾ ਕਦੇ ਬੰਨ੍ਹਾਵੇ ,

ਖੁਸਰੇ ਵੀ ਨਾ ਮੰਗਣ ਵਧਾਈਆਂ ਕੇਹੀ ਰੀਤ ਪੁਰਾਣੀ !

ਮੈਂ ਹਾਂ ਧੀ-ਧਿਆਣੀ...........

------

ਧੀ ਨੂੰ ਜ਼ਾਲਮ ਜੱਗ ਵਿੱਚ ਪੈਂਦਾ ਬੋਚ-ਬੋਚ ਪੱਬ ਧਰਨਾ,

ਇੱਜ਼ਤ ਪੱਲੇ ਦਾਗ਼ ਜੇ ਲੱਗੇ ਖੂਹ ਖਾਤੇ ਪੈ ਮਰਨਾ,

ਜੇ ਕਿਸੇ ਨਾਲ ਹੱਸ ਮੈਂ ਬੋਲਾਂ, ਬਣ ਜਾਂਦੀ ਏ ਕਹਾਣੀ !

ਮੈਂ ਹਾਂ ਧੀ-ਧਿਆਣੀ...........

-----

ਦਾਜ ਦੇ ਲੋਭੀ ਅੱਜ ਵੀ ਮੈਨੂੰ ਅੱਗ ਵਿੱਚ ਸਾੜ ਨੇ ਦਿੰਦੇ,

ਵਿਆਹ ਪਰਦੇਸੀਂ ਲੈ ਜਾਂਦੇ ਨੇ ਸੂਲ਼ੀ ਚਾੜ੍ਹ ਨੇ ਦਿੰਦੇ,

ਬਾਬਲ ਵਿਹੜੇ ਦੀ ਰਾਜਕੁਮਾਰੀ ਬਣ ਜਾਵੇ ਨੌਕਰਾਣੀ !

ਮੈਂ ਹਾਂ ਧੀ-ਧਿਆਣੀ...........

-----

ਕਹਿਣ ਨੂੰ ਤਾਂ ਮਰਦ ਬਰਾਬਰ ਅੱਜ ਹੈ ਮੇਰਾ ਨਾਮ,

ਪਰ ਮੈਂ ਤਾਂ ਹਾਂ ''ਗਿੱਲ'' ਵੀਰਿਆ ਉਵੇਂ ਹੀ ਗ਼ੁਲਾਮ,

ਮੈਂ ਤਾਂ ਕੋਈ ਰੁੱਤ ਵੀ ਆਪਣੇ ਮਨ ਵਾਂਗੂ ਨਾ ਮਾਣੀ !

ਮੈਂ ਹਾਂ ਧੀ-ਧਿਆਣੀ...........

=====

ਗੀਤ

ਹਰ ਵਿਹੜੇ ਸੁੱਖ ਹੋਵੇ, ਹਰ ਖੇੜੇ ਸੁੱਖ ਹੋਵੇ।

ਹਰਾ ਹਰ ਰੁੱਖ ਹੋਵੇ, ਸੂਹਾ ਹਰ ਮੁੱਖ ਹੋਵੇ।

ਕੁੱਲ ਆਲਮ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਧਰੀਂ।

ਖ਼ੁਦਾਇਆ ਖ਼ੈਰ ਕਰੀਂ....

------

ਠੰਢਾ ਰੱਖੀਂ ਮੇਰੇ ਪਿੰਡ ਦੀ ਪੌਣ ਦੇ ਬੁੱਲਿਆਂ ਨੂੰ।

ਮਘਦਾ ਰੱਖੀਂ ਹਰ ਘਰ ਦੇ ਵਿਚ ਉਸਰੇ ਚੁੱਲ੍ਹਿਆਂ ਨੂੰ।

ਹਰ ਖੇਤ ਰਹੇ ਲਹਿਰਾਉਂਦਾ

ਹਰ ਕਾਮਾ ਬੋਲੀਆਂ ਪਾਉਂਦਾ।

ਧਰਤੀ ਮਾਂ ਦੀ ਝੋਲੀ ਦੇ ਵਿਚ ਦਾਣਾ ਦਾਣਾ ਆਪ ਭਰੀਂ।

ਖ਼ੁਦਾਇਆ ਖ਼ੈਰ ਕਰੀਂ.....

------

ਨਜ਼ਰ ਸਵੱਲੀ ਰੱਖੀਂ ਹਰ ਥਾਂ ਧੁੱਪਾਂ ਛਾਵਾਂ 'ਤੇ

ਤੇਰੀ ਰਹਿਮਤ ਸਦਾ ਬਰਸੇ ਸਾਰੀਆਂ ਮਾਵਾਂ 'ਤੇ

ਹਰ ਰੁੱਤ 'ਤੇ ਰੱਖੀਂ ਪਹਿਰਾ

ਹਰ ਪੁੱਤ 'ਤੇ ਰੱਖੀਂ ਪਹਿਰਾ।

ਹਰ ਇਕ ਧੀ ਦੀ ਡੋਲੀ ਜਾਵੇ ਸੁਪਨੇ ਵਰਗੇ ਸੋਨ ਦਰੀਂ।

ਖ਼ੁਦਾਇਆ ਖ਼ੈਰ ਕਰੀਂ.....

-----

ਆਬਾਦ ਰੱਖੀਂ ਤੂੰ ਵਿਚ ਪ੍ਰਦੇਸੀਂ ਵਸਦੇ ਵੀਰਾਂ ਨੂੰ।

ਕੰਢਿਆਂ ਅੰਦਰ ਵਹਿਣ ਦੇਈਂ ਨਦੀਆਂ ਦੇ ਨੀਰਾਂ ਨੂੰ।

ਰਹਿਣ ਸੁਰ ਤੇ ਗੀਤ ਸਲਾਮਤ

ਹਰ ਦਿਲ ਵਿਚ ਪਲ਼ੇ ਮੁਹੱਬਤ।

ਕਿੱਕਲੀ ਪਾ ਕੇ ਨੱਚਣ ਖੁਸ਼ੀਆਂ ਸਾਰੇ ਜੱਗ ਦੇ ਦੁੱਖ ਹਰੀਂ

ਖ਼ੁਦਾਇਆ ਖ਼ੈਰ ਕਰੀਂ....

-----

ਸਾਰੀ ਦੁਨੀਆਂ ਦੇ ਵਿਚ ਉੱਡਣ ਘੁੱਗੀਆਂ ਅਮਨ ਦੀਆਂ।

ਮਹਿਕਾਂ ਰਹਿਣ ਜਵਾਨ ਦਾਤਿਆ! ਹਰ ਇਕ ਚਮਨ ਦੀਆਂ।

ਹਰ ਵੈਰ ਵਿਰੋਧ ਮਿਟਾ ਦੇ

ਸਭਨਾਂ ਨੂੰ ਪਿਆਰ ਸਿਖਾ ਦੇ।

ਹਰ ਤਪਦੀ ਸਰਹੱਦ ਦੇ ਉਤੇ ਬੱਦਲ ਬਣ ਕੇ ਆਣ ਵਰ੍ਹੀਂ

ਖ਼ੁਦਾਇਆ ਖ਼ੈਰ ਕਰੀਂ......!

=====

ਗੀਤ

ਕਾਲ਼ੀ ਲੋਈ ਲੈ ਕੇ ਗਿਓਂ ਆ ਵੇ ਜੋਗੀਆ !

ਸਾਡੇ ਵਿਹੜੇ ਫੇਰਾ ਜਾਵੀਂ ਪਾ ਵੇ ਜੋਗੀਆ !

ਕਾਲ਼ੀ ਲੋਈ ਲੈ ਕੇ.....

------

ਦੋ ਚੰਨ ਪਾ ਲੇ ਤੂੰ ਬਣਾ ਕੇ ਕੰਨੀਂ ਮੁੰਦਰਾਂ ,

ਮਹਿਲਾਂ ਉੱਤੇ ਖੜ੍ਹੀ ਛੱਡ ਆਇਆ ਤਾਂ ਨੀ ਸੁੰਦਰਾਂ ,

ਤੱਕਦੀ ਏ ਜਿਹੜੀ ਤੇਰਾ ਰਾਹ ਵੇ ਜੋਗੀਆ !

ਕਾਲ਼ੀ ਲੋਈ ਲੈ ਕੇ......

------

ਆ ਸਾਡੇ ਨਾਲ ਕਰ ਦੁੱਖ ਸੁੱਖ ਸਾਂਝਾ ਤੂੰ ,

ਕਿਤੇ ਹੀਰ ਦਾ ਤਾਂ ਨਹੀਂ ਸੀ ਸੋਹਣਿਆ ਵੇ ਰਾਂਝਾ ਤੂੰ ,

ਜਿੰਦ ਦਿੱਤੀ ਕੀਹਦੇ ਲੇਖੇ ਲਾ ਵੇ ਜੋਗੀਆ !

ਕਾਲ਼ੀ ਲੋਈ ਲੈ ਕੇ.....

------

ਮੁੱਖ ਥਾਲ਼ੀ ਚਾਂਦੀ ਦੀ ਚਿਰਾਗ਼ਾਂ ਜਿਹੇ ਨੈਣ ਵੇ ,

ਜ਼ੁਲਫ਼ਾਂ ਦੇ ਕੁੰਡਲਾਂ ਚ ਰੋਹੀਆਂ ਦੇ ਨੇ ਵੈਣ ਵੇ ,

ਤੇਰੇ ਵਿੱਚੋਂ ਦਿਸਦਾ ਖ਼ੁਦਾ ਵੇ ਜੋਗੀਆ !

ਕਾਲ਼ੀ ਲੋਈ ਲੈ ਕੇ.....

------

ਕਿਹੜੇ ਟਿੱਲੇ ਨੂੰ ਲਾਉਨੈ ਅੱਜ ਕੱਲ ਭਾਗ ਵੇ ,

ਕੀਲ ਕਿਵੇਂ ਰੱਖੇ ''ਗਿੱਲ'' ਖ਼ਾਹਿਸ਼ਾਂ ਦੇ ਨਾਗ ਵੇ ,

ਸਾਨੂੰ ਵੀ ਤਾਂ ਬੀਨ ਤੂੰ ਸਿਖਾ ਵੇ ਜੋਗੀਆ !

ਕਾਲ਼ੀ ਲੋਈ ਲੈ ਕੇ ਗਿਓਂ ਆ ਵੇ ਜੋਗੀਆ !

=====

ਗੀਤ

ਸਿਰ ਦੀ ਬਾਜ਼ੀ ਲਾਉਣ ਲੱਗਾ ਉਹ ਰਤਾ ਵੀ ਡਰਿਆ ਨਹੀਂ,

ਦੇਸ਼ ਦੀ ਖ਼ਾਤਿਰ ਮਰਿਆ ਏ ਤਾਂ ਹੀ ਤਾਂ ਮਰਿਆ ਨਹੀਂ,

ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ,

ਤੇਈ ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ !

ਤੇਈ ਸਾਲ ਦਾ ਰਹਿਣਾ ਸਦਾ ਜਵਾਨ....

-----

ਕਿੰਨੇ ਲੋਕੀਂ ਜੰਮਦੇ ਨੇ ਤੇ ਕਿੰਨੇ ਮਰ ਜਾਂਦੇ,

ਕੁਝ ਸੂਰਮੇ ਹੁੰਦੇ ਨੇ ਜੋ ਪੈੜਾਂ ਕਰ ਜਾਂਦੇ,

ਇੰਝ ਹੀ ਕੀਤੀ ਜਿੰਦ ਆਪਣੀ ਕੁਰਬਾਨ ਭਗਤ ਸਿੰਘ ਨੇ,

ਤੇਈ ਸਾਲ ਦਾ ਰਹਿਣਾ ਸਦਾ ਜਵਾਨ....

-----

ਬਿਨਾ ਕਿਸੇ ਮਨਸੂਬੇ ਦੇ ਜਿਹੜੇ ਜਿਉਂਦੇ ਨੇ,

ਨਾਲ਼ ਵਕ਼ਤ ਦੇ ਉਹੀ ਲੋਕ ਦਗਾ ਕਮਾਉਂਦੇ ਨੇ,

ਉਨਾਂ ਦੀ ਵੀ ਕੀਤੀ ਬੰਦ ਜ਼ੁਬਾਨ ਭਗਤ ਸਿੰਘ ਨੇ,

ਤੇਈ ਸਾਲ ਦਾ ਰਹਿਣਾ ਸਦਾ ਜਵਾਨ....

-----

ਹਰ ਯੁੱਗ ਵਿੱਚ ਉਸ ਨੇ ਇੰਝ ਹੀ ਵਸਦੇ ਰਹਿਣਾ ਏ,

ਖੜ੍ਹ ਚੌਂਕ ਵਿੱਚ ਸਾਡੇ ਉੱਤੇ ਹੱਸਦੇ ਰਹਿਣਾ ਏ,

ਮੰਗਣਾ ਨਹੀਂ ਕੁਝ ਬਦਲੇ ਕਰ ਅਹਿਸਾਨ ਭਗਤ ਸਿੰਘ ਨੇ ,

ਤੇਈ ਸਾਲ ਦਾ ਰਹਿਣਾ ਸਦਾ ਜਵਾਨ....

-----

ਸੋਚੋ ਕੁਝ ਤਾਂ ਯਾਰੋ ਕਦੇ ਉਹ ਦਿਨ ਵੀ ਆਵੇਗਾ,

ਇਨਕਲਾਬ ਦਾ ਸੁਪਨਾ ਸੱਚ ਬਣ ਕੇ ਰੁਸ਼ਨਾਵੇਗਾ,

ਪਾਲ਼ਿਆ ਸੀ ''ਗਿੱਲ'' ਦਿਲ ਵਿੱਚ ਜੋ ਅਰਮਾਨ ਭਗਤ ਸਿੰਘ ਨੇ ,

ਤੇਈ ਸਾਲ ਦਾ ਰਹਿਣਾ ਸਦਾ ਜਵਾਨ....

-----

ਗੀਤ

ਤੂੰ ਗ਼ਲਤ ਬੂਹਾ ਖੜਕਾਇਆ ਏ ,

ਕਿਸੇ ਹੋਰ ਨੂੰ ਆਣ ਜਗਾਇਆ ਏ,

ਉਹ ਤੇਰਾ ਖੰਡ-ਖਿੱਲ ਏਥੇ ਨਹੀਓਂ ਰਹਿੰਦਾ!

ਹੁਣ ਅਮਰਦੀਪ ਗਿੱਲ, ਏਥੇ ਨਹੀਓਂ ਰਹਿੰਦਾ !

ਹੁਣ ਅਮਰਦੀਪ ਗਿੱਲ....................

-----

ਨਿੱਕਾ ਜਿਹਾ ਆਲ੍ਹਣਾ ਸੀ ਜੀਹਦਾ ਏਸ ਰੁੱਖ ਤੇ,

ਸੜਦਾ ਸੀ ਜੰਗਲ ਵੀ ਜੀਹਦੇ ਦੁੱਖ-ਸੁੱਖ ਤੇ,

ਉਹਨੂੰ ਲੈ ਗਈ ਏ ਇੱਲ, ਏਥੇ ਨਹੀਓਂ ਰਹਿੰਦਾ !

ਹੁਣ ਅਮਰਦੀਪ ਗਿੱਲ....................

-----

ਤੇਰੇ ਪਿੱਛੇ ਝੱਲੇ ਨੇ ਸੀ ਝੱਲੇ ਇਲਜ਼ਾਮ ਕਿੰਨੇ,

ਦੁੱਖ ਤੇਰਾ ਨਾਮ ਲੈ ਕੇ ਮਿਲ਼ੇ ਗੁੰਮਨਾਮ ਕਿੰਨੇ,

ਜੀਹਦੇ ਹੱਥੀਂ ਠੋਕੇ ਕਿੱਲ, ਏਥੇ ਨਹੀਓਂ ਰਹਿੰਦਾ !

ਹੁਣ ਅਮਰਦੀਪ ਗਿੱਲ....................

-----

ਹੁਣ ਏਸ ਤਨ ਵਿੱਚ ਖ਼ੂਨ ਵੀ ਤਾਂ ਹੈ ਨੀ,

ਹੁਣ ਏਹਦੇ ਹਿੱਸੇ ਕੋਈ ਜੂਨ ਵੀ ਤਾਂ ਹੈ ਨੀ,

ਕਿਉਂ ਵੇਖੇਂ ਛਿੱਲ ਛਿੱਲ, ਏਥੇ ਨਹੀਓਂ ਰਹਿੰਦਾ !

ਹੁਣ ਅਮਰਦੀਪ ਗਿੱਲ....................!

1 comment:

Surinder Kamboj said...

ਗਿੱਲ ਸਾਹਿਬ ਦੇ ਗੀਤ ਹਮੇਸ਼ਾਂ ਉੱਚ ਦਰਜ਼ੇ ਦੇ ਹੁੰਦੇ ਹਨ ।