ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 6, 2011

ਸੁਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਜੀ ਨਹੀਂ ਰਹੇ – ਆਰਸੀ ਪਰਿਵਾਰ ਵੱਲੋਂ ਸ਼ਰਧਾਂਜਲੀ

ਸਾਹਿਤਕ ਨਾਮ: ਅਜਾਇਬ ਕਮਲ 5 ਅਕਤੂਬਰ, 1932 ਫਰਵਰੀ, 2011 ( ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਾਂਡੀਆਂ ਚ )

ਦੋਸਤੋ! ਹੁਸ਼ਿਆਰਪੁਰ, ਪੰਜਾਬ ਵਸਦੇ ਚਰਚਿਤ ਲੇਖਕ ਅਜਾਇਬ ਕਮਲ ਸਾਹਿਬ ਵੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਜ਼ਿੰਦਗੀ ਦਾ ਬਹੁਤਾ ਸਮਾਂ ਉਹਨਾਂ ਨੇ ਨੈਰੋਬੀ, ਕੀਨੀਆ ਵਿਚ ਬਿਤਾਇਆ, ਜਿਸਦਾ ਵਿਸਤਾਰਿਤ ਜ਼ਿਕਰ ਰਵਿੰਦਰ ਰਵੀ ਸਾਹਿਬ ਨੇ ਆਪਣੇ ਲੇਖ ਵਿਚ ਕੀਤਾ ਹੈ, ਜਿਸਨੂੰ ਪੜ੍ਹਨ ਲਈ ਆਰਸੀ ਰਿਸ਼ਮਾਂ ਤੇ ਫੇਰੀ ਜ਼ਰੂਰ ਪਾਓ ਜੀ।

-----

ਦੋਸਤੋ! ਮੈਨੂੰ ਮਰਹੂਮ ਕਮਲ ਸਾਹਿਬ ਨਾਲ਼ ਬਹੁਤ ਵਰ੍ਹੇ ਪਹਿਲਾਂ ਹੋਟਲ ਹਿਲਟਨ ਤੋਂ ਇਕ ਅੰਤਰਰਾਸ਼ਟਰੀ ਕਵੀ ਦਰਬਾਰ ਚ ਇੱਕੋ ਸਟੇਜ ਤੋਂ ਹਿੱਸਾ ਲੈਣ ਦਾ ਮਾਣ ਹਾਸਿਲ ਹੈ। ਮੇਰੀ ਫੇਰੀ ਦੌਰਾਨ ਡੈਡੀ ਜੀ ਨੇ ਉਹਨਾਂ ਨੂੰ ਖ਼ਤ ਲਿਖਿਆ, ਕਮਲ ਸਾਹਿਬ ਨੇ ਸਾਲਾਨਾ ਕਵੀ ਦਰਬਾਰ ਚ ਮੈਨੂੰ ਬੜੇ ਮਾਣ ਨਾਲ਼ ਸੱਦਿਆ, ਸਟੇਜ ਤੇ ਜਾਣ-ਪਹਿਚਾਣ ਕਰਵਾਈ। ਉਸ ਵੇਲ਼ੇ ਮੇਰੀ ਉਮਰ ਕਾਫ਼ੀ ਛੋਟੀ ਸੀ, ਮੈਂ ਅੰਦਰੋ-ਅੰਦਰੀ ਡਰ ਵੀ ਰਹੀ ਸੀ। ਖਚਾ-ਖਚ ਭਰੇ ਬੈਂਕੁਇਟ ਹਾਲ ਵਿਚ, ਕਮਲ ਸਾਹਿਬ ਨੇ ਆਖਣ ਤੇ ਮੈਨੂੰ ਤਿੰਨ-ਚਾਰ ਨਜ਼ਮਾਂ ਸੁਣਾਉਣੀਆਂ ਪਈਆਂ। ਮੈਨੂੰ ਯਾਦ ਹੈ ਕਿ ਉਹਨਾਂ ਮੈਨੂੰ ਬੁੱਕਲ਼ ਵਿਚ ਲੈ ਲਿਆ ਤੇ ਜੇਬ ਚੋਂ ਦੋ ਪੰਜ-ਪੰਜ ਸੌ ਸ਼ਿਲਿੰਗ ( ਕੀਨੀਆ ਦੀ ਕਰੰਸੀ ) ਦੇ ਨੋਟ ਕੱਢੇ, ਮੇਰੇ ਹੱਥ ਫੜਾਉਂਦਿਆਂ ਆਖਿਆ, .... ਬੇਟਾ ਤਨਦੀਪ! ਮੈਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਤੂੰ ਕਵੀ ਦਰਬਾਰ ਚ ਆਈ ਹੈਂ, ਤੇਰੀ ਨਜ਼ਮ ਸੁਣ ਕੇ ਮੈਂ ਫ਼ਖ਼ਰ ਨਾਲ਼ ਆਖ ਸਕਦਾਂ ਕਿ ਪੰਜਾਬੀ ਚ ਨਜ਼ਮ ਦਾ ਭਵਿੱਖ ਬਹੁਤ ਉਜਲਾ ਹੈ .... ਫੇਰ ਮੈਂ ਉਹਨਾਂ ਨੇ ਮੈਨੂੰ ਆਪਣੇ ਜੂਜਾ ਰੋਡ ਵਾਲ਼ੇ ਘਰ ਸੱਦਿਆ, ਅਸੀਂ ਕਈ ਘੰਟੇ ਸਾਹਿਤ ਬਾਰੇ ਚਰਚਾ ਕੀਤੀ। ਉਹਨਾਂ ਕੋਲ਼ ਕਾਗ਼ਜ਼ ਤੇ ਲਿਖਿਆ ਕੁਝ ਪਿਆ ਸੀ, ਜਿਸ ਤੇ ਉਹਨਾਂ ਨੇ ਅਗ਼ਜ਼ਲ ਲਿਖਿਆ ਸੀ, ਮੇਰੇ ਸੁਆਲ ਕਰਨ ਤੇ ਉਹਨਾਂ ਨੇ ਹੱਸਦਿਆਂ ਕਿਹਾ, ...ਜਿਹੜੀ ਗ਼ਜ਼ਲ ਚ ਬਹਿਰ ਦੀਆਂ ਊਣਤਾਈਆਂ ਰਹਿ ਜਾਂਦੀਆਂ ਨੇ, ਉਸ ਤੇ ਮੈਂ ਅਗ਼ਜ਼ਲ ਲਿਖ ਦਿੰਦਾ ਹਾਂ....ਆਲੋਚਕਾਂ ਨੂੰ ਮੌਕਾ ਹੀ ਨਹੀਂ ਦਿੰਦਾ... ਮੇਰੀ ਵਾਪਿਸ ਆਉਣ ਵੇਲ਼ੇ ਆਖਣ ਲੱਗੇ ਕਿ ਕੋਈ ਨਜ਼ਮ ਹੋਰ ਸੁਣਾ ਕੇ ਜਾਵਾਂ। ਨਜ਼ਮ ਖ਼ਤਮ ਹੁੰਦਿਆਂ, ਉਹਨਾਂ ਫੇਰ ਹਜ਼ਾਰ ਸ਼ਿਲਿੰਗ ਜ਼ਬਰਦਸਤੀ ਮੇਰੀ ਮੁੱਠੀ ਚ ਦੇ ਦਿੱਤੇ, ਸਿਰ ਤੇ ਹੱਥ ਰੱਖ ਢੇਰ ਸਾਰੀਆਂ ਅਸੀਸਾਂ ਦਿੱਤੀਆਂ।

----

ਪਿਛਲੇ ਸਾਲ ਤ੍ਰੈ-ਮਾਸਿਕ ਸਾਹਿਤਕ ਮੈਗਜ਼ੀਨ ਸ਼ਬਦ ਵਿਚ ਸੁਪ੍ਰਸਿੱਧ ਕਹਾਣੀਕਾਰ ਜਿੰਦਰ ਜੀ ਨੇ ਮੇਰੀਆਂ ਅੱਠ-ਦਸ ਨਜ਼ਮਾਂ ਛਾਪੀਆਂ ( ਮੈਂ ਆਮ ਤੌਰ ਤੇ ਕਿਸੇ ਵੀ ਮੈਗਜ਼ੀਨ ਨੂੰ ਰਚਨਾਵਾਂ ਨਹੀਂ ਭੇਜਦੀ, ਏਸੇ ਕਰਕੇ ਸਾਹਿਤਕ ਦੋਸਤਾਂ ਦੇ ਨਾਰਾਜ਼ਗੀ ਮੇਰੇ ਸਿਰ ਰਹਿੰਦੀ ਹੈ। ਜਿੰਦਰ ਜੀ ਨੇ ਸਾਲ-ਡੇਢ ਸਾਲ ਮੇਰੇ ਮਗਰ ਪੈ ਕੇ ਇਹ ਨਜ਼ਮਾਂ ਕਿੰਝ ਛਾਪੀਆਂ, ਉਹੀ ਜਾਣਦੇ ਹਨ} ਜਿਨ੍ਹਾਂ ਨੂੰ ਪੜ੍ਹ ਕੇ ਕਮਲ ਸਾਹਿਬ ਨੇ ਜਿੰਦਰ ਜੀ ਨੂੰ ਫ਼ੋਨ ਕੀਤਾ ਤੇ ਪੁੱਛਿਆ ਕਿ ਇਹ ਤਨਦੀਪ ਤਮੰਨਾ, ਬਾਦਲ ਸਾਹਿਬ ਦੀ ਹੀ ਬੇਟੀ ਹੈ ਨਾ? ਬੜੇ ਵਰ੍ਹਿਆਂ ਬਾਅਦ ਇਸਦਾ ਲਿਖਿਆ ਕੁਝ ਪੜ੍ਹਿਆ ਹੈ, ਇਹਦਾ ਮਤਲਬ ਅਜੇ ਵੀ ਲਿਖਦੀ ਹੈ। ਮੈਂ ਅੱਜ ਬਹੁਤ ਖ਼ੁਸ਼ ਹਾਂ, ਹੋ ਸਕੇ ਤਾਂ ਅਗਲੇ ਅੰਕਾਂ ਚ ਹੋਰ ਵੀ ਛਾਪਿਓ। ਤਨਦੀਪ ਦੀਆਂ ਨਜ਼ਮਾਂ ਲਈ ਮੇਰੇ ਵੱਲੋਂ ਦਿਲੀ ਵਧਾਈ ਕਬੂਲ ਕਰੋ... ਜਿੰਦਰ ਜੀ ਨੇ ਝੱਟ ਫ਼ੋਨ ਕਰਕੇ ਮੇਰੇ ਤੀਕ ਕਮਲ ਸਾਹਿਬ ਦਾ ਸੁਨੇਹਾ ਪਹੁੰਚਾ ਦਿੱਤਾ। ਸੋਚਿਆ ਸੀ ਇਕ ਦਿਨ ਖ਼ੁਦ ਕਾਲ ਕਰਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੀ, ਪਰ ਉਹ ਵਕ਼ਤ ਨਹੀਂ ਆਇਆ ਤੇ ਕਮਲ ਸਾਹਿਬ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦਾ ਪਿਆਰ ਅਤੇ ਮਿਲਣ ਵੇਲ਼ੇ ਦੀਆਂ ਯਾਦਾਂ ਮੇਰੇ ਜ਼ਿਹਨ ਤੇ ਸਦਾ ਅੰਕਿਤ ਰਹਿਣਗੇ। ਬਹੁਤ ਹੀ ਮਿਲ਼ਣਸਾਰ ਅਤੇ ਸਾਦਾ ਤਬੀਅਤ ਦੇ ਇਨਸਾਨ ਸਨ ਅਜਾਇਬ ਕਮਲ ਸਾਹਿਬ!

-----

ਉਹ ਪੰਜਾਬੀ ਸਾਹਿਤ ਚ 1940ਵਿਆਂ ਦੇ ਕਰੀਬ ਚੱਲੀ ਪ੍ਰਗਤੀਵਾਦੀ ਲਹਿਰ ਦੇ ਮੋਢੀਆਂ ਵਿੱਚੋਂ ਇਕ ਸਨ। ਇਸ ਲਹਿਰ ਵਿਚ ਉਹ ਡਾ. ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ, ਸੋਹਣ ਸਿੰਘ ਮੀਸ਼ਾ, ਡਾ. ਜਗਤਾਰ, ਸੁਖਪਾਲਵੀਰ ਸਿੰਘ ਹਸਰਤ ਦੇ ਸਾਥੀ ਸਨ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਯਾਦ ਕਰਦੇ ਹੋਏ, ਸ਼ਰਧਾਂਜਲੀ ਦੇ ਰੂਪ ਵਿਚ ਉਹਨਾਂ ਦੀ ਕਿਤਾਬ ਚੋਂ ਦੋ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ, ਜਿਹੜੀਆਂ ਰਵੀ ਸਾਹਿਬ ਨੇ ਘੱਲੀਆਂ ਨੇ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਵਿਛੋੜੇ ਨੂੰ ਸਹਿਣ ਦਾ ਬਲ ਬਖ਼ਸ਼ੇ।

ਅਦਬ ਸਹਿਤ

ਤਨਦੀਪ ਤਮੰਨਾ

*****

ਨੋਟ: ਅਜਾਇਬ ਕਮਲ ਸਾਹਿਬ ਦੀ ਇਹ ਫ਼ੋਟੋ ਲੁਧਿਆਣਾ ਵਸਦੇ ਸੁਪ੍ਰਸਿੱਧ ਲੇਖਕ ਅਤੇ ਚਿੱਤਰਕਾਰ ਸਵਰਨਜੀਤ ਸਵੀ ਜੀ ਵੱਲੋਂ ਖਿੱਚੀ ਗਈ ਸੀ। ਆਰਸੀ ਪਰਿਵਾਰ ਵੱਲੋਂ ਸਵੀ ਜੀ ਦਾ ਵੀ ਬੇਹੱਦ ਸ਼ੁਕਰੀਆ, ਜਿਨ੍ਹਾਂ ਨੇ ਇਹ ਫ਼ੋਟੋ ਆਰਸੀ ਲਈ ਈਮੇਲ ਕੀਤੀ।

-----

ਦੂਜੀ ਫ਼ੋਟੋ: ਯਾਦਾਂ: ਰਵੀ ਸਾਹਿਬ ਵੱਲੋਂ ਘੱਲੀ ਇਕ ਪੁਰਾਣੀ ਯਾਦਗਾਰੀ ਤਸਵੀਰ: ਜਿਸ ਚ ਉਹਨਾਂ ਦੇ ਨਾਲ਼ ਅਜਾਇਬ ਕਮਲ ਸਾਹਿਬ, ਅਤੇ ਮਹਿਰਮ ਯਾਰ ਸਾਹਿਬ ਨਜ਼ਮ ਆ ਰਹੇ ਹਨ। ਇਹ ਫ਼ੋਟੋ 1969 ਚ ਕੀਨੀਆ ਵਿਚ ਖਿੱਚੀ ਗਈ ਸੀ।

======

ਗ਼ਜ਼ਲ

ਜਦੋਂ ਸੁਕਰਾਤ ਵਾਲ਼ਾ ਸੱਚ ਉਸਨੇ ਪਾ ਲਿਆ ਹੋਣਾ।

ਉਦ੍ਹਾ ਜੂਠਾ ਪਿਆਲਾ ਉਸਨੇ ਮੂੰਹ ਨੂੰ ਲਾ ਲਿਆ ਹੋਣਾ।

-----

ਉਦ੍ਹਾ ਚਿਹਰਾ ਤਾਂ ਇਕ ਤਿੜਕੇ ਹੋਏ ਸ਼ੀਸ਼ੇ ਦੀ ਵਿਥਿਆ ਹੈ,

ਭੁਲੇਖੇ ਦੇਣ ਲਈ ਉਸਨੇ ਮਖੌਟਾ ਪਾ ਲਿਆ ਹੋਣਾ।

-----

ਸਵੇਰੇ ਦਾ ਉਹ ਤੁਰਿਆ ਹੈ ਅਜੇ ਤੀਕਰ ਨਹੀਂ ਪੁੱਜਾ,

ਉਹਨੂੰ ਰਸਤੇ ਦਿਆਂ ਰੁੱਖਾਂ ਨੇ ਗੱਲੀਂ ਲਾ ਲਿਆ ਹੋਣਾ।

-----

ਮੇਰੀ ਸਾਦਾ ਜਹੀ ਕਵਿਤਾ ਦੇ ਉਲਟੇ ਅਰਥ ਕੱਢਣ ਲਈ,

ਸਮੁੱਚੀ ਵਰਣਮਾਲ਼ਾ ਨੂੰ ਉਨ੍ਹੇ ਉਲਟਾ ਲਿਆ ਹੋਣਾ।

-----

ਉਹ ਅੱਜ ਕਲ ਫੇਰ ਉਠ ਕੇ ਨੀਂਦ ਦੇ ਵਿਚ ਤੁਰਨ ਲੱਗਾ ਹੈ,

ਕਿਸੇ ਤਿਤਲੀ ਨੇ ਉਸਨੂੰ ਫੇਰ ਹੈ ਭਰਮਾ ਲਿਆ ਹੋਣਾ।

-----

ਉਹ ਪਹਿਲਾਂ ਵਾਂਗ ਆਪਣੀ ਸੋਚ ਤੇ ਪਹਿਰਾ ਨਹੀਂ ਦਿੰਦਾ,

ਜ਼ਮਾਨੇ ਸਾਜ਼ ਭਾਸ਼ਾ ਨੂੰ ਉਨ੍ਹੇ ਅਪਣਾ ਲਿਆ ਹੋਣਾ।

-----

ਉਨ੍ਹੇ ਵੀ ਇਸ਼ਤਿਹਾਰੀ ਕਾਗ਼ਜ਼ਾਂ ਦੇ ਪਾ ਲਏ ਲੀੜੇ,

ਸਿਆਸਤ ਨਾਲ਼ ਉਸਨੇ ਵੀ ਯਾਰਾਨਾ ਪਾ ਲਿਆ ਹੋਣਾ।

-----

ਗਲੋਬਲ ਯੁਗ ਦੇ ਨਾਟਕ ਦਾ ਮਹਾਂਨਾਇਕ ਬਣਨ ਦੇ ਲਈ,

ਉਨ੍ਹੇ ਵੀ ਵੇਸਵਾ ਦੇ ਰੋਲ ਨੂੰ ਅਪਣਾ ਲਿਆ ਹੋਣਾ।

=====

ਗ਼ਜ਼ਲ

ਪਹਿਨ ਨੇ ਬਸਤਰ ਨਵੇਂ ਉਹ ਹੋਰ ਨੰਗਾ ਹੋ ਗਿਆ।

ਸ਼ੀਸ਼ਿਆਂ ਵਲ ਝਾਕਦਾ ਉਹ ਹੋਰ ਅੰਨ੍ਹਾ ਹੋ ਗਿਆ।

------

ਸੋਚਿਆਂ ਛਿਲ ਤੋਂ ਕੇ ਉਸ ਨੂੰ ਮੈਂ ਸਿੱਧਾ ਕਰ ਦਿਆਂ,

ਛਿੱਲ ਕੇ ਜਦ ਦੇਖਿਆ ਉਹ ਹੋਰ ਵਿੰਗਾ ਹੋ ਗਿਆ।

-----

ਸਮਝ ਕੇ ਖ਼ਾਲੀ ਘੜਾ ਮੈਂ ਜਿਸਮ ਨੂੰ ਭਰਦਾ ਰਿਹਾ,

ਸਮਝਿਆ ਜਦ ਭਰ ਗਿਆ ਉਹ ਹੋਰ ਊਣਾ ਹੋ ਗਿਆ।

-----

ਭੀੜ ਵਿਚ ਰਲ਼ਿਆ ਸਾਂ, ਤਨਹਾਈ ਨੂੰ ਮਾਰਨ ਵਾਸਤੇ,

ਸ਼ੋਰ ਵਿਚ ਗੁੰਮਿਆ ਇਵੇਂ, ਮੈਂ ਹੋਰ ਕੱਲਾ ਹੋ ਗਿਆ।

------

ਸੋਚਿਆ ਸੀ ਮਿਲ਼ਣਗੇ ਜਦ ਕਰ ਦਿਆਂਗਾ ਦਿਲ ਦੀਆਂ,

ਦਿਲ ਦੇ ਭੇਤੀ ਜਦ ਮਿਲ਼ੇ ਮੈਂ ਹੋਰ ਗੂੰਗਾ ਹੋ ਗਿਆ।

-----

ਸੋਚਿਆਂ ਸੀ ਸ਼ਹਿਰ ਹੀ ਸ਼ਾਇਦ ਮੇਰੇ ਮਨ ਦੀ ਸੁਣੇ,

ਸ਼ਹਿਰ ਦੀ ਖੜ ਖੜ ਚ ਮੈਂ ਪਰ ਹੋਰ ਬੋਲ਼ਾ ਹੋ ਗਿਆ।

------

ਬਹਿਸ ਕਰਦੇ ਲੋਕ ਇਕ ਦੂਜੇ ਦੀ ਸੁਣਦੇ ਹੀ ਨਹੀਂ,

ਘਰ ਚ ਇੰਨੀ ਭੀੜ ਹੈ, ਘਰ ਹੋਰ ਸੁੰਨਾ ਹੋ ਗਿਆ।




2 comments:

rup said...

ਅਜਾਇਬ ਕਮਲ ਇਕ ਉਚਕੋਟੀ ਦੇ ਸ਼ਾਇਰ ਅਤੇ ਵਧੀਆ ਇਨਸਾਨ ਸਨ -Rup Daburji

sukhjit said...

Great gazal and great gazalgo,it is true Kamal sahib has gone forever worldly but he will be remebered with great respect in punjabi literature...Hats off to kamal sahib....."Maine roka nahin voh chala v gaya, bebasi door tak dekhti reh gai"