ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 13, 2011

ਜਨਾਬ ਵਿਧਾਤਾ ਸਿੰਘ ਤੀਰ ਸਾਹਿਬ - ਆਰਸੀ ਪਰਿਵਾਰ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਮੁਬਾਰਕਾਂ - ਨਜ਼ਮ


ਦੋਸਤੋ! ਉਸਤਾਦ ਸ਼ਾਇਰ ਜਨਾਬ ਵਿਧਾਤਾ ਸਿੰਘ ਤੀਰ ਸਾਹਿਬ ਦੀ ਇਕ ਧਾਰਮਿਕ ਨਜ਼ਮ ਨਾਲ਼ ਆਰਸੀ ਪਰਿਵਾਰ ਵੱਲੋਂ ਆਪ ਸਭ ਨੂੰ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਓਹਾਰ ਦੀਆਂ ਲੱਖ-ਲੱਖ ਮੁਬਾਰਕਾਂ ਆਖ ਰਹੇ ਹਾਂ।


ਅਦਬ ਸਹਿਤ


ਤਨਦੀਪ ਤਮੰਨਾ


******


ਅੰਮ੍ਰਿਤ


ਨਜ਼ਮ


ਗੁਰੂ ਕਲਗੀ ਵਾਲ਼ੇ, ਇਕ ਕਲਾ ਵਿਖਾਈ।


ਉਸ ਧੁਰ ਤੋਂ ਲੈ ਲਈ, ਭਗਤੀ ਸਚਿਆਈ।


ਫਿਰ ਉਸ ਵਿਚ ਪਾ ਲਈ, ਆਪਣੀ ਗੁਰਿਆਈ।


ਫਿਰ ਪਾ ਲਈ ਦਿਲ ਦੀ, ਗਰਮੀ ਠੰਢਿਆਈ।



ਬੇਦੋਸ਼ ਦੇ ਹੰਝੂ, ਪਾਣੀ ਥਾਂ ਪਾਏ।


ਤੇ ਦਰਦ ਦਿਲਾਂ ਦੇ, ਮਾਤਾ ਜੀ ਲਿਆਏ।


ਲੋਕਾਂ ਨੇ ਜੋ ਸਮਝੇ, ਅੱਜ ਤੀਕ ਪਤਾਸੇ,


ਉਸ ਪਤਾਸੇ ਨਹੀਂ ਸਨ, ਸਨ ਮਾਂ ਦੇ ਦਿਲਾਸੇ।



ਦੁਖਿਆਰ ਦਾ ਹਿਰਦਾ, ਫਿਰ ਬਾਟਾ ਬਣ ਕੇ,


ਇਹ ਅਦਭੁਤ ਨੁਸਖ਼ਾ, ਵਿਚ ਉਸਦੇ ਪਾ ਕੇ।


ਖੰਡੇ ਦੀਆਂ ਅਣਖਾਂ, ਫੜ ਫੇਰ ਘਸਾਈਆਂ,


ਨਿਰਵੈਰ-ਪੁਣੇ ਦੀਆਂ, ਲੱਖ ਰਗੜਾਂ ਲਾਈਆਂ।



ਫਿਰ ਨਿਰਭਉ ਰੰਗ ਦੀ, ਰੱਜ ਗਾਵੀ ਬਾਣੀ।


ਇਉਂ ਅੰਮ੍ਰਿਤ ਹੋਇਆ, ਸੁਣ ਸੁਣ ਕੇ ਪਾਣੀ।


ਇਹ ਜਿਸ ਜਿਸ ਪੀਤਾ, ਉਸ ਪਲਟੀ ਕਾਇਆ,


ਕੀੜੀ ਪੀ ਪਾ ਲਈ, ਹਾਥੀ ਦੀ ਕਾਇਆ।



ਚਿੜੀਆਂ ਪੀ ਕੀਤਾ, ਹੱਸ ਬਾਜ਼ ਦਾ ਧਾਮਾ।


ਪੀ ਗਿੱਦੜਾਂ ਲੀਤਾ, ਝਟ ਸ਼ੇਰ ਦਾ ਜਾਮਾ।


ਇਹ ਜਿਸ ਦੇ ਸਿਰ ਤੇ, ਬਣ ਬਰਕਤ ਵਰ੍ਹਿਆ,


ਸਿਰ ਉਸਨੇ ਆਪਣਾ, ਹੱਸ ਹੱਥ ਤੇ ਧਰਿਆ।



ਜਿਸ ਜਿਸ ਦੀ ਨਾੜੀਂ, ਇਸ ਗੇੜੇ ਲਾਏ,


ਉਸ ਚੜ੍ਹ ਚੜ੍ਹ ਦਰਖੀਂ, ਚਾਤਰ ਚਕਰਾਏ।


ਜਿਸ ਜਿਸ ਨੂੰ ਇਸ ਨੇ, ਆਪਣੇ ਰੰਗ ਰੰਗਿਆ,


ਫੜ ਖੋਰ ਖਪਰੀ, ਉਸ ਸਿਦਕ ਹੀ ਮੰਗਿਆ।



ਜਿਸ ਮੂੰਹ ਇਹ ਪੀਤਾ, ਉਸ ਮੂੰਹ ਤੇ ਲਾਲੀ,


ਇਹ ਮੌਤ ਨੂੰ ਮਾਰੇ, ਹੋ ਅਮਰ-ਅਕਾਲੀ।


ਪੀ-ਪੀ ਕੇ ਇਸ ਨੂੰ, ਡੰਝ ਲਾਹੀ ਕਈਆਂ,


ਧੁੰਮਾਂ ਹਨ ਇਦ੍ਹੀਆਂ, ਜੱਗ ਅੰਦਰ ਪਈਆਂ।



ਮਾਵਾਂ ਨੂੰ ਰੰਗਣਾ, ਜਦ ਇਸ ਦੀਆਂ ਚੜ੍ਹੀਆਂ,


ਗਲ਼ ਹਾਰ ਪੁਆ ਲਏ, ਲਾਲਾਂ ਦੀਆਂ ਲੜੀਆਂ।


ਪੀ ਇਸਨੂੰ ਸਿਦਕੀ, ਕਈ ਜੌਹਰ ਵਿਖਾ ਗਏ,


ਸ਼ਾਹ-ਰਗ ਤੇ ਰੱਖ ਕੇ, ਫਟ ਤੇਗ਼ ਨੂੰ ਲਾ ਗਏ।



ਜੋ ਇਸ ਦੇ ਕੰਡੇ, ਤੁੱਲਿਆ ਸਿਰ-ਸਾਵਾਂ,


ਦੁਸ਼ਮਣ ਲਈ ਉਸਦਾ, ਹਊਆ ਪਰਛਾਵਾਂ।


ਇਕ ਬੂੰਦ ਵੀ ਇਸਦੀ, ਮੂੰਹ ਜਿਸਦੇ ਪੈ ਗਈ,


ਸਭ ਦੂਈ ਉਸਦੀ, ਉਹ ਰੋੜ੍ਹ ਕੇ ਲੈ ਗਈ।



ਜੇ ਵੈਰੀ ਸੱਦੇ, ਉਹ ਭੱਜ ਭੱਜ ਜਾਵੇ,


ਕਹਿ ਮਾਂ-ਪਿਉ ਜਾਇਆ, ਗਲਵੱਕੜੀ ਪਾਵੇ।


ਜਿਸਦੇ ਲੂੰ-ਲੂੰ ਵਿਚ, ਇਹ ਅੰਮ੍ਰਿਤ ਰਚਿਆ,


ਕ਼ੁਰਬਾਨੀ ਕਰ ਉਹ, ਹੋ ਅੰਗ-ਅੰਗ ਨੱਚਿਆ।



ਇਸ ਭੂਤ- ਭਰਮ ਦੇ, ਪੈਰਾਂ ਤੋਂ ਉਖੇੜੇ,


ਇਸ ਛੂਤ ਦੇ ਡੋਬੇ, ਭਰ-ਭਰ ਕੇ ਬੇੜੇ।


ਜੇ ਇਸਦੇ ਅੰਦਰ, ਗਰਮਾਈ ਆ ਗਈ,


ਤਾਂ ਰਣ ਦੇ ਅੰਦਰ, ਚੰਡੀ ਚਮਕਾ ਗਈ।



ਜੇ ਠੰਢਕ ਹੋ ਕੇ, ਇਹ ਕਿਧਰੇ ਵੱਸਿਆ,


ਤਦ ਡਾਂਗ ਤੇ ਗੋਲ਼ੀ, ਇਹ ਖਾ ਖਾ ਹੱਸਿਆ।


ਮੈਂ ਇਸ ਦੇ ਆਸ਼ਿਕ, ਰਣ ਲੜਦੇ ਵੇਖੇ,


ਇਸ ਦੇ ਪਰਵਾਨੇ, ਅੱਗ ਸੜਦੇ ਵੇਖੇ।



ਇਹ ਜਿਸ-ਜਿਸ ਪੀਤਾ, ਉਹ ਮੋਹਰਾ ਪੱਕਿਆ।


ਉਹ ਮੌਤ ਨੂੰ ਮਾਰੇ, ਜਿਸ ਅੰਮ੍ਰਿਤ ਛੱਕਿਆ।



No comments: